ਉਪ ਮੁੱਖ ਮੰਤਰੀ ਦੇ ਹਲਕੇ ‘ਚ ਅਧਿਆਪਕਾਂ ਨੇ ਲਾਇਆ ਮੋਰਚਾ

  • ਬੇਰੁਜਗਾਰ ਪੀ.ਟੀ.ਆਈ. ਅਧਿਆਪਕ ਚੜ੍ਹੇ ਟੈਂਕੀ ‘ਤੇ
  •  ਮੰਗਾਂ ਦਾ ਹੱਲ ਕਰਵਾਉਣ ਤੱਕ ਜਾਰੀ ਰਹੇਗਾ ਸੰਘਰਸ਼: ਪੀ.ਟੀ.ਆਈ. ਅਧਿਆਪਕ
  •  ਪ੍ਰਸ਼ਾਸਨ ਵਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਮਨਵਾਉਣ ਦੀਆਂ ਕੋਸ਼ਿਸ਼ਾਂ ਜਾਰੀ

ਜਲਾਲਾਬਾਦ,  (ਰਜਨੀਸ਼ ਰਵੀ) ਪੰਜਾਬ ਦੇ ਉਪ ਮੁੱਖ ਮੰਤਰੀ ਦੇ ਹਲਕੇ ਜਲਾਲਾਬਾਦ ਸ਼ਹਿਰ ਵਿੱਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਨੇ ਨਗਰ ਕੌਂਸਲ ਦਫਤਰ ਦੇ ਨੇੜੇ ਸਥਿਤ ਵਾਟਰ ਵਰਕਸ ਦੀ ਟੈਂਕੀ ‘ਤੇ ਮੋਰਚਾ ਲਾ ਲਿਆ ਹੈ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦੇ ਟੈਕੀ ‘ਤੇ ਚੜਨ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਜਲਾਲਾਬਾਦ ਦੇ ਐਸ.ਐਚ.ਓ. ਹਰਪ੍ਰੀਤ ਸਿੰਘ ਅਤੇ ਥਾਣਾ ਸਦਰ ਦੇ ਐਸ.ਐਚ.ਓ. ਜਤਿੰਦਰ ਸਿੰਘ ਪੁਲਸ ਕਰਮਚਾਰੀਆਂ ਸਮੇਤ ਮੌਕੇ ‘ਤੇ ਪੁੱਜ ਗਏ ਤੇ ਕਿਸੇ ਅਣਸੁਖਾਵੀ ਘਟਨਾ ਨਾਲ ਨਿਪਟਨ ਦੇ ਮੱਦੇਨਜਰ ਸਥਾਨਕ ਸਰਕਾਰੀ ਹਸਪਤਾਲ ਤੋਂ ਐਬੂਲੈਸ ਵੀ ਮੰਗਵਾ ਲਈ ਗਈ।

