ਸੂਬਾ ਪ੍ਰਧਾਨ ਲਾਉਣ ਦੇ ਮੰਗੇ ਸੀ 5 ਕਰੋੜ | Daman Thind Bajwa
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਤੋਂ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਆਗੂ ਦਮਨ ਥਿੰਦ ਬਾਜਵਾ ਨਾਲ 5 ਕਰੋੜ ਰੁਪਏ ਦੀ ਵੱਡੀ ਠੱਗੀ ਮਾਰਨ ਦੀ ਕੋਸ਼ਿਸ਼ ਕਰਨ ਵਾਲੇ 1 ਵਿਅਕਤੀਆਂ ਨੂੰ ਬਠਿੰਡਾ ਪੁਲੀਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਕੈਂਟ ਪੁਲਿਸ ਨੇ ਇਸ ਮਾਮਲੇ ਸੰਬੰਧੀ ਭਾਜਪਾ ਆਗੂ ਦਮਨ ਥਿੰਦ ਬਾਜਵਾ ਪਤਨੀ ਹਰਮਨ ਦੇਵ ਵਾਸੀ ਅਕਾਲਗੜ੍ਹ ਸੁਨਾਮ ਜਿਲਾ ਸੰਗਰੂਰ ਦੀ ਸ਼ਿਕਾਇਤ ਦੇ ਅਧਾਰ ਤੇ ਹਰੀਸ਼ ਗਰਗ ਪੁੱਤਰ ਰਾਮ ਨਾਥ ਵਾਸੀ ਕੋਟਫੱਤਾ ਤੇ ਸੌਰਵ ਚੌਧਰੀ ਖਿਲਾਫ ਧਾਰਾ 419 ,420 ,511 ,120 ਬੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਹਰੀਸ਼ ਗਰਗ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਸੌਰਵ ਚੌਧਰੀ ਦੀ ਭਾਲ ਕੀਤੀ ਜਾ ਰਹੀ ਹੈ।
ਮੈਡਮ ਦਮਨ ਥਿੰਦ ਬਾਜਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੈਕਟਰੀ ਹੈ, ਇਸ ਮਾਮਲੇ ਸਬੰਦੀ ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਮਿਲਣ ਲਈ ਆਖਿਆ ਕੇ ਉਹ ਉਹਨਾਂ ਨੂੰ ਪਾਰਟੀ ਅੰਦਰ ਉੱਚ ਅਹੁਦਾ ਦਿਲਾ ਆ ਸਕਦਾ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਵਿੱਚ ਉਸਦਾ ਕਾਫੀ ਵੱਡਾ ਰੁਤਬਾ ਹੈ। ਜਿਸ ਤੇ ਉਨ੍ਹਾਂ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਇਸ ਦੀ ਆਪਣੇ ਪਤੀ ਹਰਮਨਦੇਵ ਬਾਜਵਾ ਅਤੇ ਪਾਰਟੀ ਹਾਈਕਮਾਂਡ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੀ ਉਕਤ ਵਿਅਕਤੀ ਨੂੰ ਇਕ ਵਾਰ ਮਿਲਣ ਦੀ ਸਲਾਹ ਦਿੱਤੀ ਤਾਂ ਜੋ ਉਸ ਬਾਰੇ ਚੰਗੀ ਤਰ੍ਹਾਂ ਪਤਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਭਾਖੜਾ ’ਚ ਰੁੜ੍ਹੀਆਂ 3 ਮਜ਼ਦੂਰ ਔਰਤਾਂ ਦਾ ਨਹੀਂ ਮਿਲਿਆ ਕੋਈ ਵੀ ਸੁਰਾਗ
