ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ; ਸੁਪਰ ਮਾਮ ਮੈਰੀਕਾਮ ਰਿਕਾਰਡ ਛੇਵੀਂ ਵਾਰ ਬਣੀ ਸੁਪਰ ਚੈਂਪੀਅਨ

ਵਿਸ਼ਵ ਚੈਂਪੀਅਨਸ਼ਿਪ (ਮਹਿਲਾ ਅਤੇ ਪੁਰਸ਼) ‘ਚ ਸਭ ਤੋਂ ਜ਼ਿਆਦਾ ਤਮਗੇ ਜਿੱਤਣ ਵਾਲੀ ਖਿਡਾਰੀ ਬਣੀ

 ਆਇਰਲੈਂਡ ਦੀ ਕੈਟੀ ਟੇਲਰ ਨੂੰ ਪਿੱਛੇ ਛੱਡ

ਇਸ ਦੇ ਨਾਲ ਹੀ ਭਾਰਤ ਦਾ ਸਫ਼ਰ ਇਸ ਚੈਂਪੀਅਨਸ਼ਿਪ ‘ਚ ਖ਼ਤਮ ਹੋ ਗਿਆ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਭਾਰਤ ਨੇ ਇੱਕ ਸੋਨ, 1 ਚਾਦੀ ਅਤੇ ਦੋ ਕਾਂਸੀ ਤਮਗੇ ਜਿੱਤੇ 

ਨਵੀਂ ਦਿੱਲੀ, 24 ਨਵੰਬਰ

ਭਾਰਤ ਦੀ ਸੁਪਰ ਮੁੱਕੇਬਾਜ਼ ਐਮਸੀ ਮੈਰੀਕਾਮ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਯੂਕਰੇਨ ਦੀ ਹਾਨਾ ਓਖੋਤਾ ਨੂੰ 5-0 ਨਾਲ ਹਰਾ ਕੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਦੇ 45 -48 ਕਿਗ੍ਰਾ ਲਾਈਟਵੇਟ ਵਰਗ ਦਾ ਸੋਨ ਤਮਗਾ ਜਿੱਤ ਲਿਆ 35 ਸਾਲਾ ਮੈਗਨਿਫਿਸੇਂਟ ਮੈਰੀ ਦੇ ਨਾਂਅ ਨਾਲ ਮਸ਼ਹੂਰ ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਮੈਰੀ ਨੇ 22 ਵਰ੍ਹਿਆਂ ਦੀ ਹਾਨਾ ਤੋਂ 30-27, 29-28, 29-28, 30-27, 30-27 ਨਾਲ ਖ਼ਿਤਾਬੀ ਜਿੱਤ ਹਾਸਲ ਕੀਤੀ ਮੈਰੀਕਾਮ ਨੇ ਇਸ ਦੇ ਨਾਲ ਹੀ ਛੇਵੀਂ ਵਾਰ ਸੋਨ ਤਮਗਾ ਜਿੱਤ ਕੇ ਇਤਿਹਾਸ ਬਣਾ ਦਿੱਤਾ ਉਹ ਇਹ ਕਾਰਨਾਮਾ ਕਰਨ ਵਾਲੀ ਵਿਸ਼ਵ ਦੀ ਪਹਿਲੀ ਮੁੱਕੇਬਾਜ ਅਤੇ ਟੂਰਨਾਮੈਂਟ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣ ਗਈ ਹੈ ਮੈਰੀਕਾਮ ਨੇ ਇਸ ਛੇਵੇਂ ਸੋਨ ਤਮਗੇ ਨਾਲ ਨਾਲ ਆਇਰਲੈਂਡ ਦੀ ਕੈਟੀ ਟੇਲਰ ਨੂੰ ਪਿੱਛੇ ਛੱਡ ਦਿੱਤਾ ਜਿਸ ਦੇ ਨਾਂਅ ਪੰਜ ਵਿਸ਼ਵ ਖ਼ਿਤਾਬ ਹਨ ਟੇਲਰ ਨੇ 60 ਕਿਗ੍ਰਾ ਭਾਰ ਵਰਗ ‘ਚ 2006 ਤੋਂ 2016 ਦਰਮਿਆਨ ਪੰਜ ਸੋਨ ਤਮਗੇ ਆਪਣੇ ਨਾਂਅ ਕੀਤੇ ਸਨ ਉਹਨਾਂ ਦੇ ਨਾਂਅ ਇੱਕ ਕਾਂਸੀ ਤਮਗਾ ਵੀ ਹੈ

