ਦੀਪੂ ਦੀ ਵਾਪਸੀ

…ਪਿਛਲੇ ਅੰਕ ਤੋਂ ਅੱਗੇ

ਸਾਧੂ ਸਿੰਘ ਨੇ ਬੱਕਰੀਆਂ ਖੋਲ੍ਹੀਆਂ ਤੇ ਚਾਰਨ ਵਾਸਤੇ ਬਾਹਰ ਨੂੰ ਨਿੱਕਲ ਤੁਰਿਆ। ਚਿੰਤੀ ਬੁੜ੍ਹੀ ਨੇ ਰੋਟੀ ਵਾਲੀ ਪੋਟਲੀ ਦੇ ਨਾਲ ਹੀ ਚਮਚਾ ਕੁ ਚਾਹ ਪੱਤੀ ਤੇ ਇੱਕ ਗੁੜ ਦੀ ਡਲੀ ਕਾਗਜ਼ ਵਿੱਚ ਲਪੇਟ ਕੇ ਉਸਦੇ ਮੈਲੇ ਜਿਹੇ ਝੋਲੇ ’ਚ ਪਾ ਕੇ ਝੋਲਾ ਸਾਧੂ ਨੂੰ ਫੜਾ ਦਿੱਤਾ। ਉਹਨੇ ਝੋਲਾ ਮੋਢੇ ਨਾਲ ਲਟਕਾ ਲਿਆ ਤੇ ਹੱਥ ’ਚ ਢਾਂਗਾ ਫੜ੍ਹੀ ਬੱਕਰੀਆਂ ਦੇ ਪਿੱਛੇ-ਪਿੱਛੇ ਹੋ ਤੁਰਿਆ। ਪਿੰਡੋਂ ਬਾਹਰ ਵਾਲੇ ਪੁਲ ਤੋਂ ਬੱਕਰੀਆਂ ਉਹਨੇ ਸੂਏ ਦੀ ਪਟੜੀ ’ਤੇ ਚਾੜ੍ਹ ਲਈਆਂ। ਬੱਕਰੀਆਂ ਸੂਏ ’ਤੇ ਉੱਗੀਆਂ ਕਿੱਕਰਾਂ ਦੇ ਪੱਤਿਆਂ ਤੇ ਘਾਹ-ਡੱਕੇ ਨੂੰ ਮੂੰਹ ਮਾਰਦੀਆਂ ਹੌਲੀ-ਹੌਲੀ ਤੁਰਨ ਲੱਗੀਆਂ। ਸਾਧੂ ਕਦੇ ਬਹਿ ਜਾਂਦਾ ਤੇ ਕਦੇ ਕੋਈ ਕੁਰਾਹੇ ਪਈ ਬੱਕਰੀ ਨੂੰ ਦਬਕਾ ਮਾਰ ਕੇ ਮੋੜਨ ਲਈ ਉੱਠ ਖਲੋਂਦਾ।

ਇਉਂ ਦਿਨ ਦੇ ਨੌਂ ਵੱਜ ਗਏ। ਫਿਰ ਉਹ ਉੱਠਿਆ ਤੇ ਢਾਂਗੇ ਨਾਲ ਕਿੱਕਰਾਂ ਦੀਆਂ ਛੋਟੀਆਂ-ਛੋਟੀਆਂ ਟਹਿਣੀਆਂ ਥੱਲੇ ਸੁੱਟ ਕੇ ਬੱਕਰੀਆਂ ਨੂੰ ਖਵਾਉਣ ਲੱਗ ਪਿਆ। ਅਚਾਨਕ ਪਟੜੀਏ-ਪਟੜੀ ਤੁਰੇ ਆਉਂਦੇ ਦੋ ਮੁੰਡਿਆਂ ’ਤੇ ਉਸ ਦੀ ਨਿਗ੍ਹਾ ਪਈ। ਕੋਲ ਆਉਂਦਿਆਂ ਹੀ ਉਸ ਨੇ ਦੋਵੇਂ ਮੁੰਡੇ ਸਿਆਣ ਲਏ। ਇਹ ਦੋਨੋਂ ਨਿਰਮਲ ਤੇ ਦੀਪੂ ਹੀ ਸਨ। ਸਾਧੂ ਉਨ੍ਹਾਂ ਨੂੰ ਵੇਖ ਕੇ ਬੋਲਿਆ, ‘‘ਉਏ ਕਿੱਧਰ ਤੁਰੇ ਫਿਰਦੇ ਐਂ ਉਏ? ਕੱਲ੍ਹ ਮੇਰੀ ਮਾਈ ਨੂੰ ਕੀ ਉਲਟ-ਪੁਲਟ ਬੋਲ ਕੇ ਆਏ ਸੀ ਤੁਸੀਂ? ਆਜੋ ਕੇਰਾਂ ਮੇਰੇ ਕੋਲ, ਬਣਾਉਨਾ ਥੋਨੂੰ ਮੋਰ!’’

