ਬੰਤਾ ਸਿੰਘ ਕੁਸ਼ਤੀਆਂ ਵੇਖ ਕੇ ਆ ਰਹੇ ਸਨ। ਰਸਤੇ ਵਿੱਚ ਨਦੀ ਪਾਰ ਕਰਦਿਆਂ ਸ਼ੇਰ ਨੇ ਬੰਤਾ ਸਿੰਘ ‘ਤੇ ਹਮਲਾ ਕਰ ਦਿੱਤਾ। ਬੰਤਾ ਸਿੰਘ ਨੇ ਸ਼ੇਰ ਨਾਲ ਲੜਦਿਆਂ ਆਪਣੇ ਪੂਰੇ ਜ਼ੋਰ ਨਾਲ ਸ਼ੇਰ ਦਾ ਜਬਾੜਾ ਪਾੜ ਕੇ ਉਸ ਨੂੰ ਨਦੀ ਵਿੱਚ ਡਬੋ ਕੇ ਮਾਰ ਦਿੱਤਾ।
ਪਿਛਲੇ ਦਿਨੀਂ ਮੈਂ ਗਿੱਦੜਬਾਹਾ ਕਿਸੇ ਕੰਮ ਗਿਆ । ਵਾਪਸੀ ‘ਤੇ ਅਸੀਂ ਵਾਇਆ ਛੱਤੇਆਣਾ ਆਉਣਾ ਸੀ । ਉੱਥੇ ਮੇਰਾ ਇੱਕ ਦੋਸਤ ਸੁਖਰਾਜ ਸਿੰਘ, ਜੋ ਸਿਹਤ ਵਿਭਾਗ ਵਿੱਚ ਕੰਮ ਕਰਦਾ ਹੈ, ਉਸ ਨੂੰ ਫੋਨ ਕਰ ਲਿਆ ਉਹ ਕਹਿੰਦਾ, ‘ਘਰ ਹੀ ਹਾਂ, ਆ ਜਾਉ!’ ਉਹ ਘਰ ਦੇ ਬਾਹਰ ਖੜ੍ਹਾ ਸਾਡਾ ਇੰਤਜਾਰ ਕਰ ਰਿਹਾ ਸੀ। ਉਸ ਨੇ ਸਾਡੀ ਬਹੁਤ ਟਹਿਲ ਸੇਵਾ ਕੀਤੀ । ਮੀਂਹ ਪੈ ਕੇ ਹਟਿਆ ਸੀ । ਸਾਡੇ ਵਾਸਤੇ ਬਹੁਤ ਸੁਆਦੀ ਪਕੌੜੇ ਆ ਗਏ। ਪਕੌੜੇ ਖਾਂਦਿਆਂ-ਖਾਂਦਿਆਂ ਉਸ ਦੀ ਬੈਠਕ ਵਿੱਚ ਲੱਗੀ ਇੱਕ ਤਸਵੀਰ ‘ਤੇ ਮੇਰੀ ਨਜ਼ਰ ਜਾ ਪਈ। ਫੋਟੋ ਕਿਸੇ ਬਹੁਤ ਵਿਲੱਖਣ ਸ਼ਖਸੀਅਤ ਦੀ ਜਾਪਦੀ ਸੀ। ਮੈਂ ਫੋਟੋ ਰੀਝ ਨਾਲ ਵੇਖ ਰਿਹਾ ਸੀ। ਸੁਖਰਾਜ ਸਿੰਘ ਮੈਨੂੰ ਸੰਬੋਧਨ ਕਰਦੇ ਹੋਏ ਬੋਲਿਆ, ”ਇਹ ਫੋਟੋ ਮੇਰੇ ਦਾਦੇ ਬੰਤਾ ਸਿੰਘ ਦੀ ਹੈ ਜੋ ਬਹੁਤ ਹੀ ਪ੍ਰਸਿੱਧ ਪਹਿਲਵਾਨ ਹੋਏ ਹਨ। ਇਨ੍ਹਾਂ ਦਾ ਕੱਦ 7 ਫੁੱਟ 1 ਇੰਚ, ਰੰਗ ਗੋਰਾ ਅਤੇ 120 ਕਿੱਲੋ ਵਜ਼ਨ ਦੇ ਲਗਭਗ ਇੱਕ ਬਹੁਤ ਮਜਬੂਤ ਜੁੱਸੇ ਦੇ ਪਹਿਲਵਾਨ ਸਨ।”
ਬੰਤਾ ਸਿੰਘ ਛੱਤੇਆਣਾ ਮਾਲਵੇ ਦੇ ਬਹੁਤ ਪ੍ਰਸਿੱਧ ਪਹਿਲਵਾਨ ਸਨ। ਇਨ੍ਹਾਂ ਦਾ ਜਨਮ 1900 ਵਿੱਚ ਛੱਤੇਆਣਾ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਂਅ ਹਰਦਿੱਤ ਸਿੰਘ ਸੀ। ਉਹਨਾਂ ਦੇ ਦੋ ਮੁੰਡੇ ਬੰਤਾ ਸਿੰਘ ਪਹਿਲਵਾਨ ਦਾ ਭਰਾ ਚੰਨਣ ਸਿੰਘ ਅਤੇ ਭੈਣਾਂ ਮਿੱਤੇ ਤੇ ਦਿਆ ਇੱਕੋ ਘਰ ਪਹਿਲੂਆਣੇ ਅਤੇ ਵੱਡੀ ਕਾਕੀ ਭੁੱਲਰ ਪਿੰਡ ਵਿਆਹੀ ਹੋਈ ਹੈ। ਬੰਤਾ ਸਿੰਘ ਛੱਤੇਆਣਾ ਦੀ ਪਹਿਲੀ ਕੁਸ਼ਤੀ ਮੁਕਤਸਰ ਦੇ ਮਾਘੀ ਮੇਲੇ ‘ਤੇ ਜੀਂਦੇ ਰੋੜੇ ਪਹਿਲਵਾਨ ਨਾਲ ਹੋਈ। ਬਹੁਤ ਭਾਰੀ ਕੁਸ਼ਤੀ ਵਿੱਚ ਇਨ੍ਹਾਂ ਨੇ ਰੋੜੇ ਪਹਿਲਵਾਨ ਨੂੰ ਹਰਾ ਕੇ ਪਹਿਲੀ ਝੰਡੀ ਪ੍ਰਾਪਤ ਕੀਤੀ। ਦੂਸਰੀ ਕੁਸ਼ਤੀ ਵਿਚ ਪੂਰਨ ਨਾਲ ਭਿੜਿਆ, ਇਹ ਕੁਸ਼ਤੀ ਸਾਨ੍ਹਾਂ ਦਾ ਭੇੜ ਸਾਬਤ ਹੋਈ। ਅੱਧੇ ਘੰਟੇ ਤੋਂ ਵੱਧ ਸਮੇਂ ਤੋਂ ਬਾਅਦ ਵੀ ਜਦੋਂ ਜਿੱਤ-ਹਾਰ ਦਾ ਫੈਸਲਾ ਨਾ ਹੋ ਸਕਿਆ ਤਾਂ ਇਹ ਕੁਸ਼ਤੀ ਬਰਾਬਰ ਘੋਸ਼ਿਤ ਕੀਤੀ ਗਈ। ਬੰਤਾ ਸਿੰਘ ਨੇ ਆਪਣੇ 72 ਸਾਲ ਦੇ ਜੀਵਨ ਵਿੱਚ ਬਹੁਤ ਸਾਰੀਆਂ ਕੁਸ਼ਤੀਆਂ ਲੜੀਆਂ।
ਪਰ ਸਭ ਤੋਂ ਵੱਧ ਚਰਚਿਤ ਕੁਸ਼ਤੀ ਪਹਿਲਵਾਨ ਕਿੱਕਰ ਦੇ ਮੁੰਡੇ ਸੂਰਤ ਸਿੰਘ ਨਾਲ ਜੈਤੋ ਮੰਡੀ ਵਿੱਚ ਹੋਈ। ਇਸ ਕੁਸ਼ਤੀ ਦੀ ਸਾਰੇ ਪੰਜਾਬ ਵਿੱਚ ਚਰਚਾ ਸੀ। ਪੰਜਾਬ ਦੇ ਬਹੁਤ ਸਾਰੇ ਲੋਕ ਲੱਖਾਂ ਦੀ ਤਾਦਾਦ ਵਿੱਚ ਟਰਾਲੀਆਂ ਅਤੇ ਟਰੱਕਾਂ, ਸਾਈਕਲਾਂ ਅਤੇ ਪੈਦਲ ਚੱਲ ਕੇ ਇਸ ਮਹਾਨ ਕੁਸ਼ਤੀ ਨੂੰ ਵੇਖਣ ਲਈ ਬਹੁਤ ਉਤਸ਼ਾਹ ਨਾਲ ਪਹੁੰਚੇ। ਕੁਸ਼ਤੀ ਸ਼ੁਰੂ ਹੋਈ, ਦੋਵੇਂ ਮੱਲ ਬਰਾਬਰ ਦੇ ਸਨ। ਕਦੇ ਬੰਤਾ ਸਿੰਘ ਭਾਰੀ ਪੈਂਦਾ, ਕਦੇ ਸੂਰਤ ਸਿੰਘ, ਪਰ ਇੱਕ ਘੰਟੇ ਦੇ ਜਬਰਦਸਤ ਮੁਕਾਬਲੇ ਤੋਂ ਬਾਅਦ ਵੀ ਜਿੱਤ-ਹਾਰ ਦਾ ਫੈਸਲਾ ਨਾ ਹੋਇਆ ਕਿਉਂਕਿ ਦੋਵੇਂ ਪਹਿਲਵਾਨ ਬਰਾਬਰ ਦੇ ਸਨ। ਅਖੀਰ ਕੁਝ ਸਿਆਣੇ ਬੰਦਿਆਂ ਨੇ ਵਿੱਚ ਪੈ ਕੇ ਕੁਸ਼ਤੀ ਰੋਕ ਦਿੱਤੀ। ਬੰਤਾ ਸਿੰਘ ਅਤੇ ਸੂਰਤ ਸਿੰਘ ਨੂੰ ਸਾਂਝੇ ਜੇਤੂ ਐਲਾਨ ਦਿੱਤਾ ਗਿਆ। ਬੰਤਾ ਸਿੰਘ ਨੇ ਸੈਂਕੜੇ ਕੁਸ਼ਤੀਆਂ ਲੜੀਆਂ ਅਤੇ ਬਹੁਤੀਆਂ ਜਿੱਤੀਆਂ। ਕੁਝ ਬਰਾਬਰ ਰਹੀਆਂ। ਬੰਤਾ ਸਿੰਘ ਜਖੇਪਲੀਏ ਪੂਰਨ ਵੱਡੇ ਕੋਲ ਰਹਿੰਦਾ ਸੀ। ਇਹ ਕਈ ਵਾਰ ਪੂਰਨ ਨਾਲ ਰਾਜਾ ਦਰਭੰਗਾ (ਬਿਹਾਰ) ਕੋਲ ਚਲਾ ਜਾਂਦਾ ਸੀ। ਰਾਜਾ ਇਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਸੀ।
ਬੰਤਾ ਸਿੰਘ ਕੁਸ਼ਤੀਆਂ ਵੇਖ ਕੇ ਆ ਰਹੇ ਸਨ। ਰਸਤੇ ਵਿੱਚ ਨਦੀ ਪਾਰ ਕਰਦਿਆਂ ਸ਼ੇਰ ਨੇ ਬੰਤਾ ਸਿੰਘ ‘ਤੇ ਹਮਲਾ ਕਰ ਦਿੱਤਾ। ਬੰਤਾ ਸਿੰਘ ਨੇ ਸ਼ੇਰ ਨਾਲ ਲੜਦਿਆਂ ਆਪਣੇ ਪੂਰੇ ਜ਼ੋਰ ਨਾਲ ਸ਼ੇਰ ਦਾ ਜਬਾੜਾ ਪਾੜ ਕੇ ਉਸ ਨੂੰ ਨਦੀ ਵਿੱਚ ਡਬੋ ਕੇ ਮਾਰ ਦਿੱਤਾ। ਇਸ ਨਾਲ ਬੰਤਾ ਸਿੰਘ ਦੀ ਚਰਚਾ ਬਹੁਤ ਹੋਈ। ਹਰ ਪਾਸੇ ਬੰਤਾ ਸਿੰਘ ਦਾ ਨਾਂਅ ਬੋਲਣ ਲੱਗ ਪਿਆ। ਪਰ ਸ਼ੇਰ ਨੇ ਬੰਤਾ ਸਿੰਘ ਦੀ ਸਾਰੀ ਪਿੱਠ ਛਿੱਲ ਦਿੱਤੀ। ਇਸ ਤੋਂ ਬਾਅਦ ਬੰਤਾ ਸਿੰਘ ਕਦੇ ਵੀ ਚੰਗੀ ਤਰ੍ਹਾਂ ਕੁਸ਼ਤੀ ਨਹੀਂ ਲੜ ਸਕਿਆ। ਇਸ ਉੱਚੇ-ਲੰਮੇ ਪਹਿਲਵਾਨ ਦਾ 1972 ਵਿੱਚ ਅਖਾੜਾ ਆਲਮਗੀਰ ਵਿਖੇ ਅੰਤੜੀਆਂ ਦੇ ਕੈਂਸਰ ਨਾਲ ਦੇਹਾਂਤ ਹੋ ਗਿਆ। ਕੁੱਤੀਵਾਲ ਅਖਾੜਾ ਆਲਮਗੀਰ ਵਿਖੇ ਹੀ ਇਸ ਪਹਿਲਵਾਨ ਦੀ ਆਤਮਿਕ ਸ਼ਾਂਤੀ ਲਈ ਭੋਗ ਪਾਇਆ ਗਿਆ।
ਪਿੰਡ ਛੱਤੇਆਣਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਬੰਤਾ ਸਿੰਘ ਦੇ ਤਾਏ ਗੁਰਦਿੱਤ ਸਿੰਘ ਦਾ ਪਰਿਵਾਰ ਵੱਸਦਾ ਹੈ। ਉਨ੍ਹਾਂ ਦੇ ਮਨਾਂ ਵਿੱਚ ਪਹਿਲਵਾਨ ਬੰਤਾ ਸਿੰਘ ਛੱਤੇਆਣਾ ਦਾ ਬਹੁਤ ਸਤਿਕਾਰ ਹੈ। ਉਹ ਇਸ ‘ਤੇ ਮਾਣ ਮਹਿਸੂਸ ਕਰਦੇ ਹਨ। ਬੰਤਾ ਸਿੰਘ ਦੇ 7 ਭਤੀਜੇ ਜਿਨ੍ਹਾਂ ਵਿੱਚ ਬਲਦੇਵ ਸਿੰਘ, ਬੁੱਘਾ ਸਿੰਘ ਤੇ ਗਿਆਨ ਸਿੰਘ, ਕੁਝ ਸਮਾਂ ਪਹਿਲਾਂ ਗੁਜਰ ਗਏ। ਮਾਸਟਰ ਅਜਮੇਰ ਸਿੰਘ, ਹਾਕਮ ਸਿੰਘ, ਕਰਨੈਲ ਸਿੰਘ ਤੇ ਹਰਨੇਕ ਸਿੰਘ ਦੀ ਔਲਾਦ ਵੱਸਦੀ ਹੈ। ਇਹ ਬੰਤਾ ਸਿੰਘ ਦੇ ਤਾਏ ਦੇ ਪੁੱਤਰ (ਭਰਾ) ਸ: ਸ਼ਿਆਮ ਸਿੰਘ ਦੀ ਔਲਾਦ ਹੈ। ਬੰਤਾ ਸਿੰਘ ਦੀ ਜਵਾਨੀ ਵਿੱਚ 1500 ਡੰਡ ਤੇ 1500 ਬੈਠਕਾਂ, 5-7 ਵਾਰ ਰੱਸਾ ਚੜ੍ਹਨਾ, ਅਖਾੜਾ ਕੱਢਣਾ, ਸੁਹਾਗਾ ਫੇਰਨਾ ਅਤੇ 4-5 ਪਹਿਲਵਾਨਾਂ ਨਾਲ ਜੋਰ ਕਰਨਾ ਆਮ ਗੱਲ ਸੀ। ਮਾਲਵੇ ਦੇ ਇਸ ਪਹਿਲਵਾਨ ਨੂੰ ਸਾਰਾ ਪੰਜਾਬ ਹਮੇਸ਼ਾ ਯਾਦ ਰੱਖੇਗਾ।
ਪਰਗਟ ਸਿੰਘ ਜੰਬਰ,
ਸ੍ਰੀ ਮੁਕਤਸਰ ਸਾਹਿਬ।
ਮੋ. 88377-26702
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।