ਸਾਡੇ ਨਾਲ ਸ਼ਾਮਲ

Follow us

24.2 C
Chandigarh
Friday, February 13, 2026
More
    Home Breaking News ਆਖ਼ਰ ਕਿਉਂ ਨਸ਼ਿਆ...

    ਆਖ਼ਰ ਕਿਉਂ ਨਸ਼ਿਆਂ ਵੱਲ ਖਿੱਚੇ ਜਾਂਦੇ ਨੇ ਨੌਜਵਾਨ

    Depth

    ਸਾਡੇ ਇਸ ਸੋਹਣੇ, ਜ਼ਰਖੇਜ਼ ਧਰਤੀ ਤੇ ਹੋਰ ਅਨੇਕਾਂ ਵਿਸ਼ੇਸ਼ਤਾਵਾਂ ਵਾਲੇ ਪੰਜਾਬ ਲਈ ਅੱਜ ਦੁਆਵਾਂ ਕਰਨ ਦੀ ਵੀ ਲੋੜ ਹੈ, ਕਿਉਂਕਿ ਅਜੋਕੇ ਸਮੇਂ ਬਹੁਤ ਸਾਰੀਆਂ ਅਜਿਹੀਆਂ ਬਲਾਵਾਂ ਨੇ ਸੂਬੇ ਨੂੰ ਜਕੜ ਰੱਖਿਆ ਹੈ, ਜਿਸ ਦੇ ਗੰਭੀਰ ਸਿੱਟੇ ਆਉਣ ਵਾਲੇ ਸਮੇਂ ਸਾਨੂੰ ਭੁਗਤਣੇ ਪੈ ਸਕਦੇ ਹਨ। ਬੇਰੁਜਗਾਰੀ ਦੇ ਮਾਰੇ ਗ਼ਲਤ ਹੱਥਕੰਡੇ ਅਪਣਾ ਰਹੇ ਨੌਜਵਾਨ, ਦਿਸ਼ਾਹੀਣਤਾ ਦਾ ਸ਼ਿਕਾਰ ਅਜੋਕਾ ਕਿਸਾਨ, ਵਧ ਰਹੀ ਆਬਾਦੀ ਦਾ ਸੰਕਟ, ਸਨਅਤੀ ਸੱਭਿਆਚਾਰ ਦੇ ਪ੍ਰਭਾਵ ਸਰੂਪ ਬਦਲ ਰਹੇ ਨੈਤਿਕ ਮੁੱਲ, ਟੁੱਟ ਰਹੇ ਰਿਸ਼ਤੇ, ਚਿੱਟੇ ਵਰਗੇ ਮਾਰੂ ਨਸ਼ਿਆਂ ਦਾ ਸ਼ਿਕਾਰ ਜਵਾਨੀ, ਗਰੀਬੀ ਦੀ ਰੇਖਾ ਦਾ ਵਧ ਰਿਹਾ ਘੇਰਾ, ਮਾਨਸਿਕ ਵਿਗਾੜ, ਪੱਛਮੀ ਸੱਭਿਆਚਾਰ ਦਾ ਵਿਰਾਸਤੀ ਵਿਸ਼ੇਸ਼ਤਾਵਾਂ ’ਤੇ ਹਮਲਾ ਆਦਿ ਅਨੇਕਾਂ ਬੁਰੀਆਂ ਬਲਾਵਾਂ ਦੇ ਰੂਪ ਵਿੱਚ ਪਨਪ ਰਹੀਆਂ ਹਨ। (Depth)

    ਇਤਿਹਾਸ ਦੀਆਂ ਕਿਤਾਬਾਂ ਅਤੇ ਦਸਤਾਵੇਜ਼ਾਂ ਵਿੱਚ ਤਾਂ ਭਾਰਤ 15 ਅਗਸਤ 1947 ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜਾਦ ਹੋ ਗਿਆ, ਪਰ ਦੇਸ਼ ਭਗਤਾਂ ਵੱਲੋਂ ਸਿਰਜੀ ਅਜ਼ਾਦੀ ਦੇ ਨਿੱਘ ਨੂੰ ਅਜੇ ਤੱਕ ਇੱਕ ਸਧਾਰਨ ਹਿੰਦੁਸਤਾਨੀ ਪੂਰੀ ਤਰ੍ਹਾਂ ਨਹੀਂ ਮਾਣਸਕਿਆ ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਪਤਾ ਨਹੀਂ ਕੀ-ਕੀ ਗਲਤ ਹੱਥਕੰਡੇ ਅਪਣਾ ਰਹੇ ਹਨ।

    ਵਧਦੀ ਅਬਾਦੀ ਕਾਰਨ ਪੈਦਾ ਬੇਰੁਜ਼ਗਾਰੀ ਨਸ਼ਿਆਂ ਦਾ ਕਾਰਨ

    ਜ਼ਿਆਦਾਤਰ ਬੇਰੁਜਗਾਰਾਂ ਦਾ ਰੁਝਾਨ ਵਧਿਆ ਹੈ ਵਿਦੇਸ਼ਾਂ ਵਿੱਚ ਜਾਣ ਦਾ, ਵਧਦੀ ਆਬਾਦੀ ਕਾਰਨ ਘਟਦੇ ਰੁਜਗਾਰ ਸਾਧਨਾਂ ਕਾਰਨ ਨੌਜਵਾਨ ਬੇਰੁਜਗਾਰ ਹੋ ਰਹੇ ਹਨ, ਸਰਕਾਰੀ ਅਦਾਰਿਆਂ ਵਿੱਚ ਕਰਮਚਾਰੀ ਸੇਵਾਮੁਕਤ ਤਾਂ ਹੋ ਰਹੇ ਹਨ ਪਰ ਨਵੀਂਆਂ ਭਰਤੀਆਂ ਨਹੀਂ ਕੀਤੀਆਂ ਜਾ ਰਹੀਆਂ। ਬੇਰੁਜਗਾਰੀ ਦੀ ਇਸ ਹਾਲਾਤ ਵਿਚ ਉਹ ਵਿਦੇਸ਼ਾਂ ਵਿੱਚ ਜਾ ਕੇ ਪੈਸਾ ਕਮਾਉਣ ਬਾਰੇ ਸੋਚਦੇ ਹਨ ਤੇ ਗਲਤ ਹੱਥਾਂ ਵਿਚ ਆ ਕੇ ਆਪਣਾ ਸ਼ੋਸ਼ਣ ਕਰਵਾ ਰਹੇ ਹਨ ਟਰੈਵਲ ਏਜੰਟਾਂ ਹੱਥੋਂ।

    ਇੱਥੇ ਇਹ ਗੱਲ ਵਰਨਣਯੋਗ ਹੈ ਕਿ ਮਨੁੱਖੀ ਸਮੱਗਲਿੰਗ ਦਾ ਧੰਦਾ ਵੀ ਵਿਦੇਸ਼ ਭੇਜਣ ਦੀ ਆੜ ਹੇਠ ਹੋ ਰਿਹਾ ਹੈ। ਵਿਦੇਸ਼ ਜਾਣ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਪਿੰਡਾਂ ਦੇ ਭੋਲੇ-ਭਾਲੇ ਨੌਜਵਾਨ ਇਨ੍ਹਾਂ ਏਜੰਟਾਂ ਦੇ ਅੜਿੱਕੇ ਚੜ੍ਹ ਜਾਂਦੇ ਹਨ। ਅੱਜ ਇਹ ਇੱਕ ਬਹੁਤ ਵੱਡੀ ਤ੍ਰਾਸਦੀ ਹੈ ਸਾਡੇ ਸੂਬੇ ਪੰਜਾਬ ਲਈ ਕਿ ਆਪਣੀਆਂ ਮਹਿੰਗੇ ਭਾਅ ਦੀਆਂ ਜ਼ਰਖੇਜ਼ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਨੌਜਵਾਨਾਂ ਦੇ ਮਾਪੇ ਕਥਿਤ ਏਜੰਟਾਂ ਦੀਆਂ ਜੇਬ੍ਹਾਂ ਇਸ ਆਸ ਨਾਲ ਭਰ ਦਿੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਡਾਲਰਾਂ, ਪੌਂਡਾਂ ਦੇ ਨਾਲ ਕਮਾਈ ਕਰਕੇ ਇਹ ਜ਼ਮੀਨ ਵੀ ਵਾਪਸ ਲੈ ਲਵੇਗਾ ਅਤੇ ਚੜ੍ਹਿਆ ਹੋਇਆ ਕਰਜ਼ਾ ਵੀ ਉਤਾਰ ਦੇਵੇਗਾ, ਪਰ ਇੰਝ ਹੁੰਦਾ ਨਹੀਂ।

