ਦੇਸ਼ ਦੀ ਵੰਡ ਬਾਰੇ ਵਿਸ਼ਵ ਦਾ ਪਹਿਲਾ ਅਜਾਇਬ ਘਰ ਦੇਸ਼ ਨੂੰ ਸਮਰਪਿਤ

Punjab, Museum, CM, Captain Amarinder Singh, Congress

ਮੁੱਖ ਮੰਤਰੀ ਨੇ  ਅਜਿਹੇ ਦੁਖਾਂਤ ਮੁੜ ਵਾਪਰਨ ਤੋਂ ਰੋਕਣ ਲਈ ਇਤਿਹਾਸ ਤੋਂ ਸਬਕ ਸਿੱਖਣ ਦਾ ਸੱਦਾ

ਰਾਜਨ ਮਾਨ, ਅੰਮ੍ਰਿਤਸਰ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਲਕ ਦੇ ਬਟਵਾਰੇ ਨੂੰ ਮੂਰਤੀਮਾਨ ਕਰਦਾ ਵਿਸ਼ਵ ਦਾ ਪਹਿਲਾ ਅਜਾਇਬ ਘਰ ਦੇਸ਼ ਨੂੰ ਸਮਰਪਿਤ ਕਰਕੇ ਉਨ੍ਹਾਂ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ ਜਿਨ੍ਹਾਂ ਨੇ 1947 ਵਿੱਚ ਦੇਸ਼ ਦੀ ਵੰਡ ਵਿੱਚ ਆਪਣੀਆਂ ਅਣਮੁੱਲੀਆਂ ਜਾਨਾਂ ਅਤੇ ਘਰ ਗੁਆ ਲਏ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ ਇਤਿਹਾਸ ਤੋਂ ਸਬਕ ਸਿੱਖਣ ਦਾ ਵੀ ਸੱਦਾ ਦਿੱਤਾ ਤਾਂ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਅਜਿਹਾ ਦੁਖਾਂਤ ਮੁੜ ਨਾ ਵਾਪਰ ਸਕੇ।

ਪਰਦਾ ਹਟਾਉਣ ਮੌਕੇ ਮਾਹੌਲ ਹੋਇਆ ਭਾਵੁਕ

 ਅੱਜ ਇੱਥੇ ਵਿਸ਼ੇਸ਼ ਯਾਦਗਾਰੀ ਸਮਾਰੋਹ ਦੌਰਾਨ ‘ਦੀ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ’ ਦੇ ਉੱਦਮ ਨਾਲ ਬਣਾਏ ਅਜਾਇਬ ਘਰ ਦੀ ਤਖ਼ਤੀ ਤੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਰਦਾ ਹਟਾਇਆ ਤਾਂ ਇਸ ਮੌਕੇ ਮਾਹੌਲ ਬਹੁਤ ਭਾਵੁਕ ਹੋ ਗਿਆ ਅਤੇ ਇਸ ਤਖ਼ਤੀ ‘ਤੇ ਬਟਵਾਰਾ ਯਾਦਗਾਰੀ ਦਿਵਸ ਵਜੋਂ 17 ਅਗਸਤ ਉਕਰਿਆ ਹੋਇਆ ਸੀ। ਇਤਿਹਾਸਕ ਟਾਊਨ ਹਾਲ ਜਿੱਥੇ ਇਹ ਅਜਾਇਬ ਘਰ ਸਥਾਪਤ ਕੀਤਾ ਗਿਆ, ਵਿਖੇ ਇਸ ਉਦਘਾਟਨੀ ਰਸਮ ਤੋਂ ਬਾਅਦ ਇਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਮੁੱਖ ਮੰਤਰੀ ਨੇ ਅੱਜ ਦੇ ਇਸ ਮੌਕੇ ਇਹ ਅਜਾਇਬ ਘਰ ਦੇਸ਼ ਨੂੰ ਸਮਰਪਿਤ ਕੀਤਾ ਜੋ ਸੂਬਾ ਸਰਕਾਰ ਦੀ ਭਾਈਵਾਲੀ ਰਾਹੀਂ ਹੋਂਦ ਵਿੱਚ ਆਇਆ।

ਮੁੱਖ ਮੰਤਰੀ ਨੇ ਮੇਘਨਾਦ  ਦੇਸਾਈ ਦੇ ਯਤਨਾਂ ਦੀ ਕੀਤੀ ਸ਼ਲਾਘਾ

ਭਾਰਤੀ ਇਤਿਹਾਸ ਦੇ ਦੁਖਦਾਇਕ ਪਲਾਂ ਤੇ ਯਾਦਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਤਕਰੀਰ ਵਿੱਚ ਮੇਘਨਾਦ ਦੇਸਾਈ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਨਿਵੇਕਲੇ ਕਿਸਮ ਦੇ ਅਜਾਇਬ ਘਰ ਵਿੱਚ ਸਾਡੇ ਇਤਿਹਾਸ ਦੇ ਬਹੁਤ ਹੀ ਦੁਖਦਾਇਕ ਅਧਿਆਏ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਆਖਿਆ ਕਿ ਇਹ ਅਜਾਇਬ ਘਰ ਅਤੇ ਜਲੰਧਰ ਵਿੱਚ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਇਕੋ ਜਿਹੇ ਉਪਰਾਲੇ ਹਨ ਜੋ ਸਾਡੀਆਂ ਨੌਜਵਾਨ ਪੀੜ੍ਹੀਆਂ ਲਈ ਆਪਣੇ ਪਿਛੋਕੜ ਨੂੰ ਸਮਝਣ ਅਤੇ ਇਸ ਤੋਂ ਸਬਕ ਸਿੱਖਣ ਵਿੱਚ ਸਹਾਈ ਹੋਣਗੇ।

ਉਨ੍ਹਾਂ ਕਿਹਾ ਕੋਈ ਵੀ ਮੁਲਕ ਆਪਣੇ ਇਤਿਹਾਸ ਤੋਂ ਸਬਕ ਸਿੱਖੇ ਬਿਨਾਂ ਅੱਗੇ ਨਹੀਂ ਵਧ ਸਕਦਾ। ਮੁੱਖ ਮੰਤਰੀ ਨੇ ਆਖਿਆ ਕਿ ਨਵੀਂ ਪੀੜ੍ਹੀ ਲਈ ਵੰਡ ਦੇ ਦਿਨ ਅੰਕੜਿਆਂ ਤੱਕ ਸੀਮਤ ਹੋ ਕੇ ਰਹਿ ਗਏ ਜਦਕਿ ਜਿਨ੍ਹਾਂ ਲੋਕਾਂ ਨੂੰ ਇਸ ਦੁਖਾਂਤ ਵਿੱਚੋਂ ਗੁਜ਼ਰਨਾ ਪਿਆ, ਉਹਨਾਂ ਲੋਕਾਂ ਅੰਦਰ ਇਸ ਸਮੇਂ ਦੀਆਂ ਬਹੁਤ ਹੀ ਦੁਖਦਾਇਕ ਤੇ ਕੌੜੀਆਂ ਯਾਦਾਂ ਸਮੋਈਆਂ ਹੋਈਆਂ ਹਨ। ਉਨ੍ਹਾਂ ਆਖਿਆ ਕਿ ਇਹ ਮਿਊਜ਼ੀਅਮ ਨੌਜਵਾਨਾਂ ਨੂੰ ਇਤਿਹਾਸ ਵਿੱਚ ਮੁਲਕਾਂ ਨੂੰ ਵੰਡਣ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਵਿੱਚੋਂ ਇਕ ਸਾਡੇ ਦੇਸ਼ ਦੀ ਵੰਡ ਨੂੰ ਦੇਖਣ ਅਤੇ ਤਜਰਬਾ ਹਾਸਲ ਕਰਨ ਲਈ ਸਹਾਈ ਹੋਵੇਗਾ।

