ਹਵਾਨਾ (ਏਜੰਸੀ) ਕਿਊਬਾ ਜਹਾਜ਼ ਹਾਦਸੇ ‘ਚ ਮਾਰੇ ਗਏ 111 ਵਿਅਕਤੀਆਂ ਵਿਚੋਂ 50 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਕਈ ਦਹਾਕਿਆਂ ‘ਚ ਇਹ ਦੇਸ਼ ਦਾ ਸਭ ਤੋਂ ਭਿਆਨਕ ਜਹਾਜ਼ ਹਾਦਸਾ ਸੀ।ਜ਼ਿਕਰਯੋਗ ਹੈ ਕਿ ਹਵਾਨਾ ਵਿਚ ਜੋਸ ਮਾਰਟੀ ਹਵਾਈ ਅੱਡੇ ਤੋਂ ਸ਼ੁਕਰਵਾਰ ਨੂੰ ਉਡਾਨ ਭਰਨ ਤੋਂ ਤੁਰਤ ਬਾਅਦ ਬੋਇੰਗ 737 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ‘ਚ ਯਾਤਰੀ ਅਤੇ ਚਾਲਕ ਦਲ ਸਮੇਤ 113 ਵਿਅਕਤੀ ਸਵਾਰ ਸਨ। ਇਸ ਹਦਾਸੇ ‘ਚ ਸਿਰਫ਼ ਦੋ ਔਰਤਾਂ ਹੀ ਜਿਊਂਦੀਆਂ ਬਚੀਆਂ ਹਨ। ਇਹ ਦੋਵੇਂ ਕਿਊਬਾ ਦੀਆਂ ਰਹਿਣ ਵਾਲੀਆਂ ਹਨ ਅਤੇ ਇਨ੍ਹਾਂ ਨੂੰ ਹਵਾਨਾ ਦੇ ਕੈਲਿਕਸੋ ਗਾਰਸੀਆ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ, ਜਿਥੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀਆਂ ਹਨ।
ਫੋਰੈਂਸਿਕ ਦਫ਼ਤਰ ਦੇ ਨਿਦੇਸ਼ਕ ਸਰਜੀਉ ਰਾਬੇਲ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ, ”ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਅਸੀਂ ਮੰਗਲਵਾਰ ਦੁਪਹਿਰ ਤਕ 50 ਲਾਸ਼ਾਂ ਦੀ ਪਛਾਣ ਕਰ ਲਈ ਹੈ।” ਜਿਨ੍ਹਾਂ ਲਾਸ਼ਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਵਿਚ ਪਾਇਲਟ ਏਂਜਲ ਲੁਈਸ ਨੁਈਜ ਸੈਂਟੋਸ (50) ਅਤੇ ਸਹਿ ਪਾਇਲਟ ਮਿਗੁਈਲ ਏਂਜਲ ਅਰੇਚਲਾ ਰਮੀਰੇਜ (40) ਵੀ ਸ਼ਾਮਲ ਹਨ।