ਭਾਰੀ ਵਿਰੋਧ ਤੋਂ ਬਾਅਦ ਡਰਾਫਟ ਪਾਲਸੀ ਤੋਂ ਇਸ ਫੈਸਲੇ ਨੂੰ ਹਟਾਉਣ ਲਈ ਤਿਆਰ ਹੋਇਆ ਸਿੱਖਿਆ ਵਿਭਾਗ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਲੜਕੀਆਂ ਦੇ ਸਕੂਲਾਂ ‘ਚ ਨੌਜਵਾਨ ਅਧਿਆਪਕ ਪੜ੍ਹਾਉਂਦੇ ਰਹਿਣਗੇ, ਕਿਉਂਕਿ 50 ਸਾਲ ਤੋਂ ਵੱਧ ਉਮਰ ਵਾਲੇ ਅਧਿਆਪਕਾਂ ਦੇ ਮਾਮਲੇ ਵਿੱਚ ਭਾਰੀ ਵਿਰੋਧ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਪਹਿਲੇ ਦਿਨ ਹੀ ਯੂ ਟਰਨ ਮਾਰ ਲਿਆ ਹੈ। ਇਸ ਸ਼ਰਤ ਨੂੰ 15 ਦਿਨਾਂ ਬਾਅਦ ਨੋਟੀਫਿਕੇਸ਼ਨ ਹੋਣ ਸਮੇਂ ਤਬਾਦਲਾ ਨੀਤੀ ਵਿੱਚੋਂ ਕੱਢ ਦਿੱਤਾ ਜਾਵੇਗਾ। ਇਸ ਦੀ ਪੁਸ਼ਟੀ ਖ਼ੁਦ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਰ ਦਿੱਤੀ ਹੈ।
#Teaching in girls’ schools ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਆਪਣੀ ਤਬਾਦਲਾ ਨੀਤੀ 2018 ਦਾ ਡਰਾਫਟ ਜਨਤਕ ਕੀਤਾ ਸੀ ਤੇ ਇਸ ‘ਤੇ 15 ਦਿਨ ਲਈ ਇਤਰਾਜ਼ ਮੰਗੇ ਸਨ ਤਾਂ ਕਿ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਹਰ ਪਹਿਲੂ ‘ਤੇ ਗੌਰ ਕਰ ਲਈ ਜਾਏ। ਸਿੱਖਿਆ ਵਿਭਾਗ ਵੱਲੋਂ ਜਾਰੀ ਡਰਾਫ਼ਟ ਅਨੁਸਾਰ ਪੰਜਾਬ ਦੇ ਲੜਕੀਆਂ ਦੇ ਸਕੂਲਾਂ ਵਿੱਚ 50 ਸਾਲ ਤੋਂ ਕੋਈ ਵੀ ਪੁਰਸ਼ ਅਧਿਆਪਕ ਨਾ ਲਗਾਉਣ ਦੀ ਸ਼ਰਤ ਆਉਣ ‘ਤੇ ਪੰਜਾਬ ਭਰ ‘ਚ ਹੰਗਾਮਾ ਮੱਚ ਗਿਆ। ਅਧਿਆਪਕ ਯੂਨੀਅਨਾਂ ਦੇ ਵਿਰੋਧ ਦੇ ਨਾਲ ਹੀ ਸਕੂਲਾਂ ਦੀਆਂ ਵਿਦਿਆਰਥਣਾਂ ਵੀ ਇਸ ਦੇ ਵਿਰੋਧ ਵਿੱਚ ਉੱਤਰ ਆਈਆਂ, ਕਿਉਂਕਿ ਇਸ ਨਾਲ ਸਿੱਧੇ ਤੌਰ ‘ਤੇ ਅਧਿਆਪਕ ਦੇ ਅਕਸ ‘ਤੇ ਸ਼ੱਕ ਕੀਤਾ ਜਾ ਰਿਹਾ ਸੀ।
ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਡਰਾਫ਼ਟ ਨੀਤੀ ਅਨੁਸਾਰ ਸੁਝਾਅ ਮੰਗੇ ਜਾ ਰਹੇ ਸਨ ਪਰ ਪਹਿਲੇ ਦਿਨ ਹੀ ਜਿੰਨਾ ਵਿਰੋਧ 50 ਸਾਲ ਤੋਂ ਉਮਰ ਵਾਲੇ ਅਧਿਆਪਕਾਂ ਨੂੰ ਲੜਕੀਆਂ ਦੇ ਸਕੂਲ ਵਿੱਚ ਲਗਾਉਣ ਦਾ ਹੋ ਰਿਹਾ ਹੈ, ਇੰਨਾ ਵਿਰੋਧ ਕਿਸੇ ਵੀ ਫੈਸਲਾ ਦਾ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਸਣੇ ਅਧਿਆਪਕ ਜਥੇਬੰਦੀਆਂ ਨੇ ਵੀ ਇਸ ਦਾ ਵਿਰੋਧ ਦਰਜ ਕੀਤਾ ਹੈ, ਇਸ ਲਈ ਜੇਕਰ ਇਹ ਫੈਸਲਾ ਕਿਸੇ ਨੂੰ ਪਸੰਦ ਨਹੀਂ ਹੈ ਤਾਂ ਇਸ ਨੂੰ ਤਬਾਦਲਾ ਨੀਤੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਮੌਕੇ ਹਟਾ ਦਿੱਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਪਹਿਲਾਂ ਵਾਂਗ ਹੀ ਕੋਈ ਵੀ ਉਮਰ ਦਾ ਪੁਰਸ਼ ਅਧਿਆਪਕ ਲੜਕੀਆਂ ਦੇ ਸਕੂਲ ਵਿੱਚ ਭਵਿੱਖ ਦੌਰਾਨ ਵੀ ਪੜ੍ਹਾਈ ਕਰਵਾ ਸਕੇਗਾ।