ਸੂਬੇ ਅੰਦਰ ਬਿਜਲੀ ਦੀ ਮੰਗ 10781 ਮੈਗਾਵਾਟ ’ਤੇ ਪੁੱਜੀ | Punjab Electricity News
Punjab Electricity News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਅਪਰੈਲ ਮਹੀਨੇ ਅੰਦਰ ਬਿਜਲੀ ਦੀ ਮੰਗ ਦਾ ਗ੍ਰਾਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੂਬੇ ਅੰਦਰ ਬਿਜਲੀ ਕੱਟਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਅੱਜ ਬਿਜਲੀ ਦੀ ਮੰਗ 10781 ਮੈਗਾਵਾਟ ’ਤੇ ਪੁੱਜ ਗਈ ਅਤੇ ਮਹੀਨੇ ਦੇ ਅੰਤ ਤੱਕ ਇਹ ਮੰਗ 11 ਮੈਗਾਵਾਟ ਨੂੰ ਪਾਰ ਕਰ ਜਾਵੇਗੀ।
Read Also : ਭਿਆਨਕ ਗਰਮੀ ’ਚ ਰਾਹਗੀਰਾਂ ਦੀ ਪਿਆਸ ਬੁਝਾਵੇਗੀ ਡੇਰਾ ਸੱਚਾ ਸੌਦਾ ਦੀ ‘ਡਰੌਪ’ ਮੁਹਿੰਮ, ਮਿਲੇਗਾ ਠੰਢਾ ਅਤੇ ਸਾਫ਼ ਪਾਣੀ
ਜਾਣਕਾਰੀ ਅਨੁਸਾਰ ਦੁਪਹਿਰ ਮੌਕੇ ਗਰਮ ਹਵਾਵਾਂ ਚੱਲ ਰਹੀਆਂ ਹਨ ਜੋ ਕਿ ਤਾਪਮਾਨ ਵਿੱਚ ਵਾਧਾ ਕਰ ਰਹੀਆਂ ਹਨ। ਸੂਬੇ ਅੰਦਰ ਅੱਜ ਤਾਪਮਾਨ 44 ਡਿਗਰੀ ’ਤੇ ਪੁੱਜ ਗਿਆ ਅਤੇ ਲੋਕਾਂ ਨੂੰ ਤਾਪ ਚਾੜ੍ਹਨ ਲੱਗਾ ਹੈ। ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ। ਅੱਜ ਸਰਕਾਰੀ ਛੁੱਟੀ ਦੇ ਬਾਵਜੂਦ ਬਿਜਲੀ ਦੀ ਮੰਗ 10781 ਮੈਗਾਵਾਟ ’ਤੇ ਪੁੱਜ ਗਈ। ਬੁੱਧਵਾਰ ਨੂੰ ਪੰਜਾਬ ਅੰਦਰ ਬਿਜਲੀ ਦੀ ਮੰਗ 10296 ਮੈਗਾਵਾਟ ਸੀ ਜਦਕਿ ਵੀਰਵਾਰ ਨੂੰ ਬਿਜਲੀ ਦੀ ਮੰਗ 10426 ਮੈਗਾਵਾਟ ਸੀ। Punjab Electricity News
ਸਰਕਾਰੀ ਅਤੇ ਪ੍ਰਾਈਵੇਟ ਪੱਧਰ ’ਤੇ 13 ਯੂਨਿਟ ਕਰ ਰਹੇ ਨੇ ਬਿਜਲੀ ਪੈਦਾ | Punjab Electricity News
ਇਸ ਨਾਲ ਹੀ ਸ਼ੁੱਕਰਵਾਰ ਨੂੰ ਪੰਜਾਬ ਅੰਦਰ ਬਿਜਲੀ ਦੀ ਮੰਗ 10715 ਮੈਗਾਵਾਟ ’ਤੇ ਪੁੱਜ ਗਈ ਸੀ। ਆਏ ਦਿਨ ਹੀ ਬਿਜਲੀ ਦੀ ਮੰਗ ਜ਼ੋਰ ਫੜ ਰਹੀ ਹੈ। ਝੋਨੇ ਦੇ ਸੀਜਨ ਤੋਂ ਪਹਿਲਾਂ ਹੀ ਬਿਜਲੀ ਦੀ ਮੰਗ ਵਿੱਚ ਵਾਧਾ ਹੋਣਾ ਪਾਵਰਕੌਮ ਲਈ ਚਿੰਤਾ ਖੜ੍ਹੀ ਹੋ ਰਹੀ ਹੈ। ਸਰਕਾਰੀ ਥਰਮਲ ਪਲਾਂਟ ਰੋਪੜ ਦਾ ਇੱਕ ਯੂਨਿਟ ਬੰਦ ਹੋ ਗਿਆ ਹੈ ਅਤੇ ਇਸਦੇ ਹੁਣ ਤਿੰਨ ਯੂਨਿਟ ਚੱਲ ਰਹੇ ਹਨ, ਜਿਨ੍ਹਾਂ ਤੋਂ 441 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਇਸ ਦੇ ਨਾਲ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੋਂ ਯੂਨਿਟ ਕਾਰਜਸ਼ੀਲ ਹਨ ਅਤੇ ਇੱਥੋਂ 829 ਮੈਗਾਵਾਟ ਬਿਜਲੀ ਪੈਦਾ ਹੋ ਰਿਹਾ ਹੈ।
ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਪਿਆ ਹੈ ਅਤੇ ਇੱਕ ਯੂਨਿਟ 252 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਇਸ ਤਰ੍ਹਾਂ ਸਰਕਾਰੀ ਪੱਧਰ ਦੇ ਯੂਨਿਟਾਂ ਵਿੱਚੋਂ 2 ਬੰਦ ਹਨ ਜਦਕਿ 8 ਭਖੇ ਹੋਏ ਹਨ। ਪ੍ਰਾਈਵੇਟ ਪੱਧਰ ’ਤੇ ਤਲਵੰਡੀ ਸਾਬੋ ਥਰਮਲ ਪਲਾਂਟ ਤੇ ਰਾਜਪੁਰਾ ਥਰਮਲ ਪਲਾਂਟ ਦੇ ਪੰਜੇ ਯੂਨਿਟ ਪੂਰੀ ਸਮਰੱਥਾ ’ਤੇ ਭਖੇ ਹੋਏ ਹਨ ਅਤੇ ਇੱਥੋਂ 3000 ਮੈਗਾਵਾਟ ਤੋਂ ਵੱਧ ਬਿਜਲੀ ਪੈਦਾ ਹੋ ਰਹੀ ਹੈ। ਪਾਵਰਕੌਮ ਦੀ ਰਿਪੋਰਟ ਮੁਤਾਬਿਕ ਸੂਬੇ ਦੇ ਸਰਕਾਰੀ ਤੇ ਪ੍ਰਾਈਵੇਟ ਥਰਮਲਾਂ ਕੋਲ ਕੋਲੇ ਦੇ ਚੰਗੇ ਭੰਡਾਰ ਜਮ੍ਹਾ ਹਨ। ਪਾਵਰਕੌਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਚਾਰ-ਪੰਜ ਸਾਲਾਂ ਤੋਂ ਬਿਜਲੀ ਦੀ ਮੰਗ ਵਿੱਚ ਤੇਜ਼ੀ ਨਾਲ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਬਿਜਲੀ ਦੀ ਸਪਲਾਈ ਨੂੰ ਪੂਰਾ ਕਰ ਰਿਹਾ ਹੈ।
ਦਿਹਾਤੀ ਖੇਤਰਾਂ ’ਚ ਲੱਗ ਰਹੇ ਨੇ ਕੱਟ, ਝੱਖੜ ਕਾਰਨ ਮੋਟਰਾਂ ਨੂੰ ਅਜੇ ਤੱਕ ਨਹੀਂ ਪੁੱਜੀ ਬਿਜਲੀ
ਇੱਧਰ ਸੂਬੇ ਅੰਦਰ ਬਿਜਲੀ ਕੱਟਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਦਿਹਾਤੀ ਖੇਤਰਾਂ ਅੰਦਰ ਦਿਨ ਅਤੇ ਰਾਤ ਸਮੇਂ ਅਣਐਲਾਨੇ ਕੱਟ ਲੱਗ ਰਹੇ ਹਨ। ਇੱਕ ਉਪਭੋਗਤਾ ਨੇ ਦੱਸਿਆ ਕਿ ਰਾਤ ਨੂੰ ਜਦੋਂ ਕੱਟ ਲੱਗਿਆ ਤਾਂ ਉਸ ਵੱਲੋਂ ਸਬੰਧਿਤ ਬਿਜਲੀ ਗਰਿੱਡ ਵਿੱਚ ਸੰਪਰਕ ਕੀਤਾ ਗਿਆ ਤਾਂ ਉੱਥੋਂ ਮੁਲਾਜ਼ਮ ਨੇ ਦੱਸਿਆ ਕਿ ਪਟਿਆਲਾ ਦੇ ਪੀ.ਸੀ. ਅਬਲੋਂਵਾਲ ਤੋਂ ਕੱਟ ਲਗਾਉਣ ਦਾ ਸ਼ਡਿਊਲ ਹੈ ਅਤੇ ਸਵਾ ਦੋ ਘੰਟਿਆਂ ਦਾ ਕੱਟ ਹੈ।
ਬਿਜਲੀ ਮੁਲਾਜ਼ਮ ਦਾ ਕਹਿਣਾ ਸੀ ਕਿ ਉਹ ਆਪਣੇ ਵੱਲੋਂ ਲਾਈਟ ਕੱਟ ਨਹੀਂ ਕਰ ਸਕਦੇ। ਇੱਧਰ ਪਤਾ ਲੱਗਾ ਹੈ ਕਿ ਹਫਤਾ ਪਹਿਲਾਂ ਆਏ ਭਾਰੀ ਝੱਖੜ ਕਾਰਨ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਖੇਤਰ ਅੰਦਰ ਅਜੇ ਕਈ ਥਾਂਈਂ ਟਿਊਬਵੈੱਲਾਂ ਨੂੰ ਜਾਂਦੀ ਬਿਜਲੀ ਸਪਲਾਈ ਠੀਕ ਨਹੀਂ ਕੀਤੀ ਗਈ। ਇੱਥੇ ਅਜੇ ਵੀ ਖੰਭੇ ਡਿੱਗੇ ਪਏ ਹਨ। ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਨਰੇਟਰ ਆਦਿ ਲਗਾਕੇ ਪਸ਼ੂਆਂ ਲਈ ਅਤੇ ਸਬਜ਼ੀ ਲਈ ਪਾਣੀ ਦਿੱਤਾ ਜਾ ਰਿਹਾ ਹੈ।