ਇਨਸਾਨ ਖੁਸ਼ ਕਿਉਂ ਨਹੀਂ ਰਹਿੰਦਾ!

ਇਨਸਾਨ ਖੁਸ਼ ਕਿਉਂ ਨਹੀਂ ਰਹਿੰਦਾ!

ਅੱਜ-ਕੱਲ੍ਹ ਮਨੁੱਖ ਜਿੰਨੀ ਤਰੱਕੀ ਵੱਲ ਵਧ ਰਿਹਾ ਹੈ ਉਨਾ ਹੀ ਉਸ ਦੀ ਬੁਖਲਾਹਟ ਵਧਦੀ ਜਾ ਰਹੀ ਹੈ ਅੱਜ ਦਾ ਮਨੁੱਖ ਬਹੁਤ ਸਾਰੇ ਕੰਮ ਕਰ ਰਿਹਾ ਹੈ, ਪੈਸਾ ਕਮਾਉਣ ਲਈ ਬਹੁਤ ਮਿਹਨਤ ਕਰ ਰਿਹਾ ਹੈ ਕੀ ਸਾਨੂੰ ਬਹੁਤ ਸਾਰਾ ਧਨ ਮਿਲ ਜਾਏ ਤਾਂ ਅਸੀਂ ਖੁਸ਼ ਹੋ ਜਾਂਦੇ ਹਾਂ? ਅਸੀਂ ਇਹ ਸਭ ਕੁਝ ਕਰਦੇ ਤਾਂ ਖੁਸ਼ ਰਹਿਣ ਲਈ ਹਾਂ ਪਰ ਖੁਸ਼ ਰਹਿ ਨਹੀਂ ਪਾਉਂਦੇ ਇਹ ਖੁਸ਼ੀ ਸਾਡੀ ਕਿਉਂ ਤੇ ਕਿਵੇਂ ਗੁਆਚ ਗਈ, ਇਸ ਦੀ ਸ਼ੁਰੂਆਤ ਕਿੱਥੋਂ ਤੇ ਕਿਵੇਂ ਹੋਈ, ਅਸੀਂ ਇਸ ਤੋਂ ਕਿਵੇਂ ਵਾਂਝੇ ਹੋ ਚੁੱਕੇ ਹਾਂ ਇਸ ਦਾ ਮਨੁੱਖ ਨੂੰ ਅੰਦਾਜ਼ਾ ਤੱਕ ਨਹੀਂ ਹੈ

ਆਓ! ਪਿਛਲੇ ਕੁੱਝ ਸਾਲਾਂ ਤੋਂ ਝਾਤ ਮਾਰ ਕੇ ਦੇਖੀਏ, ਅੱਜ-ਕੱਲ੍ਹ ਮਨੁੱਖ ਕੋਲ ਸਭ ਕੁੱਝ ਹੈ, ਰਹਿਣ ਲਈ ਸੋਹਣਾ ਪੱਕਾ ਮਕਾਨ, ਕੋਠੀ, ਕੂਲਰ, ਫ਼ਰਿੱਜ, ਟੀ. ਵੀ., ਕਾਰ ਅਤੇ ਬਾਈਕ ਵਗੈਰਾ-ਵਗੈਰਾ, ਸੁੱਖ-ਸਹੂਲਤ ਦਾ ਸਾਮਾਨ ਉਸ ਕੋਲ ਪਹਿਲੋਂ ਹੀ ਉਪਲੱਬਧ ਹੈ, ਫੇਰ ਵੀ ਉਸ ਦਾ ਮਨ ਅਸ਼ਾਂਤ ਹੈ ਕਿਉਂਕਿ ਮਨੁੱਖ ਆਪਣੀ ਸੋਚ ਅਨੁਸਾਰ ਸਭ ਕੁਝ ਕਰਨਾ ਚਾਹੁੰਦਾ ਹੈ, ਜੇਕਰ ਉਸ ਦੀ ਸੋਚ ਅਨੁਸਾਰ ਨਹੀਂ ਹੁੰਦਾ ਤਾਂ ਉਹ ਅਸ਼ਾਂਤ ਹੋ ਜਾਂਦਾ ਹੈ ਉਹ ਪਲ ਭਾਵੇਂ ਉਸ ਨੂੰ ਖੁਸ਼ੀ ਦੇਣ ਵਾਲੇ ਹੀ ਕਿਉਂ ਨਾ ਹੋਵਣ, ਪਰ ਹਮੇਸ਼ਾ ਕਹਿੰਦੇ ਸੁਣਿਆ ਜਾਵੇਗਾ ਕਿ ‘‘ਇਹ ਮੈਂ ਸੋਚਿਆ ਨਹੀਂ ਸੀ’’

