ਪੁਲਿਸ ਵੱਲੋਂ ਕੇਸ ਦਰਜ ਕੇਸ ਦਰਜ
ਅਸ਼ੋਕ ਵਰਮਾ ,ਬਠਿੰਡਾ:ਬਠਿੰਡਾ ਜਿਲ੍ਹੇ ਦੇ ਭਗਤਾ ਭਾਈ ਦੀ ਬਿਜਲੀ ਫਰਮ ਨਾਲ ਕਰੀਬ 11 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਬੇਪਰਦ ਹੋਇਆ ਹੈ ਜਿਲ੍ਹਾ ਪੁਲਿਸ ਨੇ ਇਸ ਸਬੰਧੀ ਕੰਪਨੀ ਦੇ ਪੰਜ ਪ੍ਰਬੰਧਕਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਵੇਰਵਿਆਂ ਮੁਤਾਬਕ ਭਗਤਾ ਭਾਈ ਦੀ ਫਰਮ ਸਿੰਗਲਾ ਇਲੈਕਟਰੀਕਲਜ਼ ਨੂੰ ਮੈਸਰਜ਼ ਹਾਈਥਰੋ ਪਾਵਰ ਕਾਰਪੋਰੇਸ਼ਨ ਲਿਮਟਿਡ ਗੁੜਗਾਓਂ ਵੱਲੋਂ ਬਿਜਲੀ ਦੇ ਮੀਟਰ ਬਾਹਰ ਕੱਢਣ ਸਬੰਧੀ 45 ਲੱਖ 47 ਹਜ਼ਾਰ 556 ਰੁਪਏ ‘ਚ ਠੇਕਾ ਦਿੱਤਾ ਗਿਆ ਸੀ ਇਸ ਪ੍ਰੋਜੈਕਟ ਦਾ ਕੰਪਨੀ ਨੇ ਬਕਾਇਦਾ ਵਰਕ ਆਰਡਰ ਦਿੱਤਾ ਸੀ, ਜਿਸ ਤਹਿਤ ਮੀਟਰ ਸ਼ਿਫਟ ਕਰਨ ਦਾ ਸਾਰਾ ਸਮਾਨ ਕੰਪਨੀ ਨੇ ਮੁਹੱਈਆ ਕਰਵਾਉਣਾ ਸੀ ਸਿੰਗਲਾ ਇਲੈਕਟਰੀਕਲਜ਼ ਨੇ ਤੈਅ ਸ਼ਰਤਾਂ ਮੁਤਾਬਕ ਬਠਿੰਡਾ ਸ਼ਹਿਰ ਦੇ ਮੀਟਰ ਸ਼ਿਫਟ ਕਰ ਦਿੱਤੇ ਅਤੇ ਕੰਮ ਮੁਕੰਮਲ ਹੋਣ ਸਬੰਧੀ ਸਰਟੀਫਿਕੇਟ ਵੀ ਕੰਪਨੀ ਤੋਂ ਪ੍ਰਾਪਤ ਕਰ ਲਿਆ
ਜਦੋਂ ਇਹ ਕੰਮ ਖਤਮ ਕੀਤਾ ਗਿਆ ਤਾਂ ਉਸ ਵਕਤ ਸਿੰਗਲਾ ਇਲੈਕਟਰੀਕਲਜ਼ ਦੇ ਕੰਪਨੀ ਵੱਲ 10,53,498 ਰੁਪਏ ਬਾਕੀ ਰਹਿੰਦੇ ਸਨ ਕਾਫੀ ਸਮਾਂ ਮੰਗ ਕਰਨ ‘ਤੇ ਜਦੋਂ ਕੰਪਨੀ ਨੇ ਪੈਸੇ ਅਦਾ ਨਾ ਕੀਤੇ ਤਾਂ ਫਰਮ ਦੇ ਮਾਲਕ ਸੁਖਚੈਨ ਚੰਦ ਮੁੰਦਰੀ ਨੇ ਐਸ.ਐਸ.ਪੀ ਬਠਿੰਡਾ ਕੋਲ ਲਿਖਤੀ ਸ਼ਿਕਾਇਤ ਦੇ ਦਿੱਤੀ, ਜਿਨ੍ਹਾਂ ਅੱਗਿਓਂ ਇਸ ਦੀ ਪੜਤਾਲ ਡੀ ਐਸ ਪੀ ਫੂਲ ਨੂੰ ਸੌਂਪ ਦਿੱਤੀ
ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਸੌਂਪਿਆ
ਡੀ ਐਸ ਪੀ ਫੂਲ ਨੇ ਇਹ ਮਾਮਲਾ ਪੜਤਾਲ ਵਾਸਤੇ ਆਰਥਿਕ ਅਪਰਾਧ ਸ਼ਾਖਾ ਨੂੰ ਸੌਂਪ ਦਿੱਤਾ ਪੜਤਾਲੀਆ ਅਫਸਰ ਨੇ ਕੰਪਨੀ ਪ੍ਰਬੰਧਕਾਂ ਨੂੰ ਕਈ ਵਾਰ ਪੜਤਾਲ ‘ਚ ਸ਼ਾਮਲ ਹੋਣ ਲਈ ਲਿਖਤੀ ਰੂਪ ‘ਚ ਸੱਦਿਆ ਪਰ ਉਹ ਨਾ ਆਏ ਮਾਮਲੇ ਦੀ ਪੜਤਾਲ ਦੌਰਾਨ ਇਹ ਵੀ ਭੇਦ ਖੁੱਲ੍ਹਿਆ ਕਿ ਕੰਪਨੀ ਨੇ ਪਾਵਰਕੌਮ ਤੋਂ ਬਣਦੀ ਰਾਸ਼ੀ ਵਸੂਲ ਕਰ ਲਈ ਹੈ ਜਾਂਚ ‘ਚ ਕੰਪਨੀ ਵੱਲ 10,53,498 ਰੁਪਏ ਬਾਕੀ ਰਾਸ਼ੀ ਦੇ ਬਕਾਇਆ ਹੋਣ ਸਬੰਧੀ ਤੱਥ ਸਾਹਮਣੇ ਆ ਗਏ ਪੜਤਾਲ ‘ਚ ਇਹ ਵੀ ਪਤਾ ਲੱਗਿਆ ਹੈ ਕਿ ਕੰਪਨੀ ਠੇਕਾ ਅੱਗੇ ਸਬਲੈਟ ਨਹੀਂ ਕਰ ਸਕਦੀ ਸੀ ਪ੍ਰੰਤੂ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਕੰਮ ਅੱਗੇ ਸੌਂਪਿਆ ਗਿਆ ਹੈ
ਪੜਤਾਲ ਦੌਰਾਨ ਇਸ ਕੰਮ ਲਈ ਮੈਸਰਜ਼ ਹਾਈਥਰੋ ਪਾਵਰ ਕਾਰਪੋਰੇਸ਼ਨ ਲਿਮਟਿਡ ਗੁੜਗਾਓਂ ਦੇ ਐਮ.ਡੀ. ਅਮੂਲ ਗੁਬਰਾਣੀ, ਡਾਇਰੈਕਟਰ ਵਿਨੈ, ਅਸਿਸਟੈਂਟ ਡਾਇਰੈਕਟਰ ਏ.ਪੀ. ਤਨੇਜਾ, ਪ੍ਰੋਜੈਕਟ ਮੈਨੇਜਰ ਸੁਦੇਸ਼ ਕੁਮਾਰ ਸ਼ਰਮਾ ਅਤੇ ਅਸਿਸਟੈਂਟ ਪ੍ਰੋਜੈਕਟ ਮੈਨੇਜਰ ਮਨੋਜ ਕੁਮਾਰ ਨੂੰ ਕਸੂਰਵਾਰ ਦੱਸਿਆ ਗਿਆ ਹੈ
ਰਿਪੋਰਟ ਮੁਤਾਬਕ ਇਨ੍ਹਾਂ ਨੇ ਗਿਣੀ ਮਿਥੀ ਸਾਜਿਸ਼ ਤਹਿਤ ਕਥਿਤ ਮਿਲੀਭੁਗਤ ਕਰਕੇ ਠੇਕੇ ਅੱਗੇ ਦਿੱਤਾ ਹੈ ਜਾਂਚ ਅਧਿਕਾਰੀ ਨੇ ਆਪਣੀ ਰਿਪੋਰਟ ‘ਚ ਧਾਰਾ 420, 120 ਬੀ ਤਹਿਤ ਇਨ੍ਹਾਂ ਪੰਜਾਂ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਕਰਕੇ ਰਿਪੋਰਟ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੂੰ ਭੇਜ ਦਿੱਤੀ ਐਸ.ਐਸ.ਪੀ ਬਠਿੰਡਾ ਨੇ ਜਿਲ੍ਹਾ ਅਟਾਰਨੀ ਤੋਂ ਇਸ ਮਾਮਲੇ ਸਬੰਧੀ ਕਾਨੂੰਨੀ ਰਾਏ ਲੈਣ ਉਪਰੰਤ ਕੇਸ ਦਰਜ ਕਰਨ ਦੇ ਹੁਕਮ ਦੇ ਦਿੱਤੇ ਇਨ੍ਹਾਂ ਆਦੇਸ਼ਾਂ ਤਹਿਤ ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਹਾਈਥਰੋ ਪਾਵਰ ਕਾਰਪੋਰੇਸ਼ਨ ਲਿਮਟਿਡ ਨਾਲ ਸਬੰਧਤ ਇਨ੍ਹਾਂ ਪੰਜਾਂ ਖਿਲਾਫ ਧਾਰਾ 420 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ
ਕੋਈ ਗ੍ਰਿਫਤਾਰੀ ਨਹੀਂ ਹੋਈ ਹੈ
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਜੀਤ ਪਾਲ ਮੁਤਾਬਕ ਫਿਲਹਾਲ ਇਸ ਮਾਮਲੇ ‘ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਇਸ ਮਾਮਲੇ ਸਬੰਧੀ ਡੀਐਸਪੀ ਫੂਲ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਕੇਸ ਦੀ ਪੜਤਾਲ ਦੌਰਾਨ ਸਖਚੈਨ ਚੰਦ ਦਾ ਕੰਪਨੀ ਤਰਫ ਬਕਾਇਆ ਖਲੋਤਾ ਹੋਣਾ ਸਾਬਤ ਹੋ ਗਆਿ ਹੈ ਉਨ੍ਹਾਂ ਕੰਪਨੀ ਦੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