- ਦਵਾਈ ਦੀ ਐੱਮਆਰਪੀ ਨੂੰ ਲੈ ਸਦਨ ’ਚ ਵਿਧਾਇਕਾਂ ਜ਼ਾਹਰ ਕੀਤੀ ਚਿੰਤਾ, ਲੁੱਟ ਰਹੇ ਹਨ ਕੰਪਨੀ ਮਾਲਕ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਵਿੱਚ ਦਵਾਈਆਂ ਦੀ ਐੱਮਆਰਪੀ ਨੂੰ ਲੈ ਕੇ ਸਦਨ ਵਿੱਚ ਸੱਤਾਧਿਰ ਅਤੇ ਵਿਰੋਧੀ ਧਿਰ ਵੱਲੋਂ ਇੱਕਜੁਟਤਾ ਦਿਖਾਉਂਦੇ ਹੋਏ ਚਿੰਤਾ ਜ਼ਾਹਰ ਕੀਤੀ ਗਈ। ਪੰਜਾਬ ਦੇ ਗਰੀਬ ਮਰੀਜ਼ਾਂ ਨੂੰ ਸਸਤੀ ਦਵਾਈ ਦਿੰਦੇ ਹੋਏ ਮਦਦ ਕਰਨ ਦੀ ਥਾਂ ’ਤੇ 20 ਗੁਣਾਂ ਤੱਕ ਐੱਮਆਰਪੀ ਲਗਾਉਂਦੇ ਹੋਏ ਦਵਾਈ ਦੀ ਲੁੱਟ ਦਾ ਹੀ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਨਾਲ ਗਰੀਬ ਪਹਿਲਾਂ ਨਾਲੋਂ ਜਿਆਦਾ ਗਰੀਬ ਹੋ ਰਿਹਾ ਹੈ ਤਾਂ ਜਿਹੜੇ ਜਿਆਦਾ ਗਰੀਬ ਹਨ, ਉਨ੍ਹਾਂ ਨੂੰ ਦਵਾਈ ਨਾ ਮਿਲਣ ਕਾਰਨ ਬਿਨਾਂ ਇਲਾਜ ਤੋਂ ਹੀ ਰਹਿਣਾ ਪੈ ਰਿਹਾ ਹੈ।
ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਚਰਨਜੀਤ ਸਿੰਘ ਚੰਨੀ ਵੱਲੋਂ ਦਵਾਈ ਦੀ ਐੱਮਆਰਪੀ ਨੂੰ ਲੈ ਕੇ ਮਤਾ ਪੇਸ਼ ਕੀਤਾ ਗਿਆ ਸੀ। ਜਿਸ ’ਤੇ ਬਹਿਸ ਕਰਦੇ ਹੋਏ ਸੱਤਾ ਧਿਰ ਅਤੇ ਵਿਰੋਧੀ ਧਿਰਾਂ ਵੱਲੋਂ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਵਿੱਚ ਹੀ ਨਹੀਂ ਸਗੋਂ ਪੰਜਾਬ ਤੋਂ ਬਾਹਰ ਤਿਆਰ ਹੋਣ ਵਾਲੀ ਦਵਾਈ ਦੀ ਐੱਮਆਰਪੀ ਅਸਲ ਰੇਟ ਤੋਂ 20 ਗੁਣਾ ਤੱਕ ਜਿਆਦਾ ਲਿਖਿਆ ਜਾਂਦਾ ਹੈ। ਜਿਸ ਕਾਰਨ ਦਵਾਈ ਦੇਣ ਵਾਲਾ ਦੁਕਾਨ ਮਾਲਕ ਵੀ 50 ਫੀਸਦੀ ਤੱਕ ਛੂਟ ਦਿੰਦੇ ਹੋਏ ਅਹਿਸਾਨ ਕਰਦਾ ਹੈ, ਜਦੋਂ ਕਿ 10 ਰੁਪਏ ਵਾਲੀ ਦਵਾਈ 200 ਰੁਪਏ ਦੀ ਐੱਮਆਰਪੀ ਨਾਲ 100 ਰੁਪਏ ਵੇਚਣ ਤੋਂ ਬਾਅਦ ਵੀ 90 ਰੁਪਏ, ਮਤਲਬ 9 ਗੁਣਾ ਕਮਾਈ ਕੀਤੀ ਜਾ ਰਹੀ ਹੈ।
