ਆਖਿਰ ਕਿਉਂ?

ਆਖਿਰ ਕਿਉਂ?

ਮੇਰੀ ਬਚਪਨ ਦੀ ਸਹੇਲੀ ਅਰਚਨਾ ਬਹੁਤ ਹੁਸ਼ਿਆਰ ਅਤੇ ਅਗਾਂਹ ਵਧੂ ਸੋਚ ਵਾਲੀ ਲੜਕੀ ਸੀ। ਉਸ ਦਾ ਪਰਿਵਾਰ ਵੀ ਬਹੁਤ ਪੜਿ੍ਹਆ ਲਿਖਿਆ ਅਤੇ ਉਸਾਰੂ ਸੋਚ ਵਾਲਾ ਸੀ। ਉਨ੍ਹਾਂ ਦੀ ਯੋਗ ਅਗਵਾਈ ਕਾਰਨ ਹੀ ਉਹ ਪੜ੍ਹ-ਲਿਖ ਸਾਇੰਸ ਅਧਿਆਪਕਾ ਦੇ ਤੌਰ ’ਤੇ ਸਰਕਾਰੀ ਨੌਕਰੀ ਕਰ ਰਹੀ ਸੀ।ਉਹ ਆਪਣੇ ਵਿਦਿਆਰਥੀਆਂ ਵਿਚ ਅਲੱਗ ਸੋਚ ਰੱਖਣ ਵਾਲੀ ਆਦਰਸ਼ ਅਧਿਆਪਕਾ ਸੀ। ਨੌਕਰੀ ਮਿਲਣ ਤੋਂ ਬਾਅਦ ਜਲਦੀ ਹੀ ਉਸ ਦਾ ਵਿਆਹ ਸ਼ਹਿਰ ’ਚ ਇੱਕ ਬਿਜਨਸਮੈਨ ਨਾਲ ਹੋ ਗਿਆ। ਸਹੁਰਾ ਪਰਿਵਾਰ ਘੱਟ ਪੜਿ੍ਹਆ-ਲਿਖਿਆ ਅਤੇ ਧਾਰਮਿਕ ਵਿਚਾਰਾਂ ਦਾ ਧਾਰਨੀ ਸੀ।

ਅਰਚਨਾ ਦਾ ਪਤੀ ਵੀ ਉਸ ਤੋਂ ਵਿਪਰੀਤ ਸੋਚ ਵਾਲਾ ਸੀ। ਇਸੇ ਕਾਰਨ ਉਸ ਨੂੰ ਪਰਿਵਾਰ ’ਚ ਆਪਣੇ ਆਪ ਨੂੰ ਢਾਲਣ ਲਈ ਬਹੁਤ ਸਮਾਂ ਲੱਗਾ। ਅਰਚਨਾ ਨਵੇਂ ਖਿਆਲਾਂ ਅਤੇ ਵਿਗਿਆਨਕ ਸੋਚ ਰੱਖਣ ਕਾਰਨ ਅੰਧ ਵਿਸ਼ਵਾਸਾਂ ਤੋਂ ਕੋਹਾਂ ਦੂਰ ਸੀ। ਪਰ ਘਰ ਦੇ ਵੱਡੇ-ਵਡੇਰਿਆਂ ਅਤੇ ਵਚਨਬੱਧਤਾ ਦੇ ਲਿਹਾਜ ਕਰਨ ਉਸ ਨੂੰ ਉਹ ਸਭ ਕਰਨਾ ਪੈਂਦਾ ਹੈ ਜਿਸ ਦੇ ਉਹ ਵਿਆਹ ਤੋਂ ਪਹਿਲਾਂ ਖਿਲਾਫ ਸੀ। ਪਰ ਚੰਗੇ ਸੰਸਕਾਰਾਂ ਕਾਰਨ ਉਹ ਘਰ ’ਚ ਤਾਲਮੇਲ ਬਣਾ ਕੇ ਰੱਖਣ ਨੂੰ ਤਰਜੀਹ ਦਿੰਦੀ ਸੀ। ਇਹ ਸਭ ਕੁਝ ਕਰਦਿਆਂ ਉਸ ਨੂੰ ਵੀਹ ਸਾਲ ਹੋ ਚੁੱਕੇ ਸਨ। ਨੌਕਰੀ ਦੇ ਨਾਲ-ਨਾਲ ਉਹ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਰਹੀ ਸੀ। ਬੱਚੇ ਵੀ ਆਪਣੀ-ਆਪਣੀ ਪੜ੍ਹਾਈ ’ਚ ਰੁੱਝੇ ਰਹਿੰਦੇ ਸਨ। ਪਤੀ ਦੇ ਕਾਰੋਬਾਰ ’ਚ ਵੀ ਚੋਖਾ ਵਾਧਾ ਹੋ ਚੁੱਕਾ ਸੀ। ਕਿਸੇ ਕੋਲ ਕੋਈ ਸਮਾਂ ਨਹੀਂ ਸੀ।

