ਅਫ਼ੀਮ ਤੋਂ ਬਿਨਾ ਵੀ ਲੋਕ ਜਿਉਂਦੇ ਸੀ ਲੰਮੀ ਉਮਰ

Without, Opiate, People, Still, Alive

ਅਫ਼ੀਮ ਨਾਲ ਨਾ ਤਾਂ ਕੋਈ ਮੈਡਲ ਮਿਲਦੇ ਹਨ ਤੇ ਨਾ ਹੀ ਕੋਈ ਸਿਹਤਮੰਦ ਵਿਅਕਤੀ ਅਫ਼ੀਮ ਤੋਂ ਬਿਨਾਂ ਘੱਟ ਉਮਰ ਭੋਗਦਾ ਹੈ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸ਼ੁਹਰਤ ਹਾਸਲ ਕਰਨ ਲਈ ਕੋਈ ਨਾ ਕੋਈ ਅਜਿਹਾ ਪੈਂਤਰਾ ਖੇਡ ਲੈਂਦੇ ਹਨ, ਜਿਸ ਦਾ ਕੋਈ ਮੂੰਹ-ਸਿਰ ਹੀ ਨਹੀਂ ਹੁੰਦਾ ਤਾਜਾ ਬਿਆਨ ‘ਚ ਸਿੱਧੂ ਨੇ ਪੰਜਾਬ ‘ਚ ਅਫ਼ੀਮ ਦੀ ਖੇਤੀ ਦੀ ਹਮਾਇਤ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ ਹਾਲਾਂਕਿ ਉਨ੍ਹਾਂ ਦੇ ਬਿਆਨ ਦਾ ਸਾਥੀ ਮੰਤਰੀ ਨੇ ਹੀ ਵਿਰੋਧ ਕੀਤਾ ਹੈ ਹੋਰ ਕਿਸੇ ਵੀ ਮੰਤਰੀ ਨੇ ਸਿੱਧੂ ਦੇ ਬਿਆਨ ਦੀ ਹਮਾਇਤ ਨਹੀਂ ਕੀਤੀ, ਕਿਉਂਕਿ ਪੰਜਾਬ ਦੇ ਲੋਕ ਪਹਿਲਾਂ ਹੀ ਨਸ਼ਿਆਂ ਦੀ ਮਾਰ ਤੋਂ ਦੁਖੀ ਹਨ ਤੇ ਕੋਈ ਵੀ ਆਗੂ ਇਸ ਮਾਮਲੇ ‘ਚ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਤੋਂ ਬਚਣਾ ਹੀ ਚਾਹੁੰਦਾ ਹੈ

ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਿੱਧੂ ਦੀ ਦਲੀਲ ਨੂੰ ਕੱਟਦਿਆਂ ਕਿਹਾ ਕਿ ਇੱਕ ਨਸ਼ਾ ਰੋਕਣ ਲਈ ਦੂਜਾ ਨਸ਼ਾ ਨਹੀਂ ਦਿੱਤਾ ਜਾ ਸਕਦਾ ਇਸੇ ਤਰ੍ਹਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਅਫ਼ੀਮ ਦੀ ਖੇਤੀ ਦੀ ਇਜਾਜ਼ਤ ਦੇ ਕੇ ਉਹ ਪੰਜਾਬ ਦੀ ਜਵਾਨੀ ਬਰਬਾਦ ਨਹੀਂ ਕਰਨਾ ਚਾਹੁੰਦੇ ਸਿੱਧੂ ਨੇ ਦਲੀਲ ਦਿੱਤੀ ਕਿ ਉਨ੍ਹਾਂ ਦਾ ਚਾਚਾ ਅਫੀਮ ਖਾ ਕੇ ਲੰਮੀ ਉਮਰ ਭੋਗ ਗਿਆ ਹੈ ਪਹਿਲੀ ਗੱਲ ਸਿੱਧੂ ਜਿਸ ਪੀੜ੍ਹੀ ਦੀ ਗੱਲ ਕਰਦੇ ਹਨ

ਉਸ ਪੀੜ੍ਹੀ ਦੇ ਹੋਰ ਲੋਕ ਵੀ ਬਿਨਾ ਅਫੀਮ ਤੋਂ ਹੀ ਉਸ ਦੇ ਚਾਚੇ ਤੋਂ ਵੀ ਵੱਧ ਉਮਰ ਭੋਗਦੇ ਸਨ ਪੰਜਾਬ ਦੇ ਇਤਿਹਾਸ ‘ਚ ਕਿਧਰੇ ਵੀ ਲਿਖਿਆ ਨਹੀਂ ਮਿਲਦਾ ਕਿ ਪੰਜਾਬੀ ਅਫ਼ੀਮ ਖਾਣ ਕਾਰਨ ਹੀ ਸਿਹਤਮੰਦ ਸਨ ਤੇ ਭਲਵਾਨੀਆਂ ਕਰਦੇ ਸਨ ਪੰਜਾਬ ਹਰਿਆਣਾ ਵਰਗੇ ਸੂਬਿਆਂ ‘ਚ ਦੁੱਧ-ਘਿਓ ਨੂੰ ਤਾਕਤਵਰ ਖੁਰਾਕਾਂ ਮੰਨਿਆ ਗਿਆ ਹੈ ਅਫ਼ੀਮ ਖਾਣ ਵਾਲੇ ਬੰਦੇ ਲਈ ‘ਅਮਲੀ’ ਸ਼ਬਦ ਵਰਤਿਆ ਜਾਂਦਾ ਹੈ ਤੇ ਉਸ ਵੇਲੇ ਵੀ ਅਫ਼ੀਮ ਖਾਣ ਵਾਲੇ ਨੂੰ ਸਮਾਜਿਕ ਤੌਰ ‘ਤੇ ਚੰਗਾ ਨਹੀਂ ਮੰਨਿਆ ਜਾਂਦਾ ਸੀ

