‘ਅਫ਼ਸਰ ਨਿਭਾ ਰਹੇ ਨੇ ਅਕਾਲੀਆਂ ਨਾਲ ਵਫ਼ਾਦਾਰੀ, ਕੁਝ ਤਾਂ ਕਰੋ ਕਪਤਾਨ ਸਾਹਿਬ’

ਕਾਂਗਰਸ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੀਤੀ ਸ਼ਿਕਾਇਤ

  • ਵਰਕਰ ਤਾਂ ਦੂਰ ਵਿਧਾਇਕਾਂ ਦੇ ਵੀ ਨਹੀਂ ਹੋ ਰਹੇ ਹਨ ਕੰਮ, ਅਫ਼ਸਰਸ਼ਾਹੀ ਹੋਈ ਪਈ ਐ ਭਾਰੂ
  • ਇੱਕ ਦਰਜਨ ਤੋਂ ਵੱਧ ਕਾਂਗਰਸੀ ਵਿਧਾਇਕਾਂ ਨੇ ਕੀਤੀ ਅਮਰਿੰਦਰ ਸਿੰਘ ਨਾਲ ਮੁਲਾਕਾਤ

ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਵਿੱਚ ਅਕਾਲੀ ਸਰਕਾਰ ਨੂੰ ਗਏ ਹੋਏ ਡੇਢ ਮਹੀਨੇ ਤੱਕ ਬੀਤ ਗਿਆ ਹੈ ਪਰ ਫਿਰ ਵੀ ਅੱਜ ਵੀ ਪੰਜਾਬ ਦੀ ਅਫ਼ਸਰਸਾਹੀ ‘ਤੇ ਅਕਾਲੀਆਂ ਦਾ ਹੀ ਰੰਗ ਚੜ੍ਹਿਆ ਹੋਇਆ ਹੈ। ਥਾਣੇਦਾਰ ਤੋਂ ਲੈ ਕੇ ਐਸ.ਐਸ.ਪੀ. ਅਤੇ ਨਾਇਬ ਤਹਿਸੀਲਦਾਰ ਤੋਂ ਲੈ ਕੇ ਡਿਪਟੀ ਕਮਿਸ਼ਨਰ ਤੱਕ ਕਾਂਗਰਸੀ ਵਿਧਾਇਕਾਂ ਦੇ ਕੰਮ ਕਰਨ ਦੀ ਥਾਂ ‘ਤੇ ਅੱਜ ਵੀ ਅਕਾਲੀ ਜਥੇਦਾਰਾਂ ਦੇ ਕੰਮ ਕਰਨ ਲੱਗੇ ਹੋਏ ਹਨ। ਜਿਸ ਕਾਰਨ ਕਾਂਗਰਸੀ ਵਰਕਰ ਕੰਮ ਲਈ ਉਨ੍ਹਾਂ ਦੇ ਕੱਪੜੇ ਪਾੜਨ ਤੱਕ ਆਏ ਹੋਏ ਹਨ। ਕਪਤਾਨ ਸਾਹਿਬ ਇਸ ਮਾਮਲੇ ਵਿੱਚ ਤੁਸੀਂ ਕੁਝ ਕਰੋ ਪੰਜਾਬ ਵਿੱਚ ਤਾਂ ਕਾਫ਼ੀ ਔਖਾ ਹੋਇਆ ਪਿਆ ਹੈ। ਕੁਝ ਇਸ ਤਰ੍ਹਾਂ ਦੇ ਹੀ ਸ਼ਬਦ ਪੰਜਾਬ ਦੇ ਇੱਕ ਦਰਜਨ ਦੇ ਲਗਭਗ ਵਿਧਾਇਕਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਲੰਚ ਮੀਟਿੰਗ ਵਿੱਚ ਕਹੇ।

