ਦੀਪੂ ਦੀ ਵਾਪਸੀ
ਗੁਰਦੁਆਰੇ ਦੇ ਗਰੰਥੀ ਨੇ ਜਪੁਜੀ ਸਾਹਿਬ ਦਾ ਪਾਠ ਖਤਮ ਕਰਕੇ ਅਰਦਾਸ ਕੀਤੀ ਤੇ ਫਤਹਿ ਬੁਲਾਈ ਹੀ ਸੀ, ਜਦੋਂ ਦੀਪੂ ਦੀ ਅੱਖ ਖੁੱਲ੍ਹ ਗਈ। ਉਹ ਮੰਜੇ ਤੋਂ ਉੱਠਿਆ ਨਹੀਂ, ਸਗੋਂ ਉਵੇਂ ਹੀ ਛੱਤ ਵੱਲ ਝਾਕਦਾ ਮੱਟਰ ਹੋਇਆ ਪਿਆ ਰਿਹਾ। ਸਕੂਲ ਜਾਣ ਦੀ ਚਿੰਤਾ ਉਹਨੂੰ ਵੱਢ-ਵੱਢ ਖਾ ਰਹੀ ਸੀ। ਅੱਜ ਫਿਰ ਅੰਗਰੇਜ਼ੀ ਦਾ ਟੈਸਟ ਸੀ। ਹਿਸਾਬ ਵਾਲੇ ਮਾਸਟਰ ਜੀ ਨੇ ਵੀ ਸਵਾਲ ਕਢਵਾ ਕੇ ਵੇਖਣੇ ਸਨ। ਦੀਪੂ ਨੂੰ ਕੁਝ ਵੀ ਯਾਦ ਨਹੀਂ ਸੀ। ਉਹਨੇ ਤਾਂ ਕਿਸੇ ਵੀ ਵਿਸ਼ੇ ਦਾ ਹੋਮਵਰਕ ਵੀ ਨਹੀਂ ਕੀਤਾ ਸੀ। ਉਸ ਦੀਆਂ ਅੱਖਾਂ ਮੂਹਰੇ ਤਾਂ ਅੰਗਰੇਜ਼ੀ ਵਾਲੇ ਮਾਸਟਰ ਜੀ ਘੁੰਮ ਰਹੇ ਸਨ। ਉਹ ਸੋਚ ਰਿਹਾ ਸੀ-‘ਅੱਜ ਤਾਂ ਜ਼ਰੂਰ ਹੀ ਕੁਟਾਪਾ ਚੜੂ! ਤੇ ਨਾਲੇ ਮੁਰਗਾ ਬਣਕੇ ਸਾਰੇ ਸਕੂਲ ਦਾ ਚੱਕਰ ਲਾਉਣਾ ਪਊ!! ਜੇ ਕੱਲ੍ਹ ਸਕੂਲੋਂ ਆ ਕੇ ਪੜ੍ਹਾਈ ਕਰ ਲੈਂਦਾ ਤਾਂ ਚੰਗਾ ਨਾ ਰਹਿੰਦਾ? ਐਵੇਂ ਸਾਰਾ ਦਿਨ ਉਲਟੇ-ਪੁਲਟੇ ਕੰਮਾਂ ਵਿੱਚ ਗਵਾ ਦਿੱਤਾ!!!’ ਫਿਰ ਉਸਨੂੰ ਨਿਰਮਲ ਦਾ ਖਿਆਲ ਆਇਆ ਜੋ ਦੋ ਸਾਲਾਂ ਤੋਂ ਪੜ੍ਹਾਈ ਛੱਡ ਕੇ ਘਰੇ ਬੈਠਾ ਸੀ।-‘ਬੇਵਕੂਫ ਕਿਸੇ ਥਾਂ ਦਾ!’ ਫਿਰ ਉਹ ਸੋਚਣ ਲੱਗਾ ‘ਆਪ ਤਾਂ ਡੁੱਬਿਐ, ਮੈਨੂੰ ਵੀ ਡੋਬਣਾ ਚਾਹੁੰਦੈ!!
