ਕਿਸਾਨ ਆਗੂਆਂ ਦੀ ਕਚਹਿਰੀ ਤੋਂ ਬਾਅਦ ਸਿਆਸੀ ਪਾਰਟੀਆਂ ਨੂੰ ਵੱਡਾ ਝਟਕਾ, ਨਹੀਂ ਕਰ ਸਕਣਗੇ ਰੈਲੀਆਂ
ਅਮਰਿੰਦਰ ਸਿੰਘ ਨੂੰ ਸਮਾਗਮ ਕਰਨ ਦੀ ਛੋਟ ਕਿਉਂ, ਸਾਨੂੰ ਵੀ ਰੈਲੀਆਂ ਕਰਨ ਦਾ ਬਰਾਬਰ ਹੱਕ, ਨਹੀਂ ਤਾਂ ਕਾਂਗਰਸ ਨੂੰ ਰੋਕੋ
ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਣੇ ਬਸਪਾ ਨੇ ਕਿਹਾ, ਨਿਯਮ ਸਾਰਿਆਂ ਲਈ ਇੱਕ ਹੋਵੇ
- ਚੋਣ ਤੋਂ ਪਹਿਲਾਂ ਪ੍ਰਚਾਰ ਜਰੂਰੀ, ਸਰਕਾਰੀ ਪੈਸੇ ’ਤੇ ਅਮਰਿੰਦਰ ਸਿੰਘ ਕਰ ਰਹੇ ਹਨ ਪ੍ਰਚਾਰ, ਪਹਿਲਾਂ ਉਨਾਂ ਨੂੰ ਰੋਕੋ : ਆਪ
- ਕਾਂਗਰਸ ਨੂੰ ਖ਼ਾਸ ਤਵੱਜੋ ਦੇਣ ਦੀ ਥਾਂ ’ਤੇ ਸਾਰੀਆਂ ਨੂੰ ਰੱਖਿਆ ਜਾਵੇ ਬਰਾਬਰ
ਚੰਡੀਗੜ, (ਅਸ਼ਵਨੀ ਚਾਵਲਾ)। ਚੰਡੀਗੜ ਵਿਖੇ ਲਗੀ ਕਿਸਾਨਾਂ ਦੀ ਕਚਹਿਰੀ ਵਿੱਚ ਸਿਆਸੀ ਪਾਰਟੀਆਂ ਨੇ ਮੰਗ ਕੀਤੀ ਕਿ ਉਨਾਂ ਨੂੰ ਪੰਜਾਬ ਵਿੱਚ ਰੈਲੀਆਂ ਕਰਨ ਦਿਓ, ਕਿਉਂਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾ ਸਿਰ ’ਤੇ ਹਨ, ਇਸ ਲਈ ਪ੍ਰਚਾਰ ਕਰਨਾ ਜਰੂਰੀ ਹੈ। ਇਸ ’ਤੇ ਕਿਸਾਨ ਜਥੇਬੰਦੀਆਂ ਨੇ ਵੀ ਆਪਣਾ ਫੈਸਲਾ ਸੁਣਾ ਦਿੱਤਾ ਹੈ ਕਿ ਪੰਜਾਬ ਵਿੱਚ ਕੋਈ ਵੀ ਸਿਆਸੀ ਰੈਲੀ ਜਾਂ ਫਿਰ ਪ੍ਰੋਗਰਾਮ ਨਹੀਂ ਹੋਏਗਾ। ਜੇਕਰ ਕੋਈ ਵੀ ਸਿਆਸੀ ਪਾਰਟੀ ਇਸ ਤਰਾਂ ਦਾ ਪ੍ਰੋਗਰਾਮ ਕਰੇਗੀ ਤਾਂ ਉਸ ਨੂੰ ਕਿਸਾਨ ਮੋਰਚੇ ਦੀ ਵਿਰੋਧੀ ਪਾਰਟੀ ਮੰਨਦੇ ਹੋਏ ਉਸ ਦਾ ਵਿਰੋਧ ਕੀਤਾ ਜਾਏਗਾ। ਇਸ ਦੌਰਾਨ ਜਿਹੜੀ ਵੀ ਘਟਨਾ ਹੋਏਗੀ ਇਸ ਦਾ ਸਿੱਧੇ ਤੌਰ ‘ਤੇ ਜਿੰਮੇਵਾਰ ਸਿਆਸੀ ਪਾਰਟੀ ਦੇ ਆਗੂ ਹੀ ਹੋਣਗੇ।
