ਬਾਰਸੀਲੋਨਾ: ਸਪੇਨ ਦੇ ਕੈਂਬ੍ਰਿਲਸ ਵਿੱਚ 24 ਘੰਟਿਆਂ ਵਿੱਚ ਦੂਜਾ ਹਮਲਾ ਹੋਇਆ। ਇਸ ਵਿੱਚ ਇੱਕ ਪੁਲਿਸ ਮੁਲਾਜ਼ਮ ਸਮਤੇ 7 ਜਣੇ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਵੀਰਵਾਰ ਰਾਤ ਬਾਰਸੀਲੋਨਾ ਵਿੱਚ ਇੱਕ ਵਿਅਕਤੀ ਨੇ ਪੈਦਲ ਜਾ ਰਹੇ ਲੋਕਾਂ ਨੂੰ ਵੈਨ ਨਾਲ ਕੁਚਲ ਦਿੱਤਾ ਸੀ। ਇਸ ਹਮਲੇ ਵਿੱਚ 13 ਜਣਿਆਂ ਦੀ ਮੌਤ ਅਤੇ 10 ਤੋਂ ਜ਼ਿਆਦਾ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਦੋ ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ, ਪੰਜ ਢੇਰ
ਪੁਲਿਸ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਪੁਲਿਸ ਮੁਤਾਬਕ, ਸ਼ਹਿਰ ਦੀ ਸਭ ਤੋਂ ਭੀੜ ਵਾਲੀ ਸੜਕ ਲਾਸ ਰੈਂਬਲਾਸ ਵਿੱਚ ਇੱਕ ਵਿਅਕਤੀ ਨੇ ਜਾਣਬੁੱਝ ਕੇ ਲੋਕਾਂ ‘ਤੇ ਵੈਨ ਚੜ੍ਹਾ ਦਿੱਤੀ। ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਪੈਨਿਸ਼ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਂਬ੍ਰਿਲਸ ਵਿੱਚ ਇੱਕ ਦੂਜੇ ਸੰਭਾਵਿਤ ਅੱਤਵਾਦੀ ਹਮਲੇ ਨੂੰ ਰੋਕਦੇ ਹੋਏ ਪੰਜ ਸ਼ੱਕੀ ਵਿਅਕਤੀਆਂ ਨੂੰ ਮਾਰ ਮੁਕਾਇਆ ਹੈ। ਖੁਦ ਨੂੰ ਇਸਲਾਮਿਕ ਸਟੇਟ ਦੱਸਣ ਵਾਲੇ ਅੱਤਵਾਦੀ ਸੰਗਠਨ ਆਈਐਸਆਈਐਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੀਤਾ ਟਵੀਟ
ਪੁਲਿਸ ਮੁਤਾਬਕ, ਇਸ ਹਮਲੇ ਦੀ ਲਪੇਟ ਵਿੱਚ 18 ਦੇਸ਼ਾਂ ਦੇ ਨਾਗਰਿਕ ਆਏ ਹਨ, ਜਿਨ੍ਹਾਂ ਵਿੱਚ ਜਰਮਨੀ, ਰੋਮਾਨੀਆ, ਇਟਲੀ, ਅਲਜੀਰੀਆ, ਚੀਨਵਰਗੇ ਦੇਸ਼ ਸ਼ਾਮਲ ਹਨ। ਉੱਥੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਕਿਹਾਕਿ ਉਹ ਸਪੇਨ ਵਿੱਚ ਭਾਰਤ ਦੇ ਸਫ਼ਾਰਤਖਾਨੇ ਨਾਲ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕਿਸੇ ਭਾਰਤੀ ਦੇ ਮਰਨ ਦੀ ਖ਼ਬਰ ਨਹੀਂ ਹੈ। ਉਨ੍ਹਾਂ ਟਵਿੱਟਰ ‘ਤੇ ਬਾਰਸੀਲੋਨਾ ਹਮਲੇ ਲਈ ਐਮਰਜੈਂਸੀ ਨੰਬਰ +34-608769335 ਵੀ ਦਿੱਤਾ।
ਜਾਣਕਾਰੀ ਅਨੁਸਾਰ, ਜਿਸ ਜਗ੍ਹਾ ਹਾਦਸਾਵਾਪਰਿਆ, ਉੱਥੇ ਪੁਲਿਸ ਸਰਚ ਮੁਹਿੰਮ ਚਲਾ ਰਹੀ ਹੈ। ਮੌਕੇ ‘ਤੇ ਪੁਲਿਸ ਦੀਆਂ ਗੱਡੀਆਂ ਅਤੇ ਐਂਬੂਲੈਂਸ ਪਹੁੰਚ ਗਈ। ਘਟਨਾ ਵਾਲੀ ਜਗ੍ਹਾ ਲੋਕਾਂ ਨੂੰ ਜਾਣ ‘ਤੇ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਸਪਾਸ ਦੇ ਟਰੇਨ, ਮੈਟਰੋ ਸਟੇਸ਼ਨਾਂ ਅਤੇ ਸਟੋਰਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਸਪੇਨ ਵਿੱਚ ਪਹਿਲਾਂ ਵੀ ਹੋ ਚੁੱਕੇ ਹਨ ਹਮਲੇ
ਇਸ ਤੋਂ ਪਹਿਲਾਂ 2004 ਵਿੱਚ ਮੈਡ੍ਰਿਡ ਵਿੱਚ ਰੇਲਗੱਡੀ ਵਿੱਚ ਹੋਏ ਧਮਾਕੇ ਵਿੱਚ 191 ਜਣਿਆਂ ਦੀ ਮੌਤ ਹੋ ਗਈ ਸੀ। ਹਮਲੇ ਦੀ ਜ਼ਿੰਮੇਵਾਰੀ ਅਲਕਾਇਦਾ ਨੇ ਲਈ ਸੀ। ਜ਼ਿਕਰਯੋਗ ਹੈ ਕਿ ਜੁਲਾਈ 2016 ਵਿੱਚ ਫਰਾਂਸ ਦੇ ਨੀਸ ਸ਼ਹਿਰ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਭੀੜ ਨੂੰ ਕੁਚਲਿਆ ਸੀ, ਜਿਸ ਵਿੰਚ 86 ਜਣਿਆ ਦੀ ਮੌਤ ਹੋ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।