ਰਾਜਸਥਾਨ, ਹਰਿਆਣਾ, ਪੰਜਾਬ ਤੇ ਉੱਤਰ ਪ੍ਰਦੇਸ਼ ‘ਚ ਖੂਨਦਾਨ ਪ੍ਰਤੀ ਕੀਤਾ ਜਾਗਰੂਕ
ਸਰਸਾ, (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਵੱਲੋਂ ਵਿਸ਼ਵ ਖੂਨਦਾਨ ਦਿਵਸ ‘ਤੇ ਦੇਸ਼ ਦੇ ਕਈ ਸ਼ਹਿਰਾਂ ‘ਚ ਜਾਗਰੂਕਤਾ ਰੈਲੀਆਂ ਕੱਢ ਕੇ ਖੂਨਦਾਨ ਕੀਤਾ ਗਿਆ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਹਿਯੋਗ ਨਾਲ ਕੱਢੀਆਂ ਗਈਆਂ ਜਾਗਰੂਕਤਾ ਰੈਲੀਆਂ ਦੌਰਾਨ ਲੋਕਾਂ ਨੂੰ ਖੂਨਦਾਨ ਸਬੰਧੀ ਫੈਲੇ ਵਹਿਮਾਂ-ਭਰਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਰਾਜਸਥਾਨ ਦੇ ਹਨੂੰਮਾਨਗੜ੍ਹ, ਪੀਲੀਬੰਗਾ, ਸ੍ਰੀਗੰਗਾਨਗਰ ਤੇ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ, ਮੇਰਠ ‘ਚ ਹੋਈਆਂ ਰੈਲੀਆਂ ਦੌਰਾਨ ਸਾਧ-ਸੰਗਤ ਦਾ ਉਤਸ਼ਾਹ ਦੇਖਣਯੋਗ ਸੀ।
ਰੈਲੀਆਂ ਦੇ ਸ਼ੁੱਭ ਮੌਕੇ ਆਏ ਮਹਿਮਾਨਾਂ ਨੇ ਡੇਰਾ ਸ਼ਰਧਾਲੂਆਂ ਨੂੰ ਖੂਨਦਾਨ ਦਾ ਪਹਿਰੇਦਾਰ ਦੱਸਦਿਆਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਖੂਨਦਾਨ ਦਾ ਨਾਂਅ ਲੈਂਦੇ ਹੀ ਲੋਕ ਆਪਣਿਆਂ ਨੂੰ ਛੱਡ ਕੇ ਭੱਜ ਜਾਂਦੇ ਸਨ, ਪਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਜਗਾਈ ਗਈ ਜਾਗਰੂਕਤਾ ਦੀ ਮਸ਼ਾਲ ਦਾ ਹੀ ਸਿੱਟਾ ਹੈ ਕਿ ਅੱਜ ਲੋਕ ਖੂਨਦਾਨ ਲਈ ਅੱਗੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਚੱਲਦੇ-ਫਰਦੇ ਟ੍ਰਿਊ ਬਲੱਡ ਪੰਪ ਦੇ ਨਾਂਅ ਨਾਲ ਪ੍ਰਸਿੱਧ ਡੇਰਾ ਸ਼ਰਧਾਲੂਆਂ ਦੀ ਖੂਨਦਾਨ ਦੇ ਖੇਤਰ ‘ਚ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਓਨੀ ਹੀ ਘੱਟ ਹੈ ਕਿਉਂਕਿ ਖੂਨ ਪੈਦਾ ਨਹੀਂ ਕੀਤਾ ਜਾ ਸਕਦਾ ਉਸ ਦਾ ਤਾਂ ਦਾਨ ਹੀ ਕਰਨਾ ਪੈਂਦਾ ਹੈ। ਪੂਜਨੀਕ ਗੁਰੂ ਜੀ ਵੱਲੋਂ ਸਿਖਾਈ ਗਈ ਪ੍ਰੇਰਨਾ ‘ਤੇ ਚੱਲਦੇ ਹੋਏ ਡੇਰਾ ਸ਼ਰਧਾਲੂ ਖੂਨਦਾਨ ਦੇ ਖੇਤਰ ‘ਚ ਲੋੜਵੰਦਾਂ ਦੀ ਸਹਾਇਤਾ ਤੇ ਲੋਕਾਂ ਦੀ ਜਾਨ ਬਚਾਉਣ ਦਾ ਕਾਰਜ ਕਰ ਰਹੇ ਹਨ ਤੇ ਇਹੀ ਕਾਰਨ ਹੈ ਕਿ 4 ਵਿਸ਼ਵ ਰਿਕਾਰਡ ਵੀ ਡੇਰਾ ਸੱਚਾ ਸੌਦਾ ਦੇ ਨਾਂਅ ਹਨ । ਹਨੂੰਮਾਨਗੜ੍ਹ ਪੀਲੀਬੰਗਾ ‘ਚ ਸਾਬਕਾ ਸਰਪੰਚ ਜਗਤਾਰ ਸਿੰਘ ਮੁਜੱਫਰਨਗਰ ‘ਚ ਜ਼ਿਲ੍ਹਾ ਹਸਪਤਾਲ ਦੇ ਬਲੱਡ ਬੈਂਕ ਮੁਖੀ ਡਾ. ਤਿਆਗੀ ਨੇ ਰੈਲੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸ੍ਰੀਗੰਗਾਨਗਰ ਦੇ ਸਵਾਸਤਿਕ ਬਲੱਡ ਬੈਂਕ ‘ਚ ਸਾਧ-ਸੰਗਤ ਨੇ 21 ਯੂਨਿਟ ਖੂਨਦਾਨ ਕੀਤਾ।
