ਗਾਇਕ ਬਰਾੜ ਦੇ ਹੱਕ ’ਚ ਆਇਆ ਯੂਥ ਅਕਾਲੀ ਦਲ

ਕਿਹਾ, ਅਮਿਤ ਸ਼ਾਹ ਦੀਆਂ ਹਦਾਇਤਾਂ ’ਤੇ ਹੋਈ ਕਾਰਵਾਈ

ਕਿਸਾਨਾਂ ਦੇ ਹੱਕ ’ਚ ਲਿਖਿਆ ਸੀ ਕਿਸਾਨ ਐਂਥਮ, ਦੂਸਰੇ ਗੀਤ ਤਾਂ ਸਿਰਫ਼ ਬਣਾਇਆ ਬਹਾਨਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਾਇਕ ਸ੍ਰੀ ਬਰਾੜ ਦੇ ਹੱਕ ਵਿੱਚ ਯੂਥ ਅਕਾਲੀ ਦਲ ਖੜ੍ਹ ਗਿਆ ਹੈ। ਉਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਗਾਇਕ ਸ੍ਰੀ ਬਰਾੜ ਦੀ ਗ੍ਰਿਫਤਾਰੀ ਅਮਿਤ ਸ਼ਾਹ ਦੀਆਂ ਹਦਾਇਤਾਂ ਤੋਂ ਬਾਅਦ ਕੀਤੀ ਗਈ ਹੈ, ਕਿਉਂਕਿ ਉਕਤ ਗਾਇਕ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ‘ਕਿਸਾਨ ਐਂਥਮ’ ਲਿਖਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਸੁਆਲ ਕੀਤਾ ਕਿ ਇੱਕ ਮਹੀਨਾ ਪਹਿਲਾਂ ਗਾਏ ਗੀਤ ਲਈ ਪੁਲਿਸ ਨੂੰ ਉਸਦੀ ਗ੍ਰਿਫਤਾਰੀ ਯਾਦ ਆ ਗਈ ਜਦਕਿ ਕਈ ਕਲਾਕਾਰ ਅਜਿਹੇ ਹਨ ਜਿਨ੍ਹਾਂ ਨੇ ਇਸ ਨਾਲੋਂ ਵੀ ਕਿਤੇ ਮਾੜਾ ਗਾਇਆ ਹੈ, ਪਰ ਉਨ੍ਹਾਂ ਨੂੰ ਪੁਲਿਸ ਵੱਲੋਂ ਹੱਥ ਵੀ ਨਹੀਂ ਲਾਇਆ ਗਿਆ।

ਜਾਣਕਾਰੀ ਅਨੁਸਾਰ ਅੱਜ ਯੂਥ ਅਕਾਲੀ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵੱਲੋਂ ਸ੍ਰੀ ਬਰਾੜ ਦੀ ਗ੍ਰਿਫਤਾਰੀ ਸਬੰਧੀ ਪਟਿਆਲਾ ਦੇ ਐਸਐਸਪੀ ਬਿਕਰਮ ਜੀਤ ਦੁੱਗਲ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਗਾਇਕ ਬਰਾੜ ਨਾਲ ਮਿਲਣ ਦੀ ਆਗਿਆ ਮੰਗੀ, ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਮਿਲਾਉਣ ਤੋਂ ਕੋਰਾ ਜਵਾਬ ਦੇ ਦਿੱਤਾ ਗਿਆ। ਪਰਮਬੰਸ ਰੋਮਾਣਾ ਨੇ ਕਿਹਾ ਕਿ ਗਾਇਕ ਬਰਾੜ ਨੂੰ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਹਦਾਇਤਾਂ ’ਤੇ ਗ੍ਰਿਫਤਾਰ ਕੀਤਾ ਤੇ ਉਸ ’ਤੇ ਤਸ਼ੱਦਦ ਢਾਹਿਆ ਕਿਉਂਕਿ ਉਸਨੇ ਕਿਸਾਨ ਐਂਥਮ ਲਿਖਿਆ ਹੈ। ਉਨ੍ਹਾਂ ਇਸ ਗ੍ਰਿਫਤਾਰੀ ਨੂੰ ਪੁਲਿਸ ਨਿਯਮਾਂ ਦੇ ਉਲਟ ਬਦਲਾਖੋਰੀ ਦੀ ਕਾਰਵਾਈ ਦੱਸਦਿਆਂ ਕਿਹਾ ਕਿ ਸ਼੍ਰੀ ਬਰਾੜ ਨੇ ਇੱਕ ਗੀਤ ਜੋ ਕਿ ਅਣਐਲਾਨਿਆ ਐਂਥਮ ਬਣ ਗਿਆ, ਲਿਖ ਕੇ ਕਿਸਾਨ ਅੰਦੋਲਨ ਨੂੰ ਵੱਡਾ ਹੁਲਾਰਾ ਦਿੱਤਾ ਹੈ।