ਅੱਜ-ਕੱਲ੍ਹ ਮਨੁੱਖ ਦੀ ਜ਼ਿੰਦਗੀ ਵਿੱਚ ਐਨਾ ਕਾਹਲਾਪਣ ਆ ਗਿਆ ਹੈ ਕਿ ਮਨੁੱਖ ਛੋਟੇ-ਛੋਟੇ ਮਿਲ ਰਹੇ ਪਲਾਂ ਦਾ ਅਨੰਦ ਮਾਨਣਾ ਹੀ ਨਹੀਂ ਜਾਣਦਾ ਹਰ ਸਮੇਂ ਜ਼ਲਦੀ ਵਿੱਚ ਰਹਿੰਦਾ ਹੈ, ਕਿਸੇ ਵੀ ਜਗ੍ਹਾ ’ਤੇ ਆਉਣ-ਜਾਣ ਸਮੇਂ ਲੇਟ ਹੋ ਜਾਣਾ ਸੁਭਾਵਿਕ ਹੈ, ਆਉਣ-ਜਾਣ ਦੀ ਪਰੇਸ਼ਾਨੀ ਮਨੁੱਖ ਆਪਣੇ ਮਨ ਵਿੱਚ ਪਾਲ ਲੈਂਦਾ ਹੈ

ਇਸੇ ਪਰੇਸ਼ਾਨੀ ਵਿੱਚ ਭਾਵੇਂ ਉਸ ਨੂੰ ਦਿਨ ਵਿੱਚ ਹਜ਼ਾਰਾਂ ਪਲ ਖੁਸ਼ ਹੋਣ ਦੇ ਮਿਲਣ, ਪਰ ਉਹ ਉਹਨਾਂ ਪਲਾਂ ਨੂੰ ਭਾਂਪਦਾ ਹੀ ਨਹੀਂ, ਬੱਸ ਜੋ ਸੋਚ ਕੇ ਚੱਲਦਾ ਹੈ ਤੇ ਜੋ ਵਾਪਸ ਆਉਣ ਦਾ ਮਿੱਥਦਾ ਹੈ, ਉਹਨਾਂ ਗੱਲਾਂ ਵਿੱਚ ਹੀ ਗੁਆਚਿਆ ਰਹਿੰਦਾ ਹੈ, ਮਨੁੱਖ ਆਪਣੀ ਖੁਸ਼ੀ ਨੂੰ ਵੇਲੇ ਸਿਰ ਆਪਣੇ ਤੈਅ ਮੁਕਾਮ ’ਤੇ ਪਹੁੰਚਣ ਦੀ ਰੱਖਦਾ ਹੈ ਦੂਸਰਾ ਹਰ ਇੱਕ ਚੀਜ਼ ਵਿੱਚ ਆਪਣੀ ਪਸੰਦ ਤੇ ਟੇਸਟ ਭਾਲਦਾ ਹੈ, ਜੇਕਰ ਉਸ ਨੂੰ ਉਸਦੀ ਪਸੰਦ ਦਾ ਨਹੀਂ ਮਿਲਦਾ ਤਾਂ ਜੋ ਵੀ ਉਸ ਨੂੰ ਮਿਲ ਰਿਹਾ ਹੈ ਉਸ ਨਾਲ ਖੁਸ਼ ਨਹੀਂ ਹੁੰਦਾ ਬੱਸ ਉਸ ਨੂੰ ਤਾਂ ਉਹੀ ਚਾਹੀਦਾ ਹੈ

ਜੋ ਉਸਦੀ ਪਸੰਦ ਹੈ, ਉਸ ਨੂੰ ਉਸਦੀ ਪਸੰਦ ਦਾ ਮਿਲ ਜਾਂਦਾ ਹੈ ਤਾਂ ਬਹੁਤ ਖੁਸ਼ ਹੁੰਦਾ ਹੈ ਅਸਲ ਵਿੱਚ ਮਨੁੱਖ ਆਪਣੀ ਖੁਸ਼ੀ ਨੂੰ ਹਾਲਾਤਾਂ ਤੇ ਪੋਸਟਪੋਨ ਕਰਦਾ ਰਹਿੰਦਾ ਹੈ ਜੇਕਰ ਗੱਲ ਕਰੀਏ ਪਹਿਲੇ ਜ਼ਮਾਨੇ ਦੀ, ਮਨੁੱਖ ਕੋਲ ਸੁੱਖ-ਸਹੂਲਤਾਂ ਨਹੀਂ ਸਨ, ਮੋਬਾਇਲ ਫੋਨ ਵੀ ਨਹੀਂ ਸਨ, ਉਦੋਂ ਮਨੁੱਖ ਹਰ ਕੰਮ ਹੱਥੀਂ ਕਰਦੇ ਸੀ, ਕੱਚੇ ਘਰਾਂ ਵਿੱਚ ਰਹਿੰਦੇ ਸੀ, ਮਿੱਟੀ ਦੇ ਘੜਿਆਂ ਦਾ ਪਾਣੀ ਪੀਂਦੇ ਸਨ ਤੇ ਪੈਦਲ ਯਾਤਰਾ ਕਰਦੇ ਸਨ ਫ਼ਿਰ ਵੀ ਉਹਨਾਂ ਦੀ ਜਿੰਦਗੀ ਬਹੁਤ ਖੁਸ਼ੀਆਂ ਭਰੀ ਸੀ ਕਿਉਂਕਿ ਉਹਨਾਂ ਕੋਲ ਕਿਸੇ ਚੀਜ਼ ਦੀ ਚਾਹਤ ਨਹੀਂ ਸੀ, ਜ਼ਿਆਦਾ ਵੱਡੇ ਸੁਪਨੇ ਨਹੀਂ ਸਨ, ਹਰ ਪਲ ਦਾ ਅਨੰਦ ਮਾਣਦੇ ਸਨ

ਪਰ ਅੱਜ-ਕੱਲ੍ਹ ਮਨੁੱਖ ਨੇ ਪ੍ਰਸਥਿਤੀਆਂ ਨੂੰ ਰੁਕਾਵਟ ਬਣਾ ਲਿਆ ਹੈ ਜੈਲਸੀ, ਦੂਸਰੇ ਤੋਂ ਵੱਡਾ ਦਿਸਣ ਦੀ ਚਾਹਤ, ਦੂਸਰੇ ਤੋਂ ਬਿਹਤਰ ਪਾਉਣ ਦੀ ਚਾਹਤ ਨੇ ਮਨੁੱਖ ਨੂੰ ਹਰ ਟਾਈਮ ਨਿਰਾਸ਼ ਕਰ ਦਿੱਤਾ ਹੈ ਮਨੁੱਖ ਅਸਲ ਮਾਇਨੇ ਹੀ ਭੁੱਲ ਗਿਆ ਹੈ ਖੁਸ਼ ਰਹਿਣ ਦੇ, ਹਰ ਵਕਤ ਮਨੁੱਖ ਮਨ ਨੂੰ ਬੁਖਲਾਹਟ ਵਿੱਚ ਰੱਖਦਾ ਹੈ

