ਬੰਦ ਅਦਾਰਿਆਂ ਦੇ ਬਿਜਲੀ ਦੇ ਬਿੱਲ ਵਾਪਸ ਲਏ ਜਾਣ: ਹਰਪਾਲ ਚੀਮਾ

ਬੰਦ ਅਦਾਰਿਆਂ ਦੇ ਬਿਜਲੀ ਦੇ ਬਿੱਲ ਵਾਪਸ ਲਏ ਜਾਣ: ਹਰਪਾਲ ਚੀਮਾ

ਫ਼ਤਹਿਗੜ੍ਹ ਸਾਹਿਬ, (ਅਨਿਲ ਲੁਟਾਵਾ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਾਰੇ ਕੰਮ ਠੱਪ ਹੋ ਗਏ ਅਤੇ ਲੋਕ ਲਗਭਗ ਢਾਈ ਮਹੀਨੇ ਆਪਣੇ ਘਰਾਂ ਵਿੱਚ ਰਹੇ, ਜਿਸ ਕਰਕੇ ਆਮ ਆਦਮੀ ਆਰਥਿਕ ਤੌਰ ‘ਤੇ ਇੰਨਾ ਜਿਆਦਾ ਕਮਜੋਰ ਹੋ ਗਿਆ ਕਿ ਉਸਨੂੰ ਦੋ ਵਖਤ ਦੀ ਰੋਟੀ ਵੀ ਔਖੀ ਮਿਲ ਰਹੀ ਹੈ, ਪਰ ਪੰਜਾਬ ਸਰਕਾਰ ਨੇ ਲੋਕਾਂ ਨੂੰ ਆਰਥਿਕ ਮਦਦ ਤਾਂ ਕੀ ਦੇਣੀ ਸੀ ਉਸਦੇ ਉਲਟ ਵੱਡੇ-ਵੱਡੇ ਬਿਜਲੀ ਦੇ ਬਿੱਲ, ਪਾਣੀ ਦੇ ਬਿੱਲ, ਹਾਊਸ ਟੈਕਸ ਵਗੈਰਾ ਭੇਜਣੇ ਸ਼ੁਰੂ ਕਰ ਦਿੱਤੇ।

ਕੋਰੋਨਾ ਮਹਾਂਮਾਰੀ ਨਾਲ ਗਰੀਬ ਵਰਗ ਅਤੇ ਮੱਧਮ ਵਰਗ ਬਹੁਤ ਜਿਆਦਾ ਪ੍ਰਭਾਵਿਤ ਹੋਇਆ, ਇਸ ਲਈ ਮੌਜੂਦਾ ਸਮੇਂ ਹਰੇਕ ਵਿਅਕਤੀ ਨੂੰ ਘਰ ਦਾ ਗੁਜਾਰਾ ਕਰਨਾ ਔਖਾ ਹੈ। ਪਾਵਰਕੌਮ ਪੰਜਾਬ ਵੱਲੋਂ ਲੋਕਾਂ ਨੂੰ ਬਿੱਲ ਭੇਜ ਕੇ ਭਰਨ ਲਈ ਕਿਹਾ ਜਾ ਰਿਹਾ ਹੈ। ਜਦਕਿ ਕਾਰੋਬਾਰ ਬੰਦ ਹਨ ਤਾਂ ਗਰੀਬ ਲੋਕ ਬਿੱਲ ਕਿਵੇਂ ਭਰਨਗੇ ਪਰ ਬਿਜਲੀ ਵਿਭਾਗ ਵੱਲੋਂ ਪਿਛਲੇ ਸਾਲ ਦੇ ਹਿਸਾਬ ਨਾਲ ਬਿੱਲ ਭੇਜੇ ਜਾ ਰਹੇ ਹਨ, ਜੋ ਕਿ ਲੋਕਾਂ ਨਾਲ ਧੱਕਾ ਹੈ, ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਜੋ ਬੰਦ ਸਨ, ਇਨ੍ਹਾਂ ਅਦਾਰਿਆਂ ਵਿੱਚ ਬਿਜਲੀ ਦੀ ਵਰਤੋਂ ਕੀਤੀ ਨਹੀਂ ਗਈ, ਫਿਰ ਪਿਛਲੇ ਸਾਲ ਦੇ ਹਿਸਾਬ ਨਾਲ ਬਿੱਲ ਭੇਜਣੇ ਧੱਕਾ ਹੈ,

ਜੋ ਪਿਛਲੇ ਢਾਈ ਮਹੀਨੇ ਦੇ ਬਿਜਲੀ ਦੇ ਬਿਲ ਭੇਜੇ ਗਏ ਹਨ ਉਹ ਵਾਪਸ ਲਏ ਜਾਣ ਅਤੇ ਘਰਾਂ ਦੇ ਬਿਲ ਅੱਧੇ ਭਰਵਾਏ ਜਾਣ, ਤਾਂ ਜੋ ਲੋਕਾਂ ਨੂੰ ਥੋੜੀ ਰਾਹਤ ਮਿਲ ਸਕੇ। ਪੰਜਾਬ ਦੇ ਜਿਆਦਾਤਰ ਲੋਕ ਗਰੀਬ ਹਨ ਅਤੇ ਘਰ ਦਾ ਗੁਜਾਰਾ ਕਰਨਾ ਔਖਾ ਹੈ ਫਿਰ ਲੋਕ ਕਾਰੋਬਾਰ ਬੰਦ ਹੋਣ ਤੇ ਬਿਜਲੀ ਦੇ ਬਿੱਲ ਕਿਸ ਤਰ੍ਹਾਂ ਭਰਨਗੇ।

ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਕਮਰਸ਼ੀਅਲ ਵਿੱਚ ਆਉਂਦੇ ਹਨ ਇਸ ਲਈ ਇਨ੍ਹਾਂ ਦਾ ਯੂਨਿਟ ਰੇਟ ਵੀ ਵੱਧ ਹੈ, ਇਹ ਸਾਰੇ ਅਦਾਰੇ ਸਰਕਾਰ ਦੇ ਹੁਕਮਾਂ ਅਤੇ ਕਾਨੂੰਨੀ ਤਰੀਕੇ ਨਾਲ ਬੰਦ ਹੋਏ ਸਨ, ਜਦੋਂ ਲੋਕਾਂ ਨੇ ਕੋਈ ਸੁਵਿਧਾ ਵਰਤੀ ਹੀ ਨਹੀਂ ਫਿਰ ਵੀ ਪਿਛਲੇ ਸਾਲ ਦੇ ਹਿਸਾਬ ਨਾਲ ਬਿਜਲੀ ਦੇ ਬਿੱਲ ਵਸੂਲੇ ਜਾ ਰਹੇ ਹਨ, ਜੋ ਕਿ ਗਲਤ ਹੈ ਇਸ ਲਈ ਸਰਕਾਰ ਨੂੰ ਅਜਿਹੇ ਲੋਕ ਮਾਰੂ ਫੈਸਲੇ ਵਾਪਸ ਲੇਣੇ ਚਾਹੀਦੇ ਹਨ। ਜੇਕਰ ਸਰਕਾਰ ਨੇ ਬਿਜਲੀ ਦੇ ਬਿੱਲ ਵਾਪਸ ਨਾ ਲਏ ਤਾਂ ਆਪ ਪਾਰਟੀ ਸੰਘਰਸ਼ ਕਰੇਗੀ ਅਤੇ ਜੇਕਰ ਲੋੜ ਪਈ ਤਾਂ ਮਾਣਯੋਗ ਅਦਾਲਤ ਵਿੱਚ ਵੀ ਜਾਵਾਂਗੇ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸੇ ਤਰ੍ਹਾਂ ਬੈਂਕ ਵਾਲੇ ਹੋਮ ਲੋਨ, ਮੋਟਰਸਾਈਕਲ ਦਾ ਲੋਨ, ਕਾਰ ਦਾ ਲੋਨ ਅਤੇ ਹੋਰ ਛੋਟੇ-ਛੋਟੇ ਲੋਨ ਜੋ ਗਰੀਬ ਲੋਕਾਂ ਨੇ ਅਤੇ ਔਰਤਾਂ ਨੇ ਵੀ ਆਪਣੇ ਛੋਟੇ-ਛੋਟੇ ਕਾਰੋਬਾਰ ਕਰਨ ਲਈ ਬੈਂਕਾਂ ਜਾਂ ਪ੍ਰਾਈਵੇਟ ਫਾਈਨੈਂਸ ਕੰਪਨੀਆਂ ਤੋਂ ਲਏ ਹੋਏ ਹਨ ਉਹ ਵੀ ਕਿਸ਼ਤਾਂ ਭਰਨ ਲਈ ਲੋਕਾਂ ਨੂੰ ਮੈਸੇਜ ਭੇਜ ਰਹੇ ਹਨ, ਜਦਕਿ ਕੇਂਦਰ ਸਰਕਾਰ ਅਤੇ ਆਰ. ਬੀ. ਆਈ. ਨੇ ਇਨ੍ਹਾਂ ਕੰਪਨੀਆਂ ਤੇ ਬੈਂਕਾਂ ਨੂੰ ਸਤੰਬਰ 2020 ਤੱਕ ਕਿਸ਼ਤਾਂ ਨਾ ਲੈਣ ਦੀ ਹਦਾਇਤ ਕੀਤੀ ਹੈ ਫਿਰ ਵੀ ਇਹ ਅਦਾਰੇ ਲੋਕਾਂ ਨੂੰ ਕਿਸ਼ਤ ਭਰਨ ਲਈ ਤੰਗ ਕਰ ਰਹੇ ਹਨ, ਇਨ੍ਹਾਂ ਪ੍ਰਾਈਵੇਟ ਫਾਈਨੈਂਸ ਕੰਪਨੀਆਂ ਅਤੇ ਬੈਂਕਾਂ ਨੂੰ ਲਿਖਿਤ ਹੁਕਮ ਜਾਰੀ ਕਰਕੇ ਕਿਸ਼ਤਾ ਸਤੰਬਰ 2020 ਤੱਕ ਨਾ ਲੈਣ ਲਈ ਕਿਹਾ ਜਾਵੇ।

ਇਸ ਮੌਕੇ ਆਪ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਢਿਲੋਂ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਸੀਨੀਅਰ ਆਗੂ ਲਖਵੀਰ ਸਿੰਘ ਰਾਏ, ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ਼ ਰਸ਼ਪਿੰਦਰ ਸਿੰਘ, ਹਲਕਾ ਇੰਚਾਰਜ਼ ਬਸੀਂ ਰੁਪਿੰਦਰ ਸਿੰਘ ਹੈਪੀ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।