ਕਿਸਾਨ ਮੋਰਚੇ ਦੇ ਆਗੂਆਂ ਦੇ ਇਸ ਫੈਸਲੇ ਨੂੰ ਸੁਣ ਕੇ ਸਿਆਸੀ ਪਾਰਟੀਆਂ ਦੇ ਲੀਡਰ ਕਾਫ਼ੀ ਜਿਆਦਾ ਪਰੇਸ਼ਾਨ ਹੋ ਗਏ ਹਨ, ਕਿਉਂਕਿ ਪੰਜਾਬ ਵਿੱਚ ਉਨਾਂ ਨਵੀਂ ਪਾਰਟੀਆਂ ਲਈ ਵੱਡੀ ਪਰੇਸ਼ਾਨੀ ਹੈ, ਜਿਹੜੇ ਹੁਣ ਪ੍ਰਚਾਰ ਕਰਦੇ ਹੋਏ ਆਪਣੇ ਲਈ ਥਾਂ ਬਣਾਉਣਾ ਚਾਹੁੰਦੇ ਹਨ ਪਰ ਹੁਣ ਕਿਸਾਨ ਆਗੂਆਂ ਦੇ ਇਸ ਫਰਮਾਨ ਤੋਂ ਬਾਅਦ ਪੰਜਾਬ ਵਿੱਚ ਮਾਹੌਲ ਕਾਫ਼ੀ ਜਿਆਦਾ ਬਦਲ ਜਾਏਗਾ ਅਤੇ ਪਿੰਡਾਂ ਵਿੱਚ ਕਿਸਾਨਾਂ ਵਲੋਂ ਕਿਸੇ ਵੀ ਹੁਕਮ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਰੈਲੀਆਂ ਨੂੰ ਰੋਕਿਆ ਜਾਏਗਾ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਾਰੇ ਕਿਸਾਨਾਂ ਆਗੂਆਂ ਵਲੋਂ ਇਹ ਫੈਸਲਾ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਸੁਣਾਇਆ।
ਰਾਜੇਵਾਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸਣੇ ਸਾਰੀ ਪਾਰਟੀਆਂ ਇਹ ਭਰੋਸਾ ਦੇ ਕੇ ਗਈਆਂ ਹਨ ਕਿ ਕਿਸਾਨ ਆਗੂ ਜਿਹੜਾ ਫੈਸਲਾ ਲੈਣਗੇ, ਉਸ ਨੂੰ ਮੰਨਿਆ ਜਾਏਗਾ ਪਰ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਵਿੱਚ ਕੋਈ ਭਰੋਸਾ ਨਹੀਂ ਦਿੱਤਾ ਗਿਆ, ਇਨਾਂ ਦੋਵਾਂ ਪਾਰਟੀਆਂ ਵਲੋਂ ਵਿਚਾਰ ਕਰਕੇ ਦੱਸਣ ਸਬੰਧੀ ਕਿਹਾ ਗਿਆ ਹੈ