ਸੁਣ ਕੇ ਨਿਰਮਲ ਤੇ ਦੀਪੂ ਥਾਏਂ ਹੀ ਠਠੰਬਰ ਕੇ ਰੁਕ ਗਏ। ਮੁੰਡਿਆਂ ਨੂੰ ਡਰੇ ਖੜ੍ਹੇ ਵੇਖ ਕੇ ਸਾਧੂ ਜਰਾ ਨਰਮ ਸੁਰ ਵਿੱਚ ਬੋਲਿਆ, ‘‘ਆਜੋ-ਆਜੋ, ਕੁਸ ਨਹੀਂ ਕਹਿੰਦਾ, ਡਰੋ ਨਾ! ਊਂ ਥੋਨੂੰ ਸਮਝਾਉਂਦਾ ਹਾਂ ਮੁੰਡਿਓ ਬਈ ਐਂ ਨ੍ਹੀਂ ਕਰੀਦਾ ਹੁੰਦਾ! ਮੇਰੀ ਮਾਈ ਦਾ ਤਾਂ ਤੁਸੀਂ ਸਹੁਰਿਓ ਸਾਹ ਹੀ ਸੁਕਾ ਦਿੱਤਾ ਸੀ। ਆਜੋ, ਬਹਿ ਜੋ! ਕੋਈ ਸੁਣਾਓ ਗੱਲ-ਬਾਤ। ਉਏ ਦੀਪੂ, ਅੱਜ ਤੂੰ ਸਕੂਲ ਨਹੀਂ ਗਿਆ ਪੁੱਤਰਾ?’’
‘‘ਅੱਜ ਛੁੱਟੀ ਆ ਪੰਦਰਾਂ ਅਗਸਤ ਦੀ।’’ ਕਹਿ ਕੇ ਦੀਪੂ, ਸਾਧੂ ਸਿੰਘ ਦੇ ਨਜ਼ਦੀਕ ਹੀ ਬੈਠ ਗਿਆ। ਕੋਲ ਹੀ ਨਿਰਮਲ ਬੈਠ ਗਿਆ।

ਸਾਧੂ ਫਿਰ ਬੋਲਿਆ, ‘‘ਚੰਗਾ ਐ ਬਈ ਮੁੰਡਿਓ! ਪੜ੍ਹਾਈ ਤਾਂ ਬਹੁਤ ਚੰਗੀ ਚੀਜ਼ ਐ। ਜਿਹੜੇ ਪੜ੍ਹ ਲੈਂਦੇ ਆ, ਉਨ੍ਹਾਂ ਦੇ ਦਿਮਾਗ ਰੌਸ਼ਨ ਹੋ ਜਾਂਦੇ ਆ। ਸਿਓਨਾ ਬਣ ਜਾਂਦੇ ਆ ਉਹ ਬੰਦੇ ਤਾਂ! ਸਾਡੇ ਵਰਗੇ ਡੰਗਰ-ਢੋਰ ਕਾਹਦੇ ਜੋਗੇ ਆ। ਨਾ ਜੱਗ ਦਾ ਪਤਾ, ਨਾ ਜਹਾਨ ਦੀ ਸਾਰ!’’