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਖੂਨਦਾਨੀਆਂ ਨੇ ਹੁਣ ਤੱਕ ਭਾਰਤੀ ਫੌਜ ਤੇ ਹੋਰ ਲੋੜਵੰਦ ਵਿਅਕਤੀਆਂ ਲਈ ਕੁੱਲ 4 ਲੱਖ 97 ਹਜ਼ਾਰ 488 ਯੂਨਿਟ ਖੂਨ ਦੇ ਕੇ ਲੋਕਾਂ ਦੀ ਜਾਨ ਬਚਾਈ ਹੈ। ਡੇਰਾ ਸੱਚਾ ਸੌਦਾ ਦਾ ਨਾਂਅ ਖੂਨਦਾਨ ਲਈ ਚਾਰ ਵਾਰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਸ਼ਾਮਲ ਹੋ ਚੁੱਕਾ ਹੈ। ਖੂਨਦਾਨ ਦੇ ਖੇਤਰ ‘ਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜੋ ਰੀਤ ਚਲਾਈ ਹੈ। ਅੱਜ ਸਾਰਾ ਦੇਸ਼ ਉਸ ਦਾ ਅਨੁਸਰਨ ਕਰ ਰਿਹਾ ਹੈ।
7 ਦਸੰਬਰ 2003 ਨੂੰ ਸਰਸਾ ਦੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਲੱਗੇ ਖੂਨਦਾਨ ਕੈਂਪ ‘ਚ 15432 ਯੂਨਿਟ ਖੂਨਦਾਨ ਕੀਤਾ ਗਿਆ ਜੋ ਕਿ ਖੂਨਦਾਨ ਦੇ ਖੇਤਰ ‘ਚ ਡੇਰਾ ਸੱਚਾ ਸੌਦਾ ਦਾ ਪਹਿਲਾ ਗਿੰਨੀਜ ਬੁੱਕ ਆਫ਼ ਵਰਲਡ ਹੈ। ਇਸ ਤੋਂ ਬਾਅਦ 10 ਅਕਤੂਬਰ 2004 ਨੂੰ ਪੂਜਨੀਕ ਗੁਰੂ ਜੀ ਦੀ ਪਵਿੱਤਰ ਅਵਤਾਰ ਭੂਮੀ ਸ੍ਰੀ ਗੁਰੂਸਰ ਮੋਡੀਆ ‘ਚ ਲਾਏ ਗਏ ਕੈਂਪ ‘ਚ 8 ਘੰਟਿਆਂ ‘ਚ 17921 ਯੂਨਿਟ ਖੂਨਦਾਨ ਹੋਇਆ ਉਹ ਵੀ ਵਰਲਡ ਰਿਕਾਰਡ ‘ਚ ਸ਼ਾਮਲ ਹੋਇਆ ਹੈ। 8 ਅਗਸਤ 2010 ਨੂੰ ਪੂਜਨੀਕ ਗੁਰੂ ਜੀ ਦੇ 43ਵੇਂ ਜਨਮ ਦਿਵਸ ਦੀ ਖੁਸ਼ੀ ‘ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਸੱਚਖੰਡ ਹਾਲ ‘ਚ ਇੱਕ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ, ਜਿਸ ‘ਚ 43732 ਯੂਨਿਟ ਖੂਨ ਦਾਨ ਕੀਤਾ ਗਿਆ ਜੋ ਕਿ ਡੇਰਾ ਸੱਚਾ ਸੌਦਾ ਦਾ ਖੂਨਦਾਨ ਦੇ ਖੇਤਰ ‘ਚ ਤੀਜਾ ਵਰਲਡ ਰਿਕਾਰਡ ਹੈ।
ਖੂਨਦਾਨ ਪ੍ਰਤੀ ਆਮ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨ ਲਈ 24 ਨਵੰਬਰ 2013 ਨੂੰ 10,563 ਵਿਅਕਤੀਆਂ ਨੇ ਖੂਨ ਦੀ ਵਿਸ਼ਾਲ ਬੂੰਦ ਦੇ ਅਕਾਰ ‘ਚ ਖੜ੍ਹੇ ਹੋ ਕੇ ਵਿਸ਼ਵ ਰਿਕਾਰਡ ਬਣਾਇਆ।