ਕਿਸਾਨਾਂ ਵੱਲੋਂ ਤਿੰਨ ਘੰਟੇ ਆਵਾਜਾਈ ਬੰਦ ਕਰਕੇ ਲਗਾਇਆ ਕਾਤਰੋਂ ਚੌਂਕ ’ਚ ਧਰਨਾ 

ਚੱਕਾ ਜਾਮ ਦੇ ਸੱਦੇ ਨੂੰ ਮਿਲਿਆ ਕਸਬਾ ਸ਼ੇਰਪੁਰ ’ਚ ਭਰਵਾਂ ਹੁੰਗਾਰਾ

ਸ਼ੇਰਪੁਰ (ਰਵੀ ਗੁਰਮਾ) ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਿਤ ਪਾਸ ਕੀਤੇ ਬਿਲਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਲੜਿਆ ਜਾ ਰਿਹਾ ਹੈ। ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਚੱਕਾ ਜਾਮ ਦੇ ਸੱਦੇ ਨੂੰ ਕਸਬਾ ਸ਼ੇਰਪੁਰ ’ਚ ਪੂਰਨ ਤੌਰ ’ਤੇ ਹੰੁਗਾਰਾ ਮਿਲਿਆ। ਜਥੇਬੰਦੀਆਂ ਵੱਲੋਂ ਕਸਬੇ ਦੇ ਕਾਤਰੋਂ ਚੌਕ ਵਿੱਚ 12 ਵਜੇ ਤੋਂ 3 ਵਜੇ ਤੱਕ ਧਰਨਾ ਦੇਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜਤਾਇਆ ਗਿਆ। ਜ਼ਿਕਰਯੋਗ ਹੈ ਕਿ ਧਰਨੇ ਵਿਚ ਕਿਸਾਨੀ ਨੂੰ ਬਚਾਉਣ ਦਾ ਨਾਅਰਾ ਮਾਰਦੇ ਹੋਏ ਵੱਡੀ ਗਿਣਤੀ ਵਿੱਚ ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ ਨੇ ਸਮੂਲੀਅਤ ਕਰਕੇ ਜਿਥੇ ਆਪਣਾ ਰੋਸ ਜਤਾਇਆ, ਉੱਥੇ ਹੀ ਦੁਕਾਨਦਾਰਾਂ ਵੱਲੋਂ ਵੀ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ।

ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੋਸ ਜਤਾਉਂਦਿਆਂ ਕਿਹਾ ਕਿ ਸਰਕਾਰਾਂ ਸਾਡੇ ਸਬਰ ਦੀ ਹੋਰ ਉਡੀਕ ਨਾ ਕਰਨ। ਇਸ ਦੌਰਾਨ ਸੰਬੋਧਨ ਕਰਦਿਆਂ ਵੱਖ- ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ। ਜਿਸ ਦੇ ਰੋਸ ਵਜੋਂ ਅਸÄ ਮੋਦੀ ਸਰਕਾਰ ’ਤੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰਦੇ ਹਾਂ। ਕਿਉਂਕਿ ਮੋਦੀ ਸਰਕਾਰ ਵੱਲੋਂ ਹਰ ਵਰਗ ਨੂੰ ਭੰਗ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਵਡਾਵਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬਲਵੰਤ ਸਿੰਘ ਛੰਨਾ ਨੇ ਕਿਹਾ ਕਿ ਸਰਕਾਰਾਂ ਪੂੰਜੀਪਤੀ ਵਰਗ ਦੀ ਪੁਸ਼ਤ ਪਨਾਹੀ ਕਰਨ ਲਈ ਲੋਕ ਹਿੱਤਾਂ ਦੀ ਬਲੀ ਦੇਣ ਤੇ ਉਤਾਰੂ ਹੋ ਗਈਆਂ ਹਨ।

ਇਸ ਲਈ ਸਾਨੂੰ ਪੰਜਾਬ ਦੇ ਵਡੇਰੇ ਹਿੱਤਾਂ ਲਈ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਇਕਜੁੱਟ ਹੋਕੇ ਸਰਕਾਰਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਅਲਾਲ, ਚਰਨ ਸਿੰਘ ਜਵੰਧਾ,ਡਾ.ਰਣਜੀਤ ਸਿੰਘ ਕਾਲਾਬੂਲਾ, ਸਰਪੰਚ ਗੁਰਦੀਪ ਸਿੰਘ ਅਲੀਪੁਰ,ਸਰਪੰਚ ਰਣਜੀਤ ਸਿੰਘ ਸ਼ੇਰਪੁਰ, ਸਰਪੰਚ ਰਣਜੀਤ ਸਿੰਘ ਬਿੱਲੂ ਪੱਤੀ ਖਲੀਲ ,ਸਾਬਕਾ ਸਰਪੰਚ ਜਸਮੇਲ ਸਿੰਘ ਬੜੀ ,ਨਰਿੰਦਰ ਸਿੰਘ ਕਾਲਾਬੂਲਾ, ਮਨਜੀਤ ਸਿੰਘ ਧਾਮੀ ,ਕਰਮਜੀਤ ਸਿੰਘ ਛੰਨਾ,ਐਡਵੋਕੇਟ ਜਸਵੀਰ ਸਿੰਘ ਖੇੜੀ ,ਭਾਨ ਸਿੰਘ ਜੱਸੀ ਪੇਧਨੀ, ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਧਰਨੇ ਦੌਰਾਨ ਆਪਣੀ ਹਾਜ਼ਰੀ ਲਗਵਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.