‘‘ਬਾਈ ਤੂੰ ਕਾਹਤੋਂ ਨਹੀਂ ਸੀ ਪੜਿ੍ਹਆ? ਉਦੋਂ ਥੋਡੇ ਵੇਲੇ ਸਕੂਲ ਨਹੀਂ ਸੀ ਹੁੰਦੇ ਭਲਾ?’’ ਦੀਪੂ, ਸਾਧੂ ਸਿੰਘ ਦੀ ਗੱਲ ਕੱਟਦਿਆਂ ਬੋਲਿਆ। ਅੱਗੋਂ ਸਾਧੂ ਨੇ ਖੰਘੂਰਾ ਮਾਰ ਕੇ ਗਲ਼ਾ ਸਾਫ ਕੀਤਾ ਤੇ ਬੋਲਿਆ, ‘‘ਮੱਖਣੋ, ਬੱਸ ਕੁਝ ਨਾ ਪੁੱਛੋ, ਸਭ ਕੁਝ ਹੁੰਦਾ ਸੀ ਉਦੋਂ ਵੀ, ਆਹ ਆਪਣਾ ਸਕੂਲ ਉਦੋਂ ਵੀ ਚੌਥੀ ਤੱਕ ਹੁੰਦਾ ਸੀ। ਉਦੂੰ ਮਗਰੋਂ ਸ਼ਹਿਰ ਪੜ੍ਹਨ ਜਾਈਦਾ ਸੀ। ਮੈਂ ਤਾਂ ਬੱਸ ਦੋ ਕੁ ਮਹੀਨੇ ਗਿਆ ਸੀ ਪੜ੍ਹਨ! ਸਾਨੂੰ ਉਦੋਂ, ਕੀ ਨਾਂ ਉਹਦਾ, ਹਾਂ, ਬਿਸ਼ਨ ਸਿਹੁੰ ਮਾਸਟਰ ਪੜ੍ਹਾਉਂਦਾ ਹੁੰਦਾ ਸੀ।

ਕੁੱਟਦਾ ਬਹੁਤ ਸੀ ਉਹ ਜ਼ਾਲਮ ਮਾਸਟਰ। ਮੈਨੂੰ ਇੱਕ ਦਿਨ ਕਿਸੇ ਨਿੱਕੀ ਜਿਹੀ ਗੱਲੋਂ ਬਹੁਤ ਕੁੱਟਿਆ। ਮੇਰਾ ਤਕੜਾ ਝਾਂਬਾ ਲਾਹਿਆ ਉਹਨੇ ਮੇਰੇ ਅੰਦਰ ਬੱਸ ਉਹਦੀ ਕੁੱਟ ਦਾ ਡਰ ਹੀ ਬੈਠ ਗਿਆ। ਬੱਸ ਮੈਂ ਨਹੀਂ ਉਸ ਦਿਨ ਤੋਂ ਬਾਅਦ ਸਕੂਲ ਵੜਿਆ। ਮੇਰੇ ਬਾਪੂ ਨੇ ਬਥੇਰਾ ਜ਼ੋਰ ਲਾਇਆ, ਬਈ ਮੈਂ ਪੜ੍ਹ-ਲਿਖ ਜਾਵਾਂ! ਪਰ ਸਕੂਲੋਂ ਪਏ ਬੇ-ਮਤਲਬ ਕੁਟਾਪੇ ਨੇ ਮੇਰੀ ਵਿੱਦਿਆ ਹੀ ਖੋਹ ਲਈ। ਜੇ ਕਿਤੇ ਮੈਂ ਉਦੋਂ ਬਾਪੂ ਦੀ ਗੱਲ ਮੰਨ ਕੇ ਪੜ੍ਹ ਲੈਂਦਾ ਤਾਂ ਅੱਜ ਪਛਤਾਵਾ ਨਾ ਹੁੰਦਾ। ਮੈਂ ਇੱਥੇ ਬੱਕਰੀਆਂ ਨਾ ਚਾਰਦਾ ਫਿਰਦਾ। ਹੁਣ ਨੂੰ ਕਿਸੇ ਸਰਕਾਰੀ ਅਹੁਦੇ ’ਤੇ ਲੱਗਾ ਹੁੰਦਾ। ਪਰ ਹਾਏ ਉਏ ਜ਼ਾਲਮ ਮਾਸਟਰ ਬਿਸ਼ਨ ਸਿੰਹਾਂ ਤੇਰਾ ਅੜਬ ਸੁਭਾਅ ਕਈਆਂ ਦੀ ਵਿੱਦਿਆ ਖਾ ਗਿਆ! ਔਹ ਆਪਣੇ ਪਿੰਡ ਵਾਲਾ ਸਰਦਾਰ ਦਰਬਾਰਾ ਸਿੰਘ ਹੌਲਦਾਰ ਤੇ ਮਾਸਟਰ ਬਲਵਿੰਦਰ ਸਿੰਘ, ਸਭ ਉਦੋਂ ਮੇਰੇ ਨਾਲ ਹੀ ਸਕੂਲ ਦਾਖਲ ਹੋਏ ਸੀ। ਵਿੱਦਿਆ ਪਾ ਕੇ ਕੀ ਤੋਂ ਕੀ ਬਣ ਗਏ। ਕਈ ਮੁੰਡੇ ਤਾਂ ਮੇਰੇ ਨਾਲ ਦੇ ਫ਼ੌਜ ਵਿੱਚ ਭਰਤੀ ਹੋ ਗਏ ਸੀ। ਔਹ ਮੱਘਰ ਕਾ ਬਿੱਲੂ ਤੇ ਬਖਤੌਰੇ ਕਾ ਤਿਰਲੋਕਾ ਕੈਨੇਡਾ ਬੈਠੇ ਆ।

ਇਹ ਸਭ ਵਿੱਦਿਆ ਦੀ ਦੇਵੀ ਦਾ ਹੀ ਚਮਤਕਾਰ ਐ। ਉਨ੍ਹਾਂ ਨੇ ਭਾਈ ਮੁੰਡਿਓ, ਕੁੱਟਾਂ ਖਾ ਕੇ ਵੀ ਵਿੱਦਿਆ ਗ੍ਰਹਿਣ ਕੀਤੀ, ਹੁਣ ਸਭ ਸੁੱਖ ਭੋਗਦੇ ਆ, ਤੇ ਮੇਰੇ ਵਰਗੇ ਬਦਕਿਸਮਤ ‘ਸਾਧੂ ਬੱਕਰੀਆਂ ਵਾਲੇ’ ਦੇ ਨਾਂਅ ਨਾਲ ਮਸ਼ਹੂਰ ਹੋਏ ਹਨੇ੍ਹਰੇ ਦੀ ਦਲਦਲ ਵਿੱਚ ਖੁਭੇ ਪਸ਼ੂ ਜੀਵਨ ਜੀ ਰਹੇ ਨੇ…।’’ ਗੱਲ ਅੱਧ ਵਿਚਕਾਰ ਹੀ ਛੱਡ ਕੇ ਸਾਧੂ ਬੱਕਰੀ ਵੱਲ ਨੂੰ ਭੱਜਿਆ, ਜੋ ਨਾਲ ਦੇ ਕਿਸੇ ਖੇਤ ਵਿੱਚ ਜਾ ਵੜੀ ਸੀ। ਨਿਰਮਲ ਭੱਜੇ ਜਾਂਦੇ ਸਾਧੂ ਨੂੰ ਵੇਖ ਕੇ ਹੱਸਿਆ ਪਰ ਦੀਪੂ ਉਵੇਂ ਹੀ ਗੰਭੀਰ ਬਣਿਆ ਬੈਠਾ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਸਾਧੂ ਸਿੰਘ ਸੌ ਪ੍ਰਤੀਸ਼ਤ ਸੱਚ ਬੋਲ ਰਿਹਾ ਹੈ। ਵਿੱਦਿਆ ਬਿਨਾਂ ਤਾਂ ਆਦਮੀ ਅੰਨ੍ਹਾ ਐ, ਪਸ਼ੂ ਸਮਾਨ ਐ, ਬਿਲਕੁਲ ਢੋਰ ਹੈ।

