ਸੇਪੀ ਦਾ ਮਤਲਬ ਤੇ ਮਹੱਤਵ

Meaning, Ointment , Importance

ਜੇਕਰ ਪਿੰਡ ਦੇ ਕਿਸੇ ਛੋਟੇ ਜਿਹੇ ਬੱਚੇ ਨੇ ਵੀ ਤਰਖਾਣ ਦੇ ਕੰਮ ਕਰਨ ਵਾਲੇ ਘਰ ਚਲੇ ਜਾਣਾ ਤਾਂ ਚਾਚਾ, ਤਾਇਆ, ਬਾਬਾ ਕਹਿ ਕੇ ਗੁੱਲੀ ਡੰਡਾ ਗਡੀਰਾ ਜਾਂ ਬੱਚਿਆਂ ਵਾਲੀ ਕੋਈ ਵੀ ਖੇਡ ਬਣਵਾ ਲੈਣੀ ਕਦੇ ਬੱਚੇ ਨੂੰ ਵੀ ਮਨ੍ਹਾ ਨਹੀਂ ਕੀਤਾ ਜਾਂਦਾ ਸੀ।

ਸਤਿਕਾਰਤ ਦੋਸਤੋ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੋ ਵੀ ਵੀਰ ਪੰਜਾਹ ਜਾਂ ਸੱਠ ਸਾਲ ਦੇ ਕਰੀਬ ਹੋਣਗੇ ਓਹ ਹੀ ਸੇਪੀ ਦਾ ਭਾਵ ਅਰਥ ਸਮਝਣਗੇ। ਇਹ ਸੱਚਾਈ ਹੈ ਕਿ ਸਾਡੀ ਅਜੋਕੀ ਪੀੜ੍ਹੀ ਨੂੰ ਇਸ ਦਾ ਨਹੀਂ ਪਤਾ ਕਿਉਂਕਿ ਸਮਾਂ ਬਦਲਣ ਦੇ ਨਾਲ-ਨਾਲ ਆਪਾਂ ਇੱਕੀਵੀਂ ਸਦੀ ਵਿਚ ਪ੍ਰਵੇਸ਼ ਕਰ ਚੁੱਕੇ ਕਰਕੇ ਹੀ ਇਹ ਸਭ ਬੀਤੇ ਸਮੇਂ ਦਾ ਹੋ ਕੇ ਰਹਿ ਗਿਆ ਹੈ। ਜੇਕਰ ਕੋਈ ਤਿੰਨ ਜਾਂ ਚਾਰ ਕੁ ਦਹਾਕੇ ਪਿੱਛੇ ਵੱਲ ਝਾਤੀ ਮਾਰੀਏ ਤਾਂ ਸੇਪੀ ਦਾ ਕੀ ਮਤਲਬ ਤੇ ਕੀ ਮਹੱਤਵ ਸੀ ਉੱਘੜ ਕੇ ਸਾਹਮਣੇ ਆਉਂਦਾ ਹੈ। ਪੰਜਾਬ ਦਾ ਵੱਡਾ ਵਰਗ ਖੇਤੀਬਾੜੀ ਕਰਦਾ ਸੀ ਟਾਵੇਂ-ਟਾਵੇਂ ਘਰ ਹੀ ਹੋਣਗੇ ਜੋ ਬਲਦਾਂ ਜਾਂ ਊਠ ਨਾਲ ਖੇਤੀ ਨਾ ਕਰਦੇ ਹੋਣ। ਖੇਤੀਬਾੜੀ ਦੇ ਧੰਦੇ ਨਾਲ ਸਬੰਧਤ ਸਾਰੇ ਹੀ ਔਜਾਰ ਪਿੰਡ ਦੇ ਵਿੱਚ ਹੀ ਵੱਸਦੇ ਤਰਖਾਣ ਆਪਣੇ ਹੱਥਾਂ ਨਾਲ ਬਣਾਉਂਦੇ ਤੇ ਮੁਰੰਮਤ ਕਰਿਆ ਕਰਦੇ ਸਨ। ਜ਼ਿਆਦਾ ਪੜ੍ਹਾਈ-ਲਿਖਾਈ ਦਾ ਸਮਾਂ ਨਹੀਂ ਸੀ ਕਿਸੇ ਵਿਰਲੇ ਘਰ ਦੇ ਬੱਚੇ ਹੀ ਪੜ੍ਹਾਈ ਕਰਕੇ ਕਿਤੇ ਚੰਗੇ ਅਹੁਦਿਆਂ ‘ਤੇ ਪਹੁੰਚਦੇ ਸਨ।

