ਕਿਉਂ ਘਟ ਰਹੀ ਹੈ ਸਹਿਣਸ਼ੀਲਤਾ?

Tolerant

ਸੁਖਵੀਰ ਘੁਮਾਣ

ਮੌਜ਼ੂਦਾ ਦੌਰ ‘ਚ ਜਿੱਥੇ ਜ਼ਿੰਦਗੀ ਨੇ ਰਫਤਾਰ ਫੜ੍ਹੀ ਹੈ, ਉੱਥੇ ਹੀ ਤਕਨੀਕੀ ਯੁੱਗ ਨੇ ਵੀ ਮਨੁੱਖਾਂ ਦੇ ਦਿਮਾਗ਼ ‘ਤੇ ਡੂੰਘਾ ਅਸਰ ਪਾਇਆ ਹੈ। ਇੱਕ ਪਾਸੇ ਮਨੁੱਖ ਜਿੱਥੇ ਆਪਣੀ ਰੋਜਾਨਾ ਦੀ ਜ਼ਿੰਦਗੀ ਦੀਆਂ ਗਤੀਵਿਧੀਆਂ ‘ਚ ਲੱਗਾ ਹੁੰਦਾ ਹੈ, ਉੱਥੇ ਹੀ ਤਕਨੀਕੀ ਕੰਮਾਂ ਨੇ ਵੀ ਮਨੁੱਖ ਨੂੰ ਆਪਣੀ ਜਕੜ ‘ਚ ਲੈ ਲਿਆ ਹੈ। ਗੱਲ ਚਾਹੇ ਲੈਪਟਾਪ ਦੀ ਹੋਵੇ, ਟੀ.ਵੀ. ਦੀ ਹੋਵੇ, ਮੋਬਾਈਲ ਦੀ ਹੋਵੇ ਜਾਂ ਰੋਜਾਨਾ ਦੀ ਜ਼ਿੰਦਗੀ ਦੇ ਕੰਮਾਂ-ਕਾਰਾਂ ਦੀ ਤੁਸੀਂ ਵਿਹਲੜ ਬੰਦੇ ਨੂੰ ਵੀ ਰੁੱਝਿਆ ਹੀ ਪਾਓਗੇ ਤੇ ਜਿਹੜੇ ਬੰਦੇ ਕੰਮ ਕਰਦੇ ਨੇ ਉਹ ਤਾਂ ਰੁੱਝੇ ਹੀ ਹੁੰਦੇ ਹਨ। ਪੜ੍ਹਾਈ ਦਾ ਭਾਰ ਵੀ ਮੌਜ਼ੂਦਾ ਸਮੇਂ ‘ਚ ਹਰ ਵਰਗ ਦੇ ਵਿਦਿਆਰਥੀ ‘ਤੇ ਹੈ ਕਿਸੇ ਨੂੰ ਪਾਸ ਹੋਣ ਦੀ ਚਿੰਤਾ ਦਾ ਡਰ ਸਤਾਉਂਦਾ ਹੈ ਤੇ ਕਿਸੇ ਨੂੰ ਮੈਰਿਟ ‘ਚ ਥਾਂ ਪ੍ਰਾਪਤ ਹੋਣ ਦਾ। ਇਸੇ ਉਧੇੜਬੁਣ ‘ਚ ਮਨੁੱਖ ਆਪਣੀਆਂ ਸਰੀਰਕ ਲੋੜਾਂ ਅਤੇ ਜੀਵਨ ‘ਚ ਖੁਸ਼ ਰਹਿਣ ਦੇ ਤਰੀਕਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ।

