World Cup 2025: ਸਪੋਰਟਸ ਡੈਸਕ। ਮਹਿਲਾ ਵਨਡੇ ਵਿਸ਼ਵ ਕੱਪ ਦਾ ਗਰੁੱਪ ਪੜਾਅ ਹੁਣ ਆਖਰੀ ਪੜਾਅ ’ਤੇ ਹੈ ਤੇ ਸੈਮੀਫਾਈਨਲ ਲਈ ਚਾਰ ਟੀਮਾਂ ਦਾ ਫੈਸਲਾ ਹੋ ਗਿਆ ਹੈ। ਅਸਟਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਤੇ ਭਾਰਤ ਨੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ, ਜਦਕਿ ਨਿਊਜ਼ੀਲੈਂਡ, ਸ਼੍ਰੀਲੰਕਾ, ਪਾਕਿਸਤਾਨ ਤੇ ਬੰਗਲਾਦੇਸ਼ ਦਾ ਸਫਰ ਗਰੁੱਪ ਪੜਾਅ ’ਚ ਹੀ ਰੁਕ ਗਿਆ ਹੈ। ਭਾਰਤ ਨੇ ਵੀਰਵਾਰ ਨੂੰ ਨਿਊਜ਼ੀਲੈਂਡ ਨੂੰ ਹਰਾ ਕੇ ਸੈਮੀਫਾਈਨਲ ’ਚ ਦਾਖਲ ਪਾਇਆ।
ਇਹ ਖਬਰ ਵੀ ਪੜ੍ਹੋ : Australia Vs India: ਦੂਜੇ ਵਨਡੇ ’ਚ ਆਸਟ੍ਰੇਲੀਆ ਨੇ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ
ਲਗਾਤਾਰ 3 ਹਾਰਾਂ ਤੋਂ ਬਾਅਦ ਭਾਰਤ ਨੇ ਕੀਤੀ ਜਿੱਤ ਦਰਜ਼
ਭਾਰਤ ਨੇ ਨਿਊਜ਼ੀਲੈਂਡ ਨੂੰ 53 ਦੌੜਾਂ ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ 2025 ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਏ ਇਸ ਅਹਿਮ ਮੈਚ ’ਚ ਮੀਂਹ ਨੇ ਵੀ ਵਿਘਨ ਪਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਮਹਿਲਾ ਟੀਮ ਨੇ 49 ਓਵਰਾਂ ’ਚ ਤਿੰਨ ਵਿਕਟਾਂ ਗੁਆ ਕੇ 340 ਦੌੜਾਂ ਬਣਾਈਆਂ। ਜਵਾਬ ’ਚ, ਜਦੋਂ ਨਿਊਜ਼ੀਲੈਂਡ ਦੀ ਟੀਮ ਟੀਚੇ ਦਾ ਪਿੱਛਾ ਕਰਨ ਲਈ ਉਤਰੀ ਤਾਂ ਇੱਕ ਵਾਰ ਫਿਰ ਮੀਂਹ ਪੈ ਗਿਆ ਤੇ ਡੀਐਲਐਸ ਵਿਧੀ ਦੇ ਤਹਿਤ ਉਸਨੂੰ 44 ਓਵਰਾਂ ’ਚ 325 ਦੌੜਾਂ ਦਾ ਸੋਧਿਆ ਟੀਚਾ ਮਿਲਿਆ। ਨਿਊਜ਼ੀਲੈਂਡ ਦੀ ਟੀਮ ਨਿਰਧਾਰਤ ਓਵਰਾਂ ’ਚ ਅੱਠ ਵਿਕਟਾਂ ’ਤੇ 271 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਲਗਾਤਾਰ ਤਿੰਨ ਮੈਚ ਹਾਰ ਕੇ ਆਖਰਕਾਰ ਜਿੱਤ ਹਾਸਲ ਕੀਤੀ। ਇਹ ਜਿੱਤ ਉਸ ਲਈ ਖਾਸ ਸੀ ਕਿਉਂਕਿ ਇਸ ਨਾਲ ਉਹ ਆਖਰੀ ਚਾਰ ’ਚ ਪਹੁੰਚਣ ’ਚ ਸਫਲ ਰਹੀ।
