ਸੁਫ਼ਨਾ

ਸੁਫ਼ਨਾ

‘‘ਅੱਜ ਤੜਕੇ-ਤੜਕੇ ਮੈਨੂੰ ਇੱਕ ਬਹੁਤ ਵਧੀਆ ਸੁਫਨਾ ਆਇਆ, ਸੱਤੀਏ!’’ ਰਿਕਸ਼ੇ ਵਾਲੇ ਭਾਨੇ ਨੇ ਆਪਣੀ ਘਰ ਵਾਲੀ ਸੱਤੀ ਕੋਲ ਆਪਣੀ ਖੁਸ਼ੀ ਸਾਂਝੀ ਕੀਤੀ। ‘ਐਹੋ ਜਾ ਕਿਹੜਾ ਸੁਫਨਾ ਤੈਨੂੰ ਆ ਗਿਐ ,ਜਿਹੜਾ ਦਿਨ ਚੜ੍ਹਦੇ ਸਾਰ ਹੀ ਐਨਾ ਖੁਸ਼ ਹੋਇਆ ਫਿਰਦੈਂ?’ ਭਾਨੇ ਦੀ ਘਰਵਾਲੀ ਸੱਤੀ ਨੇ ਉਤਸੁਕਤਾ ਨਾਲ ਪੁੱਛਿਆ। ‘ਸੁਫਨੇ ਵਿੱਚ ਮੈਨੂੰ ਲੱਗਿਆ ਜਿਵੇਂ ਸਵੇਰੇ ਚਾਰ ਵਜੇ ਆਪਣੇ ਟੇਸ਼ਨ ’ਤੇ ਆਉਣ ਵਾਲੀ ਗੱਡੀ ਨੇ ਚੀਕ ਮਾਰੀ ਹੁੰਦੀ ਐ, ਮੈਂ ਤਿ੍ਰਭਕ ਕੇ ਮੰਜੇ ਤੋਂ ਉੱਠਿਆ ਪਰ ਜਦੋਂ ਪਤਾ ਲੱਗਾ ਕਿ ਇਹ ਤਾਂ ਸੁਫਫਨਾ ਸੀ, ਮੈਂ ਨਿਰਾਸ਼ ਜਿਹਾ ਹੋ ਕੇ ਫਿਰ ਪੈ ਗਿਆ।’

ਮਾਯੂਸ ਹੋਏ ਭਾਨੇ ਨੇ ਆਪਣੀ ਗੱਲ ਸੱਤੀ ਨੂੰ ਦੱਸਦਿਆਂ ਆਖਿਆ। ‘ਹਾਂ, ਸਿਆਣੇ ਸੱਚ ਈ ਕਹਿੰਦੇ ਐ , ਜਿਸ ਬਾਰੇ ਆਪਾਂ ਸਾਰਾ ਦਿਨ ਸੋਚਦੇ ਆਂ, ਸੁਫਨੇ ਵੀ ਰਾਤ ਨੂੰ ਉਹੀ ਆਉਂਦੇ ਆ, ਮੈਨੂੰ ਪਤਾ ਤੂੰ ਵੀ ਸਾਰਾ ਦਿਨ ਇਹੀ ਸੋਚਦੈਂ ਕਿ ਕਦੋਂ ਟੇਸ਼ਨ ’ਤੇ ਗੱਡੀਆਂ ਚੱਲਣਗੀਆਂ ਤੇ ਕਦੋਂ ਕਮਾ ਕੇ ਜੁਆਕਾਂ ਦਾ ਢਿੱਡ ਭਰਾਂਗੇ।’ ਸੋਚਦਿਆਂ-ਸੋਚਦਿਆਂ ਸੱਤੀ ਡੂੰਘੀ ਸੋਚ ਵਿੱਚ ਡੁੱਬ ਗਈ।

ਸਵੇਰੇ ਤਿੰਨ ਵਜੇ ਉੱਠ ਕੇ ਉਹ ਭਾਨੇ ਲਈ ਰੋਟੀ ਬਣਾ ਕੇ ਪੋਣੇ ਵਿੱਚ ਬੰਨ੍ਹ ਦਿੰਦੀ ਸੀ। ਸਾਰਾ ਦਿਨ ਹੀ ਟੇਸ਼ਨ ’ਤੇ ਗੱਡੀਆਂ ਦਾ ਆਉਣ-ਜਾਣ ਬਣਿਆ ਰਹਿੰਦਾ। ‘ਕਿਤੇ ਭੁੱਖਾ ਈ ਨਾ ਸਾਰਾ ਦਿਨ ਸਵਾਰੀਆਂ ਢੋਂਹਦਾ ਰਹੀਂ, ਵੇਲੇ ਸਿਰ ਰੋਟੀ ਖਾ ਲੀਂ, ਉਹ ਪੌਣੇ ਕੁ ਚਾਰ ਵਜੇ ਹੀ ਆਪਣੇ ਰਿਕਸ਼ੇ ਅੱਗੇ ਧੂਫ ਕਰਦੇ ਭਾਨੇ ਨੂੰ ਤਾੜਨਾ ਕਰਦੀ। ਭਾਨਾ ਵੀ ਚਾਰ-ਚੁਫੇਰੇ ਵੇਖਦਾ ਤੇ ਫਿਰ ਆਪਣੇ ਰਿਕਸ਼ੇ ’ਤੇ ਕੱਪੜਾ ਮਾਰ ਕੇ ਆਖਦਾ, ‘ਹੇ ਰੱਬਾ! ਅੱਜ ਕੋਈ ਚੰਗਾ ਈ ਮੱਥੇ ਲੱਗੇ, ਚੰਗੀ ਦਿਹਾੜੀ ਬਣਗੀ ਤਾਂ ਅੱਜ ਈ ਜੁਆਕਾਂ ਦੀ ਫੀਸ ਵੀ ਭਰਦਿਆਂ।