ਬੀਤੇ ਸਮਿਆਂ ‘ਚ ਲੋਕ ਇੱਕ-ਦੂਜੇ ਨਾਲ ਆਪਣਾ ਦੁੱਖ-ਸੁਖ ਫਰੋਲ ਲੈਂਦੇ ਸਨ ਹੁਣ ਮੌਜ਼ੂਦਾ ਦੌਰ ‘ਚ ਫੇਸਬੁੱਕ ਤੇ ਵਟਸਐਪ ਆਦਿ ਐਪਾਂ ‘ਤੇ ਲੋਕ ਆਪਣੀ ਨਿੱਜੀ ਜਾਣਕਾਰੀ ਲੋਕਾਂ ਤੱਕ ਪਹੁੰਚਾ ਦਿੰਦੇ ਹਨ। ਛੋਟੀ ਤੋਂ ਛੋਟੀ ਘਟਨਾ ਤੋਂ ਲੈ ਕੇ ਵੱਡੀ ਘਟਨਾ ਵੀ ਲੋਕਾਂ ਤੱਕ ਮਿੰਟਾਂ-ਸਕਿੰਟਾਂ ‘ਚ ਪਹੁੰਚ ਜਾਂਦੀ ਹੈ। ਕੰਮ ਦਾ ਦਬਾਅ ਹੋਵੇ, ਪੜ੍ਹਾਈ ਦਾ ਦਬਾਅ ਹੋਵੇ ਜਾਂ ਘਰ-ਪਰਿਵਾਰ ਦਾ ਦਬਾਅ ਹੋਵੇ, ਲੋਕ ਆਪਣੀ ਭੜਾਸ ਕਿਸੇ ਨਾ ਕਿਸੇ ਤਰੀਕੇ ਸੋਸ਼ਲ ਨੈੱਟਵਰਕ ‘ਤੇ ਕੱਢਦੇ ਹਨ। ਕੁਝ ਲੋਕ ਤਾਂ ਸੋਸ਼ਲ ਸਾਈਟਾਂ ‘ਤੇ ਵੀ ਇੱਕ-ਦੂਜੇ ਨਾਲ ਇੰਝ ਲੜਦੇ ਹਨ ਕਿ ਜੇਕਰ ਇਨ੍ਹਾਂ ਨੂੰ ਇਕੱਠੇ ਕਰ ਦਿੱਤਾ ਜਾਵੇ ਤਾਂ ਇੱਕ-ਦੂਜੇ ਦਾ ਕਤਲ ਕਰ ਦੇਣ।

ਪੜ੍ਹੇ-ਲਿਖੇ ਵਰਗ ਦੀ ਜੇ ਗੱਲ ਕਰੀਏ ਤਾਂ ਜਿਸ ਘਰ ‘ਚ ਲਗਭਗ ਪੰਜ-ਛੇ ਜੀਅ ਹੋਣ ਉਨ੍ਹਾਂ ਸਭ ਕੋਲ ਮੋਬਾਈਲ ਹੁੰਦਾ ਹੈ, ਜੇਕਰ ਅਨਪੜ੍ਹ ਵਰਗ ਦੀ ਗੱਲ ਕਰੀਏ ਤਾਂ ਘਰ ‘ਚ ਇੱਕ ਜਾਂ ਦੋ ਮੈਂਬਰਾਂ ਕੋਲ ਫੋਨ ਹੁੰਦਾ ਹੈ। ਹਾਂ ਸਕੂਲ/ਕਾਲਜ ਜਾਣ ਵਾਲੇ ਗਰੀਬ ਤਬਕੇ ਦੇ ਬੱਚਿਆਂ ਕੋਲ ਜ਼ਰੂਰ ਚੰਗੀਆਂ ਕੰਪਨੀਆਂ ਦੇ ਫੋਨ ਹੋਣਗੇ ਪਰ ਉਨ੍ਹਾਂ ਦੇ ਘਰ ‘ਚ ਆਮ ਸਿੰਪਲ ਫੋਨ ਹੀ ਹੁੰਦੇ ਹਨ। ਮੋਬਾਈਲ ਫੋਨ ਨੇ ਜੋ ਕੰਮ ਕੀਤਾ ਸ਼ਾਇਦ ਉਹ ਕੋਈ ਹੋਰ ਤਕਨੀਕ ਕਦੇ ਨਾ ਕਰ ਸਕਦੀ। ਇਸ ਇੱਕ ਛੋਟੀ ਜਿਹੀ ਡਿਵਾਇਸ ਨੇ ਲੋਕਾਂ ਨੂੰ ਆਪਣੇ ਘਰਾਂ ‘ਚ ਵੀ ਇੱਕ-ਦੂਜੇ ਤੋਂ ਦੂਰ ਕਰ ਦਿੱਤਾ। ਇੱਕ-ਦੂਜੇ ਤਾਈਂ ਜੇਕਰ ਕੋਈ ਕੰਮ ਹੋਵੇ ਤਾਂ ਮੈਸਜ ‘ਤੇ ਕੰਮ ਕਿਹਾ ਜਾਂਦਾ ਹੈ। ਜ਼ਿਆਦਾਤਰ ਮੋਬਾਈਲ ਦੀ ਵਰਤੋਂ ਕਰਨ ਵਾਲੇ ਘਰ ਵਿਚਲੇ ਦੂਜੇ ਮੈਂਬਰਾਂ ਦੇ ਨਾਲ ਗੱਲਬਾਤ ਬਹੁਤ ਘੱਟ ਕਰਦੇ ਹਨ। ਜਿਸ ਕਰਕੇ ਉਨ੍ਹਾਂ ਦਾ ਆਪਣੇ ਪਰਿਵਾਰ ਨਾਲ ਮੋਹ ਖਤਮ ਜਿਹਾ ਹੋ ਜਾਂਦਾ ਹੈ। ਉਹ ਆਪਣਾ ਜ਼ਿਆਦਾਤਰ ਸਮਾਂ ਗੇਮਿੰਗ ਜਾਂ ਹੋਰ ਐਪਸ ਦੀ ਵਰਤੋਂ ਕਰਕੇ ਬਿਤਾ ਦਿੰਦੇ ਹਨ ਅਤੇ ਘਰ ‘ਚ ਕੀ ਹੋ ਰਿਹਾ ਹੈ ਜ਼ਿਆਦਾਤਰ ਬੱਚਿਆਂ ਨੂੰ ਤੇ ਜ਼ਿਆਦਾਤਰ ਮਾਪਿਆਂ ਨੂੰ ਬੱਚਿਆਂ ਬਾਰੇ ਪਤਾ ਹੀ ਨਹੀਂ ਹੁੰਦਾ। ਮੋਬਾਈਲ ਦੀ ਵੱਧ ਵਰਤੋਂ ਕਰਨ ਵਾਲੇ ਘਰਾਂ ਦੇ ਕਈ ਅਜਿਹੇ ਕੇਸ ਵੀ ਆਏ ਹਨ ਜਿਨ੍ਹਾਂ ‘ਚ ਤਲਾਕ ਤੱਕ ਦੀ ਨੌਬਤ ਆ ਜਾਂਦੀ ਹੈ।