    ਕਿਸਾਨੀ ਹੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ

    ਰਾਜ ਅੰਦਰ ਅਜੋਕੀ ਕਿਸਾਨੀ ਦੀ ਦਸ਼ਾ ਕੀ ਹੈ ਇਹ ਅਸੀਂ ਭਲੀ-ਭਾਂਤ ਜਾਣਦੇ ਹਾਂ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਇੱਥੋਂ ਦੀ 65-70 ਫੀਸਦੀ ਆਬਾਦੀ ਸਿੱਧੇ ਤੌਰ ’ਤੇ, ਤੇ ਬਾਕੀ ਅਸਿੱਧੇ ਤੌਰ ’ਤੇ ਖੇਤੀ ਉੱਤੇ ਨਿਰਭਰ ਕਰਦੇ ਹਨ। ਇਸੇ ਕਰਕੇ ਇਹ ਕਹਿਣਾ ਗਲਤ ਨਹੀਂ ਕਿ ਪੰਜਾਬ ਦੀ ਖੇਤੀਬਾੜੀ ਹੀ ਸਮੁੱਚੇ ਰਾਜ ਦੀ ਆਰਥਿਕਤਾ ਦੀ ਰੀੜ੍ਹ ਹੈ, ਪਰ ਵਧਦੀ ਆਬਾਦੀ ਕਾਰਨ ਪਰਿਵਾਰ ਟੁੱਟ ਰਹੇ ਹਨ ਤੇ ਜ਼ਮੀਨਾਂ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡੀਆਂ ਜਾ ਰਹੀਆਂ ਹਨ, ਜਿਸ ਕਰਕੇ ਅੱਜ ਦਾ ਕਿਸਾਨ ਛੋਟਾ ਤੇ ਸੀਮਤ ਬਣਦਾ ਜਾ ਰਿਹਾ ਹੈ।

    ਉਸ ਕੋਲ ਥੋੜ੍ਹੀ ਜ਼ਮੀਨ ਹੋਣ ਕਾਰਨ ਪੂਰਾ ਮਸ਼ੀਨੀਕਰਨ ਅਪਨਾਉਣ ਦੀ ਸਮਰੱਥਾ ਘਟਦੀ ਜਾ ਰਹੀ ਹੈ, ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੀ ਖੇਤੀ ਨੂੰ ਯੋਗ ਅਗਵਾਈ ਤੇ ਸਹੀ ਦਿਸ਼ਾ ਪ੍ਰਦਾਨ ਨਹੀਂ ਕੀਤੀ ਪੰਜਾਬ ਵਿੱਚ ਖੇਤੀ ਅਧਾਰਿਤ ਸਨਅਤਾਂ ਦੀ ਘਾਟ, ਮੁੱਖ ਫਸਲਾਂ ਤੋਂ ਇਲਾਵਾ ਹੋਰ ਫਸਲਾਂ ਫੁੱਲ, ਸਬਜ਼ੀਆਂ, ਸਹਾਇਕ ਕਿੱਤਿਆਂ ਨੂੰ ਕੀਮਤ ਤੇ ਖ਼ਰੀਦ ਸੁਰੱਖਿਆ ਦੀ ਘਾਟ ਕਾਰਨ ਇਨ੍ਹਾਂ ਫਸਲਾਂ ਤੇ ਕਿੱਤਿਆਂ ਵੱਲ ਪੰਜਾਬ ਦੀ ਕਿਸਾਨੀ ਦਾ ਰੁਝਾਨ ਵਧ ਨਹੀਂ ਸਕਿਆ।