ਅਸਲ ਵਿੱਚ ਇਹ ਸਾਡੀ ਪ੍ਰੋਗਰਾਮਿੰਗ ਬਚਪਨ ਤੋਂ ਹੀ ਸ਼ੁਰੂ ਹੋਈ ਹੁੰਦੀ ਹੈ ਜੇਕਰ ਮੈਂ ਗੱਲ ਕਰਾਂ ਛੋਟੇ ਬੱਚੇ ਦੀ, ਉਸ ਕੋਲ ਵੀ ਆਪਾਂ ਖੁਸ਼ੀ ਦਾ ਜਿਕਰ ਕਰੀਏ ਤਾਂ ਉਹ ਆਮ ਹੀ ਕਹਿੰਦਾ ਸੁਣੇਗਾ ‘ਜਦ ਮੈਂ ਪੜ੍ਹਾਈ ਪੂਰੀ ਕਰ ਲਈ ਉਦੋਂ ਮੈਂ ਬਹੁਤ ਖੁਸ਼ ਹੋਵਾਂਗਾ’ ਫੇਰ ਉਹ ਟੈਂਥ (10ਵੀਂ) ਸਟੈਂਡਰਡ ਪਾਸ ਹੋਣ ’ਤੇ ਖੁਸ਼ ਹੋਣ ਦਾ ਕਹਿਣਾ ਸ਼ੁਰੂ ਕਰ ਦਿੰਦਾ ਹੈ, ਫੇਰ ਕਹਿੰਦਾ ਹੈ, ‘‘ਜਦ ਉਸ ਨੇ ਪਲੱਸ ਟੂ ਹਾਈਐਸਟ ਮਾਰਕਸ ਨਾਲ ਪਾਸ ਕਰ ਲਈ ਤਾਂ ਉਹ ਬਹੁਤ ਖੁਸ਼ ਹੋਵੇਗਾ, ਫੇਰ ਨੌਕਰੀ ਮਿਲਣ ਤੇ ਉੱਚੀ ਪਦਵੀ ਦੀ ਗੱਲ ਕਰਦਾ ਹੈ, ਫੇਰ ਵਧੀਆ ਸੈਲਰੀ, ਵਧੀਆ ਕੋਠੀ/ਮਕਾਨ, ਵਧੀਆ ਗੱਡੀ ਅਤੇ ਸੈਟਲ ਹੋਣ ਦੀ ਗੱਲ ਕਰਦਾ ਹੈ ਕੀ ਇਹ ਸਭ ਕੁਝ ਸਾਨੂੰ ਖੁਸ਼ੀ ਦੇ ਦਿੰਦੇ ਹਨ? ਸ਼ਾਇਦ ਨਹੀਂ… ਜੇਕਰ ਇਹ ਸਭ ਸਾਨੂੰ ਖੁਸ਼ੀ ਦੇ ਦਿੰਦੇ ਤਾਂ ਅਮੀਰ ਤੋਂ ਅਮੀਰ ਵਿਅਕਤੀ ਕਦੇ ਦੁਖੀ ਨਾ ਹੁੰਦਾ