ਕੱਲ੍ਹ ਬੀੜੀਆਂ ਦੀ ਸੌਗ਼ਾਤ ਲੈ ਕੇ ਆਇਆ ਸੀ ਮੇਰੇ ਵਾਸਤੇ!’ ਦੀਪੂ ਆਪ ਮੁਹਾਰਾ ਜ਼ਰਾ ਕੁ ਹੱਸਿਆ ਤੇ ਫਿਰ ਪਾਸਾ ਪਰਤ ਕੇ ਕੰਧ ਵੱਲੀਂ ਮੂੰਹ ਕਰਕੇ ਲੇਟ ਗਿਆ। ਉਪਰਲੀ ਚਾਦਰ ਖਿੱਚ ਕੇ ਉੱਪਰ ਮੂੰਹ ਤੱਕ ਕਰ ਲਈ। ਥੋੜ੍ਹਾ ਜਿਹਾ ਮੂੰਹ ਨੰਗਾ ਰੱਖ ਕੇ ਕੰਧ ’ਤੇ ਨਿਗ੍ਹਾ ਗੱਡੀ ਆਉਣ ਵਾਲੀ ਮੁਸੀਬਤ ਤੋਂ ਛੁਟਕਾਰਾ ਪਾਉਣ ਬਾਰੇ ਸੋਚਣ ਲੱਗਿਆ। ਉਹ ਕਿੰਨਾ ਹੀ ਚਿਰ ਉਲਟਾ-ਸਿੱਧਾ ਸੋਚਦਾ ਰਿਹਾ। ਫਿਰ ਅਚਾਨਕ ਉੱਠ ਕੇ ਦਰਵਾਜੇ ਵਿੱਚੋਂ ਦੀ ਬਾਹਰ ਝਾਕਿਆ। ਦਿਨ ਕਾਫੀ ਚੜ੍ਹ ਆਇਆ ਸੀ। ਮਾਂ ਰਸੋਈ ਵਿੱਚ ਕੰਮ-ਧੰਦਾ ਕਰ ਰਹੀ ਸੀ। ਬਾਪੂ ਖੇਤ ਨੂੰ ਚਲਾ ਗਿਆ ਸੀ। ਚਿੜੀਆਂ ਬਰਾਂਡੇ ਵਿੱਚ ਚੀਕ-ਚਿਹਾੜਾ ਪਾ ਰਹੀਆਂ ਸਨ ਤੇ ਉਨ੍ਹਾਂ ਦਾ ਪਾਲਤੂ ਕੁੱਤਾ ਬੋਰੀ ’ਤੇ ਬੈਠਾ ਆਪਣੀ ਪਿਛਲੀ ਲੱਤ ਨਾਲ ਕੰਨ ਖੁਰਕ ਰਿਹਾ ਸੀ। ਕੁੱਤਾ ਅਚਾਨਕ ਭੌਂਕਿਆ। ਕੁੱਤੇ ਦੀ ਭੌਂਕ ਸੁਣਕੇ ਰਸੋਈ ਵੱਲੋਂ ਉਹਦੀ ਭੈਣ ਬਾਹਰ ਵੱਲ ਨੂੰ ਆਈ। ਬਾਹਰ ਕੋਈ ਨਹੀਂ ਸੀ। ਉਹ ਵਾਪਸ ਪਰਤਣ ਲੱਗੀ, ਫਿਰ ਕੁਝ ਸੋਚ ਕੇ ਦੀਪੂ ਦੇ ਕਮਰੇ ਵੱਲ ਨੂੰ ਤੁਰ ਆਈ। ਦੀਪੂ ਛਾਲ ਮਾਰ ਕੇ ਮੰਜੇ ’ਤੇ ਚੜ੍ਹ ਗਿਆ ਤੇ ਅੱਖਾਂ ਬੰਦ ਕਰਕੇ ਸੌਣ ਦਾ ਨਾਟਕ ਕਰਨ ਲੱਗਾ।