ਭਾਰਤੀ ਮਹਿਲਾ ਟੀਮ ਦਾ ਹੁਣ ਤੱਕ ਦਾ ਸਫਰ | World Cup 2025
ਭਾਰਤ ਨੇ ਮਹਿਲਾ ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਸ਼੍ਰੀਲੰਕਾ ਨੂੰ ਹਰਾਇਆ ਤੇ ਫਿਰ ਕੱਟੜ ਵਿਰੋਧੀ ਪਾਕਿਸਤਾਨ ਨੂੰ ਹਰਾਇਆ। ਪਰ ਇਸ ਨੂੰ ਦੱਖਣੀ ਅਫਰੀਕਾ, ਅਸਟਰੇਲੀਆ ਤੇ ਇੰਗਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਟੀਮ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤ ਦੇ ਰਾਹ ’ਤੇ ਪਰਤਣ ’ਚ ਸਫਲ ਰਹੀ। ਭਾਰਤੀ ਮਹਿਲਾ ਟੀਮ ਨੇ ਛੇ ਵਿੱਚੋਂ ਤਿੰਨ ਮੈਚ ਜਿੱਤੇ ਹਨ ਤੇ ਤਿੰਨ ਹਾਰੇ ਹਨ। ਟੀਮ ਇਸ ਸਮੇਂ ਛੇ ਅੰਕਾਂ ਨਾਲ ਚੌਥੇ ਸਥਾਨ ’ਤੇ ਹੈ ਅਤੇ ਇਸ ਦੀ ਨੈੱਟ ਰਨ ਰੇਟ ਵੀ +0.628 ਹੈ। ਭਾਰਤ ਨੂੰ ਹੁਣ ਗਰੁੱਪ ਗੇੜ ਦੇ ਆਖਰੀ ਮੈਚ ’ਚ ਬੰਗਲਾਦੇਸ਼ ਨਾਲ ਖੇਡਣਾ ਹੈ। ਭਾਰਤੀ ਟੀਮ ਸੈਮੀਫਾਈਨਲ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨਾ ਚਾਹੇਗੀ।
ਅੰਕ ਸਾਰਣੀ ਦੀ ਸਥਿਤੀ | World Cup 2025
ਭਾਵੇਂ ਸੈਮੀਫਾਈਨਲ ਦੀਆਂ ਚਾਰ ਟੀਮਾਂ ਦਾ ਫੈਸਲਾ ਹੋ ਗਿਆ ਹੈ ਪਰ ਅਜੇ ਵੀ ਇਸ ਗੱਲ ਨੂੰ ਲੈ ਕੇ ਸ਼ੰਕਾ ਬਣੀ ਹੋਈ ਹੈ ਕਿ ਅੰਤਿਮ ਚਾਰ ’ਚ ਕਿਹੜੀ ਟੀਮ ਕਿਸ ਨਾਲ ਭਿੜੇਗੀ। ਇਹ ਤੈਅ ਹੈ ਕਿ ਭਾਰਤੀ ਟੀਮ ਚੌਥੇ ਸਥਾਨ ’ਤੇ ਰਹੇਗੀ ਕਿਉਂਕਿ ਆਖਰੀ ਮੈਚ ਜਿੱਤਣ ’ਤੇ ਵੀ ਉਸ ਦੇ ਸਿਰਫ ਅੱਠ ਅੰਕ ਹੋਣਗੇ, ਜਦਕਿ ਇੰਗਲੈਂਡ, ਦੱਖਣੀ ਅਫਰੀਕਾ ਤੇ ਅਸਟਰੇਲੀਆ ਅੰਕਾਂ ਦੇ ਮਾਮਲੇ ’ਚ ਭਾਰਤ ਤੋਂ ਅੱਗੇ ਹਨ। ਇੰਗਲੈਂਡ 9 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ ਤੇ ਫਾਈਨਲ ਮੈਚ ’ਚ ਉਸ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ।