ਇਸੇ ਲਈ ਹੀ ਪਿੰਡਾਂ ਵਿਚ ਵੱਸਦੇ ਸਾਰੇ ਹੀ ਲੋਕ ਘਰਾਂ ਵਿੱਚ ਜੇਕਰ ਕੋਈ ਮੰਜਾ ਟੁੱਟ ਜਾਣਾ, ਜਾਂ ਕਿਸੇ ਬੱਚੇ ਲਈ ਗੁੱਲੀ ਡੰਡਾ ਤਿਆਰ ਕਰਵਾਉਣਾ, ਕਹੀ ਤਿੱਖੀ ਕਰਵਾਉਣੀ, ਕਿਸੇ ਮੱਝ-ਗਾਂ ਦਾ ਸੰਗਲ ਟੁੱਟ ਜਾਣਾ ਤਾਂ ਇਹ ਸਾਰੇ ਕੰਮ ਪਿੰਡ ਦੇ ਤਰਖਾਣ ਭਾਈਚਾਰੇ ਤੋਂ ਹੀ ਕਰਵਾਏ ਜਾਂਦੇ ਸਨ (ਉਨ੍ਹਾਂ ਸਮਿਆਂ ਵਿੱਚ ਹਰ ਘਰ ਵਿੱਚ ਦੁਧਾਰੂ ਪਸ਼ੂ ਰੱਖਣ ਦਾ ਤੇ ਪਾਲਣ ਦਾ ਵੀ ਬਹੁਤ ਰਿਵਾਜ ਸੀ ਜਿਸ ਘਰ ਵਿੱਚ ਦੁੱਧ ਨਹੀਂ ਸੀ ਹੁੰਦਾ ਉਸ ਨੂੰ ਬਹੁਤ ਵੱਡਾ ਮਿਹਣਾ ਹੁੰਦਾ ਸੀ ਪਰ ਦੁੱਧ ਵੇਚਣ ਤੇ ਡੇਅਰੀਆਂ ‘ਤੇ ਪਾਉਣ ਦਾ ਬਿਲਕੁਲ ਵੀ ਰਿਵਾਜ ਨਹੀਂ ਸੀ ਆਮ ਹੀ ਕਿਹਾ ਜਾਂਦਾ ਸੀ ਕਿ ਜਿਹੋ-ਜਿਹਾ ਦੁੱਧ ਵੇਚਤਾ ਓਹੋ-ਜਿਹਾ ਪੁੱਤ ਵੇਚਤਾ)। ਇਸ ਦੇ ਬਦਲੇ ਵਿੱਚ ਉਨ੍ਹਾਂ ਦੀ ਕਦੇ ਵੀ ਕਿਸੇ ਤੋਂ ਨਕਦ ਪੈਸੇ ਦੀ ਮੰਗ ਨਹੀਂ ਸੀ ਹੁੰਦੀ ਸਿਰਫ਼ ਹਾੜੀ-ਸਾਉਣੀ ਦੇ ਸਮੇਂ ਸੀਜ਼ਨ ਦੌਰਾਨ ਹੀ ਉਨ੍ਹਾਂ ਨੂੰ ਬਣਦਾ ਹੱਕ ਦਿੱਤਾ ਜਾਂਦਾ ਸੀ ਜਿੰਨਾ ਉਨ੍ਹਾਂ ਦਾ ਹੱਕ ਹੁੰਦਾ ਸੀ ਉਸ ਤੋਂ ਵੱਧ ਹੀ ਦਿੱਤਾ ਜਾਂਦਾ ਸੀ। ਬਹੁਤ ਹੀ ਪਿਆਰ ਮਿਲਵਰਤਣ ਵਾਲੇ ਸਮੇਂ ਸਨ ਜੇਕਰ ਪਿੰਡ ਦੇ ਕਿਸੇ ਛੋਟੇ ਜਿਹੇ ਬੱਚੇ ਨੇ ਵੀ ਤਰਖਾਣ ਦੇ ਕੰਮ ਕਰਨ ਵਾਲੇ ਘਰ ਚਲੇ ਜਾਣਾ ਤਾਂ ਚਾਚਾ, ਤਾਇਆ, ਬਾਬਾ ਕਹਿ ਕੇ ਗੁੱਲੀ ਡੰਡਾ ਗਡੀਰਾ ਜਾਂ ਬੱਚਿਆਂ ਵਾਲੀ ਕੋਈ ਵੀ ਖੇਡ ਬਣਵਾ ਲੈਣੀ ਕਦੇ ਬੱਚੇ ਨੂੰ ਵੀ ਮਨ੍ਹਾ ਨਹੀਂ ਕੀਤਾ ਜਾਂਦਾ ਸੀ। ਇਹ ਓਹ ਸਮੇਂ ਸਨ ਜਦੋਂ ਅੰਕਲ-ਅੰਟੀ ਕਹਿਣਾ ਕੋਈ ਜਾਣਦਾ ਤੱਕ ਵੀ ਨਹੀਂ ਸੀ।

