ਵੀਜ਼ਾ ਮੁਕਤ ਲਾਂਘੇ ਦਾ ਮਸਲਾ ਕੇਂਦਰੀ ਵਿਦੇਸ਼ ਮੰਤਰੀ ਕੋਲ ਉਠਾਵਾਂਗੇ : ਅਮਰਿੰਦਰ ਸਿੰਘ

Amarinder Singh, Issue, Visa, Free, Route

ਮੰਤਰੀ ਮੰਡਲ ਵੱਲੋਂ ਅਗਲੇ ਮਹੀਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਮਤਾ ਪਾਸ | Amarinder Singh

  • ਇਤਿਹਾਸਕ ਮੌਕੇ ‘ਤੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਲਈ ਭਾਰਤ ਸਰਕਾਰ ਕੋਲ ਪਹੁੰਚ ਕਰਨ ਦਾ ਫੈਸਲਾ | Amarinder Singh

ਸੁਲਤਾਨਪੁਰ ਲੋਧੀ (ਸੱਚ ਕਹੂੰ ਨਿਊਜ਼)। ਚੰਡੀਗੜ੍ਹ?ਤੋਂ?ਬਾਹਰ ਪਹਿਲੀ ਵਾਰ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅੱਜ ਕਈ ਅਹਿਮ ਫੈਸਲੇ ਲਏ ਗਏ ਇਹਨਾਂ ਵਿੱਚ ਇੱਕ ਫੈਸਲੇ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਵੀਜ਼ਾ ਮੁਕਤ ਲਾਂਘੇ ਦਾ ਮਾਮਲਾ ਕੇਂਦਰੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਕੋਲ ਉਠਾਉਣਗੇ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਮੀਟਿੰਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਅਗਲੇ ਮਹੀਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਵੀ ਮਤਾ ਪਾਸ ਕੀਤਾ।

ਆਪਣੇ ਮਤੇ ਵਿੱਚ ਵਜ਼ਾਰਤ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕਰਨ ਲਈ ਭਾਰਤ ਦੇ ਰਾਸ਼ਟਰਪਤੀ ਅਤੇ ਹੋਰ ਵੱਖ-ਵੱਖ ਉੱਘੀਆਂ ਸਿੱਖ ਸ਼ਖ਼ਸੀਅਤਾਂ ਨੂੰ ਵੀ ਬੁਲਾਉਣ ਦਾ ਫੈਸਲਾ ਕੀਤਾ।ਇਕ ਹੋਰ ਮਤੇ ਵਿੱਚ ਮੁੱਖ ਮੰਤਰੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਇਸ ਇਤਿਹਾਸਕ ਮੌਕੇ ‘ਤੇ ਸੰਸਦ ਦਾ ਵਿਸ਼ੇਸ਼ ਸਾਂਝਾ ਇਜਲਾਸ ਸੱਦਣ ਲਈ ਭਾਰਤ ਸਰਕਾਰ ਨੂੰ ਜ਼ੋਰਦਾਰ ਸਿਫ਼ਾਰਿਸ਼ ਕਰਨ ਦਾ ਵੀ ਫੈਸਲਾ ਲਿਆ। ਮਤੇ ਮੁਤਾਬਕ ਇਸ ਸੰਸਦੀ ਇਜਲਾਸ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਸੰਬੋਧਨ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਵਿੱਚ ਨਾਮਵਰ ਸਿੱਖ ਸ਼ਖ਼ਸੀਅਤਾਂ ਨੂੰ ਵੀ ਸੱਦਾ ਦਿੱਤਾ ਜਾਵੇ।

