Mayor Patiala: ਮੇਅਰ ਦੀ ਕੁਰਸੀ ’ਤੇ ਕੌਣ ਬੈਠੇਗਾ, ਪਟਿਆਲਾ ’ਚ ਚਰਚਾ ਹੋਈ ਭਾਰੂ

Mayor Patiala

Mayor Patiala: ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਹਰਪਾਲ ਜੁਨੇਜਾ, ਗੁਰਜੀਤ ਸਾਹਨੀ ਤੇ ਕੁੰਦਨ ਗੋਗੀਆ ਮੇਅਰ ਦੀ ਦੌੜ ’ਚ

Mayor Patiala: ਪਟਿਆਲਾ (ਖੁਸਵੀਰ ਸਿੰਘ ਤੂਰ)। ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਹੁਣ ਪਟਿਆਲਾ ਵਿੱਚ ਮੇਅਰ ਦੀ ਕੁਰਸੀ ’ਤੇ ਕੌਣ ਬੈਠੇਗਾ ਇਸ ’ਤੇ ਸਾਰਿਆਂ ਦੀਆਂ ਨਜ਼ਰਾਂ ਲੱਗ ਗਈਆਂ ਹਨ। ਮੇਅਰ ਦੀ ਦੌੜ ਵਿੱਚ ਆਮ ਆਦਮੀ ਪਾਰਟੀ ਦੇ ਕਈ ਆਗੂ ਮੈਦਾਨ ਵਿੱਚ ਹਨ। ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਆਪਣੇ ਚਹੇਤੇ ਨੂੰ ਮੇਅਰ ਬਣਾਉਣ ਲਈ ਹਰ ਦਾਅ ਅਜਮਾਉਣਗੇ। ਜਾਣਕਾਰੀ ਅਨੁਸਾਰ ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਦਾ ਕੰਮ ਨਿਬੜਨ ਤੋਂ ਬਾਅਦ ਹੁਣ ਮੇਅਰ ਬਣਨ ਲਈ ਸਿਆਸੀ ਦੌੜ ਸ਼ੁਰੂ ਹੋ ਗਈ ਹੈ।

ਮੇਅਰ ਦੀ ਦੌੜ ਵਿੱਚ ਜ਼ਿਲ੍ਹਾ ਸਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਹਰਪਾਲ ਜੁਨੇਜਾ, ਗੁਰਜੀਤ ਸਿੰਘ ਸਾਹਨੀ ਤੇ ਕੁੰਦਨ ਗੋਗੀਆ ਪ੍ਰਮੁੱਖ ਚਿਹਰੇ ਸਾਹਮਣੇ ਆ ਰਹੇ ਹਨ। ਜੇਕਰ ਤੇਜਿੰਦਰ ਮਹਿਤਾ ਦੀ ਗੱਲ ਕੀਤੀ ਜਾਵੇ ਤਾਂ ਉਹ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰ ਹਨ ਤੇ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਲਈ ਸੁਰੂ ਤੋਂ ਹੀ ਮਿਹਨਤ ਕੀਤੀ ਗਈ ਹੈ। ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਲਈ ਪੰਜਾਬ ਹੀ ਨਹੀਂ ਸਗੋਂ ਵੱਖ-ਵੱਖ ਰਾਜਾਂ ਵਿੱਚ ਚੋਣਾਂ ਮੌਕੇ ਆਪਣੀ ਜਿੰਮੇਵਾਰੀ ਵੀ ਨਿਭਾਈ ਗਈ ਹੈ। ਤੇਜਿੰਦਰ ਮਹਿਤਾ ਵੱਲੋਂ ਵਾਰਡ ਨੰਬਰ 34 ਵਿੱਚੋਂ ਚੰਗੀ ਜਿੱਤ ਪ੍ਰਾਪਤ ਕੀਤੀ ਗਈ ਹੈ ਅਤੇ ਉਹ ਮੇਅਰ ਬਣਨ ਦੀ ਦੌੜ ਵਿੱਚ ਮੋਹਰੀ ਹਨ। Mayor Patiala