pb4
ਵਰਣਨਯੋਗ ਹੈ ਕਿ ਅੱਜ ਬੇਰੁਜਗਾਰ ਪੀ.ਟੀ.ਆਈ. ਅਧਿਆਪਕ ਸਵੇਰੇ ਕਰੀਬ 11 ਵਜੇ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਇਕੱਠੇ ਹੋਏ ਅਤੇ ਇੱਥੇ ਜਿਲ੍ਹਾ ਪ੍ਰਧਾਨ ਅਸ਼ੋਕ ਲਾਧੂਕਾ ਦੀ ਅਗੁਵਾਈ ਹੇਠ ਮੀਟਿੰਗ ਕਰਕੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਵਿਚਾਰ-ਵਟਾਂਦਰਾ ਕਰਦਿਆਂ ਅਗਲੇ ਸੰਘਰਸ਼ ਦੀ ਰੂਪ ਰੇਖਾ ਤੈਅ ਕੀਤੀ ਗਈ। ਇਸ ਮੀਟਿੰਗ ਵਿੱਚ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਵਿੱਚ ਇਸ ਗੱਲ ‘ਤੇ ਭਾਰੀ ਰੋਸ ਸੀ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਜਲਾਲਾਬਾਦ ਦੌਰੇ ਦੌਰਾਨ ਉਨ੍ਹਾਂ ਦੀ ਗੱਲ ਨਹੀ ਸੁਣੀ ਗਈ। ਇਥੇ ਮੀਟਿੰਗ ਉਪਰੰਤ ਨਗਰ ਕੌਂਸਲ ਦਫਤਰ ਦੇ ਨਜਦੀਕ ਸਥਿਤ ਵਾਟਰ ਵਰਕਸ ਦੀ ਟੈਂਕੀ ਕੋਲ ਦੁਪਹਿਰ ਬਾਅਦ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਪੁੱਜ ਗਏ ਅਤੇ ਇਸ ਦੌਰਾਨ ਡੇਢ ਦਰਜਨ ਦੇ ਕਰੀਬ ਬੇਰੁਜ਼ਗਾਰ ਅਧਿਆਪਕ ਟੈਂਕੀ ‘ਤੇ ਚੜ੍ਹ ਗਏ ਅਤੇ ਬਾਕੀਆਂ ਵੱਲੋਂ ਟੈਂਕੀ ਦੇ ਥੱਲੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਾ ਦਿੱਤਾ ਗਿਆ
ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਆਗੂਆਂ ਅਮਰਜੀਤ ਸਿੰਘ, ਦੇਸ ਰਾਜ, ਗੁਰਲਾਭ ਸਿੰਘ ਭੋਲਾ, ਕ੍ਰਿਸ਼ਨ ਨਾਭਾ, ਰਾਜ ਕ੍ਰਿਸ਼ਨ ਲਾਧੂਕਾ,  ਸੁੰਮਨ ਰਾਣੀ, ਹਰਦੀਪ ਕੌਰ, ਨਿਰਮਲਾ ਰਾਣੀ, ਮੋਨਿਕਾ ਰਾਣੀ ਆਦਿ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਝੂਠੇ ਦਿਲਾਸੇ ਵਿੱਚ ਨਹੀਂ ਆਉਣਗੇ ਅਤੇ ਜਦੋਂ ਤੱਕ ਉਨਾਂ ਨੂੰ ਨੌਕਰੀ ਨਹੀਂ ਮਿਲਦੀ, ਇਹ ਪੱਕਾ ਮੋਰਚਾ ਨਿਰੰਤਰ ਜਾਰੀ ਰਹੇਗਾ ।
ਇਸ ਦੌਰਾਨ ਯੂਨੀਅਨ ਆਗੂ ਬਲਵਿੰਦਰ ਸਿੰਘ ਗੁੰਦੜ ਪੰਜ ਗਰਾਈ, ਅਮਰਜੀਤ ਸਿੰਘ ਕਬੂਲਸ਼ਾਹ ਅਤੇ ਕ੍ਰਿਪਾਲ ਸਿੰਘ ਫਾਜਿਲਕਾ ਨੇ ਦੱਸਿਆ ਕਿ 16 ਤੋਂ ਵੱਧ ਬੇਰੁਜ਼ਗਾਰ ਅਧਿਆਪਕ ਪਾਣੀ ਵਾਲੀ ਟੈਕੀ ‘ਤੇ ਚੜੇ ਹਨ ਜਿਹਨਾਂ ‘ਚ ਬਲਜੀਤ ਸਿੰਘ, ਸੀਮਾ ਰਾਣੀ,ਬਿੰਦਰ ਕੌਰ, ਸੰਕੁਤਲਾ ਰਾਣੀ, ਆਸ਼ੂ ਰਾਣੀ, ਬਿੰਦੂ, ਜਗਮੀਤ ਸਿੰਘ, ਲਖਵਿੰਦਰ ਸਿੰਘ, ਸੀਮਾ ਰਾਣੀ, ਮਮਤਾ ਰਾਣੀ,ਬਿੰਦਰ ਕੌਰ, ਅਸ਼ੋਕ ਕੁਮਾਰ, ਹਰਦੀਪ ਸਿੰਘ, ਜਗਦੀਸ਼ ਸਿੰਘ, ਕੁਲਵਿੰਦਰ ਸਿੰਘ,ਅਮਰਜੀਤ ਸਿੰਘ, ਸੰਜੀਵ ਕੁਮਾਰ, ਅਰਵਿੰਦਰ ਸਿੰਘ ਆਦਿ ਸ਼ਾਮਿਲ ਹਨ।
ਉੱਧਰ ਇਨਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਪੱਕਾ ਮੋਰਚਾ ਛੱਡਣ ਅਤੇ ਟੈਂਕੀ ਤੋਂ ਥੱਲੇ ਉਤਾਰਨ ਲਈ ਸਿਵਲ ਪ੍ਰਸ਼ਾਸਨ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।  ਐਸ.ਡੀ.ਐਮ. ਅਵਿਕੇਸ਼ ਗੁਪਤਾ,ਤਹਿਸੀਲਦਾਰ ਮਨਜੀਤ ਸਿੰਘ ਭੰਡਾਰੀ ਅਤੇ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਮੌਕੇ ‘ਤੇ ਪੁੱਜੇ  ਅਤੇ ਬੇਰੁਜ਼ਗਾਰ ਅਧਿਆਪਕਾਂ ਨਾਲ ਗੱਲਬਾਤ ਕਰਕੇ ਮੰਗਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਪਰ ਖਬਰ ਲਿਖੇ ਜਾਣ ਤੱਕ ਬੇਰੁਜ਼ਗਾਰ ਅਧਿਆਪਕ ਆਪਣੇ ਮੋਰਚੇ ‘ਤੇ ਡਟੇ ਹੋਏ ਸਨ