– ‘ਇੰਸਾਂ’ ਵੱਲੋਂ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ 120 ਯੂਨਿਟ ਖੂਨਦਾਨ
– ਬਲੱਡ ਬੈਂਕ ਅਧਿਕਾਰੀਆਂ ਨੇ ਖੂਨ ਦੀ ਘਾਟ ਨੂੰ ਪੂਰਾ ਕਰਨ ‘ਚ ਡੇਰਾ ਸ਼ਰਧਾਲੂਆਂ ਦੀ ਮੋਹਰੀ ਭੁਮਿਕਾ ਨੂੰ ਸਲਾਹਿਆ
ਬਰਨਾਲਾ, ਜਸਵੀਰ ਸਿੰਘ। ਕੋਵਿਡ- 19 ਕਾਰਨ ਬਲੱਡ ਬੈਂਕਾਂ ‘ਚ ਆਈ ਕਮੀ ਨੂੰ ਪੂਰਾ ਕਰਨ ਲਈ ਡੇਰਾ ਸੱਚਾ ਸੌਦਾ ਸਿਰਸਾ ਦੀ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਸਥਾਨਕ ਸਿਵਲ ਹਸਪਤਾਲ ਦੀ ਬਲੱਡ ਬੈਂਕ ‘ਚ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਬਲੱਡ ਬੈਂਕ ਨੇ ਡੇਰਾ ਸ਼ਰਧਾਲੂਆਂ ਦਾ 120 ਯੂਨਿਟ ਖੂਨ ਇਕੱਤਰ ਕਰਦਿਆਂ ਹੋਰ ਖੂਨ ਲੈਣ ਤੋਂ ਅਸਮਰੱਥਾ ਜਤਾਈ ਜਿਸ ਕਾਰਨ 40 ਦੇ ਕਰੀਬ ਡੇਰਾ ਵਲੰਟੀਅਰ ਆਪਣਾ ਖੂਨ ਦਾਨ ਨਾ ਕਰ ਸਕਣ ਕਾਰਨ ਨਿਰਾਸ ਮੁੜੇ। Donating Blood
ਇਸ ਸਬੰਧੀ ਕੈਂਪ ਪ੍ਰਬੰਧਕ ਬਲਾਕ ਬਰਨਾਲਾ/ ਧਨੌਲਾ ਦੇ ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਠੇਕੇਦਾਰ ਤੇ ਬਲਾਕ ਮਹਿਲ ਕਲਾਂ ਦੇ ਬਲਾਕ ਭੰਗੀਦਾਸ ਹਜ਼ੂਰਾ ਸਿੰਘ ਇੰਸਾਂ ਵਜੀਦਕੇ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਵਿਸ਼ੇਸ਼ ਸਹਿਯੋਗ ਸਦਕਾ ਵਿਸ਼ਵ ਥੈਲੇਸੀਮੀਆ ਦਿਵਸ ਨੂੰ ਸਰਮਪਿਤ ਸਥਾਨਕ ਸਿਵਲ ਹਸਪਤਾਲ ਦੀ ਬਲੱਡ ਬੈਂਕ ‘ਚ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ‘ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਨੇ ਬਲਾਕ ਤਹਿਤ ਪੁੱਜ ਕੇ ਸ਼ੋਸਲ ਡਿਸਟੈਂਸ ਤੇ ਸਿਹਤ ਵਿਭਾਗ ਦੁਆਰਾ ਜ਼ਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਨਵਤਾ ਭਲਾਈ ਲਈ ਆਪਣਾ ਖੂਨ ਦਾਨ ਕਰਕੇ ਸੱਚੇ ਇੰਸਾਂ ਹੋਣ ਦਾ ਸਬੂਤ ਦਿੱਤਾ।
ਉਨ੍ਹਾਂ ਦੱਸਿਆ ਕਿ ਤਿੰਨ ਦਿਨ ਚੱਲੇ ਇਸ ਕੈਂਪ ਦੌਰਾਨ ਕੁੱਲ 120 ਯੂਨਿਟ ਖੂਨ ਬਲੱਡ ਬੈਂਕ ਵੱਲੋਂ ਇਕੱਤਰ ਕੀਤਾ ਗਿਆ ਹੈ। ਜਿਸ ‘ਚ ਬਲਾਕ ਬਰਨਾਲਾ/ ਧਨੌਲਾ ਦੇ ਵਲੰਟੀਅਰਾਂ ਵੱਲੋਂ 45 ਯੂਨਿਟ, ਬਲਾਕ ਤਪਾ/ਭਦੌੜ ਦੇ ਵਲੰਟੀਅਰਾਂ ਵੱਲੋਂ 50 ਯੂਨਿਟ ਜਦਕਿ ਬਲਾਕ ਮਹਿਲ ਕਲਾਂ ਦੇ ਵਲੰਟੀਅਰਾਂ ਵੱਲੋਂ 25 ਯੂਨਿਟ ਖੂਨ ਦਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲੱਡ ਬੈਂਕ ਦੁਆਰਾ ਉਨ੍ਹਾਂ ਪਾਸੋਂ ਸਿਰਫ਼ 100 ਯੂਨਿਟ ਦੀ ਮੰਗ ਕੀਤੀ ਗਈ ਸੀ ਪਰ ਨਿਰਾਸ਼ ਮੁੜ ਰਹੇ ਖੂਨਦਾਨੀਆਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਤੇ ਪ੍ਰਬੰਧਕਾਂ ਦੁਆਰਾ ਜ਼ੋਰ ਪਾਏ ਜਾਣ ‘ਤੇ ਬੈਂਕ ਅਧਿਕਾਰੀਆਂ ਵੱਲੋਂ 20 ਯੂਨਿਟ ਖੂਨ ਹੋਰ ਇਕੱਤਰ ਕੀਤਾ ਗਿਆ। ਅੰਤ ‘ਚ ਬਲੱਡ ਬੈਂਕ ਦੇ ਇੰਚਾਰਜ਼ ਡਾ. ਹਰਜਿੰਦਰ ਕੌਰ ਦੁਆਰਾ ਖੂਨ ਦਾਨ ‘ਚ ਖੇਤਰ ‘ਚ ਡੇਰਾ ਸੱਚਾ ਸੌਦਾ ਸਿਰਸਾ ਦੇ ‘ਪ੍ਰਸੰਸਾ ਯੋਗ ਯੋਗਦਾਨ’ ਬਦਲੇ ਇੱਕ ਸਰਟੀਫਿਕੇਟ ਵੀ ਸਥਾਨਕ ਜਿੰਮੇਵਾਰਾਂ ਨੂੰ ਦਿੱਤਾ।
ਬਲੱਡ ਬੈਂਕ ਚੋਂ 40 ਖੂਨਦਾਨੀ ਮੁੜੇ ਨਿਰਾਸ਼
ਖੂਨ ਦਾਨ ਨਾ ਕਰ ਸਕਣ ਤੋਂ ਨਿਰਾਸ਼ ਮਨਪ੍ਰੀਤ ਸਿੰਘ ਧਨੇਰ, ਗੁਰਮੁਖ ਕਲਾਲ ਮਾਜਰਾ, ਗੁਰਬਚਨ ਸਿੰਘ ਦੀਵਾਨਾ, ਪਰਵਿੰਦਰ ਕੁਮਾਰ, ਗੁਰਜਿੰਦਰ ਕੌਰ, ਨਵਿੰਦਰ ਕੌਰ ਮਹਿਲ ਕਲਾਂ, ਜਰਨੈਲ ਕੌਰ, ਬਲਜੀਤ ਕੌਰ ਮੂੰਮ, ਅਨੁਰੀਤ ਕੌਰ ਧਨੇਰ ਆਦਿ ਖੂਨਦਾਨੀਆਂ ਨੇ ਕਿਹਾ ਕਿ ਉਹ ਪੂਰੀ ਭਾਵਨਾ ਨਾਲ ਖੂਨ ਦਾਨ ਕਰਨ ਆਏ ਸਨ ਪਰ ਬਲੱਡ ਬੈਂਕ ਅਧਿਕਾਰੀ ਹੋਰ ਖੂਨ ਲੈਣ ਤੋਂ ਅਸਮਰੱਥਾ ਜਾਹਰ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਬਿਨਾਂ ਖੂਨ ਦਾਨ ਕੀਤੇ ਹੀ ਮੁੜਨਾ ਪੈ ਰਿਹਾ ਹੈ।
ਖੂਨ ਦਾਨ ‘ਚ ਡੇਰਾ ਸ਼ਰਧਾਲੂਆਂ ਦੀ ਭੂਮਿਕਾ ਸ਼ਲਾਘਾਯੋਗ
ਬਲੱਡ ਬੈਂਕ ਦੇ ਇੰਚਾਰਜ਼ ਡਾ. ਹਰਜਿੰਦਰ ਕੌਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂਆਂ ਨੇ ਕੋਵਿਡ- 19 ਸਦਕਾ ਬਲੱਡ ਬੈਂਕ ‘ਚ ਆਈ ਖੂਨ ਦੀ ਘਾਟ ਨੂੰ ਪੂਰਾ ਕਰਨ ‘ਚ ਮੋਹਰੀ ਭੂਮਿਕਾ ਨਿਭਾਈ ਹੈ ਜੋ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਪਾਸੋਂ 100 ਯੂਨਿਟ ਖੂਨ ਦੀ ਮੰਗ ਕੀਤੀ ਗਈ ਸੀ ਪਰ ਖੂਨਦਾਨੀਆਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਉਨ੍ਹਾਂ ਨੇ ਕੁੱਲ 120 ਯੂਨਿਟ ਖੂਨ ਇਕੱਤਰ ਕੀਤਾ ਹੈ। ਉਨ੍ਹਾਂ ਡੇਰਾ ਸ਼ਰਧਾਲੂ ਵਲੰਟੀਅਰਾਂ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਔਖ ਦੀ ਘੜੀ ‘ਚ ਕਿਸੇ ਦੇ ਕੰਮ ਆਉਣਾ ਹੀ ਅਸਲ ‘ਚ ਸੱਚੇ ‘ਇੰਸਾਂ’ ਦੀ ਨਿਸ਼ਾਨੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।