100 ਕਰੋੜ 59 ਲੱਖ ਵਿੱਚੋਂ ਸਿਰਫ਼ 31 ਕਰੋੜ 14 ਲੱਖ ਹੀ ਕੀਤੇ ਗਏ ਖਰਚ, 69 ਕਰੋੜ 45 ਲੱਖ ਦਾ ਨਹੀਂ ਕੋਈ ਥਹੂੰ ਪਤਾ
ਕੇਂਦਰ ਸਰਕਾਰ ਨੇ ਸਾਲ 2018-19 ਅਤੇ ਸਾਲ 2019-20 ਵਿੱਚ ਨਹੀਂ ਜਾਰੀ ਕੀਤੀ ਸਬਸਿਡੀ
ਪਿਛਲੇ 2 ਸਾਲਾਂ ‘ਚ ਮਿਲਣ ਵਾਲੀ 100 ਕਰੋੜ ਤੋਂ ਜਿਆਦਾ ਦੀ ਸਬਸਿੱਡੀ ਦਾ ਹੋਇਆ ਨੁਕਸਾਨ
ਚੰਡੀਗੜ, (ਅਸ਼ਵਨੀ ਚਾਵਲਾ)। ਕਿਸਾਨਾਂ ਦੀ ਹਿਤੈਸ਼ੀ ਕਹਾਉਣ ਵਾਲੀ ਪੰਜਾਬ ਸਰਕਾਰ ਖੇਤੀ ਮਸ਼ੀਨਰੀ ਸਬੰਧੀ 69 ਕਰੋੜ 45 ਲੱਖ ਰੁਪਏ ਦਾ ਹਿਸਾਬ ਕਿਤਾਬ ਹੀ ਨਹੀਂ ਦੇ ਰਹੀ । ਇਹ 70 ਕਰੋੜ ਰੁਪਏ ਦੇ ਲਗਭਗ ਵੱਡੀ ਰਕਮ ਕਿਥੇ ਗਈ, ਇਸ ਸਬੰਧੀ ਕੇਂਦਰ ਸਰਕਾਰ ਵਲੋਂ ਪੁੱਛਣ ‘ਤੇ ਵੀ ਕੇਂਦਰ ਸਰਕਾਰ ਨੂੰ ਜੁਆਬ ਨਹੀਂ ਦਿੱਤਾ ਗਿਆ ਹੈ। ਜਿਸ ਕਾਰਨ ਕੇਂਦਰ ਸਰਕਾਰ ਵਲੋਂ ਪਿਛਲੇ ਦੋ ਸਾਲਾਂ ਤੋਂ ਕਿਸਾਨਾਂ ਨੂੰ ਖੇਤੀਬਾੜੀ ਦੇ ਔਜ਼ਾਰ ਖਰੀਦਣ ਲਈ ਦਿੱਤੀ ਜਾਣ ਵਾਲੀ ਸਬਸਿੱਡੀ ਦਾ ਪੈਸਾ ਪੰਜਾਬ ਸਰਕਾਰ ਨੂੰ ਜਾਰੀ ਕਰਨਾ ਹੀ ਬੰਦ ਕੀਤਾ ਹੋਇਆ ਹੈ। ਇਸ ਦਾ ਨੁਕਸਾਨ ਸਿੱਧੇ ਤੌਰ ‘ਤੇ ਪੰਜਾਬ ਦੇ ਕਿਸਾਨ ਨੂੰ ਹੋ ਰਿਹਾ ਹੈ
ਜਾਣਕਾਰੀ ਅਨੁਸਾਰ ਖੇਤੀਬਾੜੀ ਨਾਲ ਜੁੜੇ ਪੰਜਾਬ ਦੇ ਕਿਸਾਨਾਂ ਨੂੰ ਆਧੁਨਿਕ ਜ਼ਮਾਨੇ ਦੀ ਮਸ਼ੀਨਰੀ ਨੂੰ ਖਰੀਦਣ ਲਈ ਕੇਂਦਰ ਸਰਕਾਰ ਵਲੋਂ ਸਬਮਿਸ਼ਨ ਆਨ ਐਗਰੀਕਲਚਰ ਮੈਕਨਾਇਜੇਸ਼ਨ (ਸਮੈਮ) ਸਕੀਮ ਚਲਾਈ ਹੋਈ ਹੈ, ਜਿਸ ਵਿੱਚ ਕਿਸਾਨਾਂ ਨੂੰ ਕੋਈ ਵੀ ਮਸ਼ੀਨਰੀ ਖਰੀਦਣ ‘ਤੇ 50 ਫੀਸਦੀ ਤੱਕ ਸਬਸਿੱਡੀ ਦਿੱਤੀ ਜਾਂਦੀ ਹੈ। ਇਸ ਸਬੰਧੀ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਫੰਡ ਜਾਰੀ ਕੀਤੇ ਜਾਂਦੇ ਹਨ।
ਕੇਂਦਰ ਸਰਕਾਰ ਵਲੋਂ ਸਾਲ 2016-17 ਵਿੱਚ 52 ਕਰੋੜ 9 ਲੱਖ ਰੁਪਏ ਅਤੇ 2017-18 ਵਿੱਚ 48 ਕਰੋੜ 50 ਲੱਖ ਰੁਪਏ ਜਾਰੀ ਕੀਤੇ ਗਏ ਸਨ। ਕੇਂਦਰ ਸਰਕਾਰ ਵੱਲੋਂ ਕੀਤੇ ਗਏ ਇਨਾਂ ਫੰਡ ਵਿੱਚੋਂ ਕਿਸਾਨਾਂ ਨੂੰ ਮਸ਼ੀਨਰੀ ਲਈ ਸਬਸਿਡੀ ਜਾਰੀ ਕਰਕੇ ਹੋਏ ਪੰਜਾਬ ਸਰਕਾਰ ਨੇ ਸਾਲ 2016-17 ਵਿੱਚ 1 ਕਰੋੜ 14 ਲੱਖ ਰੁਪਏ ਅਤੇ 2017-18 ਵਿੱਚ 30 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ।