ਏਨੀ ਦੇਰ ਨੂੰ ਉਹਦੀ ਛੋਟੀ ਭੈਣ ਨਿੰਦੀ ਅੰਦਰ ਆਣ ਵੜੀ। ਉਹ ਦੀਪੂ ਨੂੰ ਸੰਬੋਧਿਨ ਹੋ ਕੇ ਬੋਲੀ, ਦੀਪੂ, ਉੱਠ ਪੈ ਵੀਰੇ, ਦਿਨ ਵੇਖ ਕਿੰਨਾ ਚੜ੍ਹ ਆਇਆ! ਪਰ ਦੀਪੂ ਉਵੇਂ ਹੀ ਚੁੱਪ-ਚਾਪ ਘੇਸਲ ਮਾਰੀ ਪਿਆ ਰਿਹਾ। ਨਿੰਦੀ ਅੱਗੇ ਹੋ ਕੇ ਹੌਲੀ ਕੁ ਦੇਣੇ ਉਹਨੂੰ ਡੌਲਿਓਂ ਫੜ੍ਹ ਕੇ ਉਠਾਉਂਦਿਆਂ ਬੋਲੀ, ਉੱਠ ਪੈ ਦੀਪੂ! ਦੀਪੂ ਅੱਖਾਂ ਮਲਦਾ-ਮਲਦਾ ਨਿੰਦੀ ਵੱਲੀਂ ਝਾਕਿਆ, ਫਿਰ ਮਿੰਟ ਕੁ ਰੁਕ ਕੇ ਬੋਲਿਆ, ਅੱਜ ਮੈਂ ਨਹੀਂ ਸਕੂਲ ਜਾਣਾ! ਪਤੈ ਮੈਨੂੰ, ਸਭ ਪਤਾ ਐ! ਅੱਜ ਪੰਦਰਾਂ ਅਗਸਤ ਐ, ਤੇ ਛੁੱਟੀ ਐ! ਨਿੰਦੀ ਉਸਦੀ ਗੱਲ ਅੱਧ ਵਿਚਕਾਰੋਂ ਹੀ ਕਟਦਿਆਂ ਬੋਲੀ।
ਹੈਂ !…………ਅੱਜ ? ਦੀਪੂ ਇੱਕਦਮ ਉੱਠ ਕੇ ਖੜ੍ਹਾ ਹੋ ਗਿਆ। ਅੱਜ ਪੰਦਰਾਂ ਅਗਸਤ ਦੀ ਛੁੱਟੀ ਦਾ ਉਸਨੂੰ ਪਤਾ ਹੀ ਨਹੀਂ ਸੀ। ਉਹ ਤਾਂ ਨਿੰਦੀ ਕੋਲੇ ਬਹਾਨਾ ਲਾਉਣ ਲੱਗਿਆ ਸੀ ਕਿ ਅੱਜ ਮੇਰਾ ਸਿਰ ਦੁਖਦੈ! ਚਲੋ ਅੱਜ ਸਕੂਲ ਜਾਣ ਦੀ ਮੁਸੀਬਤ ਤੋਂ ਤਾਂ ਛੁਟਕਾਰਾ ਮਿਲਿਆ। ਹੁਣ ਉਸਦੇ ਸਰੀਰ ਅਤੇ ਲੱਤਾਂ ਵਿੱਚ ਤਾਕਤ ਆ ਗਈ ਸੀ। ਮੰਜੇ ਤੋਂ ਥੱਲੇ ਖੜ੍ਹਾ ਉਹ ਆਪਣੀ ਕਮੀਜ਼ ਦੇ ਬਟਣ ਬੰਦ ਕਰਦਿਆਂ ਸੋਚ ਰਿਹਾ ਸੀ ਕਿ ਉਹ ਕਿੰਨਾ ਨਿਕੰਮਾ ਮੁੰਡਾ ਹੈ! ਉਸਨੂੰ ਇਹ ਵੀ ਨਹੀਂ ਪਤਾ ਕਿ ਅੱਜ ਕੀ ਦਿਨ ਹੈ? ਕੀ ਤਰੀਕ ਹੈ ?ਨਿੰਦੀ ਉਸ ਤੋਂ ਅੱਧੀ ਉਮਰ ਦੀ ਹੈ ,ਫਿਰ ਵੀ ਉਸਨੂੰ ਸਭ ਯਾਦ ਹੈ! ਮੈ ਕਿੰਨਾ ਉਲਟੇ ਕੰਮਾਂ ਵਿੱਚ ਗਰਕ ਚੁੱਕਿਆ ਹਾਂ! ਸ਼ਰਾਰਤਾਂ ਦੁਨੀਆਂ ਭਰ ਦੀਆਂ ਸਿਖਦਾ ਰਹਿੰਦਾ ਹਾਂ ਪਰ ਅਕਲ ਦੇ ਨਾਂਅ ’ਤੇ ਇੱਕਦਮ ਜ਼ੀਰੋ ਆਦਮੀ ਹਾਂ!