ਜਿਸ ਉਪਰੰਤ ਉਨ੍ਹਾਂ ਉਕਤ ਵਿਅਕਤੀ ਨੂੰ ਫੋਨ ਕੀਤਾ ਤਾਂ ਉਸ ਨੇ ਉਨ੍ਹਾਂ ਨੂੰ ਬਠਿੰਡਾ ਆਕੇ ਮਿਲਣ ਲਈ ਆਖਿਆ, ਉਨ੍ਹਾਂ ਨੇ ਉਸੇ ਦਿਨ ਚੰਡੀਗੜ੍ਹ ਜਾਣਾ ਸੀ ਜਿਸ ਕਾਰਨ ਉਨ੍ਹਾਂ ਕੋਲ ਸਮਾਂ ਘੱਟ ਹੋਣ ਕਾਰਨ ਉਸ ਵਿਅਕਤੀ ਨੂੰ ਭੁੱਚੋ ਕਲਾਂ ਵਿਖੇ ਮਿਲਣ ਲਈ ਕਿਹਾ ਅਤੇ ਉਹ ਉਸਨੂੰ ਸਾਗਰ ਰਤਨ ਰੈਸਟੋਰੈਂਟ ਆਊਟਲੈਂਟ ਭੁੱਚੋ ਕਲਾਂ ਵਿਖੇ ਮਿਲਿਆ ਅਤੇ ਉਸ ਨੇ ਕਿਹਾ ਕਿ ਪਾਰਟੀ ਦੇ ਪੰਜਾਬ ਪ੍ਰਧਾਨ ਦੀ ਚੋਣ ਹੋਣੀ ਹੈ ਜਿਸ ‘ਚ ਉਨ੍ਹਾਂ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਤੁਸੀ ਪ੍ਰਧਾਨ ਲੱਗਣਾ ਹੈ ਤਾ 5 ਕਰੋੜ ਦਾ ਇੰਤਜਾਮ ਕਰੋ ਮੈ ਤੁਹਾਨੂੰ ਪਾਰਟੀ ਦਾ ਪ੍ਰਧਾਨ ਲਵਾ ਦੇਵਾਗਾ।
ਦਮਨ ਥਿੰਦ ਬਾਜਵਾ ਨੇ ਅੱਗੇ ਦੱਸਿਆ ਹੈ ਕਿ ਮੈਨੂੰ ਸ਼ੱਕ ਹੋਇਆ ਤਾਂ ਅਸੀ ਪਾਰਟੀ ਹਾਈ ਕਮਾਡ ਤੋਂ ਇਸ ਵਿਅਕਤੀ ਬਾਰੇ ਪਤਾ ਕੀਤਾ ਤਾ ਪਤਾ ਲੱਗਾ ਕਿ ਇਹ ਵਿਅਕਤੀ ਫਰਾਡ ਹਨ। ਉਨ੍ਹਾਂ ਐੱਸ.ਐੱਸ.ਪੀ ਬਠਿੰਡਾ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸਐਸਪੀ ਨੇ ਫੌਰੀ ਤੌਰ ਤੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਅਤੇ ਅਗਲੀ ਕਾਰਵਾਈ ਦੇ ਆਦੇਸ਼ ਦਿੱਤੇ ਸਨ। ਪੁਲਿਸ ਨੇ ਹਰੀਸ਼ ਗਰਗ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਕੌਣ ਹੈ ਦਮਨ ਥਿੰਦ ਬਾਜਵਾ | Daman Thind Bajwa
ਦਮਨ ਥਿੰਦ ਬਾਜਵਾ ਅਸਲ ਵਿੱਚ ਯੂਥ ਕਾਂਗਰਸ ਦੀ ਸੀਨੀਅਰ ਆਗੂ ਸੀ। ਸਾਲ 2017 ਦੀਆਂ ਚੋਣਾਂ ਮੌਕੇ ਸੁਨਾਮ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਕਈ ਦਾਅਵੇਦਾਰ ਸਨ। ਯੂਥ ਕਾਂਗਰਸ ਦੀ ਆਗੂ ਦਮਨ ਥਿੰਦ ਬਾਜਵਾ ਸਭ ਨੂੰ ਪਛਾੜ ਕੇ ਟਿਕਟ ਹਾਸਲ ਕਰਨ ਵਿੱਚ ਸਫਲ ਰਹੀ ਪਰ ਉਹ ਤੀਸਰੇ ਸਥਾਨ ਤੇ ਰਹੀ।
ਸਾਲ 2022 ਦੀਆਂ ਚੋਣਾਂ ਵਿੱਚ ਵੀ ਉਹ ਟਿਕਟ ਦੀ ਦਾਅਵੇਦਾਰ ਸੀ ਪਰ ਕਾਂਗਰਸ ਨੇ ਦਮਨ ਬਾਜਵਾ ਦੀ ਟਿਕਟ ਕੱਟ ਕੇ ਜਸਵਿੰਦਰ ਧੀਮਾਨ ਨੂੰ ਦਿੱਤੀ ਸੀ। ਇਸ ਮੌਕੇ ਦਮਨ ਨੇ ਆਜ਼ਾਦ ਤੌਰ ਤੇ ਨਾਮਜ਼ਦਗੀ ਭਰੀ ਸੀ ਪਰ ਫਿਰ ਕਾਗਜ਼ ਵਾਪਿਸ ਲੈ ਲਏ ਸਨ। ਕਾਂਗਰਸ ਨਾਲ ਨਰਾਜ਼ਗੀ ਜਤਾਉਂਦਿਆਂ ਦਮਨ ਥਿੰਦ ਬਾਜਵਾ 7 ਫਰਵਰੀ 2022 ਨੂੰ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ ਜਿੱਥੇ ਉਸ ਨੂੰ ਪਾਰਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਸੀ।