ਰੱਖੜ ਪੁੰਨਿਆ ਦੇ ਮੇਲੇ ‘ਚ ਸਿਆਸੀ ਦੂਸ਼ਣਬਾਜੀ ਰਹੀ ਭਾਰੂ

ਅਗਾਮੀ ਚੋਣਾਂ ਵਿੱਚ ਪੰਜਾਬ ਵਿਰੋਧੀਆਂ ਤੇ ਪੰਜਾਬ ਹਿਤੈਸ਼ੀਆਂ ਵਿਚਾਲੇ ਸਿੱਧੀ ਲੜਾਈ ਹੋਵੇਗੀ : ਬਾਦਲ

ਬਾਬਾ ਬਕਾਲਾ (ਅੰਮ੍ਰਿਤਸਰ)(ਰਾਜਨ ਮਾਨ) । ਬਾਬਾ ਬਕਾਲਾ (ਅੰਮ੍ਰਿਤਸਰ) ਰੱਖੜ੍ਹ ਪੁੰਨਿਆਂ ਦੇ ਮੇਲੇ ਤੇ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਅੱਜ ਇੱਥੇ ਰੈਲੀਆਂ ਕਰਕੇ ਇੱਕ ਦੂਸਰੇ ਤੇ ਭਾਰੀ ਦੂਸ਼ਣਬਾਜ਼ੀ ਕੀਤੀ ਗਈ। ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਅਗਾਮੀ ਚੋਣਾਂ ‘ਚ ਪੰਜਾਬ ਵਿਰੋਧੀਆਂ ਤੇ ਪੰਜਾਬ ਹਿਤੈਸ਼ੀਆਂ ਵਿਚਾਲੇ ਸਿੱਧੀ ਲੜਾਈ ਹੋਣ ਦੀ ਗੱਲ ਆਖੀ ਆਪ ਤੇ ਕਾਂਗਰਸ ਦੀਆਂ ਰੈਲੀਆਂ ਵਿੱਚ ਨਸ਼ਿਆਂ ਦਾ ਮੁੱਦਾ ਭਾਰੂ ਰਿਹਾ ਅਤੇ ਦੋਹਾਂ ਸਟੇਜ਼ਾਂ ਤੋਂ ਆਗੂਆਂ ਨੇ ਮਜੀਠੀਆ ਤੇ ਬਾਦਲਾਂ ਨੂੰ ਖੂਬ ਰਗੜੇ ਲਾਏ। ਆਪ ਆਗੂਆਂ ਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਮਜੀਠੀਹੈ ਨੂੰ ਕਥਿਤ ਤੌਰ ‘ਤੇ ਨਸ਼ੇ ਦਾ ਵੱਡਾ ਸਮਗਲਰ ਕਰਾਰ ਦਿੱਤਾ ਗਿਆ ।

ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਹਿਤੈਸ਼ੀ ਤੇ ਪੰਜਾਬ ਵਿਰੋਧੀ ਤਾਕਤਾਂ ਦਰਮਿਆਨ ਸਿੱਧੀ ਲੜਾਈ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਨਾਂ ਦੋਖੀ ਤਾਕਤਾਂ ਨੂੰ ਕਰਾਰੀ ਹਾਰ ਦੇਣ ਲਈ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਸੱਦਾ ਦਿੱਤਾ ਹੈ ਕਾਨਫਰੰਸ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਸੂਬੇ ਦੇ ਭਵਿੱਖ ਨੂੰ ਤੈਅ ਕਰਨਗੀਆਂ ਕਿਉਂਕਿ ਇਸ ਨੂੰ ਸੂਬੇ ਦੇ ਹਿਤੈਸ਼ੀਆਂ ਅਤੇ ਦੁਸ਼ਮਣਾਂ ਵਿਚਾਲੇ ਨਿਰਣਾਇਕ ਲੜਾਈ ਵਜੋਂ ਵੇਖਿਆ ਜਾਵੇਗਾ  ਉਨਾਂ ਕਿਹਾ ਕਿ ਜੇਕਰ ਸੂਬੇ ਦਾ ਹਿਤੈਸ਼ੀ ਅਕਾਲੀ-ਭਾਜਪਾ ਗਠਜੋੜ ਮੁੜ ਸੱਤਾ ਵਿਚ ਆਉਂਦਾ ਹੈ ਤਾਂ ਪੰਜਾਬ ਬੇਮਿਸਾਲ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇਗਾ ਪਰ ਜੇਕਰ ਆਪ ਅਤੇ ਕਾਂਗਰਸ ਦੇ ਰੂਪ ਵਿਚ ਪੰਜਾਬ ਵਿਰੋਧੀ ਤਾਕਤਾਂ ਸੱਤਾ ਵਿਚ ਆਉਂਦੀਆਂ ਹਨ ਤਾਂ ਪੰਜਾਬ ਬਰਬਾਦ ਹੋ ਜਾਵੇਗਾ ਉਨਾਂ ਕਿਹਾ ਕਿ ਲੋਕਾਂ ਨੂੰ ਇਸ ਵਾਰ ਵਧੇਰੇ ਸੁਚੇਤ ਰਹਿ ਕੇ ਆਪਣੇ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੀ ਭਲਾਈ ਲਈ ਵੋਟ ਪਾਉਣੀ ਪਵੇਗੀ ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸੂਬੇ ਤੋਂ ਉਸ ਦਾ ਪਾਣੀ ਖੋਹਣ ਲਈ ਐਸ.ਵਾਈ.ਐਲ ਨਹਿਰ ਖੋਦਣ ਦੀ ਸਾਜ਼ਿਸ਼ ਰਚੀ ਉਨਾਂ ਕਿਹਾ ਕਿ ਜਿੱਥੇ ਇਕ ਪਾਸੇ ਕਾਂਗਰਸ ਦੀ ਸਰਕਾਰ ਨੇ ਇਸ ਨਹਿਰ ਨੂੰ ਖੋਦਣ ਦੀ ਸਾਜ਼ਿਸ਼ ਰਚੀ ਅਤੇ ਉਨਾਂ ਦੀ ਪ੍ਰਧਾਨ ਮੰਤਰੀ ਇਸ ਦਾ ਨੀਂਹ ਪੱਥਰ ਰੱਖਣ ਲਈ ਆਈ, ਉਸ ਦੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਯੋਧਿਆਂ ਨੇ ਇਸ ਨਹਿਰ ਦਾ ਡਟ ਕੇ ਵਿਰੋਧ ਕੀਤਾ

ਪੰਜਾਬ ਦੇ ਥਾਣਿਆਂ ‘ਚ ਹੁੰਦੀ ਹੈ ਨਸ਼ਿਆਂ ਦੀ ਵਿਕਰੀ : ਅਮਰਿੰਦਰ ਸਿੰਘ

ਬਾਬਾ ਬਕਾਲਾ (ਅੰਮ੍ਰਿਤਸਰ)  ਕਾਂਗਰਸ ਪਾਰਟੀ ਦੀ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਬਾਅਦ ਮਜੀਠੀਏ ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕੇ ਨਸ਼ਿਆ ਦਾ ਵੱਡਾ ਸਮੱਗਲਰ ਬਿਕਰਮ ਸਿੰਘ ਮਜੀਠੀਆ ਹੈ ਅਤੇ ਪੰਜਾਬ ਦੇ ਥਾਣਿਆਂ ਵਿੱਚ ਨਸ਼ਾ ਦੀ ਵਿਕਰੀ ਹੁੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਡੀ ਸਮੱਸਿਆ ਨਸ਼ਿਆ ਦੀ ਹੈ  ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਸਿਰਫ ਚਾਰ ਹਫਤੇ ਵਿੱਚ ਨਸ਼ੇ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾਕੇ ਕੋਈ ਵੀ ਸਰਕਾਰ ਕਿਸੇ ਕੰਮ ਨੂੰ ਕਰਨਾ ਚਾਹੁੰਦੀ ਹੋਵੇ ਤਾਂ ਉਸ ਤੇ ਸਮਾਂ ਨਹੀਂ ਲੱਗਦਾ। ਉਨ੍ਹਾਂ ਕਿਹਾ ਕੇ ਚੰਗੇ ਇਮਾਨਦਾਰ ਅਫਸਰਾਂ ਦੀ ਟੀਮ ਬਣਾਕੇ ਨਸ਼ੇ ਦੇ ਸਮੱਗਲਰਾਂ ਨੂੰ ਅੰਦਰ ਕੀਤਾ ਜਾਵੇਗਾ। ਉਨ੍ਹਾਂ ਕਿਹਾਕੇ ਅੰਮ੍ਰਿਤਸਰ ਵਿੱਚ ਮਕਬੂਲਪੁਰਾ ਇੱਕ ਅਜਿਹਾ ਇਲਾਕਾ ਹੈ ਜਿਥੇ ਘਰ ਦਾ ਕੋਈ ਵੀ ਮਰਦ ਜਿੰਦਾ ਨਹੀਂ ਹੈ। ਉਨ੍ਹਾਂ ਕਿਹਾਕੇ ਪੰਜਾਬ ਦਾ ਕੋਈ ਵੀ ਅਜਿਹਾ ਪਿੰਡ ਨਹੀਂ ਜਿਥੇ ਅਕਾਲੀ ਭਾਜਪਾ ਸਰਕਾਰ ਨੇ ਝੂਠਾ ਪਰਚਾ ਦਰਜ ਨਾ ਕੀਤਾ ਹੋਵੇ ।

ਪੰਜਾਬ ਕਾਂਗਰਸ ਦੀ ਇੰਚਾਰਜ ਸ੍ਰੀਮਤੀ ਆਸਾ ਕੁਮਾਰੀ ਨੇ ਸੰਖੇਪ ਭਾਸਨ ਵਿੱਚ ਕਿਹਾ ਕਿ ਕਿਸੇ ਸਮੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅੱਜ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਉਜਾੜਕੇ ਰੱਖ ਦਿੱਤਾ ਹੈ ਅਤੇ ਹੁਣ ਨਸ਼ੇ ਦਾ ਪੰਜਾਬ ਬਣ ਗਿਆ ਹੈ। ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੇ ਜਨਤਾ ਦਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਪੰਜਾਬ ਕਾਂਗਰਸ ਕੰਪੇਨ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਅੰਬਿਕਾ ਸੋਨੀ ਨੇ ਕਿਹਾ ਕਿ ਜੋ ਲੋਕ ਦਿੱਲੀ ਵਿੱਚ ਸਰਕਾਰ ਨਹੀਂ ਚਲਾ ਸਕੇ ਉਹ ਕਰਜਈ ਪੰਜਾਬ ਨੂੰ ਕਿਸ ਤਰ੍ਹਾਂ ਚਲਾ ਲੈਣਗੇ। ਪੰਜਾਬ ਵਿੱਚ ਮੌਜੂਦ ਸਰਕਾਰ ਵੱਲੋ ਸਰਕਾਰੀ ਬਿਲਡਿੰਗਾ ਅਤੇ ਜਾਇਦਾਦਾ ਗਹਿਣੇ ਰੱਖੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾਕੇ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੇ ਸਭ ਤੋਂ ਪਹਿਲਾ ਨਸਿਆ ਦਾ ਸਫਾਇਆ ਕੀਤਾ ਜਾਵੇਗਾ। ਕਿਸਾਨਾ ਦੀ ਕਰਜਾ ਮੁਆਫੀ  ਤੇ ਹੋਰ ਸਕੀਮਾ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਇਸ ਐਪ ਨਾਲ ਹੁਣ ਸਕਿੰਟਾਂ ’ਚ ਡਾਊਨਲੋਡ ਹੋਣਗੀਆਂ ਸ਼ਾਰਟ ਵੀਡੀਓਜ਼

ਰਾਜ ਸਭਾ ਮੈਬਰ ਅਤੇ ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ  ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਸਾਲੇ, ਭਣਵੱਈਏ ਦੋਵਾਂ ਨੂੰ ਕਾਬੂ ਕੀਤਾ ਜਾਵੇਗਾ ਜੇਕਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਾ ਹੋਈ ਤਾਂ ਸਭ ਤੋਂ ਪਹਿਲਾ ਉਹ ਆਪਣੇ ਸਾਰੇ ਅਹੁਦਿਆ ਤੋਂ ਅਸਤੀਫਾ ਦੇਣਗੇ। ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਨੇ 114000 ਕਰੋੜ ਰੁਪਏ ਵਪਾਰੀਆਂ ਦੇ ਕਰਜਾ ਦਾ ਮਾਫ ਕਰ ਦਿੱਤਾ ਹੈ ਪਰ  ਕਿਸਾਨੀ ਨਾਲ ਸਬੰਧਿਤ 60000 ਕਰੋੜ ਦਾ ਕਰਜਾ ਮਾਫ ਨਹੀਂ ਕੀਤਾ। ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੇ ਕਿਸੇ ਵੀ ਕਿਸਾਨ ਦੀ ਜਮੀਨ ਦੀ ਨਿਲਾਮੀ ਨਹੀਂ ਹੋ ਸਕੇਗੀ। ਇਸ ਮੌਕੇ ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਸੰਬੋਧਨ ਕੀਤਾ ।

ਨੌਜਵਾਨਾਂ ਨੂੰ ਹੱਕਾਂ ਦੀ ਥਾਂ ਮਿਲ ਰਹੀਆਂ ਡਾਂਗਾ : ਭਗਵੰਤ ਮਾਨ

ਬਾਬਾ ਬਕਾਲਾ (ਅੰਮ੍ਰਿਤਸਰ)  ਆਮ ਆਦਮੀ ਪਾਰਟੀ ਦੀ ਭਰਵੀਂ ਰੈਲੀ ਵਿੱਚ ਵੱਖ ਵੱਖ ਬੁਲਾਰਿਆਂ ਨੇ ਨਸ਼ਿਆਂ ਦੇ ਮੁੱਦੇ ਤੇ ਅਕਾਲੀ ਸਰਕਾਰ ਤੇ ਮਜੀਠੀਆ ਨੂੰ ਜੰਮਕੇ ਰਗੜੇ ਲਾਏ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਕਾਲੀਆਂ ਦੀ ਤੱਕੜੀ ਸਮੈਕ ਤੋਲਦੀ ਹੈ।ਉਹਨਾਂ ਕਿਹਾ ਕਿ ਬਾਦਲ ਤੇ ਮਜੀਠੀਆ ਪਰਿਵਾਰਾਂ ਨੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੋਵੇਂ ਹੀ ਤਬਾਹ ਕਰ ਦਿੱਤੇ ਹਨ। ਮਾਨ ਨੇ ਕਿਹਾ ਕਿ ਅੱਜ ਅਕਾਲੀ ਭਾਜਪਾ ਸਰਕਾਰ ਦੀਆਂ ਮਾੜੀਆਂ ਸੋਚਾਂ ਕਾਰਨ ਹੀ ਨੌਜਵਾਨ ਧੱਕੇ ਖਾ ਰਹੇ ਹਨ ਅਤੇ ਇਹਨਾਂ ਨੂੰ ਹੱਕ ਦੇਣ ਦੀ ਥਾਂ ਡਾਂਗਾਂ ਮਾਰੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਅੱਜ ਤੋਂ ਬਾਦਲਾਂ ਤੇ ਮਜੀਠੀਆ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇੱਕ 24 ਘੰਟੇ ਨਸ਼ਾ ਵਿਰੋਧੀ ਟੋਲ ਫ੍ਰੀ ਨੰਬਰ ਸ਼ੁਰੂ ਕੀਤਾ ਜਾਵੇਗਾ, ਜਿਸ ਰਾਹੀਂ ਲੋਕ ਨਸ਼ਾ ਵਪਾਰੀਆਂ ਦਾ ਸਟਿੰਗ ਕਰਕੇ ਸਰਕਾਰ ਨੂੰ ਰਿਪੋਰਟ ਕਰ ਸਕਣਗੇ।

ਇਸ ਮੌਕੇ ਤੇ ਬੋਲਦਿਆਂ ਆਪ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਇੱਕੋ ਥਾਲੀ ਦੇ ਚੱਟੇ ਵੱਟੇ ਹਨ ਅਤੇ ਇਹਨਾਂ ਦੋਹਾਂ ਨੇ ਹੀ ਹੁਣ ਤੱਕ ਪੰਜਾਬ ਨੂੰ ਲੁੱਟਿਆ ਹੈ। ਆਪ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਾਦਲਾਂ ਨੇ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੂੰ ਅੱਗ ਦੀ ਭੱਠੀ ਵਿੱਚ ਝੋਕਕੇ ਪੰਜਾਬੀ ਪੁੱਤ ਮਰਵਾ ਦਿੱਤੇ ਸਨ ਅਤੇ ਆਪਣੇ ਬੱਚੇ ਵਿਦੇਸ਼ਾਂ ਵਿੱਚ ਭੇਜ ਦਿੱਤੇ। ਕੈਪਟਨ ਅਰਿੰਦਰ ਸਿੰਘ ‘ਤੇ ਹੱਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਘਰੋਂ ਚੱਲਣ ਤੋਂ ਪਹਿਲਾਂ ਪੰਜਾਬ ਦਾ ਤਾਪਮਾਨ ਪੁੱਛਦੇ ਹਨ,  ਜੇਕਰ ਠੰਢਾ ਹੈ ਤਾਂ ਨਿਕਲਦੇ ਹਨ। ਉਹਨਾਂ ਕਿਹਾ ਕਿ ਅਜਿਹਾ ਆਗੂ ਪੰਜਾਬ ਦੇ ਲੋਕਾਂ ਦਾ ਕੀ ਭਲਾ ਕਰ ਸਕਦਾ ਹੈ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਘੁੱਗੀ ਆਦਿ ਨੇ ਵੀ ਸੰਬੋਧਨ ਕੀਤਾ।