ਨਾਲੇ ਜੁਆਕ ਕਿੱਦੇ ਦੇ ਕਹੀ ਜਾਂਦੇ ਐ , ਭਾਪਾ! ਸਾਨੂੰ ਕਿਤਾਬਾਂ ਕਦੋਂ ਲਿਆ ਕੇ ਦੇਵੇਂਗਾ?’ ਭਾਨਾ ਮਨ ਹੀ ਮਨ ਅਨੇਕਾਂ ਸੋਚਾਂ ਸੋਚਦਾ ਸਟੇਸ਼ਨ ਵੱਲ ਨੂੰ ਵਧ ਜਾਂਦਾ। ਭਾਨਾ ਆਥਣ ਵੇਲੇ ਜਦੋਂ ਘਰ ਮੁੜਦਾ ਤਾਂ ਕਈ ਵਾਰ ਰੋਟੀਆਂ ਵੀ ਪੋਣੇ ਵਿੱਚ ਰਿਕਸ਼ੇ ਦੇ ਹੈਂਡਲ ਨਾਲ ਉਸੇ ਤਰ੍ਹਾਂ ਈ ਬੰਨ੍ਹੀਆਂ ਹੁੰਦੀਆਂ।

‘ਅੱਜ ਤਾਂ ਕੰਮ ਬਹੁਤ ਵਧੀਆ ਰਿਹਾ ਸੱਤੀਏ, ਰੋਟੀ ਖਾਣ ਦਾ ਵੀ ਟਾਈਮ ਨ੍ਹੀਂ ਲੱਗਾ।’ ਜਦੋਂ ਘਰ ਆ ਕੇ ਭਾਨਾ ਸੱਤੀ ਨੂੰ ਦੱਸਦਾ ਤਾਂ ਸੱਤੀ ਦੀਆਂ ਅੱਖਾਂ ਵਿੱਚੋਂ ਅੱਥਰੂਆਂ ਦੀ ਝੜੀ ਲੱਗ ਜਾਂਦੀ ਉਹ ਸੋਚਦੀ ਜੁਆਕਾਂ ਦੇ ਸੁਫਨੇ ਪੂਰੇ ਕਰਨ ਲਈ ਭਾਨੇ ਨੂੰ ਆਪਣੀ ਵੀ ਕੋਈ ਪਰਵਾਹ ਨ੍ਹੀਂ, ਸਾਰਾ ਦਿਨ ਭੁੱਖੇ ਢਿੱਡ ਰਿਕਸ਼ਾ ਚਲਾਉਣਾ ਕਿਹੜਾ ਸੌਖਾ!’ ‘ਹੇ ਰੱਬਾ! ਭਾਨੇ ਦਾ ਇਹ ਸੁਫਨਾ ਵੀ ਸੱਚਾ ਹੋਵੇ, ਕੰਮ-ਕਾਰ ਨੂੰ ਲੱਗਿਆ ਤਾਲਾ ਖੁੱਲ੍ਹ ਜਾਵੇ ਤੇ ਟੇਸ਼ਨ ’ਤੇ ਗੱਡੀਆਂ ਦੀਆਂ ਕੂਕਾਂ-ਚੀਕਾਂ ਫਿਰ ਤੋਂ ਸੁਣਨ ਨੂੰ ਮਿਲਣ, ਅਸੀਂ ਵੀ ਜੁਆਕਾਂ ਦੇ ਚਾਅ ਪੂਰੇ ਕਰਨ ਜੋਗੇ ਹੋਜੀਏ।’ ਸੋਚਾਂ ਵਿੱਚ ਡੁੱਬੀ ਸੱਤੀ ਨੇ ਲੰਮਾ ਹਾਉਕਾ ਲਿਆ ਅਤੇ ਉਹ ਹੱਥ ਜੋੜ ਕੇ ਆਕਾਸ਼ ਵੱਲ ਨੂੰ ਮੂੰਹ ਕਰਕੇ ਕੋਈ ਵੱਡੀ ਸੁੱਖ ਸੁੱਖਣ ਲੱਗ ਪਈ।
ਜਗਤਾਰ ਸਮਾਲਸਰ, ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.