‘‘ਚੱਲ ਚੱਲੀਏ, ਸਾਧੂ ਤਾਂ ਅੱਜ ਗਿਆਨੀ-ਧਿਆਨੀ ਬਣਿਆ ਬੈਠਾ ਹੈ। ਕਿਤੇ ਆਪਾਂ ਨੂੰ ਜਿਆਦਾ ਮੱਤ ਨਾ ਦੇ ਦੇਵੇ!’’ ਨਿਰਮਲ ਖੜ੍ਹਾ ਹੁੰਦਿਆਂ ਬੋਲਿਆ ਪਰ ਦੀਪੂ ਉੱਠਿਆ ਨਹੀਂ, ਸਗੋਂ ਉਵੇਂ ਹੀ ਬੈਠਾ ਰਿਹਾ ਸਾਧੂ ਦੀਆਂ ਗੱਲਾਂ ਦਾ ਕੀਲਿਆ ਸੋਚ-ਮਘਨ! ਉਹ ਨਿਰਮਲ ਨੂੰ ਬੈਠਣ ਦਾ ਇਸ਼ਾਰਾ ਕਰਕੇ ਮੁੜ ਸੋਚੀਂ ਡੁੱਬ ਗਿਆ ਸੀ। ਉਹਨੂੰ ਕੱਲ੍ਹ ਨੂੰ ਹੋਣ ਵਾਲੇ ਟੈਸਟ ਦਾ ਖਿਆਲ ਆਇਆ ਤਾਂ ਉਹ ਡਾਢਾ ਉਦਾਸ ਹੋ ਗਿਆ। ਸਾਧੂ ਬੱਕਰੀ ਮੋੜ ਕੇ ਫਿਰ ਆਪਣੀ ਥਾਏਂ ਆਣ ਬੈਠਿਆ ਉਹ ਮੋਢੇ ਟੰਗਿਆ ਰੋਟੀ ਵਾਲਾ ਝੋਲਾ ਠੀਕ ਕਰਦਿਆਂ ਬੋਲਿਆ, ‘‘ਤੂੰ ਕੈਵੀਂ ’ਚ ਪੜ੍ਹਦੈਂ ਦੀਪੂ?’’

‘‘ਮੈਂ ਸੱਤਵੀਂ ’ਚ ਪੜ੍ਹਦਾਂ ਬਾਈ!’’ ਕਹਿ ਕੇ ਦੀਪੂ ਨੇ ਨੀਵੀਂ ਪਾ ਲਈ। ਉਹਨੂੰ ਸੱਤਵੀਂ ਕਹਿੰਦਿਆਂ ਸ਼ਰਮ ਮਹਿਸੂਸ ਹੋਈ, ਕਿਉਂਕਿ ਸਵਾਲ ਤਾਂ ਉਹ ਅੱਜ ਪੰਜਵੀਂ ਦਾ ਵੀ ਨਹੀਂ ਸੀ ਕੱਢ ਸਕਿਆ! ‘‘ਚੰਗਾ ਸ਼ੇਰਾ, ਪੜਿ੍ਹਆ ਕਰ ਮਨ ਲਾ ਕੇ, ਤੇ ਨਿਰਮਲਾ ਤੂੰ ਨਹੀਂ ਪੜ੍ਹਦਾ ਉਏ? ਮੇਰੀ ਮੰਨਦੈਂ ਤਾਂ ਤੂੰ ਵੀ ਦਾਖਲ ਹੋ ਜਾ ਸਕੂਲ। ਤੇਰੀ ਉਮਰ ਪੜ੍ਹਨ ਦੀ ਹੈ। ਸੁਖ ਪਾਵੇਂਗਾ!’’ ਨਿਰਮਲ ਨੂੰ ਸਾਧੂ ਨੇ ਕੀਮਤੀ ਸਲਾਹ ਦਿੱਤੀ। ਅੱਗੋਂ ‘‘ਚੰਗਾ ਵੇਖਾਂਗੇ!’’ ਕਹਿ ਕੇ ਨਿਰਮਲ ਨੇ ਸਾਧੂ ਦੀ ਕੀਮਤੀ ਗੱਲ ਮਿੱਟੀ ਵਿੱਚ ਰੋਲ ਦਿੱਤੀ। ਸਾਧੂ ਉਹਨੂੰ ਵਿਹੁ ਵਰਗਾ ਲੱਗਿਆ ਸੀ। ਦੀਪੂ ਥਾਏਂ ਹੀ ਬੈਠਾ ਰਿਹਾ ਪਰ ਨਿਰਮਲ ਉੱਠ ਕੇ ਨਾਲ ਦੇ ਖੇਤ ਵਿੱਚ ਤੂਤ ਦੇ ਰੁੱਖ ’ਤੇ ਜਾ ਚੜਿ੍ਹਆ ਸੀ। ਤੂਤ ’ਤੇ ਘੁੱਗੀ ਦੇ ਆਲ੍ਹਣੇ ’ਚ ਪਏ ਘੁੱਗੀ ਦੇ ਆਂਡੇ ਵੇਖ ਨਿਰਮਲ ਨੇ ਦੀਪੂ ਨੂੰ ਅਵਾਜ਼ ਮਾਰੀ ਪਰ ਦੀਪੂ ਨਾ ਹਿੱਲਿਆ। ਉਹ ਨਿਰਮਲ ਦੀ ਅਵਾਜ਼ ਨੂੰ ਅਣਸੁਣੀ ਕਰਕੇ ਉਵੇਂ ਹੀ ਬੈਠਾ ਰਿਹਾ ਸੋਚ-ਮਘਨ।

ਉਸ ਨੂੰ ਸਾਧੂ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗ ਰਹੀਆਂ ਸਨ। ਸਾਧੂ ਕਹਿ ਰਿਹਾ ਸੀ, ‘‘ਨਿਰਮਲ ਭਟਕ ਚੁੱਕਾ ਹੈ। ਪੜ੍ਹਾਈ ਦਾ ਨਾਂ ਲਏ ਤੋਂ ਵੇਖ ਕਿੱਧਰ ਨੂੰ ਪਾਸਾ ਵੱਟ ਕੇ ਤੁਰ ਗਿਆ ਹੈ। ਔਹ ਤੂਤ ’ਤੇ ਜਾ ਚੜਿ੍ਹਆ!’’ ਤੂਤ ਦਾ ਦਰੱਖ਼ਤ ਕੋਈ ਜਿਆਦਾ ਦੂਰ ਨਹੀਂ ਸੀ। ਕੋਲ ਹੀ ਪਟੜੀ ਤੋਂ ਉੱਤਰਦਿਆਂ ਤੂਤ ਖੜ੍ਹਾ ਸੀ, ਜਿਸ ’ਤੇ ਨਿਰਮਲ ਚੜਿ੍ਹਆ ਸੀ। ਨੇੜੇ ਹੋਣ ਕਰਕੇ ਉਸ ਨੇ ਆਪਣੇ ਬਾਰੇ ਕਹੀ ਸਾਧੂ ਦੀ ਗੱਲ ਸੁਣ ਲਈ ਸੀ। ਆਪਣੇ ਬਾਰੇ ‘ਭਟਕ ਚੁੱਕਿਆ’ ਸ਼ਬਦ ਸੁਣ ਕੇ ਉਹਨੂੰ ਸਾਧੂ ’ਤੇ ਗੁੱਸਾ ਚੜ੍ਹ ਗਿਆ। ਉਹ ਛਾਲ ਮਾਰ ਕੇ ਤੂਤ ਤੋਂ ਥੱਲੇ ਉੱਤਰ ਆਇਆ। ਦੀਪੂ ਨੂੰ ਬੋਲਿਆ, ‘‘ਚੱਲ ਦੀਪੂ ਯਾਰ, ਚੱਲੀਏ! ਇਹ ਸਾਧੂ ਤਾਂ ਪੁੱਠੀ ਮੱਤ ਹੀ ਦਊ ਤੈਨੂੰ! ਚੱਲ ਉੱਠ!’’