ਸਹੀ ਮਾਇਨਿਆਂ ਵਿੱਚ ਅਸੀਂ ਆਪਣੀ ਸ਼ੁਰੂ ਤੋਂ ਪ੍ਰੋਗਰਾਮਿੰਗ ਇਸ ਤਰ੍ਹਾਂ ਦੀ ਕਰ ਲਈ ਹੈ ਕਿ ਅਸੀਂ ਆਪਣੀ ਖੁਸ਼ੀ ਨੂੰ ਆਪਣੇ ਗੋਲ ਦੇ ਹਿਸਾਬ ਨਾਲ ਪੋਸਟਪੋਨ ਕਰਦੇ ਰਹਿੰਦੇ ਹਾਂ ਕਿਉਂਕਿ ਮਨੁੱਖ ਹਰ ਵਕਤ ਮਾਇਕ ਪਦਾਰਥਾਂ ਵਿੱਚੋਂ ਆਪਣੀ ਖੁਸ਼ੀ ਭਾਲਦਾ ਹੈ, ਜਦੋਂਕਿ ਇਸ ਖੁਸ਼ੀ ਹੈ ਹੀ ਨਹੀਂ ਅਸਲ ਵਿੱਚ ਅਸੀਂ ਸਭ ਕੁੱਝ ਕਰਦੇ ਹੋਏ ਬਹੁਤ ਕੁੱਝ ਭੁੱਲ ਜਾਂਦੇ ਹਾਂ ਸਭ ਤੋਂ ਮੁੱਖ ਗੱਲ ਮਨ ਨੂੰ ਸ਼ਾਂਤ ਕਰਨਾ ਤੇ ਸ਼ਾਂਤੀਪੂਰਵਕ ਰਹਿਣਾ ਜਦੋਂ ਮਨੁੱਖ ਨੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ ਤਾਂ ਉਹ ਆਪਣੇ ਅੰਦਰ ਖੁਸ਼ੀ ਪ੍ਰਾਪਤ ਕਰ ਲਵੇਗਾ ਤਾਂ ਉਸਨੂੰ ਦੁਨੀਆ ਦਾ ਵੱਡੇ ਤੋਂ ਵੱਡਾ ਦੁੱਖ ਵੀ ਛੋਟਾ ਮਹਿਸੂਸ ਹੋਵੇਗਾ

ਜਦੋਂ ਮਨੁੱਖ ਮਨ ਤੋਂ ਪਾਰ ਹੋ ਜਾਂਦਾ ਹੈ ਤਾਂ ਉਹ ਅਨੰਦ ਦੀ ਘਾਟੀ ’ਚ ਚਲਾ ਜਾਂਦਾ ਹੈ, ਪਰ ਅਸੀਂ ਮਨ ਦੇ ਉੱਪਰਲੇ ਤਲ ’ਤੇ ਜਿਉਂਦੇ ਹਾਂ ਇਸ ਕਰਕੇ ਅਸੀਂ ਖੁਸ਼ ਨਹੀਂ ਰਹਿ ਪਾਉਂਦੇ ਕਿਉਂਕਿ ਖੁਸ਼ੀ ਬਾਹਰ ਨਹੀਂ ਖੁਸ਼ੀ ਤਾਂ ਮਨੁੱਖ ਦੇ ਅੰਦਰ ਹੈ ਜਿੰਨਾ ਮਨੁੱਖ ਆਪਣੇ ਤੋਂ ਦੂਰ ਹੋ ਰਿਹਾ ਹੈ ਉਨਾ ਹੀ ਦੁਖੀ ਹੋ ਰਿਹਾ ਹੈ, ਜਿੰਨਾ ਆਪਣੇ ਨੇੜੇ ਹੋਵੇਗਾ ਉਨਾ ਹੀ ਸੁਖੀ ਹੋਵੇਗਾ ਆਓ! ਛੋਟੀ-ਛੋਟੀ ਗੱਲ ’ਤੇ ਪਰੇਸ਼ਾਨ ਹੋਣਾ ਛੱਡ ਕੇ ਛੋਟੀ-ਛੋਟੀ ਗੱਲ ’ਤੇ ਖੁਸ਼ ਹੋਣਾ ਸਿੱਖੀਏ ਆਓ! ਆਪਾਂ ਆਪੇ ਦੀ ਪਹਿਚਾਣ ਕਰੀਏ, ਜ਼ਿੰਦਗੀ ਨੂੰ ਸਮਝ ਕੇ ਮਨ ਦੀ ਖੁਸ਼ੀ ਪ੍ਰਾਪਤ ਕਰੀਏ!
ਮੋਗਾ
ਮੋ. 79860-3-7412
ਬਬਲੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