ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News World No Toba...

    World No Tobacco Day 2025: ਜਵਾਨੀ ਅਤੇ ਤੰਬਾਕੂ : ਜਾਗਰੂਕਤਾ ਹੀ ਬਚਾਅ ਦਾ ਰਾਹ

    World No Tobacco Day 2025
    World No Tobacco Day 2025: ਜਵਾਨੀ ਅਤੇ ਤੰਬਾਕੂ : ਜਾਗਰੂਕਤਾ ਹੀ ਬਚਾਅ ਦਾ ਰਾਹ

    ਤੰਬਾਕੂ ਰਹਿਤ ਦਿਵਸ ’ਤੇੇ ਵਿਸ਼ੇਸ਼ | World No Tobacco Day 2025

    World No Tobacco Day 2025: ਤੰਬਾਕੂ ਉਦਯੋਗਾਂ ਦਾ ਨਿਸ਼ਾਨਾ ਨੌਜਵਾਨ ਤੇ ਛੋਟੀ ਉਮਰ ਦੇ ਬੱਚੇ ਹਨ, ਤੰਬਾਕੂ ਕੰਪਨੀਆਂ ਬੱਚਿਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਬਜ਼ਾਰਾਂ ਵਿੱਚ ਅਨੇਕਾਂ ਤਰ੍ਹਾਂ ਦੇ ਰੰਗ-ਬਰੰਗੇ ਅਤੇ ਖੁਸ਼ਬੂਦਾਰ ਉਤਪਾਦ ਭੇਜ ਰਹੀਆਂ ਹਨ, ਇਨ੍ਹਾਂ ਕੰਪਨੀਆਂ ਦੀਆਂ ਚਾਲਾਂ ਨੂੰ ਬੇਨਕਾਬ ਕਰਕੇ, ਆਉਣ ਵਾਲੀ ਪੀੜ੍ਹੀ ਨੂੰ ਤੰਬਾਕੂ ਉਤਪਾਦਾਂ ਤੋਂ ਦੂਰ ਰੱਖਣਾ ਇੱਕ ਬਹੁਤ ਵੱਡੀ ਚੁਣੌਤੀ ਹੈ।ਤੰਬਾਕੂ ਨੂੰ ਹੌਲੀ ਰਫ਼ਤਾਰ ਵਾਲਾ ਜ਼ਹਿਰ ਕਿਹਾ ਜਾਂਦਾ ਹੈ ਕਿਉਂਕਿ ਇਹ ਸਮੇਂ ਤੋਂ ਪਹਿਲਾਂ ਮੌਤ ਵੱਲ ਧੱਕਦਾ ਹੈ। ਵਿਸ਼ਵ ਪੱਧਰ ’ਤੇ 13-15 ਸਾਲ ਦੀ ਉਮਰ ਦੇ ਕਰੀਬ 37 ਮਿਲੀਅਨ ਬੱਚੇ ਤੰਬਾਕੂ ਦੀ ਵਰਤੋਂ ਕਰਦੇ ਹਨ। ਭਾਰਤ ਵਿੱਚ ਹਰ ਸਾਲ ਤੰਬਾਕੂ ਦੀ ਵਰਤੋਂ ਨਾਲ 1.3 ਮਿਲੀਅਨ ਮੌਤਾਂ ਹੁੰਦੀਆਂ ਹਨ ਜੋ ਕਿ ਪ੍ਰਤੀ ਦਿਨ 3500 ਮੌਤਾਂ ਹਨ, ਜਿਸ ਨਾਲ ਬਹੁਤ ਸਾਰੇ ਸਮਾਜਿਕ-ਆਰਥਿਕ ਬੋਝ ਪੈਂਦੇ ਹਨ।

    ਇਹ ਖਬਰ ਵੀ ਪੜ੍ਹੋ : Mock Drill Punjab: ਪਟਿਆਲਾ ਦੇ ਪੋਲੋ ਗਰਾਊਂਡ ਵਿਖੇ “ਓਪਰੇਸ਼ਨ ਸ਼ੀਲਡ” ਤਹਿਤ ਹੋਵੇਗੀ ਦੂਸਰੀ ਮੌਕ ਡਰਿੱ…

    ਮੌਤ ਅਤੇ ਬਿਮਾਰੀਆਂ ਤੋਂ ਇਲਾਵਾ, ਤੰਬਾਕੂ ਦੇਸ਼ ਦੇ ਆਰਥਿਕ ਵਿਕਾਸ ਨੂੰ ਵੀ ਪ੍ਰਭਾਵਿਤ ਕਰਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਧਿਐਨ ਅਨੁਸਾਰ ਅਨੁਮਾਨ ਲਾਇਆ ਗਿਆ ਹੈ ਕਿ ਭਾਰਤ ਵਿੱਚ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਦਾ ਆਰਥਿਕ ਬੋਝ 1.77 ਲੱਖ ਕਰੋੜ ਰੁਪਏ ਹੈ, ਜੋ ਜੀਡੀਪੀ ਦਾ ਲਗਭਗ 1% ਹੈ। 2003 ਵਿੱਚ ਤੰਬਾਕੂ ਨਿਯੰਤਰਣ ਸੰਬੰਧੀ ਵਿਆਪਕ ਕਾਨੂੰਨ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ-ਕੋਪਟਾ-2003 ਲਿਆਂਦਾ ਗਿਆ, ਜਿਸ ਦਾ ਉਦੇਸ਼ ਜਨਤਕ ਥਾਵਾਂ ਅਤੇ ਸਥਾਨਾਂ ਨੂੰ ਤੰਬਾਕੂਨੋਸ਼ੀ ਰਹਿਤ ਕਰਨਾ ਹੈ ਅਤੇ ਤੰਬਾਕੂ ਦੇ ਇਸ਼ਤਿਹਾਰਾਂ ’ਤੇ ਪਾਬੰਦੀ ਹੈ। ਪਰ ਇਸ ਦੇ ਬਾਵਜ਼ੂਦ ਵੀ ਭਾਰੀ ਗਿਣਤੀ ਵਿੱਚ ਨੌਜਵਾਨਾਂ ਦਾ ਤੰਬਾਕੂ ਦੀ ਵਰਤੋਂ ਵੱਲ ਵਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ। World No Tobacco Day 2025

    ਸਾਡੇ ਸ਼ਹਿਰ ਦਾ ਸ਼ਾਇਦ ਹੀ ਕੋਈ ਮੁੱਖ ਚੌਂਕ, ਬੱਸ ਅੱਡਾ, ਰੇਲਵੇ ਸਟੇਸ਼ਨ ਜਾਂ ਕਚਹਿਰੀ ਰੋਡ ਹੋਵੇ ਜਿਸ ਦੇ ਨੇੜੇ ਕੋਈ ਤੰਬਾਕੂ ਉਤਪਾਦਾਂ ਦੀ ਧੜੱਲੇ ਨਾਲ ਵਿਕਰੀ ਕਰਦਾ ਖੋਖਾ ਜਾਂ ਫੜੀ ਵਗੈਰਾ ਨਾ ਹੋਵੇ, ਇਨ੍ਹਾਂ ਰਸਤਿਆਂ ਤੋਂ ਹੀ ਰੋਜ਼ਾਨਾ ਸਾਡੇ ਸਕੂਲ-ਕਾਲਜ, ਬਜ਼ਾਰ ਜਾਂਦੇ ਛੋਟੀ ਉਮਰ ਦੇ ਬੱਚੇ ਸੁਗੰਧ ਬਿਖੇਰਦੀਆਂ ਰੰਗ-ਬਰੰਗੀਆਂ ਤੰਬਾਕੂ ਦੀਆਂ ਪੁੜੀਆਂ ਅਤੇ ਸਿਗਰਟ ਪੀਂਦੇ-ਮੂੰਹ ਵਿੱਚੋਂ ਧੂਆਂ ਕੱਢਦੇ ਲੋਕਾਂ ਨੂੰ ਬੜੇ ਗੌਰ ਨਾਲ ਤੱਕਦੇ ਹਨ, ਤੰਬਾਕੂ ਉਦਯੋਗਾਂ ਦਾ ਨਿਸ਼ਾਨਾ ਵੀ ਇਹੀ ਨਵੀਂ ਪੀੜ੍ਹੀ ਹੈ, ਜਿਸ ਨੂੰ ਗ੍ਰਾਹਕ ਬਣਾਉਣ ਲਈ ਹਰ ਢੰਗ-ਤਰੀਕਾ ਅਖਤਿਆਰ ਕੀਤਾ ਜਾ ਰਿਹਾ ਹੈ। ਹਰੇਕ ਫਿਲਮ-ਸੀਰੀਜ਼ ਵਿੱਚ ਹਰ ਦੱਸ ਮਿੰਟਾਂ ਬਾਅਦ ਸਿਗਰਟ ਦਾ ਧੂੰਆਂ ਉਡਾਉਣ ਅਤੇ ਸ਼ਰਾਬ ਪੀਣ ਦਾ ਦਿ੍ਰਸ਼ ਸ਼ਾਮਲ ਕਰਨ ਪਿੱਛੇ ਵੀ ਕੋਈ ਵੱਡਾ ਹੱਥ ਹੀ ਲੱਗਦਾ ਜਾਪਦੈ, ਹੋਰ ਤਾਂ ਹੋਰ ਸਿਗਰਟ ਨੂੰ ਬਾਲ-ਪੈੱਨ ਵਿੱਚ ਸਿੱਕੇ ਦੀ ਜਗ੍ਹਾ ਬੰਦ ਕਰਕੇ ਛੋਟੀਆਂ ਦੁਕਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ। World No Tobacco Day 2025

    ਕਈ ਤੰਬਾਕੂ ਉਤਪਾਦ ਤਾਂ ਗ੍ਰਾਹਕਾਂ ਨੂੰ ਇਸ ਤਰ੍ਹਾਂ ਪਰੋਸੇ ਜਾ ਰਹੇ ਹਨ ਕਿ ਛਾਪੇਮਾਰੀ ਟੀਮ ਨੂੰ ਵੀ ਉਨ੍ਹਾਂ ਉਤਪਾਦਾਂ ਨੂੰ ਪਹਿਚਾਨਣਾ ਮੁਸ਼ਕਲ ਹੋ ਜਾਂਦਾ ਹੈ, ਪਰ ਆਮ ਲੋਕਾਂ ਦੀ ਜ਼ੁਬਾਨ ’ਤੇ ਤਾਂ ਇੱਕੋ ਸਵਾਲ ਹੈ ਕਿ ਸਰਕਾਰਾਂ ਤੰਬਾਕੂ ਕੰਪਨੀਆਂ ਕਿਉਂ ਨਹੀਂ ਬੰਦ ਕਰਦੀਆਂ? ਕਿਹਾ ਜਾਂਦਾ ਹੈ ਕਿ ਨਸ਼ਿਆਂ ਦੀ ਦੁਨੀਆਂ ਦੀ ਐਂਟਰੀ ਦੀ ਪਹਿਲੀ ਪੌੜੀ ਤੰਬਾਕੂ ਹੈ। ਪੰਜਾਬ ਨੂੰ ਤੰਬਾਕੂ ਰਹਿਤ ਸੂੂਬਾ ਬਣਾਉਣ ਲਈ ਸਰਕਾਰ, ਸਿਹਤ ਵਿਭਾਗ ਅਤੇ ਕਈ ਸਮਾਜਸੇਵੀ ਸੰਸਥਾਵਾਂ ਯਤਨਸ਼ੀਲ ਹਨ। ਪਰ ਪੰਜਾਬ ਵਿੱਚ ਤੰਬਾਕੂ ਦਾ ਪ੍ਰਯੋਗ ਕਰਨ ਦਾ ਰੁਝਾਨ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਤੰਬਾਕੂ ਦੇ ਹਾਨੀਕਾਰਕ ਪ੍ਰਭਾਵ ਅਤੇ ਤੰਬਾਕੂ ਤੋਂ ਬਚੇ ਰਹਿਣ ਲਈ ਜ਼ਰੂਰਤ ਉੱਤੇ ਜਿੰਨੀ ਗੰਭੀਰਤਾ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਸੀ ਉਨਾ ਨਹੀਂ ਦਿੱਤਾ ਜਾ ਰਿਹਾ। World No Tobacco Day 2025