ਮੁੱਖ ਮੰਤਰੀ ਨੇ ਵੰਡ ਨਾਲ ਜੁੜੀਆਂ ਯਾਦਾਂ ਨੂੰ ਕੀਤਾ ਚੇਤੇ

ਮੁੱਖ ਮੰਤਰੀ ਨੇ ਵੰਡ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਚੇਤੇ ਕਰਦਿਆਂ ਆਖਿਆ ਕਿ ਉਹ ਉਸ ਵੇਲੇ ਨੌਜਵਾਨ ਸਨ ਅਤੇ ਇਕ ਰੇਲ ਗੱਡੀ ਰਾਹੀਂ ਸ਼ਿਮਲਾ ਵਿੱਚ ਸਥਿਤ ਆਪਣੇ ਬੋਰਡਿੰਗ ਸਕੂਲ ਤੋਂ ਘਰ ਵਾਪਸ ਆ ਰਹੇ ਸਨ ਅਤੇ ਜਦੋਂ ਉਨ੍ਹਾਂ ਨੇ ਡੱਬੇ ਦਾ ਪਰਦਾ ਹਟਾਇਆ ਤਾਂ ਇਕ ਸਟੇਸ਼ਨ ‘ਤੇ ਲਾਸ਼ਾਂ ਪਈਆਂ ਦੇਖੀਆਂ। ਉਨ੍ਹਾਂ ਕਿਹਾ ਕਿ ਇਹ ਯਾਦ ਅਜੇ ਵੀ ਉਨ੍ਹਾਂ ਦੇ ਮਨ ਵਿੱਚ ਖੁਣੀ ਹੋਈ ਹੈ ।ਮੁੱਖ ਮੰਤਰੀ ਨੇ ਆਪਣੀ ਮਾਤਾ ਰਾਜਮਾਤਾ ਮਹਿੰਦਰ ਕੌਰ ਜੋ ਹਾਲ ਹੀ ਵਿੱਚ ਚੱਲ ਵਸੇ ਹਨ, ਵੱਲੋਂ ਮੁਲਕ ਦੀ ਵੰਡ ਵੇਲੇ ਕੀਤੇ ਕੰਮਾਂ ਨੂੰ ਚੇਤੇ ਕੀਤਾ ਜਿਨ੍ਹਾਂ ਨੇ ਸ਼ਰਨਾਰਥੀ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਸੀ।

ਅਮਰਿੰਦਰ ਸਿੰਘ ਨੇ ਅਜਾਇਬ ਘਰ ਵਿੱਚ ਪਾਈ ਫੇਰੀ

ਮੁੱਖ ਮੰਤਰੀ ਨੇ ਉਨ੍ਹਾਂ ਦਿਨਾਂ ਨਾਲ ਜੁੜੀ ਆਪਣੀ ਮਾਤਾ ਦੀ ਯਾਦ ਨੂੰ ਚੇਤੇ ਕੀਤਾ ਕਿ ਕਿਵੇਂ ਸਰਹੱਦ ਪਾਰ ਆਪਣੇ ਨਵੇਂ ਘਰਾਂ ਵਿੱਚ ਖੁਸ਼ੀ-ਖੁਸ਼ੀ ਰਹਿ ਰਹੀਆਂ ਬਹੁਤੀਆਂ ਲੜਕੀਆਂ ਨੂੰ ਧੱਕੇ ਨਾਲ ਉਨ੍ਹਾਂ ਦੇ ਘਰਾਂ ਵਿੱਚ ਵਾਪਸ ਭੇਜ ਦਿੱਤਾ ਗਿਆ। ਉਹ ਆਪਣੇ ਬੱਚਿਆਂ ਤੇ ਪਰਿਵਾਰਾਂ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦੀਆਂ ਪਰ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰ ਦਰਮਿਆਨ ਹੋਏ ਸਮਝੌਤੇ ਮੁਤਾਬਕ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ।

ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅਜਾਇਬ ਘਰ ਦੀ ਫੇਰੀ ਵੀ ਪਾਈ ਅਤੇ ਉਨ੍ਹਾਂ ਨੇ ਇਸ ਨੂੰ ਇਕ ਯਾਦਗਾਰੀ ਤਜਰਬਾ ਦੱਸਿਆ ਜੋ ਉਨ੍ਹਾਂ ਦੇ ਜੀਵਨ ਦੀਆਂ ਕਈ ਯਾਦਾਂ ਨੂੰ ਦਰਸਾਉਂਦਾ ਹੈ।ਉਨ੍ਹਾਂ ਪੰਜਾਬ ਸਰਕਾਰ ਨੇ ਇਸ ਅਜਾਇਬ ਘਰ ਦੀ ਉਸਾਰੀ ਲਈ ਮਦਦ ਦਿੱਤੀ ਅਤੇ 17 ਅਗਸਤ ਨੂੰ ‘ਬਟਵਾਰਾ ਯਾਦਗਾਰੀ ਦਿਹਾੜੇ’ ਵਜੋਂ ਮਨਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ।

ਭਾਰਤ ਦੀ ਆਜ਼ਾਦੀ ਦੇ 70 ਵਰ੍ਹਿਆਂ ਬਾਅਦ ਸੈਂਕੜੇ ਨੌਜਵਾਨਾਂ ਨੂੰ ਆਪਣੇ ਜੀਵਨ ਵਿੱਚ ਪਹਿਲੀ ਵਾਰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੁਲਕ ਦੇ ਬਟਵਾਰੇ ਦੀ ਹਿਜਰਤ ਦੌਰਾਨ ਉਨ੍ਹਾਂ ਦੇ ਵੱਡ-ਵਡੇਰਿਆਂ ਨੂੰ ਕਿੰਨੇ ਦੁੱਖ ਤੇ ਕਸ਼ਟ ਝੱਲਣੇ ਪਏ। ਜਿਵੇਂ ਹੀ ਇਹਨਾਂ ਨੌਜਵਾਨਾਂ ਨੇ ਦੁਖਦਾਇਕ ਇਤਿਹਾਸ ਨੂੰ ਮੂਰਤੀਮਾਨ ਕਰਦੇ ਦ੍ਰਿਸ਼ਾਂ ਨੂੰ ਤੱਕਿਆ ਤਾਂ ਉਨ੍ਹਾਂ ਦੀਆਂ ਅੱਖਾਂ ਨਮ ਹੁੰਦੀਆਂ ਦੇਖੀਆਂ ਜਾ ਸਕਦੀਆਂ ਸਨ।

ਮਿਊਜ਼ੀਅਮ ਨੇ ਇਤਿਹਾਸ ਨੂੰ ਮੁੜ ਸੁਰਜੀਤ ਕੀਤਾ: ਸਿੱਧੂ

ਇਸ ਤੋਂ ਪਹਿਲਾਂ ਸਥਾਨਕ ਸਰਕਾਰ, ਸੈਰ ਸਪਾਟਾ, ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਇਸ ਮਿਊਜ਼ੀਅਮ ਨੂੰ ਮਨੁੱਖੀ ਸੰਕਲਪ ਤੇ ਮੁੜ ਉੱਭਰਨ ਅਤੇ ਅਮਿੱਟ ਮਾਨਵੀ ਜਜ਼ਬੇ ਦਾ ਦੌਰ ਦੱਸਿਆ। ਉਨ੍ਹਾਂ ਕਿਹਾ ਕਿ ਇਸ ਮਿਊਜ਼ੀਅਮ ਨੇ ਵਕਤ ਦੀ ਧੂੜ ਵਿੱਚ ਗੁਆਚ ਰਹੇ ਇਤਿਹਾਸ ਨੂੰ ਮੁੜ ਸੁਰਜੀਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮਿਊਜ਼ੀਅਮ ਦੇਸ਼ ਨੂੰ ਸਮਰਪਿਤ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸ ਸਿਰਜਿਆ ਹੈ।

ਉਨ੍ਹਾਂ ਸਮਾਰੋਹ ਦੌਰਾਨ ਗੁਲਜ਼ਾਰ ਦੀ ਕਵਿਤਾ ਦਾ ਬਿਰਤਾਂਤ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਨਵੀਂ ਅਨੁਵਾਦ ਹੋਈ ਕਿਤਾਬ ‘ਫੁਟਪ੍ਰਿੰਟਸ ਆਫ਼ ਜ਼ੀਰੋ ਲਾਈਨ’ ਜਾਰੀ ਕੀਤੀ ਗਈ ਜੋ ਬਟਵਾਰੇ ‘ਤੇ ਲਿਖੀ ਗਈ ਹੈ। ਇਸ ਦੌਰਾਨ ਉੱਘੇ ਮਾਹਿਰਾਂ ਦੀ ਵਿਚਾਰ-ਚਰਚਾ ਵੀ ਹੋਈ ਜਿਨ੍ਹਾਂ ਵਿੱਚ ਉਰਵਸ਼ੀ ਬੁਟਾਲੀਆ ਅਤੇ ਸੁਰਜੀਤ ਪਾਤਰ ਵੀ ਸਨ। ਕਹਾਣੀਵਾਲਾ ਵੱਲੋਂ ਬਟਵਾਰੇ ‘ਤੇ ਲਘੂ ਨਾਟਕ ਵੀ ਖੇਡਿਆ ਗਿਆ ਅਤੇ ਹਸ਼ਮਤ ਸੁਲਤਾਨਾ ਭੈਣਾਂ ਵੱਲੋਂ ਸੂਫ਼ੀ ਸੰਗੀਤ ਪੇਸ਼ ਕੀਤਾ ਗਿਆ।

ਟਰੱਸਟ ਮੁਖੀ ਨੇ ਕੀਤਾ ਧੰਨਵਾਦ

ਇਕੱਠ ਨੂੰ ਸੰਬੋਧਨ ਕਰਦਿਆਂ ਇਸ ਮਿਊਜ਼ੀਅਮ ਦੇ ਟਰੱਸਟ ਦੀ ਮੁਖੀ ਕਿਸ਼ਵਰ ਦੇਸਾਈ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇਸ ਨਿਵੇਕਲੇ ਅਜਾਇਬ ਘਰ ਨੂੰ ਸਥਾਪਤ ਕਰਨ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਇਹ ਅਜਾਇਬ ਘਰ ਮੁਲਕ ਦੀ ਵੰਡ ਮੌਕੇ ਜਿਉਂਦੇ ਰਹਿ ਗਏ ਲੋਕਾਂ ਦੇ ਜਜ਼ਬੇ ਤੇ ਉਤਸ਼ਾਹ ਨੂੰ ਸਮਰਪਿਤ ਹੈ। ਕਿਸ਼ਵਰ ਦੇਸਾਈ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਤੇ ਦਾਨ ਤੋਂ ਬਿਨਾਂ ਇਹ ਅਜਾਇਬ ਘਰ ਹਕੀਕਤ ਨਹੀਂ ਸੀ ਬਣ ਸਕਦਾ।