ਉਹ ਜ਼ਿੰਦਗੀ ਦੀ ਗੁਣਾ-ਘਟਾਓ ਦੀਆਂ ਸੋਚਾਂ ਸੋਚਦਾ-ਸੋਚਦਾ ਨਲਕੇ ’ਤੇ ਆਣ ਖੜ੍ਹਾ ਹੋਇਆ।ਉਸ ਨੇ ਨਲਕੇ ਦੀ ਹੱਥੀ ਦਬਾਅ ਕੇ ਪਾਣੀ ਦੀ ਮੁੱਠ ਭਰਕੇ ਅੱਖਾਂ ’ਤੇ ਛੱਟਾ ਮਾਰਿਆ।ਫਿਰ ਪਰ੍ਹਾਂ ਪਿਆ ਪਿੱਤਲ ਦਾ ਇੱਕ ਖਾਲੀ ਗਿਲਾਸ ਚੁੱਕ ਕੇ ਪਾਣੀ ਦਾ ਭਰ ਲਿਆ ਤੇ ਨਲਕੇ ਤੋਂ ਥੋੜ੍ਹਾ ਹਟਵਾਂ ਬਹਿ ਕੇ ਚੂਲੀ ਭਰਕੇ ਪਾਣੀ ਮੂੰਹ ’ਚ ਪਾ ਕੇ ਦੰਦਾਂ ਨੂੰ ਉਂਗਲੀ ਨਾਲ ਮਲਿਆ। ਮੂੰਹ ਵਿੱਚਲੇ ਪਾਣੀ ਦਾ ਕੁਰਲਾ ਦੂਰ ਮਾਰਿਆ ਤੇ ਫਿਰ ਬਚਦੇ ਪਾਣੀ ਨਾਲ ਮੂੰਹ ਧੋ ਕੇ ਰਸੋਈ ਵਿੱਚ ਆਣ ਖੜ੍ਹਾ ਹੋਇਆ।ਮਾਂ ਤੋਂ ਚਾਹ ਦਾ ਗਿਲਾਸ ਫੜ੍ਹ ਕੇ ਬਰਾਂਡੇ ’ਚ ਡੱਠੇ ਮੰਜੇ ’ਤੇ ਆ ਬੈਠਾ।ਚਾਹ ਪੀਂਦਿਆਂ ਵੀ ਉਹ ਆਪਣੇ ਬਾਰੇ ਹੀ ਸੋਚ ਰਿਹਾ ਸੀ ਕਿ ਉਹ ਹੁਣ ਸਭ ਬੁਰੇ ਕੰਮ ਤਿਆਗ ਕੇ ਖੂਬ ਮਨ ਲਗਾ ਕੇ ਪੜ੍ਹਾਈ ਕਰੇਗਾ।
ਚਿੜੀਆਂ ਫੜਨੀਆਂ ਉੱਕਾ ਹੀ ਛੱਡ ਦੇਵੇਗਾ। ਹਰ ਬੁਰੀ ਆਦਤ ਤਿਆਗ ਦੇਵੇਗਾ। ਫਿਰ ਉਹ ਪਾਲੇ ਬਾਰੇ ਸੋਚਣ ਲੱਗਿਆ ਕਿ ਆਪਣੇ ਮਾਂ-ਪਿਓ ਦਾ ਕਿੰਨਾ ਲਾਇਕ ਤੇ ਸਾਊ ਪੁੱਤ ਹੈ! ਮਜ਼ਾਲ ਹੈ ਕਦੇ ਵੀ ਮਾਂ-ਪਿਓ ਦੇ ਕਹਿਣੇ ਤੋਂ ਬਾਹਰ ਕੋਈ ਕੰਮ ਕਰਦਾ ਹੋਵੇ! ਉਹ ਪੜ੍ਹਨ ਵਿੱਚ ਲੋਹੜੇ ਦਾ ਹੁਸ਼ਿਆਰ ਹੈ। ਹਮੇਸ਼ਾ ਕਲਾਸ ’ਚੋਂ ਅੱਵਲ ਆਉਂਦਾ ਹੈ। ਮਾਂ-ਪਿਓ ਨਾਲ ਘਰ ਦੇ ਕੰਮ ਵੀ ਕਰਵਾਉਂਦਾ ਹੈ ਤੇ ਪੜ੍ਹਾਈ ਵੀ ਕਰ ਲੈਂਦਾ ਹੈ।