    ਸੂਬੇ ਵਿੱਚ ਤੰਬਾਕੂ ਦੇ ਇਸਤੇਮਾਲ ਕਰਨ ਵਿਚ ਭਾਵੇਂ ਪੁਰਸ਼ਾਂ ਦੀ ਗਿਣਤੀ ਜ਼ਿਆਦਾ ਹੈ ਪਰ ਹੁਣ ਛੋਟੀ ਉਮਰ ਵਰਗ ਦੇ ਨੌਜਵਾਨਾਂ ਤੇ ਬੱਚਿਆਂ ਦਾ ਤੰਬਾਕੂ ਪ੍ਰਯੋਗ ਕਰਨਾ ਪੰਜਾਬ ਲਈ ਖਤਰੇ ਦੀ ਘੰਟੀ ਬਣਦਾ ਜਾ ਰਿਹਾ ਹੈ, ਹੁਣ ਤਾਂ ਕਈ ਜਗ੍ਹਾ ਤੰਬਾਕੂ ਉਤਪਾਦਾਂ ਦੀ ਵਿਕਰੀ ਖੁੱਲ੍ਹੇਆਮ ਹੋ ਰਹੀ ਹੈ, ਦੋ-ਪਹੀਆ ਵਾਹਨਾਂ ’ਤੇ ਤੰਬਾਕੂ ਉਤਪਾਦਾਂ ਦੇ ਥੈਲੇ ਭਰ-ਭਰ ਕੇ ਛੋਟੇ-ਛੋਟੇ ਪਿੰਡਾਂ ਤੇ ਮੁਹੱਲਿਆਂ ਤੱਕ ਸਪਲਾਈ ਕਰਨਾ ਹੁਣ ਆਮ ਜਿਹੀ ਗੱਲ ਨਜ਼ਰ ਆ ਰਹੀ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਸਪਲਾਈ ਵਿੱਚ ਅਜਿਹੇ ਤੰਬਾਕੂ ਉਤਪਾਦ ਸ਼ਾਮਿਲ ਹਨ ਜਿਨ੍ਹਾਂ ’ਤੇ ਕੋਈ ਚੇਤਾਵਨੀ ਵੀ ਪ੍ਰਦਰਸ਼ਿਤ ਨਹੀਂ ਕੀਤੀ ਗਈ। World No Tobacco Day 2025