ਇਸ਼ਤਿਹਾਰਬਾਜ਼ੀ ਗੁਰੂ ਸੁਹੇਲ ਸੇਠ ਜਿਸ ਦੇ ਮਾਪੇ ਵੀ ਹਿਜਰਤ ਕਰਕੇ ਆਏ ਸਨ, ਨੇ ਆਪਣੇ ਯੋਗਦਾਨ ਨੂੰ ਇਕ ਸ਼ੁਕਰਗੁਜ਼ਾਰ ਪੁੱਤਰ ਵੱਲੋਂ ਅਸਲ ਸ਼ਰਧਾਂਜਲੀ ਦੱਸਿਆ। ਪਦਮਸ੍ਰੀ ਵੀ.ਐਸ. ਸਾਹਨੀ (ਟਰੱਸਟ ਦੇ ਮੈਂਬਰ) ਅਤੇ ਸਨ ਫਾਊਂਡੇਸ਼ਨ ਦੇ ਮੁਖੀ ਨੇ ਇਸ ਨੂੰ ਲੋਕਾਂ ਦਾ ਮਿਊਜ਼ੀਅਮ ਦੱਸਿਆ ਜਿਸ ਦਾ ਸਮਰਪਿਤ ਸਮਾਰੋਹ ਸੰਜੀਦਾ ਪਲ ਹਨ।

ਮੰਟੋ ਦੀਆਂ ਕਹਾਣੀਆਂ ਨੂੰ ਪ੍ਰੇਰਿਤ ਕਰਦਾ ਹੈ ਟਾਊਨ ਹਾਲ

ਦਰਬਾਰ ਸਾਹਿਬ ਕੰਪਲੈਕਸ ਨੇੜੇ ਕੱਟੜਾ ਆਹਲੂਵਾਲੀਆ ਵਿਖੇ ਲੰਮੇ ਸਮੇਂ ਤੋਂ ਅਣਗੌਲੇ ਟਾਊਨ ਹਾਲ ਵਿੱਚ ਸਥਾਪਤ ਕੀਤਾ ਮਿਊਜ਼ੀਅਮ ਉਰਦੂ ਲੇਖਕ ਸਾਅਦਤ ਹਸਨ ਮੰਟੋ ਦੀਆਂ ਕਹਾਣੀਆਂ ਨੂੰ ਪ੍ਰੇਰਿਤ ਕਰਦਾ ਹੈ ਜੋ ਅੰਮ੍ਰਿਤਸਰ ਤੋਂ ਸਨ ਅਤੇ ਉਨ੍ਹਾਂ ਦਾ ਘਰ ਗਲੀ ਵਕੀਲਾਂ ਵਿੱਚ ਸੀ ਜੋ ਬਟਵਾਰੇ ਦੀ ਫਿਰਕੂ ਹਿੰਸਾ ਵਿੱਚ ਤਬਾਹ ਕੀਤੇ 40 ਫੀਸਦੀ ਕੀਤੇ ਘਰਾਂ ਵਿੱਚ ਸ਼ਾਮਲ ਸੀ।

