2019: ਅਕਾਲੀ ਦਲ ਤੇ ਭਾਜਪਾ ਲਈ ਕੁੜੱਤਣ ਵਾਲਾ ਰਿਹਾ ਵਰ੍ਹਾ

BJP

ਅਕਾਲੀ ਦਲ ਦੇ ਕਈ ਵੱਡੇ ਆਗੂਆਂ ਨੇ ਹੀ ਪਾਰਟੀ ਖਿਲਾਫ਼ ਝੰਡਾ ਚੁੱਕਿਆ

ਹਰਿਆਣਾ ਦੀਆਂ ਚੋਣਾਂ ਨੇ ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆਂ ‘ਚ ਪੈਦਾ ਕੀਤੀ ਦਰਾੜ

ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬ ਦੇ ਪੁਰਾਣੇ ਸਿਆਸੀ ਭਾਈਵਾਲ ਅਕਾਲੀ-ਭਾਜਪਾ ਦੋਵਾਂ ਪਾਰਟੀਆਂ ਲਈ ਸਾਲ 2019 ਕੁੜੱਤਣ ਭਰਿਆ ਰਿਹਾ ਹੈ ਅਕਾਲੀ ਦਲ ਨੂੰ ਜਿੱਥੇ ਬਗਾਵਤੀ ਹਨ੍ਹੇਰੀਆਂ ਭੰਨ੍ਹ ਸੁੱਟਿਆ, ਉੱਥੇ ਲੋਕ ਸਭਾ ਚੋਣਾਂ ‘ਚ 4 ਸੀਟਾਂ ਤੋਂ ਸਿਰਫ਼ 2 ਤੱਕ ਆ ਗਿਆ ਇਸੇ ਤਰ੍ਹਾਂ ਭਾਜਪਾ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ‘ਚ ਇੱਕ ਸੀਟ ਗੁਆ ਕੇ ਤਿੰਨ ਤੋਂ ਦੋ ਤੱਕ ਸਿਮਟ ਗਈ ਹੈ। ਸੁਖਦੇਵ ਸਿੰਘ ਢੀਂਡਸਾ ਤੇ ਮਾਝੇ ਦੇ ਆਗੂ ਬਾਦਲ ਪਰਿਵਾਰ ਲਈ ਮੁਸੀਬਤਾਂ ਬਣੇ ਰਹੇ ਇਸ ਵਰ੍ਹੇ ਦੀ ਪੜਚੋਲ ਦੌਰਾਨ ਸਾਹਮਣੇ ਆਇਆ ਕਿ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਨੇ ਅਕਾਲੀ ਦਲ ਤੇ ਭਾਜਪਾ ਦਾ ਰਾਹ ਔਖਾ ਕੀਤਾ ਅਤੇ ਉਨ੍ਹਾਂ ਦੀਆਂ ਸੀਟਾਂ ਦੀ ਗਿਣਤੀ ਘੱਟ ਹੋ ਗਈ। ਅਕਾਲੀਆਂ ਲਈ ਸਭ ਤੋਂ ਵੱਡੀ ਸਿਰਦਰਦੀ ਅਕਾਲੀ ਦਲ ਤੋਂ ਨਰਾਜ਼ ਹੋਏ ਮੂਹਰਲੀ ਕਤਾਰ ਦੇ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਨੇ ਪੈਦਾ ਕੀਤੀ।

ਉਨ੍ਹਾਂ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਆਪਣਾ ਵੱਖਰਾ ਟਕਸਾਲੀ ਅਕਾਲੀ ਦਲ ਸਥਾਪਿਤ ਕਰ ਲਿਆ ਅਤੇ ਅਕਾਲੀਆਂ ਦੇ ਖਿਲਾਫ਼ ਚੋਣ ਮੈਦਾਨ ਵਿੱਚ ਆ ਗਏ। ਇਸ ਟਕਸਾਲੀ ਅਕਾਲੀ ਦਲ ਨੂੰ ਚੋਣਾਂ ਵਿੱਚ ਸਫ਼ਲਤਾ ਨਾ ਮਿਲੀ ਅਤੇ ਉਨ੍ਹਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ। ਅਕਾਲੀ ਦਲ ਇਨ੍ਹਾਂ ਚੋਣਾਂ ਦੌਰਾਨ ਚਾਰ ਸੀਟਾਂ ਤੋਂ ਸਿਰਫ਼ ਦੋ ਸੀਟਾਂ ‘ਤੇ ਹੀ ਸਿਮਟ ਗਿਆ। ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਫਿਰੋਜਪੁਰ ਜਦਕਿ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਜਿੱਤ ਪ੍ਰਾਪਤ ਕੀਤੀ। ਭਾਜਪਾ ਨੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਹੀ ਜਿੱਤ ਪ੍ਰਾਪਤ ਕੀਤੀ। ਲੋਕ ਸਭਾ ਚੋਣਾਂ ‘ਚ ਫਗਵਾੜਾ ਤੋਂ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ ਵੱਲੋਂ ਹੁਸ਼ਿਆਰਪੁਰ ਤੋਂ ਚੋਣ ਜਿੱਤਣ ਨਾਲ ਇਹ ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ ਤੇ ਜ਼ਿਮਨੀ ਚੋਣ ‘ਚ ਕਾਂਗਰਸ ਨੇ ਮੋਰਚਾ ਮਾਰ ਲਿਆ ਇਸ ਤੋਂ ਬਾਅਦ ਇਸੇ ਸਾਲ ਹੀ ਅਕਾਲੀ ਦਲ ਅਤੇ ਭਾਜਪਾ ਲਈ ਹਰਿਆਣਾ ਵਿਧਾਨ ਸਭਾ ਦੀਆਂ ਆਈਆਂ ਚੋਣਾਂ ਨੇ ਆਪਸੀ ਕੁੜੱਤਣ ਪੈਦਾ ਕੀਤੀ।