Sukhbir badal

ਉਹਨਾਂ ਕਿਹਾ ਕਿ ‘ਸਵਰਾਜਾਂ ਪਿੱਛੇ ਬੈਰੀਕੇਡ ਪਏ ਹੋਏ ਨੇ’ ਨੇ ਲੱਖਾਂ ਲੋਕਾਂ ਨੂੰ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਹੈ ਜੋ ਕੇਂਦਰ ਸਰਕਾਰ ਤੇ ਗ੍ਰਹਿ ਮੰਤਰਾਲੇ ਨੂੰ ਪਸੰਦ ਨਹੀਂ ਆਇਆ। ਇਸੇ ਕਾਰਨ ਸ਼੍ਰੀ ਬਰਾੜ ਨੂੰ ਉਸ ਗੀਤ ਲਈ ਸਜ਼ਾ ਦਿੱਤੀ ਜਾ ਰਹੀ ਹੈ ਜੋ ਉਸਨੇ ਇੱਕ ਮਹੀਨੇ ਪਹਿਲਾਂ ਲਿਖਿਆ ਸੀ।  ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਖਿਲਾਫ ਹੈ ਪਰ ਅਜਿਹੇ ਅਨੇਕਾਂ ਗਾਇਕ ਹਨ ਜਿਹਨਾਂ ਨੇ ਇਸ ਨਾਲੋਂ ਕਿਤੇ ਜ਼ਿਆਦਾ ਮਾੜਾ ਗਾਇਆ ਹੈ ਪਰ ਉਹ ਸ਼ਰ੍ਹੇਆਮ ਕਾਂਗਰਸੀ ਆਗੂਆਂ ਦੀਆਂ ਗੱਡੀਆਂ ਵਿੱਚ ਸਵਾਰ ਹੋ ਕੇ ਖੁੱਲ੍ਹੇ ਘੁੰਮ ਰਹੇ ਹਨ ਜਦਕਿ ਅਦਾਲਤਾਂ ਨੇ ਉਹਨਾਂ ਲਈ ਸੰਮਨ ਵੀ ਜਾਰੀ ਕੀਤੇ ਹੋਏ ਹਨ।

ਗਾਇਕਾਂ ਅਤੇ ਲੇਖਕਾਂ ਨੂੰ ਕਿਸਾਨ ਅੰਦੋਲਨ ਤੋਂ ਦੂਰ ਰੱਖਣ ਲਈ ਇਸ ਨਵੇਂ ਰੁਝਾਨ ਦੀ ਨਿਖੇਧੀ ਕਰਦਿਆਂ ਰੋਮਾਣਾ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਕਿ ਗਾਇਕਾਂ ਤੇ ਲੇਖਕਾਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ, ਇਨਕਮ ਟੈਕਸ ਨੇ ਨੋਟਿਸ ਜਾਰੀ ਕੀਤੇ ਬਲਕਿ ਇਹਨਾਂ ਨੂੰ ਡਰਾਉਣ ਲਈ ‘ਫੈਰਾ’ ਦੇ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਸਭ ਕੁਝ ਗ੍ਰਹਿ ਮੰਤਰਾਲੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਤਾਂ ਸ੍ਰੀ ਅਮਿਤ ਸ਼ਾਹ ਦੇ ਹੁਕਮਾਂ ਦੀ ਅੰਨ੍ਹੇਵਾਹ ਪਾਲਣਾ ਕਰ ਰਹੀ ਹੈ।

ਪੰਡਿਤ ਰਾਓ ਨੇ ਕਿਲ੍ਹਾ ਬਾਗੜੀਆਂ ਦੇ ਪ੍ਰਬੰਧਕਾਂ ’ਤੇ ਕਾਰਵਾਈ ਮੰਗੀ

ਇੱਧਰ ਪੰਡਿਤ ਰਾਓ ਧਰੇਨਵਰ ਨੇ ਪਟਿਆਲਾ ਦੇ ਐਸਐਸਪੀ ਨੂੰ ਪੱਤਰ ਲਿਖਦਿਆਂ ਮੰਗ ਕੀਤੀ ਹੈ ਕਿ ਗਾਇਕ ਸ੍ਰੀ ਬਰਾੜ ਵੱਲੋਂ ਗਾਏ ਗੀਤ ਦੀ ਸ਼ੂਟਿੰਗ ਕਿਲ੍ਹਾ ਬਾਗੜੀਆਂ ਵਿਖੇ ਹੋਈ ਸੀ। ਇਸ ਲਈ ਉਸਦੇ ਪ੍ਰਬੰਧਕਾਂ ਜਾਂ ਮਾਲਕਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਉਸਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਕੁੱਕੜਾਂ ਦੀ ਲੜਾਈ, ਹਥਿਆਰ ਬਾਜੀ ਨੂੰ ਹੱਲਾਸ਼ੇਰੀ ਦੇਣ ਵਾਲਾ ਸਿੱਧੂ ਮੂਸੇਵਾਲਾ ਦਾ ਗਾਣਾ ‘ਭਾਈ ਭਾਈ’ ਵੀ ਇਸੇ ਕਿਲ੍ਹੇ ਵਿੱਚ ਫਲਮਾਇਆ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.