‘ਫ਼ਰਿਸ਼ਤੇ’ ਬਚਾਉਣ ਸੜਕੀ ਹਾਦਸਿਆਂ ’ਚ ਜਾਨ, ਮਿਲੇਗਾ 2 ਹਜ਼ਾਰ ਰੁਪਏ ਇਨਾਮ

ਸੜਕੀ ਹਾਦਸਿਆਂ ’ਚ ਅਜਾਈਂ ਜਾਂਦੀਆਂ ਜਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ

  • ਹਰ ਸਾਲ 15 ਅਗਸਤ ਅਤੇ 26 ਜਨਵਰੀ ਨੂੰ ਹੋਣਗੇ ਫ਼ਰਿਸ਼ਤੇ ਸਨਮਾਨਿਤ (Saving Lives)

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਸੜਕੀ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਆਮ ਲੋਕਾਂ ਦੀ ਜਾਨ ਹੁਣ ਫ਼ਰਿਸ਼ਤੇ ਬਚਾਉਣਗੇ। ਇਹ ਫ਼ਰਿਸ਼ਤੇ ਕੋਈ ਹੋਰ ਨਹੀਂ ਸਗੋਂ ਸੜਕੀ ਹਾਦਸੇ ਕੋਲੋਂ ਲੰਘ ਰਿਹਾ ਕੋਈ ਆਮ ਵਿਅਕਤੀ ਹੀ ਹੋਵੇਗਾ, ਜਿਹੜਾ ਹਾਦਸੇ ’ਚ ਗੰਭੀਰ ਜ਼ਖਮੀ ਦੀ ਜਾਨ ਬਚਾਉਣ ਦੇ ਨਾਲ ਹੀ ਫ਼ਰਿਸ਼ਤੇ ਦਾ ਤਮਗਾ ਪ੍ਰਾਪਤ ਕਰੇਗਾ। ਆਮ ਤੌਰ ’ਤੇ ਸੜਕ ਹਾਦਸੇ ਵਿੱਚ ਲੋਕ ਪੁਲਿਸ ਦੇ ਚੱਕਰ ਵਿੱਚ ਜਾਨ ਬਚਾਉਣ ਲਈ ਅੱਗੇ ਨਹੀਂ ਆਉਂਦੇ ਅਤੇ ਸਮੇਂ ਸਿਰ ਹਸਪਤਾਲ ਨਾ ਪੁੱਜਣ ਕਰਕੇ ਜ਼ਖਮੀ ਦੀ ਮੌਤ ਤੱਕ ਹੋ ਜਾਂਦੀ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰਿਸ਼ਤੇ ਸਕੀਮ ਚਲਾਉਣ ਦਾ ਐਲਾਨ ਕੀਤਾ ਹੈ। ਜਿਸ ਨਾਲ ਪੰਜਾਬ ਵਿੱਚ ਜਾਨ ਬਚਾਉਣ ਵਾਲੇ ਵਿਅਕਤੀ ਨੂੰ ਪੁਲਿਸ ਕੋਲ ਕਿਸੇ ਵੀ ਤਰ੍ਹਾਂ ਦਾ ਬਿਆਨ ਦਰਜ਼ ਕਰਵਾਉਣ ਲਈ ਨਹੀਂ ਆਉਣਾ ਪਵੇਗਾ ਅਤੇ ਫ਼ਰਿਸ਼ਤੇ ਦਾ ਤਗਮਾ ਮਿਲਣ ਦੇ ਨਾਲ ਹੀ ਉਸ ਨੂੰ ਸਰਕਾਰ ਵੱਲੋਂ ਸਨਮਾਨਿਤ ਕਰਦੇ ਹੋਏ 2 ਹਜ਼ਾਰ ਰੁਪਏ ਵੀ ਨਗਦ ਇਨਾਮ ਦੇ ਰੂਪ ਵਿੱਚ ਦਿੱਤੇ ਜਾਣਗੇ।

ਭਗਵੰਤ ਮਾਨ ਵੱਲੋਂ ਐਲਾਨ, ਪੁਲਿਸ ਤੋਂ ਘਬਰਾਓ ਨਾ, ਜਾਨ ਬਚਾਓਂਗੇ ਤਾਂ ਮਿਲੇਗਾ ਫ਼ਰਿਸ਼ਤੇ ਦਾ ਤਗਮਾ