ਸੂਤਰ ਦਸੱਦੇ ਹਨ ਕਿ ਕਾਂਗਰਸੀ ਵਿਧਾਇਕਾਂ ਨੇ ਮੀਟਿੰਗ ਸ਼ੁਰੂ ਹੋਣ ਤੋਂ ਲੈ ਕੇ ਅੰਤ ਤੱਕ ਇਸ ਸਰਕਾਰ ਦੇ ਪਹਿਲੇ ਇੱਕ ਮਹੀਨੇ ਦੇ ਕਾਰਜਕਾਲ ਵਿੱਚ ਹੋਏ ਕਾਫ਼ੀ ਕੰਮਾਂ ਦੀ ਪ੍ਰਸੰਸਾ ਕਰਨ ਦੀ ਥਾਂ ‘ਤੇ ਉਨ੍ਹਾਂ ਦੇ ਹਲਕੇ ਅਤੇ ਵਰਕਰਾਂ ਦੇ ਕੰਮ ਨਾ ਹੋਣ ਸਬੰਧੀ ਹੀ ਜਿਆਦਾ ਸ਼ਿਕਾਇਤ ਕੀਤੀ। ਇਕ ਵਿਧਾਇਕ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਐਸ.ਪੀ. ਰਹੇ ਇੱਕ ਪੀ.ਪੀ.ਐਸ. ਅਧਿਕਾਰੀ ਕੋਲ ਉਹ ਆਪਣੇ ਕੰਮ ਲਈ ਗਏ ਸਨ ਪਰ ਹੁਣ ਤੱਕ ਉਨ੍ਹਾਂ ਅਨੁਸਾਰ ਕੰਮ ਨਹੀਂ ਹੋਇਆ ਹੈ, ਜਦੋਂ ਕਿ ਸਾਬਕਾ ਅਕਾਲੀ ਵਿਧਾਇਕਾਂ ਦੇ ਕਹਿਣ ‘ਤੇ ਅੱਜ ਵੀ ਕੰਮ ਹੋ ਰਹੇ ਹਨ।

ਸੂਤਰਾਂ ਅਨੁਸਾਰ ਮੌਜੂਦਾ ਵਿਧਾਇਕਾਂ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੋਏ ਤਬਾਦਲੇ ਸਬੰਧੀ ਵੀ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ, ਕਿਉਂਕਿ ਤਬਾਦਲੇ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਤੋਂ ਪੁੱਛਣਾ ਤਾਂ ਦੂਰ, ਉਨ੍ਹਾਂ ਨੂੰ ਜਾਣਕਾਰੀ ਤੱਕ ਨਹੀਂ ਦਿੱਤੀ ਗਈ। ਜਿਸ ਕਾਰਨ ਅਧਿਕਾਰੀ ਉਨ੍ਹਾਂ ਨੂੰ ਕੁਝ ਵੀ ਨਹੀਂ ਸਮਝ ਰਹੇ ਹਨ।

ਇੱਕ ਵਿਧਾਇਕ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਅੱਜ ਵੀ ਪੰਜਾਬ ਦੇ ਅਧਿਕਾਰੀਆਂ ‘ਤੇ ਅਕਾਲੀ ਦਲ ਦਾ ਹੀ ਰੰਗ ਚੜ੍ਹਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੇ ਕੰਮ ਨਹੀਂ ਹੋ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸੀ ਵਰਕਰ ਅਤੇ ਹਲਕੇ ਦੇ ਲੀਡਰ ਉਨ੍ਹਾਂ ਦੇ ਕੱਪੜੇ ਪਾੜਨ ਤੱਕ ਆਏ ਹੋਏ ਹਨ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਉਨ੍ਹਾਂ ਨੇ ਵੀ ਸ਼ਿਕਾਇਤ ਕੀਤੀ ਹੈ ਕਿ ਹੇਠਲੇ ਪੱਧਰ ‘ਤੇ ਅਧਿਕਾਰੀਆਂ ਨੂੰ ਸੁਨੇਹਾ ਦੇਣ ਦੀ ਜਰੂਰਤ ਹੈ ਕਿ ਕਾਂਗਰਸੀ ਵਿਧਾਇਕਾਂ ਅਤੇ ਲੀਡਰਾਂ ਦੇ ਜਾਇਜ਼ ਕੰਮ ਕਰੋਂ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।