38 ਉਦਯੋਗਪਤੀਆਂ ਨਾਲ ਨੌਸਰਬਾਜਾਂ ਨੇ ਮਾਰੀ 30 ਕਰੋੜ ਦੀ ਠੱਗੀ

ਕੋਰੜਾਂ ਦਾ ਮਾਲ ਲੈ ਕੇ ਦਿੱਤੇ ਜਾਅਲੀ ਕੰਪਨੀਆਂ ਦੇ ਬੋਗਸ ਚੈਕ

ਲੁਧਿਆਣਾ, (ਰਘਬੀਰ ਸਿੰਘ) | ਸਾਈਕਲ ਪਾਰਟਸ, ਸਟੀਲ, ਇਲੈਕਟਰੋਪਲੇਟਿੰਗ ਅਤੇ ਆਟੋ ਪਾਰਟਸ ਦੇ ਕਰੀਬ 38 ਕਾਰੋਬਾਰੀਆਂ ਨਾਲ 3 ਨੌਸਰਬਾਜ ਠੱਗਾਂ ਵੱਲੋਂ ਤਕਰੀਬਨ 30 ਕਰੋੜ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਠੱਗ ਮਾਰਕੀਟ ਵਿੱਚ ਆਪਣਾ ਵਿਸ਼ਵਾਸ਼ ਬਨਾਉਂਣ ਲਈ ਪਹਿਲਾਂ ਥੋੜਾ ਥੋੜਾ ਮਾਲ ਲੈ ਜੰਦੇ ਅਤੇ ਸਮੇਂ ਸਿਰ ਪੇਮੈਂਟ ਕਰ ਦਿੰਦੇਛ ਇਸ ਤਰਾਂ ਕਾਰੋਬਾਰੀਆਂ ਦਾ ਵਿਸ਼ਵਾਸ਼ ਹਾਸਲ ਕਰਕੇ ਇਹਨਾਂ ਨੇ ਕਾਰੋਬਾਰੀਆਂ ਤੋਂ ਤਕਰੀਬਨ 30 ਕਰੋੜ ਦਾ ਮਾਲ ਚੁੱਕ ਕੇ ਫਰਜੀ ਕੰਪਨੀਆਂ ਦੇ ਬੋਗਸ ਚੈਕ ਦੇ ਦਿੱਤੇ ਜੋ ਬੈਂਕਾਂ ਵਿੱਚੋਂ ਬਾਊਂਸ ਹੋਣੇ ਸ਼ੁਰੂ ਹੋ ਗਏ। ਸਿੰਗਲ ਟਰੇਡ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਯੂਨਾਈਟਿਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂਸੀਪੀਐਮਏ) ਨੇ ਆਪਣੇ ਦਫ਼ਤਰ ਗਿੱਲ ਰੋਡ ਵਿਖੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗਿਰੋਹ ਦੇ ਮੈਂਬਰ ਸਮੇਂ ਸਿਰ ਦੋ ਤੋਂ ਤਿੰਨ ਵਾਰ ਚੈੱਕ ਅਤੇ ਨਕਦੀ ਰਾਹੀਂ ਛੋਟੀਆਂ-ਮੋਟੀਆਂ ਵਸਤੂਆਂ ਲੈ ਜਾਂਦੇ ਸਨ। ਬਾਅਦ ਵਿੱਚ ਵੱਡੀ ਮਾਤਰਾ ਵਿੱਚ ਸਾਮਾਨ ਖਰੀਦ ਕੇ ਪੈਸੇ ਨਹੀਂ ਦਿੱਤੇ।

ਯੂਸੀਪੀਐਮਏ ਦੇ ਪ੍ਰਧਾਨ ਡੀਐਸ ਚਾਵਲਾ ਅਤੇ ਮੁੱਖ ਸਲਾਹਕਾਰ ਹਰਸਿਮਰਨ ਜੀਤ ਸਿੰਘ ਲੱਕੀ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਇਸ ਗਰੋਹ ਤੋਂ ਪ੍ਰੇਸ਼ਾਨ ਹਨ। 13 ਲੋਕਾਂ ਦੇ ਚੈੱਕ ਬਾਊਂਸ ਹੋ ਗਏ ਹਨ। ਇਸ ਸਬੰਧੀ ਕੇਸ ਵੀ ਦਰਜ ਕਰ ਲਿਆ ਗਿਆ ਹੈ। ਹੁਣ 38 ਉਦਯੋਗਪਤੀ ਇਨਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਏ ਹਨ। ਅੰਦਾਜ਼ਾ ਹੈ ਕਿ ਇਸ ਗਿਰੋਹ ਨੇ ਕਰੀਬ 30 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਸਨਅਤਕਾਰਾਂ ਨੇ ਦੱਸਿਆ ਕਿ ਇਹ ਲੋਕ ਇੱਕ ਦਰਜਨ ਦੇ ਕਰੀਬ ਫਰਜ਼ੀ ਕੰਪਨੀਆਂ ਬਣਾ ਕੇ ਅਜਿਹੀ ਠੱਗੀ ਮਾਰ ਰਹੇ ਹਨ। ਉਨਾਂ ਵੱਲੋਂ ਦਿੱਤੇ ਗਏ ਬੈਂਕ ਦੇ ਚੈੱਕ ਵੀ ਜਾਅਲੀ ਸਨ। ਠੱਗੀ ਮਾਰਨ ਵਾਲੇ ਦੀ ਪਤਨੀ ਖੁਦ ਨੂੰ ਪੱਤਰਕਾਰ ਦੱਸ ਕੇ ਉਨਾਂ ਨੂੰ ਡਰਾਉਂਦੀ ਰਹਿੰਦੀ ਸੀ।

