ਅਜੇ ਤੱਕ ਨਹੀਂ ਮਿਲੀ ਪੀਆਰਟੀਸੀ ਮੁਲਾਜ਼ਮਾਂ ਨੂੰ ਜੂਨ ਮਹੀਨੇ ਦੀ ਤਨਖਾਹ
- ਔਰਤਾਂ ਦੇ ਮੁਫ਼ਤ ਬੱਸ ਸਫ਼ਰ ਕਾਰਨ ਪੀਆਰਟੀਸੀ ਦਾ ਨਿੱਕਲਿਆਂ ਧੂੰਆਂ, ਅਧਿਕਾਰੀ ਪ੍ਰੇਸ਼ਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਔਰਤਾਂ ਲਈ ਮੁਫ਼ਤ ਬੱਸ ਸਫ਼ਰ ਸਕੀਮ ਨੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੂੰ ਆਰਥਿਕ ਪੱਖੋਂ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਇੱਥੋਂ ਤੱਕ ਕਿ ਪੰਜਾਬ ਸਰਕਾਰ ਦੇ ਬਜਟ ਵਿੱਚ ਵੀ ਪੀਆਰਟਸੀ ਤੇ ਪੰਜਾਬ ਰੋਡਵੇਜ਼ ਲਈ ਸਿਰਫ਼ 220 ਕਰੋੜ ਦੀ ਰਾਸ਼ੀ ਰੱਖੀ ਗਈ ਹੈ, ਜਿਸ ਨਾਲ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀ ਪਹਿਲਾਂ ਹੀ ਸਰਕਾਰ ਵੱਲ ਖੜ੍ਹੀ ਬਕਾਇਆ ਰਾਸ਼ੀ ਵੀ ਪੂਰੀ ਨਹੀਂ ਹੋ ਰਹੀ। ਪੀਆਰਟੀਸੀ ਦੇ ਅਧਿਕਾਰੀ ਇਸ ਗੱਲੋਂ ਫਿਕਰਾਂ ਵਿੱਚ ਹਨ ਕਿ ਉਹ ਸਾਰਾ ਸਾਲ ਕਿਸ ਤਰ੍ਹਾਂ ਆਪਣਾ ਬੇੜਾ ਪਾਰ ਲਾਉਣਗੇ। (PRTC Budget)
ਪੀਆਰਟੀਸੀ ਮੁਲਾਜ਼ਮਾਂ ਨੂੰ ਅਜੇ ਤੱਕ ਜੂਨ ਮਹੀਨੇ ਦੀ ਤਨਖਾਹ ਨਹੀਂ ਮਿਲੀ
ਜਾਣਕਾਰੀ ਅਨੁਸਾਰ ਪੀਆਰਟੀਸੀ (PRTC Budget) ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਅਜੇ ਤੱਕ ਜੂਨ ਮਹੀਨੇ ਦੀ ਤਨਖਾਹ ਵੀ ਨਸੀਬ ਨਹੀਂ ਹੋਈ। ਇੱਥੋਂ ਤੱਕ ਕਿ ਸਰਕਾਰ ਵੱਲੋਂ ਐਲਾਨੇ ਗਏ 220 ਕਰੋੜ ਦੇ ਬਜਟ ਵਿੱਚੋਂ ਕੋਈ ਧੇਲਾ ਨਹੀਂ ਪੁੱਜਾ। ਸਰਕਾਰ ਵੱਲੋਂ ਜੋ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਲਈ ਬਜਟ ਰੱਖਿਆ ਗਿਆ ਹੈ ਕਿ ਉਹ ਵੀ ਨਿਗੂਣਾ ਹੈ। ਇਕੱਲੀ ਪੀਆਰਟੀਸੀ ਦਾ ਹੀ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦਾ ਸਰਕਾਰ ਵੱਲ 150 ਕਰੋੜ ਤੋਂ ਜ਼ਿਆਦਾ ਦਾ ਬਕਾਇਆ ਖੜ੍ਹਾ ਹੈ, ਜਦੋਂਕਿ ਬਜਟ ਵਿੱਚ ਰੱਖਿਆ ਪੈਸਾ 110 ਕਰੋੜ ਹੀ ਬਣਦਾ ਹੈ। ਇਸ ਤੋਂ ਇਲਾਵਾ ਹੋਰ ਕੈਟਾਗਰੀਆਂ ਨੂੰ ਮਿਲਣ ਵਾਲੀ ਸਹੂਲਤ ਦਾ ਬਕਾਇਆ ਵੱਖਰਾ ਖੜ੍ਹਾ ਹੈ।
