ਇਤਿਹਾਸ ਦੀ ਨਿਰਪੱਖ ਤੇ ਸਹੀ ਪਛਾਣ ਦੀ ਜ਼ਿੰਮੇਵਾਰੀ ਇਤਿਹਾਸਕਾਰਾਂ ਦੇ ਮੋਢਿਆਂ ’ਤੇ : ਹਰਜੋਤ ਬੈਂਸ | Punjab News
‘ਇੰਡੀਅਨ ਹਿਸਟਰੀ ਕਾਂਗਰਸ’ ਇਤਿਹਾਸ ਨੂੰ ਨਿਰਪੱਖਤਾ ਨਾਲ ਸਮਝਣ ਵਾਲਾ ਵੱਕਾਰੀ ਮੰਚ: ਪ੍ਰੋ. ਨਰਿੰਦਰ ਕੌਰ ਮੁਲਤਾਨੀ
Punjab News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਇਤਿਹਾਸ ਦੀ ਨਿਰਪੱਖ ਹੋ ਕੇ ਸਹੀ ਦੀ ਪਛਾਣ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਤਿਹਾਸ ਨੂੰ ਬਿਨਾ ਕਿਸੇ ਪੱਖਪਾਤ ਤੇ ਦਬਾਅ ਤੋਂ ਸਮਝਣ ਦੀ ਜ਼ਿੰਮੇਵਾਰੀ ਇਤਿਹਾਸਕਾਰਾਂ ਦੇ ਮੋਢਿਆਂ ਉੱਤੇ ਹੈ ਅਤੇ ਉਨ੍ਹਾਂ ਨੂੰ ਇਹ ਕਾਰਜ ਬਹੁਤ ਹੀ ਸੰਜੀਦਗੀ ਅਤੇ ਸਮਰਪਣ ਦੀ ਭਾਵਨਾ ਨਾਲ਼ ਨਿਭਾਉਣਾ ਚਾਹੀਦਾ ਹੈ।
ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਏ ‘ਇੰਡੀਅਨ ਹਿਸਟਰੀ ਕਾਂਗਰਸ’ ਦੇ 83ਵੇਂ ਸੈਸ਼ਨ ਦੇ ਉਦਘਾਟਨੀ ਸਮਾਰੋਹ ਮੌਕੇ ਦੇਸ਼ ਵਿਦੇਸ਼ ਤੋਂ ਪੁੱਜੇ ਡੈਲੀਗੇਟਸ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਬੈਂਸ ਨੇ ਦੁਨੀਆਂ ਦੇ ਇਤਿਹਾਸ ਵਿੱਚ ਪੰਜਾਬੀਆਂ ਵੱਲੋਂ ਪਾਏ ਮਹਾਨ ਯੋਗਦਾਨ ਬਾਰੇ ਵਿਸ਼ੇਸ਼ ਤੌਰ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਮੁਕੱਦਸ ਧਰਤੀ ਹੈ ਅਤੇ ਇਸ ਦਾ ਬਹੁਤ ਹੀ ਮਾਣਮੱਤਾ ਇਤਿਹਾਸ ਰਿਹਾ ਹੈ। ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਨਾਲ ਜੁੜੀਆਂ ਬਹੁਤ ਸਾਰੀਆਂ ਲਾਸਾਨੀ ਸ਼ਹਾਦਤਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਹਮੇਸ਼ਾ ਨਾ-ਬਰਾਬਰੀ ਅਤੇ ਅਨਿਆਂ ਦੇ ਵਿਰੁੱਧ ਲੜਨ ਵਾਲਾ ਸੂਬਾ ਰਿਹਾ ਹੈ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਕੁਸ਼ਲ ਪ੍ਰਬੰਧ ਤੋਂ ਲੈ ਕੇ ਅਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਦੇ ਵੱਡੇ ਯੋਗਦਾਨ ਤੱਕ ਦੇ ਸਫਰ ਬਾਰੇ ਵੱਖ-ਵੱਖ ਮਿਸਾਲਾਂ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਉੱਤੇ ਬੇਹੱਦ ਮਾਣ ਹੈ।
ਇਹ ਵੀ ਪੜ੍ਹੋ: Heroin: ਕੰਵਰਪਾਲ ਤੋਂ ਬਰਾਮਦ ਹੈਰੋਇਨ ਮਾਮਲੇ ਦੀਆਂ ਬਾਰਡਰ ਪਾਰ ਤਸਕਰਾਂ ਨਾਲ ਜੁੜੀਆਂ ਤਾਰਾਂ
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਜਲਾਲਾਬਾਦ ਹਲਕੇ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਨੇ ਇਤਿਹਾਸ ਵਿੱਚ ਬਹੁਤ ਕੁੱਝ ਖੋਇਆ ਹੈ ਜਿਸ ਬਾਰੇ ਵਿਸ਼ੇਸ਼ ਘੋਖ ਦੀ ਲੋੜ ਹੈ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਨੇ ਸਿਰਫ਼ ਅਜ਼ਾਦੀ ਦੀ ਲੜਾਈ ਵਿੱਚ ਹੀ ਯੋਗਦਾਨ ਨਹੀਂ ਪਾਇਆ ਬਲਕਿ ਇਸ ਅਜ਼ਾਦੀ ਨੂੰ ਬਰਕਰਾਰ ਰੱਖਣ ਲਈ ਲੜੇ ਜਾਂਦੇ ਘੋਲਾਂ ਵਿੱਚ ਵੀ ਪੰਜਾਬ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਪੰਜਾਬ ਦੇ ਖੇਡ ਇਤਿਹਾਸ ਦੇ ਹਵਾਲੇ ਨਾਲ ਵੀ ਆਪਣੀ ਗੱਲ ਰੱਖੀ। Punjab News
ਇਸ ਤੋਂ ਪਹਿਲਾਂ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਇੰਡੀਅਨ ਹਿਸਟਰੀ ਕਾਂਗਰਸ ਦੇ ਲੰਬੇ ਇਤਿਹਾਸ ਦੀ ਗੱਲ ਕੀਤੀ ਅਤੇ ਇਸ ਕਾਂਗਰਸ ਦੀ ਲਗਾਤਾਰਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇੰਡੀਅਨ ਹਿਸਟਰੀ ਕਾਂਗਰਸ ਇਤਿਹਾਸ ਨੂੰ ਨਿਰਪੱਖਤਾ ਨਾਲ਼ ਸਮਝਣ ਵਾਲਾ ਵੱਕਾਰੀ ਮੰਚ ਹੈ। ਉਦਘਾਟਨੀ ਸਮਾਰੋਹ ਦੌਰਾਨ ਉਨ੍ਹਾਂ 12 ਨੌਜਵਾਨ ਖੋਜਾਰਥੀਆਂ ਨੂੰ ਵੱਖ-ਵੱਖ ਪੁਰਸਕਾਰ ਅਤੇ ਇਨਾਮ ਦਿੱਤੇ ਗਏ ਜਿਨ੍ਹਾਂ ਨੇ 2023 ਵਿੱਚ ਕਾਕਟੀਆ ਯੂਨੀਵਰਸਿਟੀ, ਵਾਰੰਗਲ ਵਿੱਚ ਕਰਵਾਏ ਪਿਛਲੇ ਸੈਸ਼ਨ ਵਿੱਚ ਆਪਣੀਆਂ ਖੋਜ ਗਤੀਵਿਧੀਆਂ ਪੇਸ਼ ਕੀਤੀਆਂ ਸਨ। Punjab News