ਪਰ ਕਿਸਾਨ ਆਗੂਆਂ ਵਲੋਂ ਫੈਸਲਾ ਲੈ ਲਿਆ ਗਿਆ ਹੈ ਕਿ ਕੋਈ ਵੀ ਸਿਆਸੀ ਪਾਰਟੀ ਹੋਵੇ, ਉਹ ਜੇਕਰ ਰੈਲੀ ਜਾ ਫਿਰ ਪ੍ਰੋਗਰਾਮ ਕਰੇਗੀ, ਉਸ ਨੂੰ ਕਿਸਾਨ ਵਿਰੋਧੀ ਮੰਨਦੇ ਹੋਏ ਉਸ ਦਾ ਵਿਰੋਧ ਕੀਤਾ ਜਾਏਗਾ। ਕਿਉਂਕਿ ਇਸ ਦਾ ਅਸਰ ਸਿੱਧੇ ਤੌਰ ’ਤੇ ਕਿਸਾਨ ਮੋਰਚੇ ’ਤੇ ਪਏਗਾ ਅਤੇ ਇਸ ਸਮੇਂ ਦਿੱਲੀ ਵਿਖੇ ਮੋਰਚੇ ਨੂੰ ਤਾਕਤ ਦੇਣੀ ਜਿਆਦਾ ਜਰੂਰੀ ਹੈ। ਉਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਦੋਂ ਚੋਣ ਕਮਿਸ਼ਨ ਐਲਾਨ ਕਰ ਦੇਵੇਗਾ ਤਾਂ ਉਸ ਤੋਂ ਬਾਅਦ ਹਰ ਸਿਆਸੀ ਪਾਰਟੀ ਪ੍ਰਚਾਰ ਕਰ ਸਕਦੀ ਹੈ।
ਮੁੱਖ ਮੰਤਰੀ ਹੋਵੇ ਜਾਂ ਫਿਰ ਮੰਤਰੀ, ਹਰ ’ਤੇ ਲਾਗੂ ਹੋਏਗੀ ਸ਼ਰਤ
ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਹੋਣ ਜਾਂ ਫਿਰ ਕੋਈ ਵੀ ਮੰਤਰੀ ਹਰ ਕਿਸੇ ’ਤੇ ਰੈਲੀ ਜਾਂ ਫਿਰ ਪ੍ਰੋਗਰਾਮ ਨਾ ਕਰਨ ਦੀ ਸ਼ਰਤ ਲਾਗੂ ਹੋਏਗੀ। ਇਸ ਲਈ ਜੇਕਰ ਸਰਕਾਰ ਨੇ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਉਸ ਨੂੰ ਕੁਝ ਹੀ ਲੋਕਾਂ ਤੱਕ ਸੀਮਤ ਕਰਕੇ ਕੀਤਾ ਜਾ ਸਕਦਾ ਹੈ ਪਰ ਵੱਡਾ ਇਕੱਠ ਕਰਨ ਦੀ ਇਜਾਜ਼ਤ ਨਹੀਂ ਹੋਏਗੀ।
ਸਿਆਸੀ ਪਾਰਟੀਆਂ ਨੇ ਲਾਇਆ ਕਿਸਾਨ ਆਗੂਆਂ ’ਤੇ ਪੱਖਪਾਤ ਦਾ ਦੋਸ਼
ਦਿੱਲੀ ਵਿਖੇ ਸਾਂਝਾ ਮੋਰਚਾ ਖੋਲੀਂ ਬੈਠੇ ਕਿਸਾਨ ਆਗੂਆਂ ਵਲੋਂ ਚੰਡੀਗੜ ਵਿਖੇ ਲਾਈ ਗਈ ਕਚਹਿਰੀ ਵਿੱਚ ਸਿਆਸੀ ਪਾਰਟੀਆਂ ਨੇ ਭਾਗ ਲੈਂਦੇ ਹੋਏ ਕਾਂਗਰਸ ਲੀਡਰਾਂ ਨੂੰ ਹੀ ਪੱਖਪਾਤ ਨਾ ਕਰਨ ਦਾ ਪਾਠ ਪੜਾ ਦਿੱਤਾ ਹੈ। ਕਾਂਗਰਸ ਪਾਰਟੀ ਨੂੰ ਖ਼ਾਸ ਤਵੱਜੋ ਦੇਣ ਦੇ ਮਾਮਲੇ ਵਿੱਚ ਮੀਟਿੰਗ ਕਰਨ ਆਈਆਂ 5 ਪਾਰਟੀਆਂ ਦੇ ਲੀਡਰਾਂ ਨੇ ਸਿੱਧੇ ਤੌਰ ’ਤੇ ਇਤਰਾਜ਼ ਜ਼ਾਹਰ ਕੀਤਾ ਹੈ ਕਿ ਕਿਸਾਨ ਪੰਜਾਬ ਵਿੱਚ ਸਿਆਸੀ ਪਾਰਟੀਆਂ ਨੂੰ ਪ੍ਰੋਗਰਾਮ ਜਾਂ ਫਿਰ ਰੈਲੀਆਂ ਨਹੀਂ ਕਰਨ ਦੇ ਰਹੇ ਹਨ, ਜਦੋਂ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਇਸ ਤਰਾਂ ਦੇ ਪ੍ਰੋਗਰਾਮ ਕਰਨ ਤੋਂ ਰੋਕਿਆ ਨਹੀਂ ਜਾ ਰਿਹਾ ਹੈ। ਜੇਕਰ ਕਿਸਾਨ ਸਿਆਸੀ ਪ੍ਰੋਗਰਾਮ ਨਹੀਂ ਹੋਣ ਦੇਣਾ ਚਾਹੁੰਦੇ ਹਨ ਤਾਂ ਕਾਂਗਰਸ ਪਾਰਟੀ ਨੂੰ ਇਸ ਵਿੱਚੋਂ ਕਿਉਂ ਛੋਟ ਦਿੱਤੀ ਜਾ ਰਹੀ ਹੈ। ਇਸ ਨਾਲ ਹੀ ਜੇਕਰ ਇਨਾਂ ਦਿਨਾਂ ਵਿੱਚ ਸਿਆਸੀ ਪਾਰਟੀਆਂ ਆਮ ਲੋਕਾਂ ਵਿਚਕਾਰ ਹੀ ਨਹੀਂ ਜਾਣਗੀਆਂ ਤਾਂ ਘਰ ਬੈਠ ਕੇ ਸਿਆਸੀ ਲੀਡਰ ਕੀ ਕਰਨਗੇ ?
ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਲਈ ਤਿਆਰ
ਕਿਸਾਨ ਆਗੂਆਂ ਨਾਲ ਮੀਟਿੰਗ ਦੌਰਾਨ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਸ ਗੱਲ ਦੀ ਹਾਮੀ ਭਰ ਦਿੱਤੀ ਗਈ ਹੈ ਕਿ ਉਹ ਆਪਣੇ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਲਈ ਤਿਆਰ ਹਨ ਪਰ ਇਸ ਲਈ ਸਰਕਾਰ ਨੂੰ ਪਹਿਲ ਕਰਨੀ ਪਏਗੀ ਕਿ ਉਹ ਇਸ ਤਰਾਂ ਦਾ ਕੋਈ ਕਾਨੂੰਨ ਬਣਾਏ, ਕਿਉਂਕਿ ਸਰਕਾਰ ਵਲੋਂ ਬਣਾਏ ਕਾਨੂੰਨ ਤੋਂ ਬਾਅਦ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਡਰ ਹੋਏਗਾ।
ਪੰਜਾਬ ’ਚ ਕਿਸਾਨਾਂ ’ਤੇ ਦਰਜ਼ ਸਾਰੇ ਮਾਮਲੇ ਹੋਣਗੇ ਰੱਦ