ਇਸ ਦੌਰਾਨ ਅੰਬਿਕਾ ਸਾਈਕਲਜ਼ ਦੇ ਅਸ਼ੋਕ ਗੁਪਤਾ ਅਤੇ ਜੈਸਨ ਦੇ ਐਮਡੀ ਰਾਜੇਸ਼ ਮਹਾਜਨ ਨੇ ਵੀ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਦੱਸਿਆ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਸਾਈਕਲਾਂ ਦੇ ਪੁਰਜ਼ੇ ਬਣਾਉਣ ਵਾਲੇ ਕਾਰੋਬਾਰੀਆਂ ਨਾਲ ਠੱਗੀ ਮਾਰਨ ਵਾਲੇ ਤਿੰਨ ਨੌਸਰਬਾਜ਼ਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਨੁਜ ਕੁਮਾਰ ਸ੍ਰੀਵਾਸਤਵ ਵਾਸੀ ਕੇਸ਼ਵ ਨਗਰ, ਲੁਧਿਆਣਾ, ਰਮੇਸ਼ ਕੁਮਾਰ ਵਾਸੀ ਮਨਜੀਤ ਨਗਰ ਅਤੇ ਗੌਰਵ ਕੁਮਾਰ ਖੱਤਰੀ ਵਾਸੀ ਸ਼ਿਮਲਾਪੁਰ ਵਜੋਂ ਹੋਈ ਹੈ। ਪੱਖੋਵਾਲ ਰੋਡ ’ਤੇ ਛਾਬੜਾ ਕਾਲੋਨੀ ’ਚ ਰਹਿਣ ਵਾਲੇ ਕਾਰੋਬਾਰੀ ਸੁਖਵਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਦਸਮੇਸ਼ ਨਗਰ ਤੋਂ ਗਿਰੋਹ ਦੇ ਮੈਂਬਰ ਅਨੁਜ ਕੁਮਾਰ ਸ਼੍ਰੀਵਾਸਤਵ ਨੂੰ ਫੜਿਆ।

ਸੁਖਵਿੰਦਰ ਦੀ ਸਾਈਕਲ ਪਾਰਟਸ ਬਣਾਉਣ ਵਾਲੀ ਫਰਮ ਹੈ। 25 ਅਗਸਤ ਨੂੰ ਰਮੇਸ਼ ਕੁਮਾਰ ਨੇ ਉਸ ਨੂੰ ਆਪਣੇ ਮੋਬਾਈਲ ਤੋਂ ਵਟਸਐਪ ’ਤੇ 2.80 ਲੱਖ ਰੁਪਏ ਦੇ ਸਾਮਾਨ ਦਾ ਆਰਡਰ ਭੇਜਿਆ। ਅਗਲੇ ਦਿਨ ਅਨੁਜ ਕੁਮਾਰ ਸਾਮਾਨ ਲੈਣ ਪਹੁੰਚ ਗਿਆ। ਕਾਰ ਵਿੱਚ ਸਾਮਾਨ ਰੱਖ ਕੇ ਉਸ ਨੇ ਆਈਡੀਬੀਆਈ ਬੈਂਕ ਦਾ ਚੈੱਕ ਦੇ ਦਿੱਤਾ। ਜਦੋਂ ਚੈੱਕ ਬੈਂਕ ਵਿੱਚ ਲਾਇਆ ਤਾਂ ਪਤਾ ਲੱਗਾ ਕਿ ਉਸ ਦੇ ਖਾਤੇ ਵਿੱਚ ਪੈਸੇ ਨਹੀਂ ਹਨ। ਜਿਸ ਬੈਂਕ ਖਾਤੇ ਲਈ ਚੈੱਕ ਦਿੱਤਾ ਗਿਆ ਸੀ, ਉਹ ਗੌਰਵ ਕੁਮਾਰ ਦੇ ਨਾਂ ’ਤੇ ਹੈ ਅਤੇ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਨੇ ਅਨੁਜ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