ਦੂਜੇ ਪਾਸੇ ਦੱਖਣੀ ਅਫਰੀਕਾ ਦਾ ਸਾਹਮਣਾ ਚੋਟੀ ਦੀ ਰੈਂਕਿੰਗ ਵਾਲੀ ਅਸਟਰੇਲੀਆ ਨਾਲ ਹੈ। ਜੇਕਰ ਇੰਗਲੈਂਡ ਨਿਊਜ਼ੀਲੈਂਡ ਨੂੰ ਹਰਾਉਣ ’ਚ ਸਫਲ ਰਹਿੰਦਾ ਹੈ ਤਾਂ ਉਸ ਦੇ 11 ਅੰਕ ਹੋ ਜਾਣਗੇ, ਜਦਕਿ ਦੱਖਣੀ ਅਫਰੀਕਾ ਜੇਕਰ ਅਸਟਰੇਲੀਆ ਤੋਂ ਹਾਰਦਾ ਹੈ ਤਾਂ 10 ਅੰਕਾਂ ਨਾਲ ਤੀਜੇ ਸਥਾਨ ’ਤੇ ਚਲਾ ਜਾਵੇਗਾ। ਪਹਿਲਾ ਸੈਮੀਫਾਈਨਲ ਮੈਚ ਅੰਕ ਸੂਚੀ ’ਚ ਚੋਟੀ ਤੇ ਚੌਥੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਵਿਚਕਾਰ ਹੋਵੇਗਾ, ਜਦਕਿ ਦੂਜਾ ਸੈਮੀਫਾਈਨਲ ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਵਿਚਕਾਰ ਹੋਵੇਗਾ।
ਇਸ ਦਾ ਮਤਲਬ ਹੈ ਕਿ ਆਖਰੀ ਚਾਰ ’ਚ ਭਾਰਤ ਕਿਸ ਦਾ ਸਾਹਮਣਾ ਕਰੇਗਾ, ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਕਿਹੜੀ ਟੀਮ ਚੋਟੀ ’ਤੇ ਰਹਿੰਦੀ ਹੈ। ਫਿਲਹਾਲ ਅਸਟਰੇਲੀਆ ਸਿਖਰ ’ਤੇ ਹੈ ਤੇ 25 ਅਕਤੂਬਰ ਨੂੰ ਅਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਕਾਰ ਹੋਣ ਵਾਲਾ ਮੈਚ ਤੈਅ ਕਰੇਗਾ ਕਿ ਭਾਰਤ ਕਿਸ ਟੀਮ ਦਾ ਸਾਹਮਣਾ ਕਰੇਗਾ। ਇਹ ਤੈਅ ਹੈ ਕਿ ਅਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਇਸ ਮੈਚ ਨੂੰ ਜਿੱਤਣ ਵਾਲੀ ਟੀਮ ਸੈਮੀਫਾਈਨਲ ’ਚ ਭਾਰਤ ਨਾਲ ਭਿੜੇਗੀ।
ਕਦੋਂ ਅਤੇ ਕਿੱਥੇ ਖੇਡੇ ਜਾਣਗੇ ਸੈਮੀਫਾਈਨਲ ਮੁਕਾਬਲੇ | World Cup 2025
ਪਹਿਲਾ ਸੈਮੀਫਾਈਨਲ ਮੈਚ 29 ਅਕਤੂਬਰ ਨੂੰ ਗੁਹਾਟੀ ਦੇ ਬਰਸਾਪਾਡਾ ਸਟੇਡੀਅਮ ’ਚ ਖੇਡਿਆ ਜਾਵੇਗਾ, ਜਦਕਿ ਦੂਜਾ ਸੈਮੀਫਾਈਨਲ 30 ਅਕਤੂਬਰ ਨੂੰ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ’ਚ ਖੇਡਿਆ ਜਾਵੇਗਾ। ਮਹਿਲਾ ਵਿਸ਼ਵ ਕੱਪ ਦਾ ਖਿਤਾਬੀ ਮੁਕਾਬਲਾ 2 ਨਵੰਬਰ ਨੂੰ ਹੋਵੇਗਾ ਪਰ ਇਸ ਦਾ ਸਥਾਨ ਅਜੇ ਤੈਅ ਨਹੀਂ ਹੋਇਆ ਹੈ।