ਸਰਕਾਰ ਤੋਂ ਕੀਤੀ ਮੰਗ, ਇਸ ਮਾਮਲੇ ਵਿੱਚ ਕੀਤੀ ਜਾਵੇ ਕਾਰਵਾਈ
ਵਿਧਾਇਕਾਂ ਨੇ ਕਿਹਾ ਕਿ ਜਨ ਔਸ਼ਧੀ ਕੇਂਦਰ ਅਤੇ ਰੈੱਡ ਕਰਾਸ ਦੀਆਂ ਦੁਕਾਨਾਂ ਨੂੰ ਖੋਲ੍ਹਣਾ ਚਾਹੀਦਾ ਹੈ ਤਾਂ ਕਿ ਆਮ ਜਨਤਾ ਨੂੰ ਘੱਟ ਰੇਟ ’ਤੇ ਚੰਗੀ ਦਵਾਈਆਂ ਮਿਲ ਸਕਣ। ਵਿਧਾਇਕਾਂ ਦੀ ਮੰਗ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਹੁਣ ਤੱਕ ਸਿਰਫ਼ ਕੈਂਸਰ ਡਰੱਗ ਨੂੰ ਹੀ ਰੈਗੂਲੇਟ ਕੀਤਾ ਗਿਆ ਹੈ, ਜਿਸ ਵਿੱਚ 30 ਫੀਸਦੀ ਤੋਂ ਜਿਆਦਾ ਮੁਨਾਫ਼ਾ ਨਹੀਂ ਰੱਖਿਆ ਜਾ ਸਕਦਾ ਹੈ ਅਤੇ ਰੇਟ ਨੂੰ ਕੰਟਰੋਲ ਕੀਤਾ ਗਿਆ ਹੈ ਪਰ ਬਾਕੀ ਦਵਾਈਆਂ ਵਿੱਚ ਇਹੋ ਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ ਅਤੇ ਕੇਂਦਰ ਸਰਕਾਰ ਨਾਲ ਉਹ ਸੰਪਰਕ ਕਰ ਰਹੇ ਹਨ ਤਾਂ ਕਿ ਇਸ ਬਾਰੇ ਗੱਲਬਾਤ ਕੀਤੀ ਜਾ ਸਕੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਮੰਨਿਆ ਕਿ ਦਵਾਈਆਂ ਦੇ ਮਾਮਲੇ ਵਿੱਚ ਕਾਫ਼ੀ ਜਿਆਦਾ ਲੁੱਟ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੈ ਅਤੇ ਉਨ੍ਹਾਂ ਵੱਲੋਂ ਕਦਮ ਚੁੱਕੇ ਜਾਣਗੇ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਦਵਾਈਆਂ ਦੀ ਐੱਮਆਰਪੀ ਦੇ ਮਾਮਲੇ ਵਿੱਚ ਕੁਝ ਨਹੀਂ ਹੋ ਜਾਂਦਾ ਹੈ ਤਾਂ ਉਸ ਸਮੇਂ ਤੱਕ ਰੈਡ ਕਰਾਸ ਅਤੇ ਜਨ ਔਸ਼ਧੀ ਕੇਂਦਰਾਂ ਨੂੰ ਵੱਧ ਤੋਂ ਵੱਧ ਖੋਲ੍ਹਿਆ ਜਾਵੇ। ਹਰ ਵਿਧਾਇਕ ਨੂੰ ਉਹ ਖ਼ੁਦ ਅਪੀਲ ਕਰਦੇ ਹਨ ਕਿ ਆਪਣੇ ਆਪਣੇ ਵਿਧਾਨ ਸਭਾ ਇਲਾਕੇ ਵਿੱਚ ਘੱਟ ਤੋਂ ਘੱਟ 10 ਇਹੋ ਜਿਹੇ ਕੇਂਦਰ ਖੋਲ੍ਹਣ ਤਾਂਕਿ ਜਨਤਾ ਨੂੰ ਘੱਟ ਰੇਟ ’ਤੇ ਦਵਾਈ ਮਿਲ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