 

57 ਕਿੱਲੋ ਭਾਰ ਵਰਗ ਂਚ ਸੋਨੀਆ ਖੁੰਝੀ ਸੋਨ ਤਮਗਾ

ਇਸ ਤੋਂ ਇਲਾਵਾ 57 ਕਿੱਲੋ ਭਾਰ ਵਰਗ ਦੇ ਖਿ਼ਤਾਬੀ ਮੁਕਾਬਲੇ ਂਚ ਭਾਰਤ ਦੀ ਸੋਨੀਆ ਚਹਿਲ ਜਰਮਨੀ ਦੀ ਗੈਬਰਿਅਲ ਵਾਹਨੇਰ ਤੋਂ ਹਾਰ ਗਈ ਅਤੇ ਉਸਨੂੰ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਫਾਈਨਲ ਮੁਕਾਬਲੇ ‘ਚ ਉਸਨੂੰ ਜਰਮਨੀ ਦੀ ਇਸ ਮੁੱਕੇਬਾਜ਼ ਨੇ 4-1 ਨਾਲ ਹਰਾਇਆ ਇਸ ਤੋਂ ਪਹਿਲਾਂ ਸੋਨੀਆ ਨੇ ਸੈਮੀਫਾਈਨਲ ‘ਚ ਏਸ਼ੀਅਨ ਖੇਡਾਂ ਦੀ ਚਾਂਦੀ ਤਮਗਾ ਜੇਤੂ ਉੱਤਰੀ ਕੋਰੀਆ ਦੀ ਸੋਨ ਨੂੰ 5-0 ਨਾਲ ਮਾਤ ਦਿੱਤੀ ਸੀ 57 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ‘ਚ ਜਰਮਨੀ ਦੀ ਗੇਬਰਿਅਲੇ ਪਹਿਲੇ ਦੋਵੇਂ ਗੇੜ ‘ਚ ਸੋਨੀਆ ‘ਤੇ ਹਾਵੀ ਨਜ਼ਰ ਆਈ ਤੀਸਰੇ ਗੇੜ ‘ਚ ਸੋਨੀਆ ਨੇ ਕੁਝ ਚੰਗੇ ਪੰਚ ਜਰੂਰ ਦਿਖਾਏ ਪਰ ਇਹ ਜਿੱਤ ਲਈ ਕਾਫ਼ੀ ਨਹੀਂ ਰਿਹਾ ਅਤੇ ਆਖ਼ਰਕਾਰ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ

 

 
‘ਸੁਪਰ ਮਾਮ’ ਦੇ ਨਾਂਅ ਨਾਲ ਜਾਣੀ ਜਾਂਦੀ ਤਿੰਨ ਬੱਚਿਆਂ ਦੀ ਮਾਂ ਮੈਰੀ ਨੇ ਇਹ ਮੁਕਾਬਲਾ ਜੱਜਾਂ ਦੇ ਸਾਂਝੇ ਫੈਸਲੇ ਨਾਲ ਜਿੱਤਿਆ ਅਤੇ ਜਿੱਤ ਤੋਂ ਬਾਅਦ ਉਹਨਾਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਜੋ ਵੱਡੀ ਗਿਣਤੀ ‘ਚ ਆਈਜੀ ਸਟੇਡੀਅਮ ਦੇ ਕੇਡੀ ਜਾਧਵ ਹਾਲ ‘ਚ ਮੌਜ਼ੁਦ ਸਨ ਵਿਸ਼ਵ ਮੁੱਕੇਬਾਜ਼ੀ ਟੂਰਨਾਮੈਂਟ ਦੀ ਬ੍ਰਾਂਡ ਅੰਬੈਸਡਰ ਪਹਿਲਾਂ ਹੀ ਆਪਣਾ ਸੱਤਵਾਂ ਵਿਸ਼ਵ ਚੈਂਪੀਅਨਸਿਪ ਤਮਗਾ ਪੱਕਾ ਕਰਕੇ ਰਿਕਾਰਡ ਬੁੱਕ ‘ਚ ਜਗ੍ਹਾ ਬਣਾ ਚੁੱਕੀ ਸੀ ਅਤੇ ਹੁਣ ਉਸਨੇ ਨਵਾਂ ਇਤਿਹਾਸ ਰਚ ਦਿੱਤਾ

 