    ਦੁੱਧ, ਫਲ, ਸਬਜ਼ੀਆਂ, ਸ਼ਹਿਦ ਤੋਂ ਇਲਾਵਾ ਅਨੇਕਾਂ ਉਤਪਾਦਨ ਬਾਹਰਲੀਆਂ ਮੰਡੀਆਂ ਤੱਕ ਪਹੁੰਚਾਉਣ ਤੇ ਇਨ੍ਹਾਂ ਦੀ ਲੋੜੀਂਦੀ ਮਾਰਕੀਟਿੰਗ ਦੀ ਹਮੇਸ਼ਾ ਘਾਟ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਕਿਸਾਨੀ ਦਾ ਦੂਸਰਾ ਪੱਖ ਇਹ ਵੀ ਹੈ ਕਿ ਛੋਟੇ ਕਿਸਾਨ, ਜੋ ਕਰਜੇ ਦੇ ਭਾਰ ਥੱਲੇ ਦੱਬੇ ਹਨ ਤੇ ਕਈ ਵਾਰ ਆੜ੍ਹਤੀਆਂ ਜਾਂ ਹੋਰ ਧਨਾਢਾਂ ਦੇ ਸ਼ੋਸ਼ਣ ਦਾ ਸ਼ਿਕਾਰ ਵੀ ਹੋ ਰਹੇ ਹਨ ਤੇ ਕਈ ਵਾਰ ਆਮ ਹੀ ਇਹ ਨੌਬਤ ਖੁਦਕੁਸ਼ੀ ’ਤੇ ਆ ਜਾਂਦੀ ਹੈ।

    ਵਧ ਰਹੀ ਆਬਾਦੀ ਦੀ ਸਮੱਸਿਆ (Depth)

    ਵਧ ਰਹੀ ਆਬਾਦੀ ਦੀ ਸਮੱਸਿਆ ਇਸ ਸਮੇਂ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਭਾਰਤ ਲਈ ਇੱਕ ਗੰਭੀਰ ਸਮੱਸਿਆ ਹੈ। ਅਬਾਦੀ ਵਿੱਚ ਵਾਧੇ ਦੀ ਇਹ ਦਰ ਬਹੁਤ ਭਿਆਨਕ ਹੈ, ਜਿਸ ਦਰ ਨਾਲ ਆਬਾਦੀ ਵਧ ਰਹੀ ਹੈ, ਉਸ ਦਰ ਨਾਲ ਉਤਪਾਦਨ ਦਾ ਵਧਣਾ ਵੀ ਜਰੂਰੀ ਹੈ। ਵਧਦੀ ਆਬਾਦੀ ਦੇ ਸਿੱਟਿਆਂ ਕਾਰਨ ਗਰੀਬੀ ਰੇਖਾ ਤੋਂ ਹੇਠਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬੰਧਕ ਤੇ ਬਾਲ ਮਜਦੂਰੀ ਭਾਵੇਂ ਕਾਨੂੰਨੀ ਅਪਰਾਧ ਹੈ ਪਰ ਇਨ੍ਹਾਂ ਦੀ ਗਿਣਤੀ ਵੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਆਰਥਿਕ ਪ੍ਰਗਤੀ ਦੀਆਂ ਜੋ ਯੋਜਨਾਵਾਂ ਆਰੰਭੀਆਂ ਜਾਂਦੀਆਂ ਹਨ ਪਰ ਜੇ ਇਨ੍ਹਾਂ ਯੋਜਨਾਵਾਂ ਨਾਲੋਂ ਵਸੋਂ ਦੀ ਗਤੀ ਉਸ ਦਰ ਨਾਲ ਵਧਦੀ ਹੈ ਤਾਂ ਪ੍ਰਗਤੀ ਸਬੰਧੀ ਸਾਰੇ ਪ੍ਰੋਗਰਾਮ ਨਿਰਾਰਥਕ ਹੋਣ ਲੱਗਦੇ ਹਨ, ਇਸ ਲਈ ਜਰੂਰੀ ਹੈ ਕਿ ਨਵੇਂ ਨਿਰਮਾਣ ਕਾਰਜਾਂ ਤੇ ਆਰਥਿਕ ਪ੍ਰੋਗਰਾਮਾਂ ਨੂੰ ਪਹਿਲ ਦੇਣ ਦੇ ਨਾਲ-ਨਾਲ ਵਸੋਂ ’ਤੇ ਕੰਟਰੋਲ ਕਰਨ ਸਬੰਧੀ ਪ੍ਰੋਗਰਾਮਾਂ ਨੂੰ ਵੀ ਪਹਿਲ ਦੇਣੀ ਚਾਹੀਦੀ ਹੈ।

    ਭਿਆਨਕ ਦੈਂਤ ਬਣ ਕੇ ਉੱਭਰ ਰਿਹਾ ਨਸ਼ਾ (Depth)