ਰਾਜੇਵਾਲ ਨੇ ਦੱਸਿਆ ਕਿ ਕਾਂਗਰਸ ਪਾਰਟੀ ਕੋਲ ਉਨਾਂ ਨੇ ਮੁੱਦਾ ਚੁੱਕਿਆ ਹੈ ਕਿ ਸਰਕਾਰ ਲਗਾਤਾਰ ਕਿਸਾਨਾਂ ‘ਤੇ ਮਾਮਲੇ ਦਰਜ਼ ਕਰ ਰਹੀ ਹੈ। ਮੋਗਾ ਵਿਖੇ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ ’ਤੇ ਮਾਮਲੇ ਦਰਜ਼ ਕੀਤੇ ਜਾਣਗੇ। ਇਸ ਲਈ ਜਿਹੜੇ ਵੀ ਮਾਮਲੇ ਕਿਸਾਨਾਂ ’ਤੇ ਦਰਜ਼ ਹਨ, ਭਾਵੇਂ ਉਨਾਂ ਦੀ ਗਿਣਤੀ ਹਜ਼ਾਰਾ ਵਿੱਚ ਹੀ ਕਿਉਂ ਨਾ ਹੋਣ। ਉਨਾਂ ਕਿਹਾ ਸਾਰੇ ਮਾਮਲਿਆ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵਾਅਦਾ ਕੀਤਾ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਦੇ ਹੋਏ ਜਲਦ ਹੀ ਕਾਰਵਾਈ ਕਰਵਾਉਣਗੇ।
ਰੈਲੀਆਂ ਕਰਨ ਦਾ ਪੂਰਾ ਅਧਿਕਾਰ, ਪਾਰਟੀਆਂ ਲੋਕਾਂ ਕੋਲ ਨਹੀਂ ਜਾਣਗੀਆਂ ਤਾਂ ਕੀ ਕਰਨਗੀਆਂ : ਅਕਾਲੀ ਦਲ
ਅਕਾਲੀ ਦਲ ਦੇ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਚੋਣ ਰੈਲੀਆਂ ਕਰਨ ਦਾ ਪੂਰਾ ਅਧਿਕਾਰ ਹੈ। ਜੇਕਰ ਉਨਾਂ ਨੂੰ ਰੈਲੀਆਂ ਹੀ ਨਹੀਂ ਕਰਨ ਦਿੱਤੀਆਂ ਜਾਣਗੀਆ ਤਾਂ ਉਹ ਘਰਾਂ ਵਿੱਚ ਬੈਠ ਕੇ ਕੀ ਕਰਨਗੀਆਂ। ਉਨਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਚੋਣਾਂ ਨੂੰ ਲੈ ਕੇ ਮਾਹੌਲ ਕਾਫ਼ੀ ਜਿਆਦਾ ਭੱਖ ਚੁੱਕਾ ਹੈ ਅਤੇ ਵਿਰੋਧੀ ਪਾਰਟੀਆਂ ਕੋਲ ਕੋਈ ਜਿਆਦਾ ਸਾਧਨ ਵੀ ਨਹੀਂ ਹੁੰਦੇ ਹਨ, ਜਿਸ ਰਾਹੀਂ ਉਹ ਪ੍ਰਚਾਰ ਕਰ ਸਕਣ। ਜਦੋਂ ਕਿ ਸੱਤਾਧਿਰ ਪਾਰਟੀ ਕੋਲ ਪੂਰੀ ਸਰਕਾਰ ਹੁੰਦੀ ਹੈ ਅਤੇ ਉਹ ਸਰਕਾਰੀ ਪੈਸੇ ਦੇ ਜੋਰ ’ਤੇ ਵੀ ਪ੍ਰਚਾਰ ਕਰਦੀ ਰਹਿੰਦੀ ਹੈ, ਇਸ ਲਈ ਵਿਰੋਧੀ ਪਾਰਟੀਆਂ ਨੂੰ ਪੰਜਾਬ ਵਿੱਚ ਪ੍ਰਚਾਰ ਕਰਨ ਦਾ ਅਧਿਕਾਰ ਜਿਆਦਾ ਦੇਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