ਅੰਮ੍ਰਿਤਸਰ ‘ਚ ਕੇਜਰੀਵਾਲ-ਭਗਵੰਤ ਮਾਨ ਦੇ ਰੋਡ ਸ਼ੋਅ ਦੌਰਾਨ 16 ਕਾਂਗਰਸੀ ਕੌਂਸਲਰ ‘ਆਪ’ ‘ਚ ਸ਼ਾਮਲ

Congress councilors, Bhagwant Mann

ਅੰਮ੍ਰਿਤਸਰ ‘ਚ ਕੇਜਰੀਵਾਲ-ਭਗਵੰਤ ਮਾਨ (Bhagwant Mann ) ਦੇ ਰੋਡ ਸ਼ੋਅ ਦੌਰਾਨ 16 ਕਾਂਗਰਸੀ ਕੌਂਸਲਰ ‘ਆਪ’ ‘ਚ ਸ਼ਾਮਲ

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ’ਚ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ। ਕਾਂਗਰਸ ਹਾਲੇ ਹਾਰ ਦਾ ਗਮ ਵੀ ਨਹੀਂ ਭੁਲਾ ਸਕੀ ਸੀ ਕਿ ਅੰਮ੍ਰਿਤਸਰ ’ਚ ਜਿੱਤ ਦਾ ਜਸ਼ਨ ਮਨਾ ਰਹੀ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਨਗਰ ਨਿਗਮ ਦੇ 16 ਕਾਂਗਰਸੀ ਕੌਂਸਲਰ ਨੂੰ ਆਪ ’ਚ ਸ਼ਾਮਲ ਕਰ ਲਿਆ। ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ‘ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅੰਮ੍ਰਿਤਸਰ ‘ਚ ਰੋਡ ਸ਼ੋਅ ਕਰਨ ਲਈ ਪੁੱਜੇ। ਰੋਡ ਸ਼ੋਅ ਦੌਰਾਨ ਅੰਮ੍ਰਿਤਸਰ ਨਗਰ ਨਿਗਮ ਦੇ 16 ਕਾਂਗਰਸੀ ਕੌਂਸਲਰ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

‘ਆਪ’ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਾਂਗਰਸੀ ਕੌਂਸਲਰਾਂ ਨੂੰ ‘ਆਪ’ ਵਿੱਚ ਸ਼ਾਮਲ ਕਰਵਾਇਆ। ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਪਹਿਲਾਂ ਹੀ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਚੁੱਕੇ ਹਨ।

ਆਪ ’ਚ ਸ਼ਾਮਲ ਹੋਣ ਵਾਲਿਆਂ ’ਚ ਕਾਂਗਰਸੀ ਕੌਂਸਲਰ ਨੀਤੂ ਤਾਂਗੜੀ, ਜਗਦੀਸ਼ ਸਿੰਘ ਕਾਲੀਆ, ਪ੍ਰਦੀਪ ਸ਼ਰਮਾ, ਰਾਜੇਸ਼ ਮਦਾਨ, ਪ੍ਰਮੋਦ ਬਬਲਾ, ਪ੍ਰਿਅੰਕਾ ਸ਼ਰਮਾ, ਮੋਨਿਕਾ ਸ਼ਰਮਾ, ਸੁਖਬੀਰ ਸਿੰਘ ਅਤੇ ਵਿਰਾਟ ਦੇਵਗਨ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਪੰਜਾਬ ਦੀਆਂ ਤਿੰਨ ਸਭ ਤੋਂ ਵੱਡੀਆਂ ਨਗਰ ਨਿਗਮਾਂ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਵਿੱਚ ਛੇ ਮਹੀਨਿਆਂ ਵਿੱਚ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਅੰਮ੍ਰਿਤਸਰ ਤੋਂ ਬਾਅਦ ਜਲੰਧਰ-ਲੁਧਿਆਣਾ ‘ਚ ਵੀ ਕਾਂਗਰਸ ਅੰਦਰ ਇਸ ਤਰ੍ਹਾਂ ਦੀ ਫੁੱਟ ਦੇਖਣ ਨੂੰ ਮਿਲ ਰਹੀ ਹੈ।

ਜਿਕਰਯੋਗ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰਦਿਆਂ ਸਰਕਾਰ ਬਣਾਈ ਹੈ। ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ 16 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।