ਅੱਜ ਉਸ ਨੂੰ ਆਪਣੀ ਸਿਹਤ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਜਾਪ ਰਹੀ ਸੀ। ਉਸ ਨੇ ਆਪਣੀ ਸੱਸ ਨੂੰ ਪਤੀ ਦੀ ਸੁੱਖ ਲਈ ਰੱਖਣ ਵਾਲੇ ਵਰਤ ਨਾ ਰੱਖਣ ਦੀ ਬੇਬਸੀ ਦੱਸੀ ਤਾਂ ਸੱਸ ਭੜਕ ਪਈ ,ਤੂੰ ਫਿਰ ਉਹੀ ਗੱਲ ਸ਼ੁਰੂ ਕਰ ਦਿੱਤੀ,ਜੋ ਵਿਆਹ ਤੋਂ ਬਾਅਦ ਕੀਤੀ ਸੀ। ਜਿਸ ਨਾਲ ਘਰ ਦਾ ਸਾਰਾ ਮਾਹੌਲ ਖਰਾਬ ਹੋਇਆ ਸੀ ਤੈਨੂੰ ਲੱਗਦੈ ਪਤੀ ਦੀ ਸੁੱਖ ਦੀ ਕੋਈ ਚਿੰਤਾ ਨਹੀਂ ਤੂੰ ਜ਼ਿਆਦਾ ਹੀ ਪੜ੍ਹੀ-ਲਿਖੀ ਹੈ ਘਰ ਦੀਆਂ ਸਾਰੀਆਂ ਸੁਹਾਗਣਾ ਆਪਣੇ ਪਤੀ ਦੀ ਸੁੱਖ ਅਤੇ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ।

ਤੈਨੂੰ ਇੱਕ ਦਿਨ ਭੁੱਖੇ ਰਹਿਣ ਨਾਲ ਕੀ ਹੋ ਚੱਲਾ ਏ? ਇਹ ਸਾਰੀਆਂ ਗੱਲਾਂ ਸੱਸ ਨੇ ਇਕੋਂ ਸਾਹ ਸੁਣਾ ਦਿੱਤੀਆਂ। ਅਰਚਨਾ ਨੇ ਆਪਣਾ ਤਰਕ ਦਿੰਦਿਆਂ ਕਿਹਾ , ‘‘ਮੰਮੀ ਜੀ ਕੀ ਔਰਤ ਪਤੀ ਦੀ ਸੁੱਖ ਇਕ ਦਿਨ ਹੀ ਮੰਗਦੀ ਹੈਂ? ਸਾਰੀਆਂ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਹਮੇਸ਼ਾ ਕਰਦੀਆਂ ਹਨ।’’ ਘਰ ’ਚ ਹੋਰ ਕਲੇਸ਼ ਨਾ ਹੋਵੇ ਉਸ ਨੇ ਮਨ ਹੀ ਮਨ ’ਚ ਸਹਿਮਤੀ ਕਰ ਲਈ। ਦੂਸਰੇ ਦਿਨ ਸ਼ਾਮ ਤਕ ਅਰਚਨਾ ਦੀ ਹਾਲਤ ਬਹੁਤ ਨਾਜ਼ੁਕ ਬਣ ਗਈ। ਉਹ ਗਸ਼ ਖਾ ਕੇ ਡਿੱਗ ਪਈ । ਉਸ ਦਾ ਰੰਗ ਪੀਲਾ ਪੈ ਗਿਆ ਅਤੇ ਸਰੀਰ ਠੰਢਾ ਹੋ ਗਿਆ। ਆਂਡ-ਗੁਆਂਢ ਦੀ ਮਦਦ ਨਾਲ ਉਸ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ।