ਨਵਜੋਤ ਸਿੱਧੂ ਨੇ ਪੰਜਾਬ ਦੇ ਇਤਿਹਾਸ, ਖਾਣ-ਪੀਣ, ਕੁਸ਼ਤੀ ਲੜਨ ਵਰਗੇ ਸ਼ਾਨਾਮੱਤੇ ਵਿਰਸੇ ਨੂੰ ਪਾਸੇ ਰੱਖਦਿਆਂ ਅਫ਼ੀਮ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਹਨ ਜਿੱਥੋਂ ਤੱਕ ਅਫ਼ੀਮ ਦੇ ਸੇਵਨ ਦਾ ਸਬੰਧ ਹੈ, ਅਫ਼ੀਮ ਦਾ ਸਿੱਧਾ ਸੇਵਨ ਡਾਕਟਰੀ ਨਜ਼ਰੀਏ ਤੋਂ ਗਲਤ ਹੈ ਜੋ ਕਈ ਰੋਗਾਂ ਨੂੰ ਜਨਮ ਦੇਂਦਾ ਹੈ ਅਫੀਮ ਦੀ ਸਿਰਫ ਦਵਾਈਆਂ ‘ਚ ਵਰਤੋਂ ਤਾਂ ਕੀਤੀ ਜਾ ਸਕਦੀ ਹੈ

ਨਸ਼ਿਆਂ ਦੀ ਵਧ ਰਹੀ ਵਰਤੋਂ ਨੂੰ ਰੋਕਣ ਲਈ ਨਸ਼ੇ ਦਾ ਬਦਲ ਦੇਣਾ ਸਹੀ ਨਹੀਂ ਸਗੋਂ ਇਹ ਗੱਲ ਸਮੱਸਿਆ ਦਾ ਹੱਲ ਕੱਢਣ ਦੀ ਬਜਾਇ ਭੱਜਣ ਵਾਲੀ ਹੈ ਅਹਿਮ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਵਿਅਕਤੀਆਂ ਨੂੰ ਅਫ਼ੀਮ ਖਾਣ ਦੀ ਹਮਾਇਤ ਕਰਨ ਦੀ ਬਜਾਇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੁਝ ਕਰ ਗੁਜ਼ਰਨ ਲਈ ਅੱਗੇ ਆਉਣਾ ਚਾਹੀਦਾ ਹੈ

ਅਫ਼ੀਮ ਨਾਲ ਨਾ ਤਾਂ ਕੋਈ ਮੈਡਲ ਮਿਲਦੇ ਹਨ ਤੇ ਨਾ ਹੀ ਕੋਈ ਸਿਹਤਮੰਦ ਵਿਅਕਤੀ ਅਫ਼ੀਮ ਤੋਂ ਬਿਨਾਂ ਘੱਟ ਉਮਰ ਭੋਗਦਾ ਹੈ ਸਿੱਧੂ ਦੇ ਸਿਆਸੀ ਫਾਰਮੂਲੇ ਉਸ ਨੂੰ ਸੁਰਖੀਆਂ ‘ਚ ਤਾਂ ਲੈ ਆਉਂਦੇ ਹਨ ਪਰ ਇਹ ਚੀਜ਼ਾਂ ਸਮਾਜ ਲਈ ਖਤਰਨਾਕ ਹਨ ਬਿਨਾ ਕਿਸੇ ਡੂੰਘੀ ਜਾਣਕਾਰੀ ਦੇ ਹਰ ਗੱਲ ‘ਚ ਗਿਆਨ ਘੋਟਣ ਦਾ ਰੁਝਾਨ ਸਮਾਜ ‘ਚ ਬੇਵਜ਼੍ਹਾ ਦੀ ਬਹਿਸ ਛੇੜਦਾ ਹੈ ਸਿਆਸੀ ਆਗੂਆਂ ਨੂੰ ਹਰ ਗੱਲ ਸਮਾਜ ਦੇ ਹਿੱਤ ‘ਚ ਤੇ ਜ਼ਿੰਮੇਵਾਰੀ ਨਾਲ ਹੀ ਕਰਨੀ ਚਾਹੀਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here