ਅੰਤਲੇ ਮਹੀਨੇ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ

ਅਕਾਲੀ ਦਲ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਤੋਂ ਸੀਟਾਂ ਦੀ ਮੰਗ ਕੀਤੀ ਗਈ, ਪਰ ਭਾਜਪਾ ਵੱਲੋਂ ਸਾਫ਼ ਜਵਾਬ ਦੇ ਦਿੱਤਾ ਗਿਆ। ਇਸ ਤੋਂ ਬਾਅਦ ਅਕਾਲੀ ਦਲ ਵੱਲੋਂ ਇਨੈਲੋ ਨਾਲ ਸਾਂਝ ਪਾ ਕੇ ਭਾਜਪਾ ਖਿਲਾਫ਼ ਹੀ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਗਏ। ਹਰਿਆਣਾ ‘ਚ ਅਕਾਲੀ ਦਲ ਵੱਲੋਂ ਰੈਲੀਆਂ ਦੌਰਾਨ ਭਾਜਪਾ ‘ਤੇ ਸ਼ਬਦੀ ਤੀਰ ਚਲਾਏ ਗਏ ਅਤੇ ਭਾਜਪਾ ਵੱਲੋਂ ਅਕਾਲੀ ਦਲ ਖਿਲਾਫ਼ ਚੋਣਾਂ ਦੌਰਾਨ ਰੱਜ ਕੇ ਭੜਾਸ ਕੱਢੀ ਗਈ। ਪੰਜਾਬ ਅੰਦਰ ਕਈ ਅਕਾਲੀ ਅਤੇ ਭਾਜਪਾ ਆਗੂਆਂ ਵੱਲੋਂ ਇੱਕ-ਦੂਜੇ ਖਿਲਾਫ਼ ਆਪਸੀ ਬਿਆਨ ਦਾਗੇ ਗਏ ਅਤੇ ਸਥਿਤੀ ਇੱਥੋਂ ਤੱਕ ਪੁੱਜ ਗਈ ਕਿ ਰਾਜਨੀਤਿਕ ਮਾਹਿਰ ਪੰਜਾਬ ਅੰਦਰ ਅਕਾਲੀ ਦਲ ਅਤੇ ਭਾਜਪਾ ਦੇ ਦਹਾਕਿਆਂ ਪੁਰਾਣੇ ਗਠਜੋੜ ‘ਚ ਦਰਾੜ ਪੈਦਾ ਹੋਣ ਦੀ ਗੱਲ ਆਖਣ ਲੱਗੇ।

ਇਹ ਚਰਚਾ ਵੀ ਜੋਰਾਂ ‘ਤੇ ਰਹੀ ਕਿ ਪੰਜਾਬ ਅੰਦਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੋਹਾਂ ਪਾਰਟੀਆਂ ਦੇ ਆਪਸੀ ਰਾਹ ਅਲੱਗ ਹੋ ਸਕਦੇ ਹਨ। ਇਸ ਵਰ੍ਹੇ ਦੇ ਅੰਤਲੇ ਪੜਾਅ ‘ਤੇ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਦਿੱਤਾ ਗਿਆ। ਢੀਂਡਸਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਨਰਾਜ਼ਗੀ ਜਤਾਉਂਦਿਆਂ ਟਕਸਾਲੀ ਅਕਾਲੀ ਦਲ ਅਤੇ ਉਨ੍ਹਾਂ ਨਾਲ ਜੁੜੇ ਹੋਰਨਾਂ ਆਗੂਆਂ ਨਾਲ ਸਾਂਝ ਪਾ ਲਈ। ਉਨ੍ਹਾਂ ਨੇ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਅਕਾਲੀ ਦਲ ਦੇ ਪ੍ਰੋਗਰਾਮ ਦੀ ਥਾਂ ਟਕਸਾਲੀਆਂ ਵੱਲੋਂ ਕੀਤੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਸੁਖਬੀਰ ਸਿੰਘ ਬਾਦਲ ਵਿਰੁੱਧ ਰੱਜ ਕੇ ਭੜਾਸ ਕੱਢੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।