ਨਵਾਂ ਮਕਾਨ ਬਣਾਉਣ ਸਮੇਂ ਤਰਖਾਣ ਭਾਈਚਾਰੇ ਤੋਂ ਛੱਤ ‘ਤੇ ਗਾਨਾ ਬਨਵਾਉਣਾ ਵੀ ਇੱਕ ਵਧੀਆ ਰਿਵਾਜ਼ ਵੀ ਸਿਖਰਾਂ ‘ਤੇ ਰਿਹਾ ਹੈ, ਇਸ ਬਦਲੇ ਉਨ੍ਹਾਂ ਨੂੰ ਹਰ ਪਰਿਵਾਰ ਵੱਲੋਂ ਵਿੱਤ ਮੁਤਾਬਿਕ ਕੋਈ ਪੈਸੇ, ਦਾਣੇ, ਕੱਪੜੇ ਆਦਿ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਜੇਕਰ ਕਿਸੇ ਪਰਿਵਾਰ ਵਿੱਚ ਲੜਕਾ ਪੈਦਾ ਹੋਣਾ ਤਾਂ ਬੂਹੇ ਅੱਗੇ ਸ਼ਰੀਂਹ ਬੰਨ੍ਹਣਾ ਵੀ ਇਨ੍ਹਾਂ ਦੇ ਹਿੱਸੇ ਹੀ ਆਉਂਦਾ ਸੀ ਤੇ ਉਸ ਪ੍ਰਤੀ ਵੀ ਵਧਾਈ ਦੇ ਤੌਰ ‘ਤੇ ਕੁੱਝ ਨਗਦੀ, ਕੱਪੜੇ ਗੁੜ ਦਾਣੇ ਆਦਿ ਦਿੱਤੇ ਜਾਂਦੇ ਸਨ। ਇਨ੍ਹਾਂ ਵਿਹਾਰਾਂ ਦਾ ਸੇਪੀ ਨਾਲ ਕੋਈ ਸਬੰਧ ਨਹੀਂ ਸੀ। ਸੇਪੀ ਸਿਰਫ ਖੇਤੀਬਾੜੀ ਦੇ ਸਬੰਧਤ ਸੰਦ ਜਾਂ ਘਰੇਲੂ ਕਿਸੇ ਟੁੱਟ-ਭੱਜ ਦੀ ਰਿਪੇਅਰ ਕਰਨ ਜਾਂ ਕੋਈ ਬੱਚਿਆਂ ਨਾਲ ਸਬੰਧਤ ਖਿਡਾਉਣੇ ਬਣਾਉਣੇ ਰਿਪੇਅਰ ਕਰਨੇ ਜਾਂ ਪਸ਼ੂਆਂ ਦੇ ਨਾਲ ਸਬੰਧਤ ਸੰਗਲਾਂ ਆਦਿ ਦੀ ਮੁਰੰਮਤ ਦੀ ਹੋਇਆ ਕਰਦੀ ਸੀ। ਇਸੇ ਤਰ੍ਹਾਂ ਹੀ ਨਾਈ ਭਾਈਚਾਰਾ, ਘਰਾਂ ਦੇ ਵਿੱਚ ਪਾਣੀ ਭਰਨ ਵਾਲੇ ਮਹਿਰਾ ਜਾਤੀ ਨਾਲ ਸਬੰਧਤ ਭਾਈਚਾਰੇ ਦਾ ਵੀ ਹਿਸਾਬ-ਕਿਤਾਬ ਹਾੜੀ-ਸਾਉਣੀ ਵੇਲੇ ਹੀ ਕੀਤਾ ਜਾਂਦਾ ਰਿਹਾ ਹੈ। ਮਜਾਲ ਆ ਕਦੇ ਕਿਸੇ ਕਿਸਮ ਦਾ ਕੋਈ ਫ਼ਰਕ ਜਾਂ ਮਨ ਮੁਟਾਵ ਹੋਣਾ। ਕਿਸੇ ਨਾਲ ਕਿਸੇ ਕਿਸਮ ਦਾ ਗੁੱਸਾ ਲੜਾਈ ਝਗੜੇ ਦਾ ਬਿਲਕੁਲ ਕੋਈ ਮਤਲਬ ਹੀ ਨਹੀਂ ਸੀ। ਸਗੋਂ ਭਰਾਵੀਂ ਸਾਂਝਾਂ ਬਹੁਤ ਹੀ ਪੀਡੀਆਂ ਸਨ। ਹਰ ਇੱਕ ਪਰਿਵਾਰ ਨੇ ਹਰ ਇੱਕ ਦੇ ਦੁੱਖ-ਸੁੱਖ ਵਿਚ ਪਹੁੰਚਣ ਦਾ ਰਿਵਾਜ਼ ਵੀ ਸਿਖਰਾਂ ‘ਤੇ ਰਿਹਾ ਹੈ।