    ਰਾਜ ਉੱਪਰ ਪਈਆਂ ਬੁਰੀਆਂ ਅਲਾਮਤਾਂ ’ਚੋਂ ਨਸ਼ਿਆਂ ਦਾ ਵਧ ਰਿਹਾ ਰੁਝਾਨ ਇੱਕ ਵੱਡੀ ਅਲਾਮਤ ਹੈ। ਆਲੇ-ਦੁਆਲੇ ਅਸੀਂ ਵੇਖਦੇ ਹਾਂ ਕਿ ਬਹੁਤ ਹੀ ਮਾਰੂ ਤੇ ਭਿਆਨਕ ਨਸ਼ਿਆਂ ਦਾ ਸੇਵਨ ਦਿਨ-ਪ੍ਰਤੀਦਿਨ ਵਧਦਾ ਜਾ ਰਿਹਾ ਹੈ। ਕਈ ਅਜਿਹੇ ਨਸ਼ੇ ਸੁਣਨ ਵਿਚ ਆ ਰਹੇ ਹਨ, ਜਿਸ ਬਾਰੇ ਆਮ ਆਦਮੀ ਸੋਚ ਵੀ ਨਹੀਂ ਸਕਦਾ ‘ਚਿੱਟਾ’ ਵਰਗੇ ਮਾਰੂ ਤੇ ਭਿਆਨਕ ਨਸ਼ੇ, ਜੋ ਕਿ ਸਿਰਫ਼ ਲੜਕੇ ਹੀ ਨਹੀਂ ਬਲਕਿ ਬਹੁਤ ਸਾਰੀਆਂ ਕੁੜੀਆਂ ਵੀ ਇਸ ਦਾ ਸੇਵਨ ਕਰ ਕਰਦੀਆਂ ਹਨ। ਜੇਕਰ ਅਜਿਹਾ ਹੀ ਰਿਹਾ ਤਾਂ ਆਉਣ ਵਾਲੇ ਸਮੇਂ ਪੰਜਾਬ ਦੀ ਸਥਿਤੀ ਕੀ ਹੋਵੇਗੀ, ਇਹ ਸੋਚ ਕੇ ਕੰਬਣੀ ਛਿੜਦੀ ਹੈ।

    ਜੇਕਰ ਵਿਸਥਾਰ ਸਹਿਤ ਜ਼ਿਕਰ ਕਰੀਏ ਤਾਂ ਪਤਾ ਨਹੀਂ ਕਿੰਨੇ ਕੁ ਹੋਰ ਅਜਿਹੇ ਵਿਸ਼ੇ ਹਨ ਜੋ ਰਾਜ ਦੀ ਅਜੋਕੀ ਸਥਿਤੀ ਨੂੰ ਬਿਆਨਦੇ ਹਨ। ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ, ਸੰਤਾਂ ਤੇ ਸੂਫ਼ੀ ਦਰਵੇਸ਼ਾਂ ਦੀ ਪਵਿੱਤਰ ਧਰਤੀ ਹੈ, ਜਿਸ ਨੂੰ ਕੁਦਰਤ ਨੇ ਵੀ ਹਰ ਮੌਸਮ ਵਿੱਚ ਪਾਣੀ ਦੇ ਵਗਦੇ ਦਰਿਆ, ਇੱਕਸਾਰ ਜ਼ਰਖੇਜ਼ ਧਰਤੀ ਦੇ ਕੇ ਨਿਵਾਜਿਆ ਹੈ, ਪਰ ਇਸ ਦੀ ਫ਼ਿਜ਼ਾ ਵਿੱਚ ਅਜਿਹਾ ਜ਼ਹਿਰ ਘੁਲ ਰਿਹਾ ਹੈ, ਜੋ ਕਈ ਮਾੜੀਆਂ ਅਲਾਮਤਾਂ, ਸਮਾਜਿਕ ਬੁਰਾਈਆਂ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ। ਅੱਜ ਲੋੜ ਹੈ ਸਮੇਂ ਦੀਆਂ ਸਰਕਾਰਾਂ, ਬੁੱਧੀਜੀਵੀਆਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਇਨ੍ਹਾਂ ਅਲਾਮਤਾਂ ਵੱਲ ਧਿਆਨ ਦੇ ਕੇ ਰਾਜ ਨੂੰ ਵਿਕਾਸ ਮੁਖੀ ਲੀਹਾਂ ’ਤੇ ਲਿਜਾਣ ਦੀ। (Depth)

    ਹਰਮੀਤ ਸਿਵੀਆਂ
    ਸਿਵੀਆਂ, ਬਠਿੰਡਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here