ਇਹ ਵੀ ਪੜ੍ਹੋ : ਈ-ਕਚਰਾ ਸਿਹਤ ਅਤੇ ਵਾਤਾਵਰਨ ਲਈ ਖ਼ਤਰਾ

ਮੰਤਰੀ ਮੰਡਲ ਨੇ ਪਾਕਿਸਤਾਨ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਐਂਟਰੀ ਫੀਸ, ਫੈਸਿਲੀਟੇਸ਼ਨ ਚਾਰਜ, ਸਰਵਿਸ ਚਾਰਜ ਆਦਿ ਤੋਂ ਬਿਨਾਂ ਵੀਜ਼ਾ ਮੁਕਤ ਲਾਂਘੇ ਦੀ ਇਜ਼ਾਜਤ ਦੇਣ ਦਾ ਮਸਲਾ ਕੇਂਦਰੀ ਵਿਦੇਸ਼ ਮੰਤਰੀ ਕੋਲ ਉਠਾਉਣ ਦਾ ਵੀ ਫੈਸਲਾ ਲਿਆ ਹੈ। ਇਸ ਨਾਲ ਦਰਸ਼ਨਾਂ ਦੀ ਤਾਂਘ ਰੱਖਣ ਵਾਲੇ ਸ਼ਰਧਾਲੂ ਸਿੱਖ ਸੰਗਤ ਦੀ ਅਰਦਾਸ ਮੁਤਾਬਕ ਬਿਨਾਂ ਕਿਸੇ ਰੋਕ ਤੋਂ ਖੁੱਲ੍ਹੇ ਦਰਸ਼ਨ-ਦੀਦਾਰੇ ਕਰ ਸਕਣਗੇ।ਮੁੱਖ ਮੰਤਰੀ ਨੇ ਇਸ ਮਸਲੇ ‘ਤੇ ਕੇਂਦਰੀ ਵਿਦੇਸ਼ ਮੰਤਰੀ ਨੂੰ ਨਿੱਜੀ ਤੌਰ ‘ਤੇ ਮਿਲਣ ਦਾ ਵਾਅਦਾ ਕਰਦੇ ਆਖਿਆ ਕਿ ਉਹ ਕੇਂਦਰੀ ਮੰਤਰੀ ਨੂੰ ਅਪੀਲ ਕਰਨਗੇ ਕਿ ਲੱਖਾਂ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਦਿੱਕਤ ਤੋਂ ਦਰਸ਼ਨ-ਦੀਦਾਰੇ ਕਰਨ ਦੀ ਸਹੂਲਤ ਦੇਣ ਲਈ ਉਹ ਪਾਕਿਸਤਾਨ ਵਿੱਚ ਆਪਣੇ ਹਮਰੁਤਬਾ ਨਾਲ ਵੀਜ਼ਾ ਮੁਕਤ ਲਾਂਘੇ ਨੂੰ ਯਕੀਨੀ ਬਣਾਉਣ ਦਾ ਮਸਲਾ ਉਠਾਉਣ। (Amarinder Singh)

ਮੁੱਖ ਮੰਤਰੀ ਨੇ ਇਸ ਇਤਿਹਾਸਕ ਨਗਰ ਵਿੱਚ ਬੁਨਿਆਦੀ ਢਾਂਚੇ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ 10 ਅਕਤੂਬਰ ਨੂੰ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਸੁਲਤਾਨਪੁਰ ਲੋਧੀ ਵਿੱਚ ਹੀ ਸੱਦਣ ਦਾ ਫੈਸਲਾ ਲਿਆ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਨਿੱਜੀ ਬੇਨਤੀ ‘ਤੇ ਮੁੱਖ ਮੰਤਰੀ ਨੇ 30 ਸਤੰਬਰ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਵਿਖੇ ਵਿਸ਼ੇਸ਼ ਮੀਟਿੰਗ ਸੱਦਣ ਦੀ ਵੀ ਸਹਿਮਤੀ ਦਿੱਤੀ ਤਾਂ ਕਿ ਉਸ ਇਲਾਕੇ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾ ਸਕੇ। ਮੰਤਰੀ ਮੰਡਲ ਦੀ ਅੱਜ ਇੱਥੇ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਸੁਲਤਾਨਪੁਰ ਲੋਧੀ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। (Amarinder Singh)

