ਗੱਡੀ ਦਾ ਸੀਸ਼ਾ ਭੰਨ ਕੇ ਦਿੱਤਾ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ | NRI Family
ਬਰਨਾਲਾ/ਰੋਹਤਕ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਭਦੌੜ ਦੇ ਐਨ.ਆਰ.ਆਈ. ਜੋੜੇ ਨਾਲ ਰੋਹਤਕ ਦੇ ਮੰਨਤ ਢਾਬੇ ‘ਤੇ 12 ਲੱਖ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਜੋੜਾ ਪੰਜਾਬ ਤੋਂ ਵਾਪਸ ਅਮਰੀਕਾ ਜਾਣ ਲਈ ਦਿੱਲੀ ਏਅਰਪੋਰਟ ਜਾ ਰਿਹਾ ਸੀ।ਭਦੌੜ ਨਿਵਾਸੀ ਅਮਨਦੀਪ ਕੁਮਾਰ ਸ਼ਰਮਾਂ ਪੁੱਤਰ ਦਰਸ਼ਨ ਕੁਮਾਰ (ਕਿਲ੍ਹੇ ਵਾਲੇ) ਅਤੇ ਉਸਦੀ ਪਤਨੀ ਅਰਨਦੀਪ ਕੌਰ ਮਹੀਨਾ ਕੁ ਪਹਿਲਾਂ ਅਮਰੀਕਾ ਤੋਂ ਪੰਜਾਬ ਆਪਣੇ ਜਨਮ ਭੂਮੀ ਭਦੌੜ ਵਿਖੇ ਆਏ ਹੋਏ ਸਨ। ਲੰਘੇ ਕੱਲ੍ਹ ਉਹ ਵਾਪਸ ਅਮਰੀਕਾ ਜਾਣ ਲਈ ਦਿੱਲੀ ਏਅਰਪੋਰਟ ਜਾ ਰਹੇ ਸਨ ਤਾਂ ਉਹਨਾਂ ਕਿਰਾਏ ‘ਤੇ ਕੀਤੀ ਹੋਈ ਇਨੋਵਾ ਗੱਡੀ ਰੋਹਤਕ ਦਿੱਲੀ ਰੋਡ ‘ਤੇ ਕਸਬਾ ਸਾਂਪਲਾ ਨਜ਼ਦੀਕ ਮੰਨਤ ਢਾਬੇ ‘ਤੇ ਰੁਕਵਾਈ ਅਤੇ ਚਾਹ-ਪਾਣੀ ਲਈ ਢਾਬੇ ਅੰਦਰ ਜਾ ਕੇ ਬੈਠ ਗਏ।
ਕੁਝ ਸਮੇਂ ਬਾਅਦ ਉਨ੍ਹਾਂ ਨੂੰ ਕਿਸੇ ਹੋਰ ਗੱਡੀ ਦੇ ਡਰਾਇਵਰ ਨੇ ਆ ਕੇ ਦੱਸਿਆ ਗੱਡੀ ਦਾ ਸੀਸਾ ਟੁੱਟਿਆ ਹੋਇਆ ਹੈ ਜਿਸ ‘ਤੇ ਅਮਨਦੀਪ ਸ਼ਰਮਾਂ ਉਸਦੀ ਪਤਨੀ ਅਰਨਦੀਪ ਕੌਰ ਦੇ ਭਰਾ ਕਾਲਾ ਸ਼ਰਮਾਂ ਨੇ ਤੁਰੰਤ ਬਾਹਰ ਆ ਕੇ ਦੇਖਿਆ ਤਾਂ ਡਰਾਇਵਰ ਸੀਟ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਗੱਡੀ ਦੀਆਂ ਮਿਡਲ ਸੀਟਾਂ ਦੇ ਵਿਚਕਾਰ ਪਿਆ ਪਿੱਠੂ ਬੈਗ ਗਾਇਬ ਸੀ, ਜਦੋਂ ਕਿ ਗੱਡੀ ਦੇ ਬੈਕ ਸਾਇਡ ਪਿਆ ਬਾਕੀ ਸਮਾਨ ਸੁਰੱਖਿਅਤ ਸੀ। ਸਦਮਾਗ੍ਰਸਤ ਪ੍ਰੀਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਦੱਸਿਆ ਕਿ ਪਿੱਠੂ ਬੈਗ ‘ਚ 5800 ਅਮਰੀਕੀ ਡਾਲਰ (ਸਾਢੇ ਤਿੰਨ ਲੱਖ ਰੁਪਏ), 22 ਤੋਲੇ ਸੋਨੇ ਦੇ ਗਹਿਣੇ ਜਿਸ ‘ਚ ਇੱਕ ਇੱਕ ਡਾਇਮੰਡ ਕਿੱਟੀ ਸੈੱਟ, ਇੱਕ ਸੋਨੇ ਦਾ ਕੁੰਦਨ ਸੈੱਟ, 2 ਡਾਇਮੰਡ ਮੁੰਦਰੀਆਂ, 4 ਸੋਨੇ ਦੀਆਂ ਮੁੰਦਰੀਆਂ, ਦੋ ਪਾਸਪੋਰਟ, ਅਮਰੀਕਾ ਦਾ ਨਰਸਿੰਗ ਕਾਰਡ, ਟਿਕਟਾਂ ਤੇ ਯੂਐਸਏ ਦੇ ਕਰੈਡਿਟ ਕਾਰਡ ਤੇ ਹੋਰ ਜ਼ਰੂਰੀ ਕਾਗਜ਼ਾਤ ਸ਼ਾਮਲ ਸਨ।
ਪੀੜਤਾਂ ਅਨੁਸਾਰ ਬਾਰਾਂ ਲੱਖ ਦਾ ਨੁਕਸਾਨ ਹੋ ਗਿਆ ਅਤੇ ਘਟਨਾ ਕਾਰਨ ਫਲਾਈਟ ਵੀ ਛੁੱਟ ਗਈ। ਪੁਲਿਸ ਨੇ ਤੁਰੰਤ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਰੋਹਤਕ ਪੁਲਿਸ ਤੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਮਾਹਰਾਂ ਨੂੰ ਬੁਲਾ ਕੇ ਸੀਸੀਟੀਵੀ ਖੰਘਾਲ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।