ਇਨਾਂ ਦੋਵਾਂ ਸਾਲਾਂ ਵਿੱਚ ਆਈ ਕੁਲ ਸਬਸਿੱਡੀ 100 ਕਰੋੜ 59 ਲੱਖ ਰੁਪਏ ਵਿੱਚੋਂ 31 ਕਰੋੜ 14 ਲੱਖ ਰੁਪਏ ਖ਼ਰਚ ਕਰਦੇ ਹੋਏ ਕੇਂਦਰ ਸਰਕਾਰ ਨੂੰ ਹਿਸਾਬ ਕਿਤਾਬ ਭੇਜ ਦਿੱਤਾ ਗਿਆ, ਜਦੋਂ ਕਿ ਬਾਕੀ ਰਹਿੰਦੇ 69 ਕਰੋੜ 45 ਲੱਖ ਰੁਪਏ ਕਿੱਥੇ ਗਏ ਜਾਂ ਫਿਰ ਇਸ ਸਮੇਂ ਕਿਹੜੇ ਖਾਤੇ ਵਿੱਚ ਜਮਾ ਹਨ, ਇਸ ਸਬੰਧੀ ਕੇਂਦਰੀ ਖੇਤੀਬਾੜੀ ਵਿਭਾਗ ਨੂੰ ਕੋਈ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਭੇਜੀ ਨਹੀਂ ਗਈ ।
ਜਿਸ ਕਾਰਨ ਕੇਂਦਰ ਸਰਕਾਰ ਨੇ ਸਾਲ 2018 ਤੋਂ ਬਾਅਦ ਪੰਜਾਬ ਸਰਕਾਰ ਨੂੰ ਇੱਕ ਵੀ ਪੈਸਾ ਬਤੌਰ ਫੰਡ ਭੇਜਿਆ ਹੀ ਨਹੀਂ ਹੈ। ਕੇਂਦਰ ਸਰਕਾਰ ਵਲੋਂ ਸਾਲ 2018-19 ਅਤੇ 2019-20 ਵਿੱਚ ਲਗਭਗ 100 ਕਰੋੜ ਰੁਪਏ ਦੇ ਕਰੀਬ ਪੰਜਾਬ ਨੂੰ ਹੋਰ ਫੰਡ ਭੇਜਣਾ ਸੀ ਪਰ ਪੰਜਾਬ ਸਰਕਾਰ ਵਲੋਂ ਪਿਛਲੇ ਰਹਿੰਦੇ 69 ਕਰੋੜ 45 ਲੱਖ ਰੁਪਏ ਬਾਰੇ ਕੋਈ ਜਾਣਕਾਰੀ ਨਹੀਂ ਦੇਣ ਕਰਕੇ ਚਲਦੇ ਕੇਂਦਰ ਸਰਕਾਰ ਨੇ ਅਗਲੇ 2 ਸਾਲਾਂ ਦਾ 100 ਕਰੋੜ ਵੀ ਪੰਜਾਬ ਸਰਕਾਰ ਨੂੰ ਨਹੀਂ ਭੇਜਿਆ ਹੈ। ਜਿਸ ਨਾਲ ਸਿੱਧੇ ਤੌਰ ‘ਤੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ।
ਵਿਭਾਗੀ ਅਧਿਕਾਰੀ ਜਾਣਕਾਰੀ ਦੇਣ ਨੂੰ ਨਹੀਂ ਤਿਆਰ ?
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਸ ਸਬੰਧੀ ਕੋਈ ਜਾਣਕਾਰੀ ਦੇਣ ਨੂੰ ਹੀ ਤਿਆਰ ਨਹੀਂ ਹਨ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੇਵਾ ਮੁਕਤ ਹੋ ਚੁੱਕੇ ਹਨ ਸਪੈਸ਼ਲ ਸਕੱਤਰ ਹਰੀਸ ਨਈਅਰ ਨੇ ਇਸ ਸਬੰਧੀ ਕੋਈ ਜਾਣਕਾਰੀ ਨਾ ਹੋਣ ਦੀ ਗਲ ਕਹਿੰਦੇ ਹੋਏ ਖੇਤੀਬਾੜੀ ਕਮਿਸ਼ਨਰ ਬਲਵਿੰਦਰ ਸਿੱਧੂ ਨਾਲ ਗੱਲਬਾਤ ਕਰਨ ਲਈ ਕਿਹਾ ਤਾਂ ਬਲਵਿੰਦਰ ਸਿੱਧੂ ਨੇ ਰੁੱਝੇ ਹੋਣ ਦੀ ਗਲ ਕਹਿੰਦੇ ਹੋਏ ਕੋਈ ਜਾਣਕਾਰੀ ਨਹੀਂ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.