ਜਾਣਕਾਰੀ ਅਨੁਸਾਰ ਪੰਜਾਬ ਦੀ ਸੂਬਾਈ ਅਤੇ ਕੌਮੀ ਮਾਰਗਾਂ ’ਤੇ ਰੋਜ਼ਾਨਾ 50 ਤੋਂ ਜਿਆਦਾ ਸੜਕ ਹਾਦਸੇ ਹੁੰਦੇ ਹਨ। ਜਿਨ੍ਹਾਂ ਵਿੱਚ ਰੋਜ਼ਾਨਾ 13 ਲੋਕ ਸੜਕ ਹਾਦਸੇ ਦੌਰਾਨ ਮੌਤ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ 13 ਵਿੱਚੋਂ ਮੌਤ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਵੀ ਕਈ ਇਹੋ ਜਿਹੇ ਹਨ, ਜਿਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੱਤਾ ਗਿਆ ਹੁੰਦਾ ਤਾਂ ਉਨ੍ਹਾਂ ਦੀ ਮੌਤ ਨਾ ਹੁੰਦੀ ਅਤੇ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ। ਪੰਜਾਬ ਵਿੱਚ ਇਸ ਤਰ੍ਹਾਂ ਦੇ ਗੰਭੀਰ ਹਾਦਸੇ ਦੌਰਾਨ ਹਰ ਕੋਈ ਐਂਬੂਲੈਂਸ ਦੇ ਆਉਣ ਦਾ ਇੰਤਜ਼ਾਰ ਕਰਦਾ ਹੈ ਅਤੇ ਆਪਣੇ ਵਹੀਕਲ ਰਾਹੀਂ ਗੰਭੀਰ ਜ਼ਖ਼ਮੀ ਨੂੰ ਹਸਪਤਾਲ ਹੀ ਨਹੀਂ ਪਹੁੰਚਾਉਂਦਾ। ਇਸ ਮਾਨਸਿਕਤਾ ਨੂੰ ਤੋੜਨ ਲਈ ਹੀ ਪੰਜਾਬ ਸਰਕਾਰ ਵੱਲੋਂ ਫ਼ਰਿਸ਼ਤੇ ਸਕੀਮ ਦੀ ਜਲਦ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਰਾਹੀਂ ਆਮ ਲੋਕਾਂ ਨੂੰ ਸੜਕੀਂ ਹਾਦਸੇ ਵਿੱਚ ਗੰਭੀਰ ਜ਼ਖਮੀ ਦੀ ਜਾਨ ਬਚਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।

ਪ੍ਰਾਈਵੇਟ ਹਸਪਤਾਲ ਦਾ ਖ਼ਰਚਾ ਚੁੱਕੇਗੀ ਸਰਕਾਰ (Saving Lives)

ਸੜਕ ਹਾਦਸੇ ਦੌਰਾਨ ਆਮ ਤੌਰ ’ਤੇ ਸਰਕਾਰੀ ਹਸਪਤਾਲ ’ਚ ਹੀ ਮਰੀਜ਼ ਨੂੰ ਪਹੰੁਚਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਕਿ ਪ੍ਰਾਈਵੇਟ ਹਸਪਤਾਲ ਦੇ ਖ਼ਰਚੇ ਤੋਂ ਬਚਿਆ ਜਾ ਸਕੇ ਪਰ ਕਈ ਵਾਰ ਦੂਰੀ ਜਿਆਦਾ ਹੋਣ ਕਰਕੇ ਮਰੀਜ਼ ਦੀ ਜਾਨ ਚਲੀ ਜਾਂਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਨੂੰ ਨੇੜਲੇ ਹਸਪਤਾਲ ਵਿੱਚ ਹੀ ਪਹੁੰਚਾਇਆ ਜਾਵੇ। ਉਹ ਹਸਪਤਾਲ ਭਾਵੇਂ ਪ੍ਰਾਈਵੇਟ ਹੀ ਕਿਉਂ ਨਾ ਹੋਵੇ, ਉਸ ਪ੍ਰਾਈਵੇਟ ਹਸਪਤਾਲ ਦਾ ਸਾਰਾ ਖ਼ਰਚ ਸਰਕਾਰ ਹੀ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਇੱਕ ਬੰਦੇ ਦੀ ਜਾਨ ਤੋਂ ਜਿਆਦਾ ਕੋਈ ਕੀਮਤ ਨਹੀਂ ਹੁੰਦੀ ਅਤੇ ਸਰਕਾਰਾਂ ਦੇ ਖਜਾਨੇ ਇੰਨੇ ਵੀ ਖ਼ਾਲੀ ਨਹੀਂ ਕਿ ਲੋਕਾਂ ਦੀ ਜਾਨ ਦੀ ਰੱਖਿਆ ਨਾ ਕੀਤੀ ਜਾ ਸਕੇ।

ਫ਼ਰਿਸ਼ਤੇ ਪਰੇਸ਼ਾਨ ਨਹੀਂ ਸਨਮਾਨਿਤ ਹੋਣਗੇ : ਭਗਵੰਤ ਮਾਨ

Bhagwant Mann

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੁਲਿਸ ਦੇ ਚੱਕਰ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਜਿਹੜੇ ਵੀ ਵਿਅਕਤੀ ਵੱਲੋਂ ਜ਼ਖ਼ਮੀ ਦੀ ਜਾਨ ਬਚਾਉਣ ਲਈ ਆਪਣੇ ਵਹੀਕਲ ਰਾਹੀਂ ਹਸਪਤਾਲ ਪਹੁੰਚਾਇਆ ਜਾਵੇਗਾ, ਉਸ ਫ਼ਰਿਸ਼ਤੇ ਨੂੰ ਪਰੇਸ਼ਾਨ ਨਹੀਂ ਸਗੋਂ ਸਨਮਾਨਿਤ ਕੀਤਾ ਜਾਵੇਗਾ। ਪੁਲਿਸ ਵੱਲੋਂ ਇੱਕ ਵੀ ਸੁਆਲ ਨਹੀਂ ਪੁੱਛਿਆ ਜਾਵੇਗਾ, ਜਦੋਂ ਕਿ 2 ਹਜ਼ਾਰ ਰੁਪਏ ਦੇ ਇਨਾਮ ਅਤੇ ਪ੍ਰਸ਼ੰਸਾ ਤੌਰ ’ਤੇ ਉਸ ਨੂੰ ਫ਼ਰਿਸ਼ਤੇ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