ਦੋਵਾਂ ਵਰਗਾਂ ਂਚ ਸਭ ਤੋਂ ਜਿ਼ਆਦਾ ਤਮਗੇ ਜਿੱਤਣ ਦਾ ਰਿਕਾਰਡ ਰੱਖਣ ਵਾਲੇ ਕਿਊਬਾ ਦੇ ਫੇਲਿਕਸ ਦੀ ਕੀਤੀ ਬਰਾਬਰੀ

ਮੈਰੀਕਾਮ ਇਸ ਜਿੱਤ ਨਾਲ ਵਿਸ਼ਵ ਚੈਂਪੀਅਨਸ਼ਿਪ (ਮਹਿਲਾ ਅਤੇ ਪੁਰਸ਼) ‘ਚ ਸਭ ਤੋਂ ਜ਼ਿਆਦਾ ਤਮਗੇ ਜਿੱਤਣ ਵਾਲੀ ਖਿਡਾਰੀ ਵੀ ਬਣ ਗਈ ਮੈਰੀਕਾਮ ਨੇ 2001 ‘ਚ ਚਾਂਦੀ ਤਮਗਾ ਅਤੇ 2002, 2005, 2006, 2008, 2010 ਅਤੇ 2018 ‘ਚ ਸੋਨ ਤਮਗਾ ਜਿੱਤ ਕੇ ਕਿਊਬਾ ਦੇ ਫੇਲਿਕਸ ਸੇਵੋਨ (91ਕਿਗ੍ਰਾ) ਦੀ ਬਰਾਬਰੀ ਕੀਤੀ ਫੇਲਿਕਸ ਨੇ 1986 ਤੋਂ 1999 ਦਰਮਿਆਨ ਛੇ ਸੋਨ ਤਮਗੇ ਅਤੇ ਇੱਕ ਚਾਂਦੀ ਤਮਗਾ ਜਿੱਤਿਆ ਸੀ

 

 

ਵਿਸ਼ਵ ਚੈਂਪੀਅਨ ਬਣਦਿਆਂ ਹੀ ਜ਼ਜ਼ਬਾਤੀ ਹੋਈ ਮੈਰੀਕਾਮ

 

ਮੈਰੀਕਾਮ ਨੇ ਯੂਕਰੇਨ ਦੀ ਹਨਾ ਓਖੋਟਾ ਨੂੰ ਮਾਤ ਦੇ ਕੇ ਛੇਵੀਂ ਵਾਰ ਵਿਸ਼ਵ ਚੈਂਪੀਅਨ ਖ਼ਿਤਾਬ ਜਿੱਤ ਲਿਆ ਜਿੱਤ ਤੋਂ ਬਾਅਦ ਮੈਰੀ ਬਹੁਤ ਜ਼ਜ਼ਬਾਤੀ ਹੋ ਗਈ ਅਤੇ ਉਸਦੇ ਹੰਝੂ ਨਹੀਂ ਰੁਕ ਰਹੇ ਸਨ ਜੇਤੂ ਐਲਾਨ ਕੀਤੇ ਜਾਣ ਤੋਂ ਬਾਅਦ ਉਹ ਜੋਰ ਨਾਲ ਰੋਈ ਉਸਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਉਹ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਾ ਰੱਖ ਸਕੀ ਅਤੇ ਜ਼ਜ਼ਬਾਤੀ ਮੈਰੀ ਨੇ ਕਿਹਾ ਕਿ ਮੇਰੇ ਲਈ ਇਹ ਮਹਾਨ ਪਲ ਹਨ ਹਨਾ ਨੂੰ ਹਰਾਉਣਾ ਸੌਖਾ ਨਹੀਂ ਸੀ ਕਿਉਂਕਿ ਉਹ ਮੇਰੇ ਤੋਂ ਕਾਫ਼ੀ ਲੰਮੀ ਸੀ ਇਸ ਜਿੱਤ ਨਾਲ ਮੈਰੀਕਾਮ ਨੇ ਮਾਂ ਬਣਨ ਤੋਂ ਬਾਅਦ ਵਾਪਸੀ ਕਰਕੇ ਜਿੱਤੇ ਤਮਗਿਆਂ ‘ਚ ਇੱਕ ਹੋਰ ਪ੍ਰਾਪਤੀ ਜੋੜ ਲਈ ਮੈਰੀਕਾਮ ਨੇ ਇਸ ਤਮਗੇ ਨਾਲ ਵਿਸ਼ਵ ਚੈਂਪੀਅਨਸ਼ਿਪ (ਮਹਿਲਾ ਅਤੇ ਪੁਰਸ਼) ‘ਚ ਸਭ ਤੋਂ ਜ਼ਿਆਦਾ ਤਮਗੇ ਜਿੱਤਣ ਵਾਲੀ ਖਿਡਾਰੀ ਵੀ ਬਣ ਗਈ