‘‘ਸ਼ੇਰਾ ਪੁੱਠੀ ਮੱਤ ਨਹੀਂ ਦਿੰਦਾ, ਪੜ੍ਹ ਲਓਗੇ ਤਾਂ ਚੰਗੇ ਰਹੋਗੇ। ਨਹੀਂ ਤਾਂ ਮੇਰੇ ਵਾਂਗੂੰ ਬੱਕਰੀਆਂ ਮਗਰ ਭੱਜੇ ਫਿਰੋਗੇ ਸਾਰੀ ਉਮਰ! ਗੱਲ ਅਜੇ ਸਾਧੂ ਦੇ ਬੁੱਲ੍ਹਾਂ ’ਤੇ ਹੀ ਕੰਬ ਰਹੀ ਸੀ, ਜਦੋਂ ਨੂੰ ਨਿਰਮਲ ਨੇ ਹੱਥ ’ਚ ਫੜ੍ਹੇ ਘੁੱਗੀ ਦੇ ਦੋ ਆਂਡੇ ਸਾਧੇ ਦੇ ਮੂੰਹ ’ਤੇ ਵਗਾਹ ਕੇ ਮਾਰੇ! ਅਚਾਨਕ ਹੋਏ ਵਾਰ ਨਾਲ ਸਾਧੂ ਘਬਰਾ ਗਿਆ। ਆਂਡਿਆਂ ਦੀ ਚਿੱਪਚਿਪੀ ਜ਼ਰਦੀ ਸਾਧੂ ਦੀ ਕਰੜ-ਬਰੜੀ ਦਾਹੜੀ ਵਿੱਚੋਂ ਥੱਲੇ ਟਪਕ ਰਹੀ ਸੀ। ਸਾਧੂ ਨਿਰਮਲ ਨੂੰ ਫੜ੍ਹਨ ਲਈ ਅਹੁਲਿਆ ਪਰ ਓਨੇ ਚਿਰ ਨੂੰ ਨਿਰਮਲ ਦੂਰ ਭੱਜਿਆ ਜਾ ਰਿਹਾ ਸੀ।

ਸਾਹੋ-ਸਾਹੀ ਹੋਇਆ ਸਾਧੂ ਥੱਕ ਕੇ ਰੁਕ ਗਿਆ। ਉਹ ਥਾਏਂ ਹੀ ਖੜ੍ਹਾ ਨਿਰਮਲ ਨੂੰ ਬੁਰਾ ਭਲਾ ਕਹਿ ਰਿਹਾ ਸੀ। ਫਿਰ ਉਹ ਸੂਏ ਦੇ ਵਗਦੇ ਪਾਣੀ ਵਿੱਚੋਂ ਮੂੰਹ ਧੋਣ ਲੱਗ ਪਿਆ। ਏਨੇ ਚਿਰ ਨੂੰ ਅੱਖ ਬਚਾ ਕੇ ਦੀਪੂ ਵੀ ਉੱਥੋਂ ਖਿਸਕ ਆਇਆ। ਦੀਪੂ ਤੇ ਨਿਰਮਲ ਸਕੂਲ ਵਿੱਚ ਫਿਰ ਆਣ ਇਕੱਠੇ ਹੋਏ। ਦੀਪੂ ਅਜੇ ਵੀ ਗੰਭੀਰ ਮੂਡ ਵਿੱਚ ਸੀ ਪਰ ਨਿਰਮਲ ਆਪਣੀ ਕਰਤੂਤ ਕਰਕੇ ਬੇਸ਼ਰਮਾਂ ਵਾਂਗ ਮੁਸਕਰਾ ਰਿਹਾ ਸੀ। ਉਹ ਮੁਸ਼ਕੜੀਏ ਹੱਸਦਾ ਹੋਇਆ ਬੋਲਿਆ, ‘‘ਕਿਉਂ ਕੀ ਕਹਿੰਦਾ ਸੀ ਹੁਣ ਸਾਧੂ ਸਿੰਘ ਬੱਕਰੀ ਟੀਚਰ! ਐਵੇਂ ਅਵਾ-ਤਵਾ ਬਕੀ ਜਾਂਦਾ ਸੀ।’’ ਕਹਿ ਕੇ ਨਿਰਮਲ ਤਾੜੀ ਜਿਹੀ ਮਾਰ ਕੇ ਹੱਸ ਪਿਆ ਪਰ ਦੀਪੂ ਜਰਾ ਗੰਭੀਰ ਮੁਦਰਾ ਵਿੱਚ ਬੋਲਿਆ, ‘‘ਯਾਰ ਕੁਝ ਵੀ ਹੈ,