ਸਹਿਣਸ਼ੀਲਤਾ ਇਹ ਇੱਕ ਸ਼ਬਦ ਮਾਤਰ ਨਹੀਂ ਹੈ। ਕਿਸੇ ਦੇ ਕਹੇ ਮਾੜੇ ਸ਼ਬਦਾਂ ਨੂੰ ਜਰਨਾ, ਕਿਸੇ ਮੁਸ਼ਕਲ ਘੜੀ ‘ਚ ਆਪਣੇ-ਆਪ ਨੂੰ ਸੰਭਾਲਣਾ ਜਾਂ ਕਿਸੇ ਹੋਰ ਨੂੰ ਸਹਾਰਾ ਦੇਣਾ ਸਹਿਣਸ਼ੀਲਤਾ ਦੇ ਮੁੱਖ ਉਦਾਹਰਨ ਹਨ। ਲੋਕਾਂ ‘ਚ ਸਹਿਣਸ਼ੀਲਤਾ ਦੀ ਘਾਟ ਇਸ ਲਈ ਜ਼ਿਆਦਾ ਵਧ ਰਹੀ ਹੈ ਕਿਉਂਕਿ ਉਹ ਸਿਰਫ ਤੇ ਸਿਰਫ ਆਪਣੀ ਜ਼ਿੰਦਗੀ ਬਾਰੇ ਹੀ ਸੋਚਣ ਲੱਗ ਪਏ ਹਨ। ਉਨ੍ਹਾਂ ਕੋਲ ਆਪਣੇ ਪਰਿਵਾਰ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਹੈ। ਮੌਤ ਨੂੰ ਤਾਂ ਹੁਣ ਲੋਕ ਖੇਡ ਹੀ ਸਮਝਣ ਲੱਗ ਪਏ ਹਨ। ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਸਾਨੂੰ ਅਕਸਰ ਟੀ. ਵੀ. ਜਾਂ ਅਖਬਾਰਾਂ ‘ਚ ਪੜ੍ਹਨ ਤੇ ਦੇਖਣ ਨੂੰ ਮਿਲਦੀਆਂ ਹਨ। ਨਬਾਲਗ ਬੱਚੇ ਵੱਲੋਂ ਖੁਦਖੁਸ਼ੀ, ਦੋ ਬੱਚਿਆਂ ਦੀ ਮਾਂ ਨੇ ਬੱਚਿਆਂ ਨੂੰ ਮਾਰ ਕੇ ਖੁਦ ਕੀਤੀ ਆਤਮ-ਹੱਤਿਆ, ਦੋ ਬੱਚਿਆਂ ਦੇ ਬਾਪ ਨੇ ਮਾਂ ਅਤੇ ਬੱਚਿਆਂ ਨੂੰ ਮਾਰ ਕੇ ਕੀਤੀ ਖੁਦਖੁਸ਼ੀ। ਮੌਤ ਕਿਸੇ ਚੀਜ ਦਾ ਹੱਲ ਨਹੀਂ ਹੈ। ਜ਼ਿੰਦਗੀ ਨੂੰ ਜਿਊਣ ਦੇ ਤਰੀਕੇ ਸਿੱਖੋ। ਤੁਸੀਂ ਜਿਨ੍ਹਾਂ ਹਾਲਾਤਾਂ ‘ਚ ਜੀਅ ਰਹੇ ਹੋ ਜੇਕਰ ਉਹ ਹਾਲਾਤ ਤੁਹਾਡੇ ਅਨੁਸਾਰ ਨਹੀਂ ਹਨ ਅਤੇ ਤੁਸੀਂ ਉਨ੍ਹਾਂ ਹਾਲਾਤਾਂ ਨੂੰ ਬਦਲ ਨਹੀਂ ਸਕਦੇ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਖੁਦ ਹੀ ਉਨ੍ਹਾਂ ਹਾਲਾਤਾਂ ਦੇ ਅਨੁਸਾਰ ਆਪਣੇ-ਆਪ ਨੂੰ ਢਾਲ ਲਵੋ। ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਕੁਝ ਮਿੰਟਾਂ ਦੇ ਗੁੱਸੇ ਕਰਕੇ ਆਪਣੀ ਤੇ ਆਪਣੇ ਘਰ ਵਾਲਿਆਂ ਬਾਰੇ ਸੋਚ-ਸਮਝ ਕੇ ਕੋਈ ਕਦਮ ਚੁੱਕੋ।

