ਇਨਸਾਨੀਅਤ

ਇਨਸਾਨੀਅਤ

ਇੱਕ ਪਿੰਡ ਵਿੱਚ ਰਣਜੀਤ ਨਾਂਅ ਦਾ ਇੱਕ ਲੜਕਾ ਰਹਿੰਦਾ ਸੀ। ਉੁਂਜ ਉਹ ਭਾਵੇਂ ਗ਼ਰੀਬ ਸੀ ਪਰ ਫਿਰ ਵੀ ਉਸਦਾ ਦਿਲ ਲੋੜਵੰਦਾਂ ਦੀ ਮੱਦਦ ਲਈ ਤੱਤਪਰ ਰਹਿੰਦਾ ਸੀ। ਇੱਕ ਦਿਨ ਉਸ ਨੇ ਦੇਖਿਆ ਕਿ ਇੱਕ ਔਰਤ ਨੂੰ ਡਾਕਟਰ ਆਪਣੇ ਹਸਪਤਾਲੋਂ ਫ਼ਟਕਾਰ ਕੇ ਬਿਨਾਂ ਇਲਾਜ ਤੋਂ ਬਾਹਰ ਕੱਢ ਰਹੇ ਸਨ। ਰਣਜੀਤ ਝਟਪਟ ਦੌੜ ਕੇ ਆਪਣੇ ਪਿਤਾ ਜੀ ਕੋਲ਼ ਗਿਆ ਤੇ ਪੁੱਛਿਆ, ‘ਪਿਤਾ ਜੀ! ਉਹ ਡਾਕਟਰ ਇੱਕ ਔਰਤ ਨੂੰ ਹਸਪਤਾਲ ਤੋਂ ਇੰਜ ਬਾਹਰ ਕਿਉਂ ਕੱਢ ਰਹੇ ਹਨ? ਨਿਰਾਦਰੀ ਵੀ ਕਰ ਰਹੇ ਹਨ, ਕਿਉਂ?’

ਉਸਦੇ ਪਿਤਾ ਜੀ ਨੇ ਦੱਸਿਆ, ‘ਬੇਟਾ! ਉਹ ਔਰਤ ਅਤਿ ਗ਼ਰੀਬ ਹੈ, ਉਹ ਹਸਪਤਾਲ ਦੇ ਇਲਾਜ ਦਾ ਬਿੱਲ ਨਹੀਂ ਚੁਕਾ ਸਕਦੀ, ਉਂਜ ਉਹ ਸਖ਼ਤ ਬਿਮਾਰ ਹੈ, ਸਮਝੋ ਮਰਨ ਕੰਢੇ ਹੀ ਹੈ।’

ਤਾਂ ਰਣਜੀਤ ਨੇ ਕਿਹਾ, ‘ਪਿਤਾ ਜੀ! ਸਾਨੂੰ ਉਸਦੀ ਮੱਦਦ ਕਰਨੀ ਚਾਹੀਦੀ ਹੈ।’ ਤਾਂ ਪਿਤਾ ਜੀ ਕਹਿਣ ਲੱਗੇ, ‘ਦੇਖ ਰਣਜੀਤ ਪੁੱਤਰ! ਇੰਜ ਨਹੀਂ ਹੁੰਦਾ, ਇੰਝ ਤਾਂ ਸਾਰੀ ਦੁਨੀਆ ਹੀ ਗ਼ਰੀਬ ਹੈ, ਦੂਜੀ ਗੱਲ ਅਸੀਂ ਤਾਂ ਆਪ ਗ਼ਰੀਬ ਹਾਂ, ਅਸੀਂ ਕਿਸੇ ਦੀ ਮੱਦਦ ਕਿਵੇਂ ਕਰ ਸਕਦੇ ਹਾਂ?’ ਪਿਤਾ ਜੀ ਦੀ ਗੱਲ ਸੁਣ ਕੇ ਰਣਜੀਤ ਦੀ ਸੰਤੁਸ਼ਟੀ ਨਾ ਹੋਈ। ਉਹ ਉੱਥੋਂ ਚਲਾ ਗਿਆ। ਉਸ ਨੇ ਦਿਲ ਵਿੱਚ ਧਾਰ ਲਿਆ ਕਿ ਉਹ ਉਸ ਔਰਤ ਦੀ ਮੱਦਦ ਜ਼ਰੂਰ ਕਰੇਗਾ। ਉਸ ਨੇ ਦਿਨ-ਰਾਤ ਇੱਕ ਕਰ ਦਿੱਤਾ ਅਤੇ ਚੰਦਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਲਦੀ ਹੀ ਉਸ ਕੋਲ਼ ਲੋੜੀਂਦੇ ਦੇ ਰੁਪਏ ਇਕੱਠੇ ਹੋ ਗਏ। ਕਾਹਲ਼ੀ-ਕਾਹਲ਼ੀ ਉਹ ਪੈਸੇ ਲੈ ਕੇ ਉਸ ਔਰਤ ਕੋਲ਼ ਪਹੁੰਚ ਗਿਆ। ਉਹ ਔਰਤ ਬਹੁਤ ਖ਼ੁਸ਼ ਹੋ ਗਈ। ਉਸ ਔਰਤ ਨੇ ਆਪਣਾ ਇਲਾਜ ਕਰਵਾਇਆ। ਫਿਰ ਡਾਕਟਰ ਨੇ ਉਸ ਔਰਤ ਕੋਲੋਂ ਪੈਸੇ ਲੈਂਦਿਆਂ, ਪੁੱਛਿਆ,