ਬਜਟ ’ਚ ਪੀਆਰਟੀਸੀ ਲਈ ਨਾਮਾਤਰ ਰਾਸ਼ੀ ਰੱਖਣ ’ਤੇ ਅਧਿਕਾਰੀਆਂ ਦੇ ਵੀ ਹੋਸ਼ ਉੱਡੇ ਹੋਏ ਹਨ ਕਿ ਉਹ ਮੁਫ਼ਤ ਬੱਸ ਸਫ਼ਰ ਦੀ ਸਕੀਮ ਸਮੇਤ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨਾਂ ਕਿੱਥੋਂ ਦੇਣਗੇ। ਸੂਤਰਾਂ ਅਨੁਸਾਰ ਪੀਆਰਟੀਸੀ ਕੋਲ ਅਜੇ ਤੱਕ ਨਾ ਬਜਟ ਵਾਲੀ ਰਾਸ਼ੀ ਪੁੱਜੀ ਹੈ ਅਤੇ ਨਾ ਹੀ ਮੁਫ਼ਤ ਸਫ਼ਰ ਵਾਲੀ ਬਕਾਇਆ ਰਾਸ਼ੀ, ਜਿਸ ਕਾਰਨ ਉਹ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇ ਸਕੀ। ਮੌਜੂਦਾ ਸਮੇਂ ਪੀਆਰਟੀਸੀ ਦਾ ਤਨਖਾਹਾਂ ਅਤੇ ਪੈਨਸ਼ਨਾਂ ’ਤੇ ਹੀ ਮਹੀਨੇਵਾਰ 25 ਕਰੋੜ ਦੇ ਕਰੀਬ ਖਰਚ ਹੋ ਰਿਹਾ ਹੈ।
ਪੀਆਰਟੀਸੀ ਦੀਆਂ 1305 ਬੱਸਾਂ ਸੜਕਾਂ ’ਤੇ ਚੱਲ ਰਹੀਆਂ ਹਨ
ਪੀਆਰਟੀਸੀ ਦੀਆਂ 1305 ਬੱਸਾਂ ਸੜਕਾਂ ’ਤੇ ਚੱਲ ਰਹੀਆਂ ਹਨ ਅਤੇ ਪੀਆਰਟੀਸੀ ਦੀ ਰੋਜਾਨਾ ਆਮਦਨ (ਔਰਤਾਂ ਦਾ ਮੁਫ਼ਤ ਬੱਸ ਸਫ਼ਰ ਸਮੇਤ) 2 ਕਰੋੜ 15 ਲੱਖ ਦੇ ਕਰੀਬ ਚੱਲ ਰਹੀ ਹੈ। ਇਸ ਵਿੱਚੋਂ ਰੋਜਾਨਾ ਹੀ ਡੀਜ਼ਲ ਦਾ ਖਰਚਾ 87 ਤੋਂ 90 ਲੱਖ ਹੋ ਰਿਹਾ ਹੈ। ਪੀਆਰਟੀਸੀ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਜਿਸ ਹਿਸਾਬ ਨਾਲ ਬਜਟ ਰੱਖਿਆ ਹੈ, ਉਹ ਪੀਆਰਟੀਸੀ ਦੀ ਆਰਥਿਕ ਹਾਲਤ ਲਈ ਤਣ-ਪੱਤਣ ਲਾਉਣ ਵਾਲਾ ਨਹੀਂ। ਪੀਆਰਟੀਸੀ ਵੱਲੋਂ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦੇ ਬਿੱਲ ਆਏ 15 ਦਿਨਾਂ ਬਾਅਦ ਸਰਕਾਰ ਨੂੰ ਭੇਜ ਦਿੱਤੇ ਜਾਂਦੇ ਹਨ, ਪਰ ਉਨ੍ਹਾਂ ਦੀ ਰਾਸ਼ੀ ਸਰਕਾਰ ਵੱਲੋਂ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ। ਸੂਤਰ ਇਹ ਵੀ ਦੱਸ ਰਹੇ ਹਨ ਕਿ ਕਈ ਡਿਪੂਆਂ ਦੀਆਂ ਵਰਕਸ਼ਾਪਾਂ ਅੰਦਰ ਸਾਮਾਨ ਦੀ ਵੀ ਤੋਟ ਪੈ ਗਈ ਹੈ। ਇਸ ਸਬੰਧੀ ਜਦੋਂ ਪੀਆਰਟੀਸੀ ਦੀ ਐਮਡੀ ਪੂਨਮਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ।
ਤਨਖਾਹ ਨਾ ਮਿਲਣ ਕਾਰਨ ਕੱਚੇ ਕਾਮੇ ਅੱਜ ਕਰਨਗੇ ਬੱਸ ਸਟੈਂਡ ਬੰਦ
ਇੱਧਰ ਅੱਜ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਉਪ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਕੁਲਦੀਪ ਸਿੰਘ ਮੋਮੀ, ਸਹਿਜਪਾਲ ਸਿੰਘ ਨੇ ਕਿਹਾ ਕਿ ਅੱਜ 12 ਤਰੀਕ ਹੋ ਗਈ ਹੈ, ਤਨਖਾਹ ਦਾ ਬਜਟ ਅਜੇ ਤੱਕ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ਤਨਖਾਹ ਨਹੀਂ ਆਉਂਦੀ ਤਾਂ 13 ਜੁਲਾਈ ਨੂੰ ਬੱਸ ਸਟੈਂਡ ਬੰਦ ਕਰਕੇ ਤਿੱਖੇ ਸੰਘਰਸ਼ ਕਰਾਂਗੇ। ਜੇਕਰ ਫਿਰ ਵੀ ਤਨਖਾਹਾਂ ਨਹੀਂ ਜਾਰੀ ਹੋਈਆਂ ਤਾਂ ਸੜਕਾਂ ਜਾਮ ਕਰਾਂਗੇ।
ਸੁਲਤਾਨ ਸਿੰਘ, ਹਰਮਨ ਸਿੰਘ, ਗੱਜਣ ਸਿੰਘ, ਆਜ਼ਾਦ ਯੂਨੀਅਨ ਦੇ ਪ੍ਰਧਾਨ ਬੱਬੂ ਸ਼ਰਮਾ ਨੇ ਕਿਹਾ ਕਿ ਪਨਬੱਸ ਵਿੱਚ ਨਵੀਂ ਭਰਤੀ ਆਊਟਸੋਰਸਿੰਗ ’ਤੇ ਕਰਨ ਦੀ ਤਿਆਰੀ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਦਾ ਵਾਅਦਾ ਕੇਵਲ ਚੋਣ ਸਟੰਟ ਸੀ। ਪੀਆਰਟੀਸੀ ਵਿੱਚ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾ ਰਹੀਆਂ ਹਨ, ਜਿਸ ਦਾ ਮਹਿਕਮੇ ਨੂੰ ਲਗਭਗ ਪੰਜ ਸਾਲਾਂ ਵਿੱਚ 60-65 ਲੱਖ ਰੁਪਏ ਦਾ ਨੁਕਸਾਨ ਹੈ ਅਤੇ ਬੱਸ ਫੇਰ ਪ੍ਰਾਈਵੇਟ ਮਾਲਕ ਦੀ ਹੈ, ਜੋ ਕਿ ਸਰਕਾਰੀ ਪਰਮਿਟ ’ਤੇ ਵਿਭਾਗ ਦੀ ਨਾਜਾਇਜ਼ ਲੁੱਟ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