ਪੜ੍ਹਾਈ ‘ਚ ਨਾਕਾਮ ਹੋਣ ਵਾਲੇ ਨਬਾਲਗ ਵੀ ਆਤਮ-ਹੱਤਿਆ ਜਿਹੇ ਕਦਮ ਚੁੱਕ ਰਹੇ ਹਨ। ਬਿਜ਼ਨਸ ‘ਚ ਫੇਲ੍ਹ ਹੋਇਆ ਵਿਅਕਤੀ, ਕਰਜਾ ਨਾ ਦੇਣ ‘ਚ ਅਸਮਰੱਥ ਵਿਅਕਤੀ ਜਾਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਆਤਮ-ਹੱਤਿਆ ਕਰਨੀ ਕੋਈ ਵੱਡੀ ਪ੍ਰਾਪਤੀ ਨਹੀਂ, ਸਗੋਂ ਇਹ ਤੁਹਾਡੇ ਜਾਣ ਤੋਂ ਮਗਰੋਂ ਤੁਹਾਡੇ ਪਰਿਵਾਰ ‘ਤੇ ਲੱਗਣ ਵਾਲਾ ਦਾਗ ਹੈ। ਅਜਿਹੇ ਮੌਕਿਆਂ ‘ਤੇ ਜੇਕਰ ਤੁਸੀਂ ਕੁਝ ਟਾਈਮ ਸ਼ਾਂਤ ਰਹਿ ਕੇ ਇਨ੍ਹਾਂ ਮਸਲਿਆਂ ਦਾ ਹੱਲ ਤਲਾਸ਼ੋ ਜਾਂ ਕਿਸੇ ਨਾਲ ਗੱਲਬਾਤ ਕਰਕੇ ਹੱਲ ਕੱਢਣ ਦੀ ਕੋਸ਼ਿਸ਼ ਕਰੋ ਤਾਂ ਸ਼ਾਇਦ ਤੁਹਾਡੇ ਮਸਲੇ ਸੁਲਝ ਜਾਣ ਅਤੇ ਤੁਹਾਨੂੰ ਆਪਣੀ ਨਿਰਾਸ਼ ਜ਼ਿੰਦਗੀ ਤੋਂ ਕੁਝ ਸਿੱਖਣ ਲਈ ਮਿਲੇ ਅਤੇ ਤੁਸੀਂ ਹੋਰ ਲੋਕਾਂ ਨੂੰ ਮੋਟੀਵੇਟ ਕਰ ਸਕੋ ਕਿ ਆਤਮ-ਹੱਤਿਆ ਜਾਂ ਖੁਦਖੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈ ਸਗੋਂ ਇਸ ਜ਼ਿੰਦਗੀ ‘ਚ ਉਤਾਰ-ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ ਕਿਉਂ ਨਾ ਇਨ੍ਹਾਂ ਉਤਾਰਾਂ-ਚੜ੍ਹਾਵਾਂ ਨਾਲ ਦੋ-ਦੋ ਹੱਥ ਕਰਕੇ ਜ਼ਿੰਦਗੀ ਜੀਅ ਕੇ ਚੰਗਾ-ਮਾੜਾ ਸਮਾਂ ਕੱਟ ਕੇ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਅੱਗੇ ਵਧੀਏ।

ਸੰਦੀਪ ਜੈਤੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।