ਪਰ ਤੂੰ ਇਹ ਚੰਗਾ ਨਹੀਂ ਕੀਤਾ! ਵਿਚਾਰਾ ਸਾਧੂ ਤਾਂ ਆਪਾਂ ਨੂੰ ਭੋਰਾ ਮੱਤ ਹੀ ਦੇ ਰਿਹਾ ਸੀ।’’ ਦੀਪੂ ਦੀ ਗੱਲ ਅਣਗੌਲ਼ੀ ਕਰਦਿਆਂ ਨਿਰਮਲ ਨੇ ਜੇਬ੍ਹ ਵਿੱਚੋਂ ਬੀੜੀਆਂ ਦਾ ਬੰਡਲ ਤੇ ਮਾਚਿਸ ਕੱਢੀ ’ਤੇ ਇੱਕ ਬੀੜੀ ਸੁਲਗਾ ਕੇ ਦੀਪੂ ਨੂੰ ਫੜਾ ਦਿੱਤੀ ਤੇ ਇੱਕ ਬੀੜੀ ਆਪ ਸੁਲਗਾ ਕੇ ਜੋਰ ਦੀ ਸੂਟਾ ਖਿੱਚਿਆ। ਦੀਪੂ ਵੀ ਨਿਰਮਲ ਦੀ ਹੀ ਰੀਸ ਨਾਲ ਸੂਟੇ ਮਾਰ-ਮਾਰ ਕੇ ਨੱਕ ਅਤੇ ਬੁੱਲ੍ਹਾਂ ਵਿੱਚੋਂ ਧੂੰਏਂ ਦੇ ਬੱਦਲ ਉਡਾਉਣ ਲੱਗ ਪਿਆ। ਨਿਰਮਲ ਦੀਪੂ ਵੱਲ ਵੇਖ ਕੇ ਮਨ ਹੀ ਮਨ ਹੱਸਿਆ ਤੇ ਫਿਰ ਹੱਥਲੀ ਮੁੱਕਣ ’ਤੇ ਆਈ ਬੀੜੀ ਸਕੂਲ ਦੀ ਕੰਧ ਨਾਲ ਮਲਦਿਆਂ ਨੇਫੇ ’ਚੋਂ ਇੱਕ ਖ਼ਾਕੀ ਲਿਫ਼ਾਫਾ ਕੱਢਦਿਆਂ ਬੋਲਿਆ, ‘‘ਚੱਲ ਦੀਪੂ, ਫੇਰ ਵੇਖਦੇ ਹਾਂ ਕੱਲ੍ਹ ਵਾਲਾ ਮਸ਼ਕੂਲਾ!’’ ਤੇ ਨਿਰਮਲ ਦੀਪੂ ਨੂੰ ਨਾਲ ਲਾ ਕੇ ਟਾਹਲੀਆਂ ਦੇ ਸੁੱਕੇ ਪੱਤੇ ਲਿਫ਼ਾਫੇ ਵਿੱਚ ਭਰਨ ਲੱਗ ਪਿਆ। ਸੁਬ੍ਹਾ ਦਾ ਸੂਰਜ ਦੁਪਹਿਰ ਬਣ ਕੇ ਉੱਪਰ ਉੱਠ ਆਇਆ ਸੀ। ਫਿਰ ਕੋਈ ਵਿਚਾਰਾ ਰਾਹੀ ਮੂਰਖਾਂ ਦੇ ਮਜ਼ਾਕ ਦਾ ਪਾਤਰ ਬਣਨ ਵਾਲਾ ਸੀ। (ਚਲਦਾ…)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.