ਪਤਾ ਨਹੀਂ ਕਿਹੜੇ ਵੇਲੇ ਪੜ੍ਹਦਾ ਹੋਊਗਾ? ਪੜ੍ਹਨ ਦਾ ਕੀ ਹੈ! ਆਦਮੀ ਥੋੜ੍ਹਾ ਚਿਰ ਵੀ ਪੜ੍ਹ ਲਵੇ ਸਭ ਕੁਝ ਯਾਦ ਹੋ ਜਾਂਦਾ ਹੈ! ਪਰ ਕੋਈ ਮਨ ਲਗਾ ਕੇ ਪੜ੍ਹੇ ਤਾਹੀਓਂ ਯਾਦ ਹੁੰਦਾ ਹੈ!ਜੇ ਮੇਰੇ ਵਾਂਗ ਮਨ ਵਿੱਚ ਸ਼ਰਾਰਤਾਂ, ਇਲਤਾਂ ਦਾ ਫਤੂਰ ਭਰਿਆ ਹੋਵੇ ਤਾਂ ਪੜ੍ਹਾਈ ਕਿੱਥੋਂ ਮਨ ਵਿੱਚ ਸਮਾਅ ਸਕਦੀ ਹੈ! ਉਹਨੇ ਸੋਚਿਆ ਕਿ ਉਹ ਹੁਣ ਇਕਾਗਰ ਚਿੱਤ ਹੋ ਕੇ ਪੜਿ੍ਹਆ ਕਰੇਗਾ। ਪਾਲੇ ਨਾਲ ਪੱਕੀ ਦੋਸਤੀ ਕਰ ਲਵੇਗਾ।ਆਪਣਾ ਬਸਤਾ ਚੁੱਕ ਕੇ ਹੁਣੇ ਹੀ ਉਹ ਪਾਲੇ ਕੇ ਘਰੇ ਚਲਿਆ ਜਾਵੇਗਾ।
ਉਹ ਤੇ ਪਾਲਾ ਇਕੱਠੇ ਬੈਠ ਕੇ ਪੜਿ੍ਹਆ ਕਰਨਗੇ। ਅਚਾਨਕ ‘ਧੜੰਮ’ ਦਾ ਖੜਾਕ ਹੋਇਆ ਤੇ ਉਹਦੇ ਹੱਥ ’ਚ ਫੜਿ੍ਹਆ ਚਾਹ ਦਾ ਗਿਲਾਸ ਸਾਰੇ ਦਾ ਸਾਰਾ ਉਹਦੀ ਬੁੱਕਲ ਵਿੱਚ ਡੁੱਲ੍ਹ ਗਿਆ। ਚਾਹ ਜ਼ਿਆਦਾ ਤੱਤੀ ਨਹੀਂ ਸੀ। ਇਸ ਕਰਕੇ ਉਹ ਜਲਿਆ ਤਾਂ ਨਹੀਂ ਪਰ ਉਹਦੇ ਕੱਪੜੇ ਜ਼ਰੂਰ ਖਰਾਬ ਹੋ ਗਏ ਸਨ। ਕੋਲ ਕੋਈ ਨਹੀਂ ਸੀ।ਉਹ ਅਜੇ ਉੱਠ ਕੇ ਕਿਸੇ ਪੁਰਾਣੇ ਕੱਪੜੇ ਨਾਲ ਆਪਣਾ ਝੱਗਾ ਸਾਫ ਕਰ ਹੀ ਰਿਹਾ ਸੀ, ਜਦੋਂ ਨੂੰ ਨਿੰਦੀ ਉਹਦੇ ਕੋਲ ਆ ਗਈ।