ਭਾਰਤ ਬੰਦ ਦੇ ਸੱਦੇ ਨਾਲ ਸੜਕਾਂ ’ਤੇ ਸੁੰਨ ਪਸਰੀ

ਭਾਰਤ ਬੰਦ ਦੇ ਸੱਦੇ ਨਾਲ ਸੜਕਾਂ ’ਤੇ ਸੁੰਨ ਪਸਰੀ

ਬਠਿੰਡਾ (ਸੁਖਜੀਤ ਮਾਨ)। ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਜ਼ਿਲਾ ਬਠਿੰਡਾ ’ਚ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਬਜ਼ਾਰਾਂ ’ਚ ਜਿੱਥੇ ਦਿਨ ਚੜਦਿਆਂ ਹੀ ਭੀੜ ਹੋ ਜਾਂਦੀ ਸੀ ਉੱਥੇ ਅੱਜ ਸੰਨਾਟਾ ਛਾਇਆ ਹੋਇਆ ਹੈ। ਸ਼ਹਿਰ ’ਚ ਸਿਰਫ ਮੈਡੀਕਲ ਸਟੋਰਾਂ ਨੂੰ ਛੱਡਕੇ ਬਾਕੀ ਦੁਕਾਨਾਂ ਆਦਿ ਵੀ ਬੰਦ ਹਨ।

ਆਮ ਲੋਕਾਂ ਨੂੰ ਸਾਥ ਦੇਣ ਦੀ ਅਪੀਲ

ਬਠਿੰਡਾ ਥਰਮਲ ਕੋਲ ਵੱਡੀ ਗਿਣਤੀ ਕਿਸਾਨਾਂ ਸਮੇਤ ਪੁੱਜੇ ਕਿਸਾਨ ਆਗੂ ਅਮਰਜੀਤ ਸਿੰਘ ਹਨੀ ਨੇ ਲੋਕਾਂ ਨੂੰ ਇਸ ਬੰਦ ’ਚ ਸਾਥ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਬੰਦ ਕਿਸੇ ਨਿੱਜੀ ਮੁਫਾਦ ਲਈ ਨਹੀਂ ਸਗੋਂ ਉਸ ਵਰਗ ਲਈ ਹੈ ਜੋ ਸਮੁੱਚੇ ਦੇਸ਼ ਨੂੰ ਅੰਨ ਮੁਹੱਈਆ ਕਰਵਾਉਂਦਾ ਹੈ ਇਸ ਕਰਕੇ ਜੋ ਵੀ ਵਿਅਕਤੀ ਅੰਨ ਖਾਂਦਾ ਹੈ ਉਸ ਨੂੰ ਇਸ ਬੰਦ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪੁੱਜ ਸਕੇ। ਜੋ ਆਵਾਜ਼ਾਈ ਅੱਜ ਸਵੇਰ ਬੰਦ ਤੋਂ ਪਹਿਲਾਂ ਚੱਲ ਰਹੀ ਸੀ ਉਸ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਹੈ ਜਿਸ ’ਚ ਜ਼ਿਆਦਾਤਰ ਭਾਰੀ ਲੋਡ ਵਾਲੇ ਵੱਡੇ ਟਰਾਲੇ ਆਦਿ ਸ਼ਾਮਿਲ ਹਨ।

ਸੜਕੀ ਤੇ ਰੇਲ ਦੋਵੇਂ ਮਾਰਗ ਬੰਦ

ਭਾਰਤੀ ਕਿਸਾਨ ਯੂਨੀਅਨ ਆਗੂ ਜਸਵੀਰ ਸਿੰਘ ਬੁਰਜ਼ ਸੇਮਾ ਨੇ ਦੱਸਿਆ ਕਿ ਭਾਕਿਯੂ ਉਗਰਾਹਾਂ ਵੱਲੋਂ ਜ਼ਿਲਾ ਬਠਿੰਡਾ ’ਚ ਬਠਿੰਡਾ-ਬਾਦਲ ਰੋਡ ’ਤੇ ਘੁੱਦਾ, ਬਠਿੰਡਾ-ਅੰਮਿ੍ਰਤਸਰ ਰੋਡ ’ਤੇ ਜੀਦਾ, ਬਠਿੰਡਾ-ਚੰਡੀਗੜ ਰੋਡ ’ਤੇ ਲਹਿਰਾਬੇਗਾ ਤੋਂ ਇਲਾਵਾ ਰਾਮਪੁਰਾ, ਬਾਜਾਖਾਨਾ-ਬਰਨਾਲਾ ਰੋਡ ’ਤੇ ਭਗਤਾ ਭਾਈ ਵਿਖੇ ਸੜਕ ਜਾਮ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਠਿੰਡਾ-ਜੀਂਦ ਰੇਲਵੇ ਟਰੈਕ ’ਤੇ ਮੌੜ ਮੰਡੀ ਵਿਖੇ ਓਵਰ ਬਰਿੱਜ ਹੇਠਾਂ ਰੇਲਵੇ ਲਾਈਨ ’ਤੇ ਜਾਮ ਲਾਇਆ ਜਾ ਰਿਹਾ ਹੈ। ਪੁਲਿਸ ਵੀ ਉੱਤਰੀ ਸੜਕਾਂ ’ਤੇ ਕਿਸਾਨਾਂ ਦੇ ਇਸ ਬੰਦ ਦੇ ਸੱਦੇ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪੁਲਿਸ ਵੀ ਸੜਕਾਂ ’ਤੇ ਉੱਤਰੀ ਹੋਈ ਹੈ। ਬਠਿੰਡਾ ਗੋਲ ਡਿੱਗੀ ਮਾਰਕੀਟ, ਹਨੂੰਮਾਨ ਚੌਂਕ ਅਤੇ ਫੌਜੀ ਚੌਂਕ ਆਦਿ ਤੋਂ ਇਲਾਵਾ ਹੋਰ ਮਹੱਤਵਪੂਰਨ ਥਾਵਾਂ ’ਤੇ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.