ਫੋਨ ਕਰਨ ’ਤੇ ਉਸ ਦਾ ਪਤੀ ਵੀ ਹਸਪਤਾਲ ਪਹੁੰਚ ਗਿਆ। ਮਿਸਟਰ ਚਾਵਲਾ ਜੀ, ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਕੇ ਅਰਚਨਾ ਜਿਗਰ ਦੀ ਗੰਭੀਰ ਬੀਮਾਰੀ ਤੋਂ ਗ੍ਰਸਤ ਹੈ, ਇਸ ਨੂੰ ਬਹੁਤ ਕਮਜ਼ੋਰੀ ਆ ਚੁੱਕੀ ਹੈ, ਤੁਸੀਂ ਇਹਨਾਂ ਦੀ ਸਿਹਤ ਵੱਲ ਕੋਈ ਧਿਆਨ ਨਹੀਂ ਦਿੱਤਾ। ਸਮੇਂ ’ਤੇ ਕੋਈ ਚੈੱਕਅਪ ਵੀ ਨਹੀਂ ਕਰਵਾਉਣ ਆਏ। ਇਨ੍ਹਾਂ ਨੂੰ ਭੁੱਖੇ ਰਹਿਣ ਤੋਂ ਗੁਰੇਜ ਕਰਨ ਲਈ ਕਿਹਾ ਗਿਆ ਸੀ। ਫਿਰ ਤੁਸੀਂ ਇਸ ਹਾਲਤ ’ਚ ਵੀ ਵਰਤ ਕਿਵੇਂ ਰਖਵਾ ਦਿੱਤਾ? ਲੱਗਦਾ ਤੁਹਾਨੂੰ ਇਨ੍ਹਾਂ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ, ਮਰੀਜ਼ ਦੀ ਹਾਲਤ ਕਾਫੀ ਨਾਜ਼ੁਕ ਹੈ।

ਅਰਚਨਾ ਦਾ ਪਤੀ ਮੂੰਹ ਲਟਕਾ ਕੇ ਡਾਕਟਰ ਸਾਹਿਬ ਦੀ ਗੱਲ ਸੁਣ ਰਿਹਾ ਸੀ ,ਅਰਚਨਾ ਦਾ ਪਤੀ ਬਹੁਤ ਦੁਖੀ ਅਤੇ ਸ਼ਰਮਿੰਦਾ ਸੀ। ਉਹ ਸੋਚ ਰਿਹਾ ਸੀ ਕਿ ਅਰਚਨਾ ਨੇ ਪੂਰੇ ਘਰ ਨੂੰ ਤਾਂ ਸਾਂਭਿਆ ਸੀ। ਇਸ ਲਈ ਕਮਾਇਆ ਵੀ ਅਤੇ ਇਸ ਨੂੰ ਵਧਾਇਆ ਵੀ ਸੀ। ਅਰਚਨਾ ਵੀ ਸ਼ਾਇਦ ਇਹ ਹੀ ਪੁੱਛ ਰਹੀ ਪ੍ਰਤੀਤ ਹੋ ਰਹੀ ਸੀ ਕਿ ਆਖਿਰ ਕਿਉਂ ਇਹ ਸਾਰੇ ਰੀਤੀ-ਰਿਵਾਜ਼ਾਂ ਦੇ ਫਰਜ਼ ਇੱਕ ਔਰਤ ਵਾਸਤੇ ਹੀ ਹਨ? ਕੀ ਮਰਦ ਨੂੰ ਔਰਤ ਦੇ ਸੁੱਖ ਅਤੇ ਚੰਗੀ ਸਿਹਤ ਦਾ ਖਿਆਲ ਨਹੀਂ ਰੱਖਣਾ ਚਾਹੀਦਾ? ਆਖਿਰ ਕਿਉਂ ਔਰਤ ਨੂੰ ਧਾਰਮਿਕ ਕਰਮ ਕਾਂਡਾਂ ’ਚ ਉਲਝਾ ਕੇ ਰੱਖਿਆ ਹੋਇਆ ਹੈ? ਇਹ ਸਵਾਲ ਉਹ ਸਮਾਜ ਦੇ ਹਰ ਉਸ ਸਖਸ਼ ਨੂੰ ਕਰ ਰਹੀ ਸੀ ਜੋ ਔਰਤ ਨੂੰ ਉਸਦਾ ਬਣਦਾ ਹੱਕ ਅਤੇ ਸਤਿਕਾਰ ਨਹੀਂ ਦਿੰਦਾ।
ਲੇਖਕ ਹਰਜਿੰਦਰ ਕੌਰ, ਹੈੱਡ ਟੀਚਰ
ਸਰਕਾਰੀ ਐਲੀਮੈਂਟਰੀ ਸਕੂਲ ਬੱਸੀ ਮਰੂਫ
ਹੁਸ਼ਿਆਰਪੁਰ, ਮੋ: 94642-88784

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