ਸਿਆਣਾ ਬੱਚਾ
ਗੱਲ ਕਾਫੀ ਸਮਾਂ ਪੁਰਾਣੀ ਹੈ ਜਦੋਂ ਹਰਸ਼ਿਤ ਨੇ ਸਕੂਲ ਜਾਣਾ ਸ਼ੁਰੂ ਕੀਤਾ ਪੜ੍ਹਨ ਦੇ ਨਾਲ- ਨਾਲ ਹਰਸ਼ਿਤ ਨੂੰ ਪੇਂਟਿੰਗ ਦਾ ਵੀ ਸ਼ੌਂਕ ਸੀ। ਜਦੋਂ ਉਹ ਸਕੂਲੋਂ ਘਰ ਆਉਂਦਾ ਤਾਂ ਸਭ ਤੋਂ ਪਹਿਲਾਂ ਆਪਣੀ ਵਰਦੀ ਉਤਾਰ ਕੇ ਬੈਗ ਨੂੰ ਚੈੱਕ ਕਰਦਿਆਂ ਆਪਣੀ ਜਗ੍ਹਾ ’ਤੇ ਰੱਖ ਦਿੰਦਾ। ਥੋੜ੍ਹਾ ਸਮਾਂ ਅਰਾਮ ਕਰਨ ਤੋਂ ਬਾਅਦ ਉਹ ਤਸਵੀਰਾਂ ਬਣਾਉਣੀਆਂ ਸ਼ੁਰੂ ਕਰ ਦਿੰਦਾ। ਕਲਾਸ ਦੇ ਸਾਰੇ ਬੱਚੇ ਉਸ ਨੂੰ ਪੜ੍ਹਾਕੂ- ਪੜ੍ਹਾਕੂ ਕਹਿਣ ਲੱਗ ਪਏ।
ਪਰ ਉਹ ਕਿਸੇ ਦੀ ਪਰਵਾਹ ਨਾ ਕਰਦਾ ਤੇ ਆਪਣੀ ਪੜ੍ਹਾਈ ਵੱਲ ਧਿਆਨ ਦਿੰਦਾ ਇਨ੍ਹਾਂ ਦਿਨਾਂ ਵਿਚ ਹੀ ਇੱਕ ਹੋਰ ਵਿਦਿਆਰਥੀ ਕਿਸੇ ਹੋਰ ਸਕੂਲ ਵਿੱਚੋਂ ਹਟ ਕੇ ਉਨ੍ਹਾਂ ਦੇ ਸਕੂਲ ਵਿਚ ਆ ਗਿਆ, ਜਿਹੜਾ ਕਾਫੀ ਸ਼ਰਾਰਤੀ ਸੀ ਅਤੇ ਵੱਧ ਖਾਣ-ਪੀਣ ਦਾ ਸ਼ੌਕੀਨ। ਜਦੋਂ ਅਧਿਆਪਕ ਕੰਮ ਕਰਵਾਉਂਦੇ ਤਾਂ ਉਹ ਸ਼ਰਾਰਤਾਂ ਵੱਲ ਧਿਆਨ ਦਿੰਦਾ ਤੇ ਬਾਕੀ ਬੱਚਿਆਂ ਦਾ ਧਿਆਨ ਵੀ ਭੜਕ ਜਾਂਦਾ।
ਉਸ ਦਾ ਨਾਂਅ ਗੁਰਵੀਰ ਸੀ ਉਹ ਬਹੁਤ ਅਮੀਰ ਮਾਪਿਆਂ ਦਾ ਇਕਲੌਤਾ ਬੱਚਾ ਸੀ ਜਦੋਂ ਵੀ ਉਹ ਸਕੂਲ ਸਮੇਂ ਤੋਂ ਬਾਅਦ ਘਰ ਜਾਂਦਾ ਤਾਂ ਬਸਤਾ ਆਪਣੇ ਕਮਰੇ ਵਿੱਚ ਸੁੱਟ ਦਿੰਦਾ। ਉਸ ਦੀ ਵਰਦੀ, ਜੁਰਾਬਾਂ, ਬੂਟ, ਟਾਈ, ਬੈਲਟ ਕੋਈ ਕਿਤੇ ਅਤੇ ਕੋਈ ਕਿਤੇ ਖਿੱਲਰਿਆ ਪਿਆ ਹੁੰਦਾ।