ਇਸ ਯਾਦਗਾਰ ਵਿੱਚ ਵੱਖ-ਵੱਖ ਲੋਕਾਂ ਵੱਲੋਂ 1947 ਨਾਲ ਦਿੱਤੀ ਗਈ ਸਬੰਧਤ ਸਮੱਗਰੀ ਤੇ ਮਹੱਤਵਪੂਰਨ ਨਿਸ਼ਾਨੀਆਂ ਰੱਖੀਆਂ ਗਈਆਂ ਹਨ। ਇਨ੍ਹਾਂ ਵਿੱਚ ਤਸਵੀਰਾਂ, ਚਿੱਤਰ ਤੇ ਵੀਡੀਓਜ਼ ਵੀ ਹਨ। ਹਾਲ ਦੇ ਵਿੱਚ ਮਧੁਰ ਸੰਗੀਤ ਅਤੇ ਪਿਛੋਕੜ ਵਿੱਚ ਅ੍ਰਮਿਤਾ ਪ੍ਰੀਤਮ ਵੱਲੋਂ ਵਾਰਸ ਸ਼ਾਹ ਨੂੰ ਸੰਬੋਧਤ ਉਦਾਸੀ ਭਰੀ ਕਵਿਤਾ ਨੂੰ ਪੇਸ਼ ਕੀਤਾ ਗਿਆ । ਦੀਵਾਰ ‘ਤੇ ਦਰਸਾਇਆ ਗਿਆ ਕਿ ਭਾਰਤ ਵਿੱਚੋਂ ਦਸੰਬਰ, 1947 ਤੋਂ ਜੁਲਾਈ, 1948 ਤੱਕ ਅਗਵਾ ਕੀਤੀਆਂ 9423 ਔਰਤਾਂ ਬਰਾਮਦ ਕੀਤੀਆਂ ਗਈਆਂ ਅਤੇ ਭਾਰਤ ਤੋਂ ਪਾਕਿਸਤਾਨ ਭੇਜਿਆ ਗਿਆ। ਇਸੇ ਤਰ੍ਹਾਂ ਪਾਕਿਸਤਾਨ ਵਿੱਚੋਂ ਅਗਵਾ ਕੀਤੀਆਂ 5510 ਔਰਤਾਂ ਮਿਲੀਆਂ ਜੋ ਭਾਰਤ ਭੇਜੀਆਂ ਗਈਆਂ।

ਇਹ ਪਤਵੰਤੇ ਸਨ ਹਾਜ਼ਰ

ਇਸ ਮੌਕੇ ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ, ਵਿਧਾਇਕ ਸ੍ਰੀ ਓ.ਪੀ. ਸੋਨੀ, ਵਿਧਾਇਕ ਸ੍ਰੀ ਸੁਨੀਲ ਦੱਤੀ, ਵਿਧਾਇਕ ਡਾ: ਰਾਜ ਕੁਮਾਰ, ਵਿਧਾਇਕ ਤਰਸੇਮ ਸਿੰਘ ਡੀਸੀ, ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰਾ, ਸ੍ਰੀ ਲਾਲੀ ਮਜੀਠੀਆ, ਸਹਿਰੀ ਪ੍ਰਧਾਨ ਸ੍ਰੀ ਜੁਗਲ ਕਿਸ਼ੋਰ, ਦਿਹਾਤੀ ਪ੍ਰਧਾਨ ਸ: ਭਗਵੰਤ ਪਾਲ ਸਿੰਘ ਸੱਚਰ, ਪ੍ਰਮੁੱਖ ਸਕੱਤਰ ਸ੍ਰੀ ਤੇਜਬੀਰ ਸਿੰਘ, ਸ਼ਿਵਦੁਲਾਰ ਸਿੰਘ ਡਾਇਰੈਕਟਰ ਸਭਿਆਚਾਰਕ ਮਾਮਲੇ,ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਸ੍ਰੀ ਐਸ ਸ੍ਰੀਵਾਸਤਵ, ਨਗਰ ਨਿਗਮ ਦੇ ਕਮਿਸ਼ਨਰ ਸ੍ਰ: ਗੁਰਲਵਲੀਨ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ  ਸ੍ਰੀ ਰਵਿੰਦਰ ਸਿੰਘ, ਜੁਆਇੰਟ ਕਮਿਸ਼ਨਰ ਸ੍ਰੀ ਸੌਰਵ ਅਰੋੜਾ,  ਐਸ ਡੀ ਐਮ ਨਿਤੀਸ਼ ਸਿੰਗਲਾ, ਸਹਾਇਕ ਕਮਿਸ਼ਨਰ ਮੈਡਮ ਅਲਕਾ ਕਾਲੀਆ, ਜੀ ਏ ਸ੍ਰੀ ਵਿਕਾਸ ਹੀਰਾ, ਕਾਰਜਕਾਰੀ ਮੈਜਿਸਟਰੇਟ ਰਵਿੰਦਰ ਸਿੰਘ ਅਰੋੜਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।