ਭਾਜਪਾ ਖਿਲਾਫ ਜੰਮ ਕੇ ਕੀਤੀ ਨਾਅਰੇਬਾਜੀ, ਸੜਕ ’ਤੇ ਲਗਾਇਆ ਧਰਨਾ
ਨਰਿੰਦਰ ਸਿੰਘ ਬਠੋਈ, ਪਟਿਆਲਾ। ਇੱਥੇ ਸਥਾਨਕ ਬੁੰਦੇਲਾ ਮੰਦਿਰ ’ਚ ਪੁੱਜੇ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਨੂੰ ਉਸ ਸਮੇ ਨਾਮੋਸੀ ਦਾ ਸਾਹਮਣਾ ਕਰਨਾ ਪਿਆ ਜਦੋਂ ਕਿਸਾਨਾਂ ਨੇ ਉਸ ਨੂੰ ਘੇਰਾ ਪਾ ਲਿਆ। ਮੰਦਿਰ ਦੇ ਬਾਹਰ ਖੜੇ ਕਿਸਾਨਾਂ ਵੱਲੋਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੜਕ ’ਤੇ ਧਰਨਾ ਦਿੱਤਾ ਗਿਆ।
ਇਸ ਮੌਕੇ ਮਾਮਲਾ ਭੱਖ਼ਦਾ ਦੇਖ ਪੁਲਿਸ ਫੋਰਸ ਵੀ ਮੌਕੇ ’ਤੇ ਪੁੱਜੀ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਗੁਰਤੇਜ ਸਿੰਘ ਢਿੱਲੋਂ ਨੂੰ ਡੀਐੱਸਪੀ ਯੋਗੇਸ ਸਰਮਾ ਦੀ ਗੱਡੀ ’ਚ ਬਿਠਾ ਕੇ ਮੰਦਰ ਤੋਂ ਬਾਹਰ ਕੱਢਿਆ ਗਿਆ ਜਦੋਂ ਕਿ ਭੜਕੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਿਹਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ’ਚ ਮਾਮੂਲੀ ਧੱਕਾ ਮੁੱਕੀ ਵੀ ਹੋਈ।
ਇਸ ਮੌਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਚ ਬੀਬੀਆਂ ਵੀ ਸ਼ਾਮਲ ਸਨ ਜਿਨ੍ਹਾਂ ਨੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਇਕ ਪਾਸੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕਈ ਮਹੀਨਿਆਂ ਤੋਂ ਸੜਕਾਂ ’ਤੇ ਰੁਲ ਰਹੇ ਹਨ ਤੇ ਦੂਜੇ ਪਾਸੇ ਭਾਜਪਾ ਦੇ ਆਗੂ ਕਿਸਾਨਾਂ ਦੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਬਜਾਏ ਆਪੋ ਆਪਣੀਆਂ ਮੀਟਿੰਗਾਂ ’ਚ ਰੁੱਝੇ ਹੋਏ ਹਨ।
ਇਸ ਮੌਕੇ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਭਾਜਪਾ
ਆਗੂਆਂ ਦਾ ਘਿਰਾਓ ਜਾਰੀ ਰਹੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਔਰਤਾਂ ਸ਼ਾਮਲ ਸਨ। ਜਿੰਨ੍ਹਾਂ ਦਾ ਗੁੱਸਾ ਸੱਤਵੇਂ ਅਸਮਾਨ ’ਚ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਲੇ ਖੇਤੀ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਉਹ ਭਾਜਪਾ ਵਰਕਰਾਂ ਜਾਂ ਆਗੂਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੀਟਿੰਗ ਜਾਂ ਪ੍ਰੋਗਰਾਮ ਨਹੀਂ ਕਰਨ ਦੇਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।