ਉਨ੍ਹਾਂ ਸਮਿਆਂ ਵਿੱਚ ਇੱਕ ਧਿਆਣੀਆਂ ਖਵਾਉਣੀਆਂ ਜਾਂ ਮੀਂਹ ਨਾ ਪੈਣ ‘ਤੇ ਯੱਗ ਕਰਨ ਦਾ ਰਿਵਾਜ ਵੀ ਸਿਖਰਾਂ ‘ਤੇ ਰਿਹਾ ਹੈ ਤੇ ਸਾਰਾ ਭਾਈਚਾਰਾ ਹੀ ਰਲ-ਮਿਲ ਕੇ ਕਰਦੇ ਰਹੇ ਹਨ। ਪੁਰਾਤਨ ਪਿੰਡਾਂ ਦੇ ਭਾਈਚਾਰੇ ਦੀ ਮਿਸਾਲ ਦਿੱਤੀ ਜਾਂਦੀ ਰਹੀ ਹੈ ਕਿਸੇ ਸਮੇਂ। ਜੇਕਰ ਉਨ੍ਹਾਂ ਸਮਿਆਂ ਦੀ ਅਜੋਕੇ ਸਮਿਆਂ ਨਾਲ ਤੁਲਨਾ ਕਰੀਏ ਤਾਂ ਜ਼ਮੀਨ ਅਸਮਾਨ ਦਾ ਫ਼ਰਕ ਆ ਚੁੱਕਾ ਹੈ। ਸਮੇਂ ਅਨੁਸਾਰ ਤਰੱਕੀ ਕਰਨੀ ਕੁਦਰਤ ਦਾ ਨੇਮ ਹੈ ਤੇ ਇਹ ਹੁੰਦਾ ਵੀ ਰਹਿਣਾ ਹੈ, ਤੇ ਆਪਾਂ ਨੂੰ ਸਮੇਂ ਮੁਤਾਬਿਕ ਢਲਣਾ ਵੀ ਪੈਣਾ ਹੈ ਇਸ ਵਿੱਚ ਕੋਈ ਦੋ ਰਾਇ ਨਹੀਂ।ਪਰ ਹੱਥ ਨੂੰ ਹੱਥ ਖਾਣ ਵਾਲੇ ਸਮਿਆਂ ਦਾ ਜ਼ਰੂਰ ਅਚੰਭਾ ਹੈ। ਭਾਈ ਭਾਈ ਦਾ ਦੁਸ਼ਮਣ ਬਣਿਆ ਹੋਇਆ ਹੈ ਪੈਸੇ ਦੀ ਦੌੜ ਵਿਚ ਇਨਸਾਨ ਆਪਣਿਆਂ ਨੂੰ ਹੀ ਦਰੜੀ ਜਾ ਰਿਹਾ ਹੈ ਲਹੂ ਚਿੱਟਾ ਹੋ ਗਿਆ ਹੈ ਅਜੋਕੇ ਮਨੁੱਖ ਦਾ। ਕਿਸੇ ਦੇ ਘਰ ਰੋਟੀ ਪੱਕਦੀ ਕਿਸੇ ਤੋਂ ਵੀ ਬਰਦਾਸ਼ਤ ਨਹੀਂ ਹੋ ਰਹੀ ਪਤਾ ਨਹੀਂ ਹਾਲੇ ਹੋਰ ਕਿੰਨੇ ਕੁ ਮਾੜੇ ਸਮੇਂ ਵੇਖਣੇ ਪੈਣਗੇ! ਇਹ ਸਭ ਸਮੇਂ ਦੇ ਗਰਭ ਵਿੱਚ ਹੈ।ਉਸ ਵਾਹਿਗੁਰੂ ਅੱਗੇ ਇਹੀ ਅਰਦਾਸ ਜੋਦੜੀ ਹੈ ਕਿ ਅਜੋਕੀ ਲੁਕਾਈ ਨੂੰ ਸੁਮੱਤ ਬਖਸ਼ ਮਾਲਿਕਾ ਜਦ ਆਪੋ-ਆਪਣਾ ਕਰਕੇ ਖਾਣਾ ਹੈ ਫਿਰ ਘੱਟੋ-ਘੱਟ ਈਰਖਾ ਤਾਂ ਕੋਈ ਇੱਕ-ਦੂਜੇ ਨੂੰ ਨਾ ਕਰੇ। ਪਿਆਰ ਤਾਂ ਬਣਿਆ ਰਹਿ ਸਕਦਾ ਹੈ, ਜੋ ਆਪਾਂ ਸਭਨਾਂ ਦੇ ਆਪਣੇ ਹੀ ਵੱਸ ਵਿੱਚ ਹੈ।

ਜਸਵੀਰ ਸ਼ਰਮਾਂ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।