    ਪਰ ਅਜਿਹੇ ਸਪਲਾਇਰਾਂ ਦੇ ਵਿਰੁੱਧ ਕਾਰਵਾਈ ਨਹੀਂ ਹੋ ਰਹੀ ਤਾਂ ਉਹ ਪੁਲਿਸ, ਟਰਾਂਸਪੋਰਟ ਵਿਭਾਗ, ਸਿਹਤ ਵਿਭਾਗ ਜਾਂ ਫੂਡ ਸੇਫਟੀ, ਸਥਾਨਕ ਸਰਕਾਰਾਂ ਅਤੇ ਨਾਪ-ਤੋਲ ਵਰਗੇ ਹੋਰ ਸਬੰਧਤ ਵਿਭਾਗਾਂ ਦੀ ਆਪਸੀ ਤਾਲਮੇਲ ਵਿੱਚ ਵੱਡੀ ਕਮੀ ਦਾ ਹੋਣਾ ਹੀ ਜਾਪਦਾ ਹੈ। ਵਧਾਈ ਦੇ ਪਾਤਰ ਹਨ ਉਹ ਪਿੰਡ-ਸ਼ਹਿਰ ਜਿਨ੍ਹਾਂ ਨੇ ਪੰਜਾਬ ਤੰਬਾਕੂ ਮੁਕਤ ਮੁਹਿੰਮ ’ਤੇ ਪਹਿਰਾ ਦਿੱਤਾ ਹੈ ਤੇ ਤੰਬਾਕੂ ਰਹਿਤ ਪਿੰਡ ਘੋਸ਼ਿਤ ਹੋ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਲੋੜ ਹੈ ਸਰਕਾਰੀ ਵਿਭਾਗਾਂ ’ਚ ਆਪਸੀ ਤਾਲਮੇਲ ਬਿਠਾਉਣ ਦੀ, ਸਟਾਫ ਨੂੰ ਵਿਸ਼ੇਸ਼ ਸਿਖਲਾਈ ਦੇਣ ਦੀ, ਤੰਬਾਕੂ ਸਟੋਰ ਕਰਨ, ਵੇਚਣ ਅਤੇ ਸਪਲਾਈ ਕਰਨ ਸਬੰਧੀ ਕਾਨੂੰਨ-ਨਿਯਮਾਂ ਵਿੱਚ ਸੋਧ ਕਰਨ ਦੀ। ਤੰਬਾਕੂ ਨਿਯੰਤਰਣ ਨੂੰ ਇੱਕ ਮਿਸ਼ਨ ਤੇ ਸਮਾਜਿਕ ਲਹਿਰ ਬਣਾਇਆ ਜਾਵੇ। World No Tobacco Day 2025

    ਸਮਰਪਿਤ ਯਤਨਾਂ ਤੇ ਲੋਕ ਜਾਗਰੂਕਤਾ ਮੁਹਿੰਮ ਤਹਿਤ ਸਾਡੇ ਬੱਚਿਆਂ ਨੂੰ ਅਜਿਹੀ ਤਾਲੀਮ ਦਿੱਤੀ ਜਾਵੇ ਕਿ ਉਹ ਤੰਬਾਕੂ ਉਦਪਾਦਾਂ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਨੂੰ ਭਲੀ-ਭਾਂਤ ਸਮਝ ਜਾਣ, ਚੰਗੇ-ਬੁਰੇ ਦੀ ਪਹਿਚਾਣ ਕਰ ਸਕਣ ਤੇ ਉਨ੍ਹਾਂ ਨੂੰ ਵਰਗਲਾਉਣ ਵਾਲੀਆਂ ਦੁਸ਼ਟ ਚਾਲਾਂ ਨੂੰ ਉਹ ਬੇਨਕਾਬ ਕਰ ਸਕਣ।ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ, ਚੰਗੇ ਰਾਹ ਪਾਉਣ ਲਈ ਬੱਸ ਚਾਹੀਦਾ ਹੈ ਤੁਹਾਡਾ ਸਾਥ, ਆਓ ਵੱਧ ਤੋਂ ਵੱਧ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰੀਏ ਤੇ ਆਉਣ ਵਾਲੀ ਪੀੜ੍ਹੀ ਨੂੰ ਤੰਬਾਕੂ ਮੁਕਤ ਬਣਾਈਏੇ। ਤੰਬਾਕੂ ਵਿੱਚ ਪਾਏ ਜਾਣ ਵਾਲੇ ਤੱਤ ਨਿਕੋਟੀਨ ਦੀ, ਨਸ਼ੇ ਦੀ ਲਤ ਲਾਉਣ ਦੀ ਸਮਰੱਥਾ ਅਫੀਮ ਜਾਂ ਕੋਕੀਨ ਤੋਂ ਜ਼ਿਆਦਾ ਹੈ ਜਿਸ ਕਾਰਨ ਲੋਕ ਇਸਦੇੇ ਆਦੀ ਹੋ ਜਾਂਦੇ ਹਨ ਅਤੇ ਫਿਰ ਉਹ ਹੋਰ ਤਰ੍ਹਾਂ-ਤਰ੍ਹਾਂ ਦੇ ਤੰਬਾਕੂ ਉਤਪਾਦਾਂ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ। ਨਿਕੋਟੀਨ ਦੀ ਵਰਤੋਂ ਤੰਬਾਕੂ ਵਿਚ ਕਈ ਤਰ੍ਹਾਂ ਇਸਤੇਮਾਲ ਕੀਤੀ ਜਾਂਦੀ ਹੈ। World No Tobacco Day 2025