 

 

ਇੰਝ ਰਿਹਾ ਪਹਿਲਾ ਰਾਊਂਡ:

ਪਹਿਲੇ ਗੇੜ ‘ਚ ਦੋਵੇ ਖਿਡਾਰੀਆਂ ਨੇ ਇੱਕ ਦੂਜੇ ਨੂੰ ਪਰਖ਼ਿਆ ਅਤੇ ਇਸ ਲਈ ਜ਼ਿਆਦਾ ਹਮਲਾਵਰ ਨਹੀਂ ਹੋਈਆਂ ਦੋਵਾਂ ਨੇ ਆਪਣੇ ਰਾਈਟ ਪੰਚ ਦਾ ਚੰਗਾ ਇਸਤੇਮਾਲ ਕੀਤਾ ਮੈਰੀ ਨੇ ਕੁਝ ਪੰਚ ਮਾਰੇ ਜਿੰਨ੍ਹਾਂ ਵਿੱਚੋਂ ਕੁਝ ਨਿਸ਼ਾਨੇ ‘ਤੇ ਲੱਗੇ ਇਸ ਦੌਰਾਨ ਹਾਲਾਂਕਿ ਹਨਾ ਨੇ ਵੀ ਆਪਣੇ ਰਾਈਟ ਜੈਬ ਦਾ ਚੰਗਾ ਇਸਤੇਮਾਲ ਕੀਤਾ ਪਰ ਮੈਰੀ ਕਾਮ ਆਪਣੀ ਫੁਰਤੀ ਨਾਲ ਉਸਦੇ ਜ਼ਿਆਦਾਤਰ ਪੰਚਾਂ ਨੂੰ ਨਾਕਾਮ ਕਰਨ ‘ਚ ਸਫ਼ਲ ਰਹੀ

 

 
ਦੂਸਰੇ ਗੇੜ ‘ਚ ਦੋਵਾਂ ਦੀ ਰਣਨੀਤੀ ਇੱਕੋ ਜਿਹੀ ਦਿਸੀ ਅਤੇ ਦੋਵਾਂ ਨੇ ਹਮਲਾਵਰ ਖੇਡ ਦਿਖਾਈ ਸ਼ੁਰੂਆਤ ‘ਚ ਹਨਾ ਨੇ ਚੰਗੇ ਪੰਚ ਮਾਰੇ ਜੋ ਸਟੀਕ ਰਹੇ ਹਾਲਾਂਕਿ ਦੂਸਰੇ ਗੇੜ ਦੇ ਅੰਤ ‘ਚ ਮੈਰੀਕਾਮ ਨੇ ਦੂਰੀ ਬਣਾਉਂਦੇ ਹੋਏ ਆਪਣੈ ਲਈ ਮੌਕੇ ਬਣਾਏ ਅਤੇ ਫਿਰ ਸਮੇਂ ‘ਤੇ ਪੰਚ ਮਾਰ ਕੇ ਅੰਕ ਹਾਸਲ ਕੀਤੇ ਤੀਸਰੇ ਗੇੜ ਦੇ ਸ਼ੁਰੂਆਤੀ ਇੱਕ ਮਿੰਟ ‘ਚ ਮੈਰੀ ਨੇ ਸੱਜੇ ਅਤੇ ਖੱਬੇ ਜੈਬ ਦੇ ਤਾਲਮੇਲ ਨਾਲ ਤਿੰਨ ਚਾਰ ਚੰਗੇ ਪੰਚ ਸਕੋਰਿੰਗ ਜਗ੍ਹਾ ‘ਤੇ ਮਾਰ ਕੇ ਜੱਜਾਂ ਨੂੰ ਪ੍ਰਭਾਵਿਤ ਕੀਤਾ ਪਰ ਇੱਥੋਂ ਹਨਾ ਬੇਹੱਦ ਹਮਲਾਵਰ ਹੋ ਗਈ ਅਤੇ ਮੈਰੀ ਨੂੰ ਉਸਨੂੰ ਸੰਭਾਲਣਾ ਮੁਸ਼ਕਲ ਹੋ ਗਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।