ਇਹ ਵੀ ਪੜ੍ਹੋ : ਜਾਤੀ ਮਰਦਮਸ਼ੁਮਾਰੀ ਨਾਲ ਖਾਈ ਹੀ ਵਧੇਗੀ

ਮੀਟਿੰਗ ਦੌਰਾਨ ਸੁਲਤਾਨਪੁਰ ਲੋਧੀ-ਕਪੂਰਥਲਾ-ਕਰਤਾਰਪੁਰ-ਬਿਆਸ-ਬਟਾਲਾ (ਬਟਾਲਾ ਬਾਈਪਾਸ ਸਮੇਤ)-ਡੇਰਾ ਬਾਬਾ ਨਾਨਕ ਮਾਰਗ ਨੂੰ ‘ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ’ ਐਲਾਨਣ ਲਈ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ। ਮੀਟਿੰਗ ਦੌਰਾਨ 96.15 ਕਰੋੜ ਰੁਪਏ ਦੀ ਲਾਗਤ ਨਾਲ 136.14 ਕਿਲੋਮੀਟਰ ਲੰਮੇ ਰੋਡ ਨੂੰ ਅਪਗ੍ਰੇਡ ਕਰਨ ਅਤੇ 10 ਮੀਟਰ ਤੱਕ ਚੌੜਾ ਕਰਨ ਦਾ ਫੈਸਲਾ ਕੀਤਾ ਗਿਆ। ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਮੰਤਰੀ ਮੰਡਲ ਨੇ ਸਥਾਨਕ ਸਿਵਲ ਹਸਪਤਾਲ ਨੂੰ ਸੁਪਰ ਸਪੈਸ਼ਲਟੀ ਸੰਸਥਾ ਵਜੋਂ ਅਪਗ੍ਰੇਡ ਕਰਨ ਦੇ ਪ੍ਰਸਤਾਵ ਨੂੰ ਵੀ ਹਰੀ ਝੰਡੀ ਦੇ ਦਿੱਤੀ। ਇਸ ਦੇ ਨਾਲ ਹੀ ਗੁਰਦੁਆਰਾ ਸੰਤ ਘਾਟ ਤੋਂ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ਨਾਲ ਸੰਪਰਕ ਲਈ ਇੱਕ ਕਿਲੋਮੀਟਰ ਨਵਾਂ ਰੋਡ ਬਣਾਉਣ ਲਈ 1.24 ਕਰੋੜ ਰੁਪਏ ਨੂੰ ਪ੍ਰਵਾਨਗੀ ਦਿੱਤੀ।

ਮੁੱਖ ਮੰਤਰੀ ਨੇ ਵੱਖ-ਵੱਖ ਵਿਕਾਸ ਕਾਰਜਾਂ ‘ਚ ਜੁਟੀਆਂ ਏਜੰਸੀਆਂ ਨੂੰ ਨਿਰਧਾਰਤ ਸਮੇਂ ਵਿੱਚ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨਾਂ ਡਿਪਟੀ ਕਮਿਸ਼ਨਰ ਨੂੰ ਵੀ ਮਿੱਥੇ ਸਮੇਂ ਵਿੱਚ ਵਿਕਾਸ ਕਾਰਜ ਨੇਪਰੇ ਚਾੜਣ ਲਈ ਸਾਰੇ ਸਬੰਧਤ ਅਧਿਕਾਰੀਆਂ ਨਾਲ ਨਿਰੰਤਰ ਮੀਟਿੰਗਾਂ ਕਰਨ ਦੇ ਹੁਕਮ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਵੀ ਚੱਲ ਰਹੇ ਵਿਕਾਸ ਕਾਰਜਾਂ ਅਤੇ ਟ੍ਰੈਫਿਕ ਵਿਵਸਥਾ ਦੇ ਪ੍ਰੋਜੈਕਟਾਂ ਦਾ ਨਿਰੰਤਰ ਆਧਾਰ ‘ਤੇ ਜਾਇਜ਼ਾ ਲੈਣ ਲਈ ਆਖਿਆ।

ਇਹ ਵੀ ਪੜ੍ਹੋ : ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਹਮਲੇ ਸਬੰਧੀ ਖੇਤੀਬਾੜੀ ਮੰਤਰੀ ਨੇ ਕੀਤਾ ਦੌਰਾ

ਮੁੱਖ ਮੰਤਰੀ ਨੇ ਪਾਵਰਕੌਮ ਦੇ ਚੇਅਰਮੈਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਸਕੱਤਰ ਨੂੰ ਪ੍ਰਕਾਸ਼ ਪੁਰਬ ਮੌਕੇ ਲਏ ਜਾਣ ਵਾਲੇ ਲੰਗਰ ਨੂੰ ਬਿਜਲੀ ਅਤੇ ਪਾਣੀ ਦੀ ਵਸੂਲੀ ਤੋਂ ਛੋਟ ਦੇਣ ਲਈ ਢੰਗ-ਤਰੀਕੇ ਤਲਾਸ਼ਣ ਦੇ ਹੁਕਮ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਸੱਭਿਆਚਾਰਕ ਮਾਮਲੇ ਮੰਤਰੀ ਨੂੰ ਪ੍ਰਕਾਸ਼ ਪੁਰਬ ਮੌਕੇ 550 ਸਿੱਖਾਂ/ਨਾਨਕ ਨਾਮ ਲੇਵਾ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਲਈ ਇਕ ਕਮੇਟੀ ਦਾ ਗਠਨ ਕਰਨ ਲਈ ਆਖਿਆ। (Amarinder Singh)

