ਵਾਰਦਾਤ ਪਿੱਛੋਂ ਖੁਦਕੁਸ਼ੀ ਦੀ ਕੋਸ਼ਿਸ਼ | Murder
ਬਰਨਾਲਾ, (ਜੀਵਨ ਰਾਮਗੜ)। ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਵਿਖੇ ਕਿਸਾਨੀ ਨਾਲ ਸਬੰਧਿਤ ਇੱਕ ਸਰਦੇ ਪੁਜ਼ਦੇ ਘਰ ਦੇ ਵਿਅਕਤੀ ਨੇ ਆਪਣੇ ਹੀ ਘਰ ਵਾਲੀ ਦਾ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸਦੇ ਜਾਇਦਾਦ ਦੇ ਲਾਲਚ ਦੀ ਭੁੱਖ ਅਜੇ ਮਿਟੀ ਨਹੀਂ ਸੀ। ਮੁਲਜ਼ਮ ਆਪਣੇ ਸਾਲੇ ਵਿਹੂਣੇ ਸਹੁਰਿਆਂ ਦੀ ਜ਼ਮੀਨ ‘ਤੇ ਜਲਦ ਕਾਬਜ਼ ਹੋਣਾਂ ਚਾਹੁੰਦਾ ਸੀ। ਘਟਨਾਂ ਪਿੱਛੋਂ ਮੁਲਜ਼ਮ ਨੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ। ਪਤਾ ਲੱਗਾ ਹੈ ਕਿ ਮੁਲਜ਼ਮ ਖੁਦ ਕਰੋੜਾਂ ਦੀ ਜਾਇਦਾਦ ਦਾ ਮਾਲਕ ਵੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ-ਤਪਾ ਰੋਡ ‘ਤੇ ਪਿੰਡ ਰੂੜੇਕੇ ਕਲਾਂ ਵਿਖੇ ਇੱਕ ਸਰਦੇ ਪੁਜ਼ਦੇ ਕਿਸਾਨ ਪ੍ਰੀਵਾਰ ਨਾਲ ਸਬੰਧਿਤ ਕਰਮਜੀਤ ਸਿੰਘ ਨੇ ਅੱਜ ਸਵੇਰੇ ਆਪਣੇ ਜਵਾਨ ਧੀ ਅਤੇ ਪੁੱਤਰ ਦੀ ਗੈਰ-ਹਾਜ਼ਰੀ ‘ਚ ਆਪਣੀ ਪਤਨੀ ਬਲਵਿੰਦਰ ਕੌਰ ਦਾ ਕਤਲ ਕਰ ਦਿੱਤਾ। ਘਟਨਾਂ ਦਾ ਮੂਲ ਕਾਰਨ ਜ਼ਮੀਨੀ ਲਾਲਚ ਅਤੇ ਨਸ਼ਾ ਦੱਸਿਆ ਜਾ ਰਿਹਾ ਹੈ। (Murder)
ਕਰਮਜੀਤ ਸਿੰਘ ਦੀ ਧੀ ਲਵਪੀ੍ਰਤ ਕੌਰ ਜੋ ਕਿ ਬੀਏ ਭਾਗ ਦੂਜਾ ਦੀ ਵਿਦਿਆਰਥਣ ਹੈ ਨੇ ਦੱਸਿਆ ਕਿ ਉਸਦਾ ਪਿਤਾ ਨਸ਼ੇ ਕਰਨ ਦਾ ਆਦੀ ਸੀ ਅਤੇ ਪਿਛਲੇ ਸਮੇਂ ਤੋਂ ਉਹ ਉਸਦੀ ਮਾਂ ਬਲਵਿੰਦਰ ਕੌਰ ਦੇ ਹਿੱਸੇ ਵਾਲੀ ਜ਼ਮੀਨ ‘ਤੇ ਤੁਰੰਤ ਹੱਕ ਜਿਤਾ ਰਿਹਾ ਸੀ। ਮ੍ਰਿਤਕਾ ਬਲਵਿੰਦਰ ਕੌਰ ਦੇ ਕੋਈ ਭਰਾ ਨਹੀਂ ਸੀ ਅਤੇ ਉਸਦੀ ਦੂਜੀ ਵਿਆਹੁਤਾ ਭੈਣ ਪੇਕੇ ਪਿੰਡ ਦੁੱਗਾਂ ਵਿਖੇ ਮਾਪਿਆਂ ਨਾਲ ਹੀ ਰਹਿੰਦੀ ਹੈ। ਮ੍ਰਿਤਕਾ ਬਲਵਿੰਦਰ ਕੌਰ ਦੇ ਪਿਤਾ ਨੇ ਆਪਣੀਆਂ ਦੋਵੇਂ ਧੀਆਂ ਦੇ ਨਾਂਅ 11-11 ਏਕੜ ਜ਼ਮੀਨ ਨਾਂਅ ਕਰਾ ਰੱਖੀ ਹੈ।
ਇਹ ਵੀ ਪੜ੍ਹੋ : ਭਿਆਨਕ ਹਾਦਸਾ : ਛੱਤ ਡਿੱਗਣ ਨਾਲ ਗਰਭਵਤੀ ਔਰਤ ਸਮੇਤ 3 ਜੀਆਂ ਦੀ ਮੌਤ, ਇਕ ਜ਼ਖਮੀ
ਜਿਸ ਦੇ ਇੱਕ ਹਿੱਸੇ ‘ਤੇ ਕਾਬਜ਼ ਹੋਣ ਲਈ ਕਰਮਜੀਤ ਸਿੰਘ ਆਪਣੀ ਪਤਨੀ ਬਲਵਿੰਦਰ ਕੌਰ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਮ੍ਰਿਤਕਾ ਦੀ ਧੀ ਲਵਪੀ੍ਰਤ ਕੌਰ ਨੇ ਦੱਸਿਆ ਕਿ ਅੱਜ ਜਦੋਂ ਉਹ ਅਤੇ ਉਸਦਾ ਭਰਾ ਹਰਮਨਪ੍ਰੀਤ ਸਿੰਘ ਘਰ ਨਹੀਂ ਸਨ ਤਾਂ ਕਰਮਜੀਤ ਸਿੰਘ ਨੇ ਬਲਵਿੰਦਰ ਕੌਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਨੂੰ ਗੰਭੀਰ ਰੂਪ ‘ਚ ਆਸ ਪਾਸ ਦੇ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਜਿਥੇ ਉਸਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕਾ ਦੀ ਮਾਂ ਅਤੇ ਭੈਣ ਨੇ ਮੁਲਜ਼ਮ ਕਰਮਜੀਤ ਸਿੰਘ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੁਲਿਸ ਥਾਣਾ ਰੂੜੇਕੇ ਦੇ ਇਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਪੀੜਤ ਧਿਰ ਦਾ ਬਿਆਨ ਕਲਮਬੰਦ ਕੀਤਾ ਜਾ ਰਿਹਾ ਹੈ ਜਿਸ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ। ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ।