
ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ ਦੇ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਨਤੀਜੇ ਰਹੇ ਸ਼ਾਨਦਾਰ | Punjab School Results
Punjab School Results: (ਸੁਸ਼ੀਲ ਕੁਮਾਰ) ਭਾਦਸੋਂ। ਸਫਲਤਾ ਦਾ ਕੋਈ ਭੇਤ ਨਹੀਂ ਹੁੰਦਾ। ਇਹ ਤਿਆਰੀ, ਸਖ਼ਤ ਮਿਹਨਤ ਅਤੇ ਅਸਫਲਤਾਵਾਂ ਤੋਂ ਸਿੱਖਣ ਦਾ ਨਤੀਜਾ ਹੁੰਦੀ ਹੈ।” ਕੁਝ ਦਿਨ ਪਹਿਲਾਂ ਹੀ ਸਟੇਟ ਬੋਰਡ ਪ੍ਰੀਖਿਆ ਵਿੱਚ ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ, ਜ਼ਿਲ੍ਹਾ ਪਟਿਆਲਾ ਦੇ ਪੰਜਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ 51 ਵਿੱਚੋਂ 47 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਇੱਕ ਵਿਲੱਖਣ ਇਤਿਹਾਸ ਰਚਿਆ।
ਇੱਕ ਹੋਰ ਸਫ਼ਲਤਾ ਦੀ ਕਹਾਣੀ ਲਿਖਦੇ ਹੋਏ, ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ ਦੇ ਵਿਦਿਆਰਥੀਆਂ ਨੇ 4 ਅਪਰੈਲ, 2025 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਾਲ ਵੀ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦਾ ਬੋਰਡ ਦੀ ਪ੍ਰੀਖਿਆਵਾਂ ਵਿੱਚ 100% ਨਤੀਜਾ ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਨਿਰਧਾਰਤ ਇਮਤਿਹਾਨਾਂ ਵਿੱਚ ਪੂਰੇ ਪੰਜਾਬ ਵਿੱਚੋਂ ਕੁੱਲ 2,91, 917 ਵਿਦਿਆਰਥੀਆਂ ਨੇ ਭਾਗ ਲਿਆ ਜਿਹਨਾਂ ਵਿੱਚੋਂ ਗੁਰੀਤ ਕੌਰ ਨੇ 99.7% (598/600) ਅੰਕ ਲੈ ਕੇ ਪੰਜਾਬ ਵਿੱਚੋਂ ਤੀਜਾ, ਪਟਿਆਲ਼ਾ ਜ਼ਿਲ੍ਹੇ ਅਤੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ: Jagjit Singh Dallewal: ਕਿਸਾਨ ਆਗੂ ਡੱਲੇਵਾਲ ਨੇ ਤੋੜਿਆ ਮਰਨ ਵਰਤ, ਕਿਸਾਨ ਮਹਾਂਪੰਚਾਇਤ ’ਚ ਕੀਤਾ ਐਲਾਨ
ਕ੍ਰਿਤਿਕਾ ਗਰਗ ਨੇ 98 % (588/600) ਅੰਕ ਲੈ ਕੇ ਪੰਜਾਬ ਵਿੱਚ ਤੇਰਵਾਂ ਦਰਜਾ ਤੇ ਸਕੂਲ ਵਿੱਚੋਂ ਦੂਜਾ ਦਰਜਾ, ਵੰਸ਼ਿਕਾ ਸ਼ਰਮਾ ਤੇ ਪਵਨਜੋਤ ਕੌਰ 96.2% (577/600) ਨੇ ਸਕੂਲ ਵਿੱਚੋਂ ਤੀਜਾ ਦਰਜਾ ਹਾਸਲ ਕਰਦੇ ਹੋਏ ਆਪਣੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਮਾਣ ਵਧਾਇਆ। ਸਭ ਤੋਂ ਮਹੱਤਵਪੂਰਨ ਤੇ ਧਿਆਨ ਦੇਣਯੋਗ ਗੱਲ ਇਹ ਹੈ ਕਿ ਅੱਜ ਦੇ ਟਿਊਸ਼ਨਾਂ ਦੇ ਦੌਰ ਵਿੱਚ ਇਹ ਦੋਵੇਂ ਵਿਦਿਆਰਥਣਾਂ ਕਦੇ ਵੀ ਟਿਊਸ਼ਨ ਨਹੀਂ ਗਈਆਂ ਤੇ ਸ੍ਵੈ-ਅਧਿਐਨ ਅਤੇ ਆਪਣੀ ਸਖ਼ਤ ਮਿਹਨਤ ਰਾਹੀਂ ਹੀ ਆਪਣੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸਨ ਕੀਤਾ। Punjab School Results