ਇਸ ਤੋਂ ਪਹਿਲਾਂ ਸੱਭਿਆਚਾਰਕ ਮਾਮਲਿਆਂ ਅਤੇ ਸੈਰ-ਸਪਾਟਾ ਵਿਭਾਗ ਦੇ ਪ੍ਰਮੁਖ ਸਕੱਤਰ ਨੇ ਆਪਣੀ ਪੇਸ਼ਕਾਰੀ ਰਾਹੀਂ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਪਵਿੱਤਰ ਨਗਰ ਵਿੱਚ ਤਿੰਨ ਵੱਖ-ਵੱਖ ਥਾਵਾਂ ਗੁਰਦੁਆਰਾ ਬੇਰ ਸਾਹਿਬ ਨੇੜੇ, ਲੋਹੀਆਂ ਰੋਡ ‘ਤੇ ਅਤੇ ਸੁਲਤਾਨਪੁਰ ਲੋਧੀ-ਕਪੁਰਥਲਾ ਰੋਡ ‘ਤੇ ਸੰਗਤਾਂ ਦੇ ਰਹਿਣ ਵਾਸਤੇ ਟੈਂਟ ਸਿਟੀ ਸਥਾਪਤ ਕੀਤੀ ਜਾ ਰਹੀ ਹੈ। ਇਹ ਟੈਂਟ ਸਿਟੀ 277 ਏਕੜ ਵਿੱਚ ਸਥਾਪਤ ਕੀਤੀ ਜਾ ਰਹੀ ਹੈ ਜਿੱਥੇ 30 ਹਜ਼ਾਰ ਸੰਗਤਾਂ ਅਤੇ 5000 ਕਰਮਚਾਰੀਆਂ ਦੇ ਰਹਿਣ ਦੀ ਸਮਰੱਥਾ ਹੋਵੇਗੀ।

ਨੇਹਾ ਸ਼ੋਰੀ ਦੇ ਪਰਿਵਾਰ ਨੂੰ 31 ਲੱਖ ਰੁਪਏ ਦੇ ਵਿਸ਼ੇਸ਼ ਵਿੱਤੀ ਲਾਭ ਮਿਲਣਗੇ

ਪੰਜਾਬ ਮੰਤਰੀ ਮੰਡਲ ਨੇ ਅੱਜ ਵਿਸ਼ੇਸ਼ ਕੇਸ ਵਜੋਂ ਮ੍ਰਿਤਕ ਨੇਹਾ ਸ਼ੋਰੀ ਦੇ ਕਾਨੂੰਨੀ ਵਾਰਸਾਂ ਨੂੰ ਲਗਭਗ 31 ਲੱਖ ਰੁਪਏ ਦੇ ਵਿੱਤੀ ਲਾਭ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨੇਹਾ ਸ਼ੋਰੀ ਜ਼ੋਨਲ ਲਾਈਸੈਂਸਿੰਗ ਅਥਾਰਟੀ ਮੋਹਾਲੀ ਵਜੋਂ ਤਾਇਨਾਤ ਸੀ, ਜਿਸ ਦਾ 29 ਮਾਰਚ, 2019 ਨੂੰ ਡਿਊਟੀ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਬਾਰੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਮੰਤਰੀ ਮੰਡਲ ਨੇ ਲਿਆ ਤਾਂ ਕਿ ਮ੍ਰਿਤਕ ਅਧਿਕਾਰੀ ਦੇ ਪਰਿਵਾਰ ਨੂੰ ਆ ਰਹੀਆਂ ਦਰਪੇਸ਼ ਵਿੱਤੀ ਔਕੜਾਂ ਦੂਰ ਕੀਤੀਆਂ ਜਾ ਸਕਣ। (Amarinder Singh)