‘ਤੁਹਾਡੇ ਕੋਲ ਇੰਨੇ ਪੈਸੇ ਕਿੱਥੋਂ ਆਏ? ਤੁਸੀਂ ਤਾਂ ਗ਼ਰੀਬ ਹੋ, ਕੁਝ ਦਿਨ ਪਹਿਲਾਂ ਤੁਸੀਂ ਆਏ ਸੀ ਤਾਂ ਤੁਹਾਡੇ ਕੋਲ ਇਲਾਜ ਲਈ ਪੈਸੇ ਨਹੀਂ ਸਨ, ਅਚਾਨਕ ਕਿੱਥੋ ਆਏ?’’ ਉਸ ਔਰਤ ਨੇ ਸਾਰੀ ਗੱਲ ਦੱਸੀ ਕਿ ਉਸ ਦੇ ਪਿੰਡ ਦਾ ਇੱਕ ਲੜਕਾ ਹੈ ਰਣਜੀਤ, ਉਸ ਨੇ ਇਹ ਪੈਸੇ ਚੰਦਾ ਇਕੱਠਾ ਕਰਕੇ ਮੈਨੂੰ ਦਿੱਤੇ ਹਨ। ਇਹ ਗੱਲ ਸੁਣ ਕੇ ਡਾਕਟਰ ਨੇ ਉਸ ਔਰਤ ਤੋਂ ਪੈਸੇ ਨਾ ਲਏ ਤੇ ਕਹਿਣ ਲੱਗੇ, ‘ਜਦ ਪਿੰਡ ਵਿੱਚ ਰਹਿੰਦੇ ਇੱਕ ਗਰੀਬ ਬੱਚੇ ਦਾ ਦਿਲ ਦੂਜਿਆਂ ਦੀ ਮੱਦਦ ਲਈ ਇੰਨਾ ਤੱਤਪਰ ਹੋ ਸਕਦਾ ਹੈ ਤਾਂ ਮੈਂ ਤੁਹਾਡੇ ਕੋਲੋਂ ਪੈਸੇ ਕਿਉਂ ਲਵਾਂ? ਮੇਰੇ ਅੰਦਰ ਵੀ ਤਾਂ ਦਿਲ ਹੈ।’

ਉਸ ਔਰਤ ਨੇ ਰਣਜੀਤ ਨੂੰ ਪੈਸੇ ਵਾਪਸ ਕਰ ਦਿੱਤੇ। ਰਣਜੀਤ ਨੇ ਪੁੱਛਿਆ, ‘ਆਂਟੀ! ਕਿਉਂ? ਕੀ ਹੋਇਆ? ਕੀ ਪੈਸੇ ਘੱਟ ਹਨ?’ ਤਾਂ ਔਰਤ ਨੇ ਕਿਹਾ, ‘ਨਹੀਂ ਰਣਜੀਤ! ਜਦੋਂ ਇਲਾਜ ਉਪਰੰਤ ਤੇਰੇ ਸੋਹਣੇ ਜਿਹੇ ਦਿਲ ਬਾਰੇ ਮੈਂ ਡਾਕਟਰ ਨੂੰ ਦੱਸਿਆ ਤਾਂ ਡਾਕਟਰ ਨੇ ਬਿਨਾਂ ਪੈਸਿਆਂ ਤੋਂ ਹੀ ਮੇਰਾ ਆਪਰੇਸ਼ਨ ਕਰ ਦਿੱਤਾ ਹੈ, ਤੁਹਾਡਾ ਧੰਨਵਾਦ!’

ਰਣਜੀਤ ਨੇ ਕਿਹਾ, ‘ਸ਼ੁਕਰ ਐ! ਇਸ ਦੇਸ਼ ਵਿੱਚ ਹਾਲ਼ੇ ਤੱਕ ਵੀ ਬਹੁਤ ਲੋਕਾਂ ਅੰਦਰ ਇਨਸਾਨੀਅਤ ਹੈ।’ ਰਣਜੀਤ ਨੇ ਉਹ ਰਾਸ਼ੀ ਹੋਰਨਾਂ ਲੋੜਵੰਦਾਂ ਦੀ ਮੱਦਦ ਉੱਪਰ ਖ਼ਰਚ ਦਿੱਤੀ ਦੇਖਿਆ ਬੱਚਿਓ! ਹਰੇਕ ਇਨਸਾਨ ਵਿੱਚ ਇਨਸਾਨੀਅਤ ਹੁੰਦੀ ਹੈ ਪਰ ਜੇ ਕੋਈ ਮਹਿਸੂਸ ਕਰੇ ਤਾਂ ਬੱਚਿਓ ਮੈਂ ਤੁਹਾਨੂੰ ਇਸ ਕਹਾਣੀ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਅੰਦਰ ਦੀ ਇਨਸਾਨੀਅਤ ਕਦੇ ਵੀ ਮਰਨ ਨਾ ਦਿਓ। ਲੋੜਵੰਦਾਂ ਦੀ ਮੱਦਦ ਕਰਨ ਲਈ ਹਮੇਸ਼ਾ ਤਿਆਰ ਰਹੋ, ਤੁਸੀਂ ਕੋਈ ਭਲਾਈ ਕਰਨ ਦੀ ਕੋਸ਼ਿਸ਼ ਕਰ ਕੇ ਤਾਂ ਦੇਖੋ ਹੋਰ ਬੜੇ ਲੋਕ ਤੁਹਾਡੇ ਸਾਥ ਲਈ ਤਿਆਰ ਹੋ ਜਾਂਦੇ ਹਨ।
ਗੀਤਾਂਜਲੀ,
ਗੌਰਮਿੰਟ ਮਿਡਲ ਸਕੂਲ, ਖੇੜਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.