    ਬੀੜੀ, ਸਿਗਰਟ, ਸਿਗਾਰ, ਚਿਲਮ, ਪਾਨ, ਜਰਦਾ-ਖੈਨੀ, ਗੁਟਖਾ ਤੰਬਾਕੂ ਉਤਪਾਦ ਆਮ ਪ੍ਰਯੋਗ ਦੇ ਤਰੀਕੇ ਹਨ। ਪਰ ਯਾਦ ਰੱਖੋ ਤੰਬਾਕੂ ਕੈਂਸਰ ਦਾ ਘਰ ਹੈ। ਤੰਬਾਕੂ ਛੱਡਿਆ ਜਾ ਸਕਦਾ ਹੈ- ਤੰਬਾਕੂ ਦਾ ਇਸਤੇਮਾਲ ਸਿਰਫ ਇੱਕ ਬੁਰੀ ਆਦਤ ਹੈ। ਤੰਬਾਕੂ ਛੱਡਣਾ ਸਿਰਫ ਇੱਛਾ ਸ਼ਕਤੀ ਦੀ ਗੱਲ ਹੈ, ਤੰਬਾਕੂ ਛੱਡਣਾ ਮੁਸ਼ਕਿਲ ਜ਼ਰੂਰ ਹੈ ਪਰ ਅਕਸਰ ਲੋਕ ਦੋ ਜਾਂ ਉਸ ਤੋਂ ਜਿਆਦਾ ਕੋਸ਼ਿਸ਼ਾਂ ਕਰਨ ’ਤੇ ਛੱਡਣ ਵਿੱਚ ਸਫਲ ਹੋ ਜਾਂਦੇ ਹਨ। ਇੱਕ ਝਟਕੇ ਨਾਲ ਛੱਡਣਾ ਜ਼ਿਆਦਾ ਪ੍ਰਭਾਵਸ਼ਾਲੀ ਤਰੀਕਾ ਹੈ। ਪ੍ਰਭਾਵਸ਼ਾਲੀ ਤਰੀਕਿਆਂ ਵਿੱਚ ਕਾਉਂਸਲਿੰਗ ਅਤੇ ਨਿਕੋਟਿਨ ਰਿਪਲੇਸਮਂੈਟ ਥੈਰੇਪੀ ਜਿਵੇਂ ਨਿਕੋਟੀਨ ਪੈਚ ਆਦਿ ਵੀ ਹਨ। ਤੰਬਾਕੂ ਛੱਡਣ ਦਾ ਅੱਜ ਹੀ ਕਰੋ ਤਹੱਈਆ ਅਤੇ ਆਪਣੇ ਨੇੜੇ ਦੇ ਸਿਹਤ ਕੇਂਦਰ/ਨਸ਼ਾ ਛੁਡਾਊ ਕੇਂਦਰ ਜਾਂ ਤੰਬਾਕੂ ਕੰਟਰੋਲ ਸੈੱਲ ਨਾਲ ਸੰਪਰਕ ਕਰੋ।

    ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ,
    ਸਿਹਤ ਵਿਭਾਗ, ਪੰਜਾਬ
    ਮੋ. 98146-56257
    ਡਾ. ਪ੍ਰਭਦੀਪ ਸਿੰਘ ਚਾਵਲਾ