ਗੁਰੀਤ ਕੌਰ ਬਣਨਾ ਚਾਹੁੰਦੀ ਨਿਯੂਰੋ ਸਰਜਨ ਤੇ ਕ੍ਰਿਤਿਕਾ ਕਾਰਡੀਓਲੋਜਿਸਟ
ਗੁਰੀਤ ਕੌਰ ਨਿਯੂਰੋ ਸਰਜਨ ਤੇ ਕ੍ਰਿਤਿਕਾ ਕਾਰਡੀਓਲੋਜਿਸਟ ਬਣਨਾ ਚਾਹੁੰਦੀ ਹੈ। ਸਕੂਲ ਦੇ 45 ਵਿਦਿਆਰਥੀਆਂ ਵਿੱਚੋਂ 22 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਸੂਚੀ ਇੱਥੇ ਖਤਮ ਨਹੀਂ ਹੁੰਦੀ। ਸਕੂਲ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਗਰੇਵਾਲ ਨੇ ਨਤੀਜਾ ਦੇਖ ਕੇ ਮਾਣ ਮਹਿਸੂਸ ਕੀਤਾ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਇਹ ਸ਼ਾਨਦਾਰ ਸਫਲਤਾ ਲਗਭਗ ਪੂਰੀ ਤਰ੍ਹਾਂ ਸਾਡੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਚਕੀਲੇਪਣ ਅਤੇ ਦ੍ਰਿੜਤਾ ਅਤੇ ਤਜਰਬੇਕਾਰ ਤੇ ਮਿਹਨਤੀ ਅਧਿਆਪਕਾਂ ਅਤੇ ਮਾਪਿਆਂ ਦੀ ਮਿਸਾਲੀ ਕੋਸ਼ਸ਼ਾਂ ਦੇ ਕਾਰਨ ਹੈ।”
ਸ਼ਾਨਦਾਰ ਸਫ਼ਲਤਾ ਲਈ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਸਟਾਫ ਨੂੰ ਦਿੱਤੀ ਵਧਾਈ
ਇਸ ਸ਼ਾਨਦਾਰ ਸਫਲਤਾ ਨੂੰ ਮੁੱਖ ਰੱਖਦੇ ਹੋਏ ਸਮੂਹ ਸਟਾਫ਼ ਤੇ ਸਾਰੇ ਵਿਦਿਆਰਥੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਅੱਠਵੀਂ ਜਮਾਤ ਬੱਚਿਆਂ ਤੇ ਟਾਪਰ ਵਿਦਿਆਰਥਣਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਲਈ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਚੇਅਰਮੈਨ ਸ. ਅਬਜਿੰਦਰ ਸਿੰਘ ਗਰੇਵਾਲ ਨੇ ਟਾਪਰ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਅਸ਼ੀਰਵਾਦ ਦਿੱਤਾ। ਸ਼੍ਰੀਮਤੀ ਚੰਦਰਦੀਪ ਗਰੇਵਾਲ (ਐੱਮ.ਡੀ.), ਸ਼੍ਰੀਮਤੀ ਮਨਦੀਪ ਗਰੇਵਾਲ (ਪ੍ਰਿੰਸੀਪਲ) ਨੇ ਗੁਰੀਤ ਅਤੇ ਕ੍ਰਿਤਿਕਾ ਦੇ ਗਲ਼ਾਂ ਵਿੱਚ ਹਾਰ ਪਾ ਕੇ ਸਨਮਾਨਿਤ ਕੀਤਾ। ਸ਼੍ਰੀ ਜਸ਼ਨਦੀਪ ਕੁਮਾਰ (ਵਾਈਸ ਪ੍ਰਿੰਸੀਪਲ) ਤੇ ਸ੍ਰੀ ਨਵਲ ਕੁਮਾਰ ਨੇ ਇਸ ਸ਼ਾਨਦਾਰ ਸਫ਼ਲਤਾ ਲਈ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। Punjab School Results