ਉਸਦੇ ਮਾਤਾ-ਪਿਤਾ ਉਸ ਵੱਲ ਧਿਆਨ ਨਾ ਦਿੰਦੇ ਪਿਤਾ ਦਾ ਧਿਆਨ ਪੈਸੇ ਕਮਾਉਣ ਵੱਲ ਹੁੰਦਾ ਤੇ ਮਾਤਾ ਮਹਿੰਗੀਆਂ-ਮਹਿੰਗੀਆਂ ਪਾਰਟੀਆਂ ਵਿੱਚ ਜਾਂਦੀ ਅਤੇ ਆਪਣੀਆਂ ਸਹੇਲੀਆਂ ਨਾਲ ਫੋਨ ’ਤੇ ਗੱਲਾਂ ਮਾਰਦੀ ਰਹਿੰਦੀ, ਜਿਸ ਕਰਕੇ ਗੁਰਵੀਰ ਵੱਲ ਕੋਈ ਧਿਆਨ ਨਾ ਦਿੰਦਾ ਅਤੇ ਉਸ ਦੀਆਂ ਆਦਤਾਂ ਦਿਨ-ਪ੍ਰਤੀਦਿਨ ਵਿਗੜਦੀਆਂ ਜਾਂਦੀਆਂ ਸਕੂਲ ਵਿੱਚ ਵੀ ਬਾਕੀ ਬੱਚੇ ਉਸ ਤੋਂ ਦੂਰ ਰਹਿੰਦੇ ਪਰੰਤੂ ਹਰਸ਼ਿਤ ਗੁਰਵੀਰ ਨੂੰ ਚੰਗੀਆਂ ਗੱਲਾਂ ਸਿਖਾਉਂਦਾ ਅਤੇ ਪੜ੍ਹਨ ਵੱਲ ਪ੍ਰੇਰਿਤ ਕਰਦਾ। ਗੁਰਵੀਰ ਪ੍ਰਵਾਹ ਨਾ ਮੰਨਦਾ ਥੋੜ੍ਹਾ ਸਮਾਂ ਬਾਅਦ ਹੀ ਸਕੂਲ ਵਿੱਚ ਕੱਚੇ ਪੇਪਰ ਹੋਣੇ ਸਨ। ਜਦੋਂ ਉਨ੍ਹਾਂ ਇਮਤਿਹਾਨਾਂ ਦੇ ਨਤੀਜੇ ਆਏ ਤਾਂ ਗੁਰਵੀਰ ਫੇਲ੍ਹ ਹੋ ਗਿਆ ਅਤੇ ਹਰਸ਼ਿਤ ਨੇ ਕਲਾਸ ਵਿੱਚੋਂ ਟੌਪ ਕੀਤਾ। ਜਦੋਂ ਉਸ ਦੇ ਮਾਪਿਆਂ ਨੂੰ ਸਕੂਲ ਮੁਖੀ ਵੱਲੋਂ ਬੁਲਾਇਆ ਗਿਆ ਤਾਂ ਮਾਪਿਆਂ ਨੇ ਗ਼ਲਤੀ ਮੰਨਦਿਆਂ ਸਾਰਾ ਆਪਣਾ ਕਸੂਰ ਦੱਸਿਆ।
ਹੁਣ ਗੁਰਵੀਰ ਦੀ ਮਾਤਾ ਆਪਣੇ ਬੱਚੇ ’ਤੇ ਧਿਆਨ ਦੇਣ ਲੱਗੀ ਇਨ੍ਹਾਂ ਦਿਨਾਂ ਵਿਚ ਹੀ ਕਿਤੇ ਗੁਰਵੀਰ ਦੇ ਮਾਪਿਆਂ ਵੱਲੋਂ ਹਰਸ਼ਿਤ ਦੇ ਘਰ ਜਾ ਕੇ ਉਸ ਦੇ ਮਾਪਿਆਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਕਿਉਂਕਿ ਸਕੂਲ ਵਿੱਚ ਸਾਰੇ ਅਧਿਆਪਕ ਹੀ ਹਰਸ਼ਿਤ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਜਦੋਂ ਉਹ ਦੋਵੇਂ ਮਾਪੇ ਹਰਸ਼ਿਤ ਦੇ ਘਰੇ ਪਹੁੰਚੇ ਤਾਂ ਉਹ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਹਰਸ਼ਿਤ ਦਾ ਕਮਰਾ ਦੇਖਿਆ ਉਸ ਦੇ ਕਮਰੇ ਵਿੱਚ ਹਰੇਕ ਚੀਜ਼ ਆਪੋ-ਆਪਣੀ ਥਾਂ ’ਤੇ ਟਿਕੀ ਹੋਈ ਸੀ ਪੜ੍ਹਨ ਦੇ ਨਾਲ-ਨਾਲ ਉਸ ਦੀਆਂ ਪੇਂਟਿੰਗਾਂ ਵੀ ਵੱਖ-ਵੱਖ ਥਾਵਾਂ ’ਤੇ ਤਰੀਕੇ ਅਨੁਸਾਰ ਲੱਗੀਆਂ ਹੋਈਆਂ ਸਨ, ਜਿਸ ਨੂੰ ਦੇਖ ਕੇ ਗੁਰਵੀਰ ਦੇ ਮਾਪੇ ਹੈਰਾਨ ਰਹਿ ਗਏ ਤੇ ਉਨ੍ਹਾਂ ਨੇ ਆਪਣੇ ਬੱਚੇ ਨੂੰ ਵੀ ਹਰਸ਼ਿਤ ਵਰਗਾ ਬਣਨ ਲਈ ਪ੍ਰੇਰਿਤ ਕੀਤਾ।
ਸਿਆਣੇ ਬੱਚੇ ਦੀ ਕਹਾਣੀ ਉਹ ਸਾਰੇ ਰਸਤੇ ਸੁਣਾਉਂਦੇ ਗਏ ਜਿਸ ਤੋਂ ਗੁਰਵੀਰ ਵੀ ਕਾਫੀ ਪ੍ਰਭਾਵਿਤ ਹੋਇਆ। ਪੱਕੇ ਇਮਤਿਹਾਨਾਂ ਵਿਚ ਗੁਰਵੀਰ ਚੰਗੇ ਨੰਬਰ ਲੈ ਕੇ ਪਾਸ ਹੋਇਆ ਅਤੇ ਹੁਣ ਉਹ ਆਪਣੀਆਂ ਕਿਤਾਬਾਂ ਨਾਲ ਪਿਆਰ ਕਰਨ ਲੱਗ ਪਿਆ ਸੀ। ਉਸ ਦਾ ਕਮਰਾ ਵੀ ਹੁਣ ਬੜਾ ਸੋਹਣਾ ਸੱਜਿਆ ਹੁੰਦਾ ਤੇ ਉਹ ਸਾਰਾ ਕੰਮ ਆਪਣਾ ਖ਼ੁਦ ਕਰਦਾ। ਪਿਆਰੇ ਬੱਚਿਓ! ਚੰਗੇ ਬੱਚਿਆਂ ਦੀ ਸੰਗਤ ਹਮੇਸ਼ਾ ਹੀ ਚੰਗੇ ਨਤੀਜੇ ਵੱਲ ਲੈ ਜਾਂਦੀ ਹੈ। ਸਾਨੂੰ ਪੜ੍ਹਨ ਸਮੇਂ ਹੁਸ਼ਿਆਰ ਅਤੇ ਸਿਆਣੇ ਬੱਚਿਆਂ ਦਾ ਸਾਥ ਕਰਨਾ ਬਣਦਾ ਹੈ।
ਮੁੱਖ ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ, ਮੋਫਰ, ਮਾਨਸਾ।
ਮੋ. 98760-74055
ਲੇਖਕ :
ਅਮਨਦੀਪ ਸ਼ਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