(ਜਸਵੀਰ ਸਿੰਘ ਗਹਿਲ/ਸਾਹਿਲ ਅਗਰਵਾਲ) ਲੁਧਿਆਣਾ। ਲੁਧਿਆਣਾ ਪੁਲਿਸ ਵੱਲੋਂ ਦੋ ਕਾਰ ਸਵਾਰਾਂ ਨੂੰ 2 ਕਿੱਲੋ 600 ਗ੍ਰਾਮ ਅਫੀਮ (Opium) ਸਮੇਤ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀਆਂ ਵਿੱਚੋਂ ਇੱਕ ਖਿਲਾਫ਼ ਪਹਿਲਾਂ ਵੀ ਦੋ ਅਪਰਾਧਿਕ ਮਾਮਲੇ ਦਰਜ ਹਨ। ਰੁਪਿੰਦਰ ਕੌਰ ਸਰਾਂ ਏਡੀਸੀਪ ਜਾਂਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਏਸੀਪੀ ਅਤੇ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਕਰਾਇਮ ਬ੍ਰਾਂਚ- 3 ਲੁਧਿਆਣਾ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜਿਹੜੇ ਬਾਹਰਲੀਆਂ ਸਟੇਟਾਂ ’ਤੋਂ ਸਸਤੇ ਭਾਅ ਅਫ਼ੀਮ ਲਿਆ ਕੇ ਇੱਧਰ ਮਹਿੰਗੇ ਭਾਅ ਵੇਚਦੇ ਸਨ।
ਇਹ ਵੀ ਪੜ੍ਹੋ : ਨਸ਼ੀਲੀਆਂ ਗੋਲੀਆਂ ਦੇ ਭੰਡਾਰ ਸਮੇਤ ਚਾਰ ਜਣੇ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਅਭੈ ਗੌਤਮ ਵਾਸੀ ਪਿੰਡ ਸੁਲਤਾਨਪੁਰ (ਯੂ.ਪੀ.) ਤੇ ਰਾਮ ਮੂਰਤੀ ਵਾਸੀ ਨਵਾਂ ਗਾਉ (ਯੂ.ਪੀ.) ਨੂੰ ਖੰਨਾ ਸਾਇਡ ਤੋਂ ਕਾਰ ਨੰਬਰ ਪੀਬੀ- 91 ਐੱਲ- 8651 ਮਾਰੂਤੀ ’ਚ ਸਵਾਰ ਹੋ ਕੇ ਆਉਂਦਿਆਂ ਨੂੰ ਰੋਕ ਕੇ ਕਾਬੂ ਕੀਤਾ ਗਿਆ। ਜਿੰਨ੍ਹਾਂ ’ਚ ਅਭੈ ਗੌਤਮ ਖੇਤੀਬਾੜੀ ਅਤੇ ਰਾਮ ਮੂਰਤੀ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। (Opium) ਉਨ੍ਹਾਂ ਦੱਸਿਆ ਕਿ ਤਲਾਸੀ ਦੌਰਾਨ ਉਕਤਾਨ ਦੇ ਕਬਜ਼ੇ ਵਾਲੀ ਮਾਰੂਤੀ ਕਾਰ ਦੀ ਡਿੱਗੀ ਵਿੱਚੋਂ 2 ਕਿੱਲੋ 600 ਗ੍ਰਾਮ ਅਫ਼ੀਮ ਬਰਾਮਦ ਹੋਈ। ਜਿਸ ਤੋਂ ਬਾਅਦ ਥਾਣਾ ਸਾਹਨੇਵਾਲ ਵਿਖੇ ਮਾਮਲਾ ਦਰਜ਼ ਕਰਕੇ ਉਕਤਾਨ ਨੂੰ ਗਿ੍ਰਫ਼ਤਾਰ ਕੀਤਾ ਗਿਆ। ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਕਰਾਇਮ ਬ੍ਰਾਂਚ- 3 ਲੁਧਿਆਣਾ ਨੇ ਦੱਸਿਆ ਕਿ ਗਿ੍ਰਫ਼ਤਾਰ ਵਿਅਕਤੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।