ਹੱਥ ’ਚ ਕਾਪੀ ਫੜ੍ਹੀ ਉਹ ਕੋਈ ਹਿਸਾਬ ਦਾ ਸਵਾਲ ਸਮਝਣ ਆਈ ਸੀ। ਦੀਪੂ ਨੂੰ ਕੱਪੜੇ ਪੂੰਝਦਾ ਵੇਖ ਕੇ ਬੋਲੀ, ਕੀ ਹੋਇਆ ਵੀਰੇ ? ਕੁਛ ਨਹੀਂ, ਆਹ ਚਾਹ ’ਜੀ ਡੁੱਲ੍ਹ ਗਈ ਮਾੜੀ ਜਿਹੀ!ਕਹਿ ਕੇ ਦੀਪੂ ਕੱਚੀ ਜਿਹੀ ਹਾਸੀ ਹੱਸਿਆ। ਨਿੰਦੀ ਡੌਰ-ਭੌਰ ਦੇਖਦੀ-ਦੇਖਦੀ ਬੋਲੀ, ਜ਼ਿਆਦਾ ਤੱਤੀ ਤਾਂ ਨਹੀਂ ਸੀ ?
ਨਹੀਂ! ਕਹਿ ਕੇ ਦੀਪੂ ਫਿਰ ਮੰਜੇ ’ਤੇ ਬੈਠ ਗਿਆ।ਨਿੰਦੀ ਹਿਸਾਬ ਦੀ ਕਿਤਾਬ ਅਤੇ ਇੱਕ ਰਫ਼ ਕਾਪੀ ਪੈੱਨ ਸਮੇਤ ਉਹਨੂੰ ਫੜਾਉਂਦਿਆਂ ਬੋਲੀ, ਵੀਰੇ, ਆਹ ਸਵਾਲ ਸਮਝਾਈਂ ਕੇਰਾਂ ? ਦੀਪੂ ਕਾਪੀ ਤੇ ਪੈੱਨ ਫੜ੍ਹ ਕੇ ਸਵਾਲ ਦੀ ਰਕਮ ਪੜ੍ਹਨ ਲੱਗ ਪਿਆ। ਸਵਾਲ ਲਾਭ-ਹਾਨੀ ਦਾ ਸੀ।ਉਹ ਰਕਮ ਪੜ੍ਹਦਾ ਰਿਹਾ,ਪੜ੍ਹਦਾ ਰਿਹਾ,ਪਰ ਉਸ ਨੂੰ ਕੁਝ ਵੀ ਸਮਝ ਨਾ ਪਿਆ।ਅਖੀਰ ਦੁਪਹਿਰੇ ਸਮਝਾਊਂਗਾ! ਕਹਿ ਕੇ ਚੁੱਪਚਾਪ ਘਰੋਂ ਬਾਹਰ ਵੱਲ ਨੂੰ ਨਿਕਲ ਤੁਰਿਆ।ਨਿੰਦੀ ਉਹਦੇ ਮੂੰਹ ਵੱਲ ਵੇਖਦੀ ਹੀ ਰਹਿ ਗਈ।ਬਾਹਰ ਨਿਕਲਦਿਆਂ ਹੀ ਉਹਨੂੰ ਨਿਰਮਲ ਟੱਕਰ ਪਿਆ।ਜਿਵੇਂ ਚੋਰ ਨੂੰ ਕੋਈ ਚੋਰ ਟੱਕਰਦਾ ਹੈ! ਉਹ ਤੇ ਨਿਰਮਲ ਬਾਂਹ ’ਚ ਬਾਂਹ ਪਾਈ ਸੂਏ ਵੱਲ ਨੂੰ ਤੁਰੇ ਜਾ ਰਹੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.