Read Also : Weather Punjab: ਪੋਹ ਦੀਆਂ ਕਣੀਆਂ ਕਣਕ ’ਤੇ ਘਿਓ ਬਣ ਵਰ੍ਹੀਆਂ

ਇਸ ਤੋਂ ਇਲਾਵਾ ਵਾਰਡ ਨੰਬਰ 38 ਤੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਹਰਪਾਲ ਜੁਨੇਜਾ ਵੀ ਮੇਅਰ ਦੀ ਦੌੜ ਵਿੱਚ ਅੱਗੇ ਹਨ। ਹਰਪਾਲ ਜੁਨੇਜਾ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਵਿੱਚੋਂ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ ਸਨ ਅਤੇ ਉਨ੍ਹਾਂ ਵੱਲੋਂ ਵੀ ਆਮ ਆਦਮੀ ਪਾਰਟੀ ਲਈ ਚੰਗੀ ਮਿਹਨਤ ਕੀਤੀ ਗਈ ਹੈ ਅਤੇ ਉਹ ਸੀਐਮ ਕੈਂਪ ਦੇ ਨੇੜੇ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਹਰਪਾਲ ਜੁਨੇਜਾ ਦਾ ਪਰਿਵਾਰ ਸਮਾਜ ਸੇਵੀ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਉਨਾਂ ਦੇ ਪਿਤਾ ਭਗਵਾਨ ਦਾਸ ਜੁਨੇਜਾ ਹਜਾਰਾਂ ਪੌਦੇ ਲਗਾਉਣ ਸਮੇਤ ਵੱਖ ਵੱਖ ਲੋੜਵੰਦਾਂ ਦੀ ਸੇਵਾ ਲਈ ਹਮੇਸਾ ਅੱਗੇ ਰਹਿੰਦੇ ਆਏ ਹਨ ਅਤੇ ਸਹਿਰ ਵਿੱਚ ਇਸ ਪਰਿਵਾਰ ਦਾ ਚੰਗਾ ਰਸੂਖ ਹੈ।

Mayor Patiala

ਹਰਪਾਲ ਜੁਨੇਜਾ ਵਿਧਾਨ ਸਭਾ ਚੋਣਾਂ ਵੀ ਲੜ ਚੁੱਕੇ ਹਨ । ਇਸ ਤੋਂ ਇਲਾਵਾ ਕਾਰੋਬਾਰੀ ਗੁਰਜੀਤ ਸਿੰਘ ਸਾਹਨੀ ਵੀ ਮੇਅਰ ਲਈ ਆਪਣਾ ਹਰਬਾ ਵਰਤਣਗੇ। ਗੁਰਜੀਤ ਸਾਹਨੀ ਵਿਧਾਇਕ ਅਜੀਤਪਾਲ ਕੋਹਲੀ ਦੇ ਨੇੜਲਿਆਂ ਵਿੱਚੋਂ ਹਨ ਅਤੇ ਪੈਸੇ ਪੱਖੋਂ ਵੀ ਮਜਬੂਤ ਹਨ। ਗੁਰਜੀਤ ਸਾਹਨੀ ਵਾਰਡ ਨੰਬਰ 58 ਵਿੱਚੋਂ ਜਿੱਤੇ ਹਨ ।

ਇਸ ਤੋਂ ਇਲਾਵਾ ਟਕਸਾਲੀ ਆਗੂ ਕੁੰਦਨ ਗੋਗੀਆ ਵੀ ਮੇਅਰ ਦੀ ਦੌੜ ਵਿੱਚ ਹਨ ਤੇ ਉਨ੍ਹਾਂ ਵੱਲੋਂ ਵੀ ਪਾਰਟੀ ਲਈ ਕਾਫੀ ਕੰਮ ਕੀਤਾ ਗਿਆ ਹੈ। ਕੁੰਦਨ ਗੋਗੀਆ ਵੱਲੋਂ ਵਾਰਡ ਨੰਬਰ 30 ਵਿੱਚੋਂ ਜਿੱਤ ਹਾਸਲ ਕੀਤੀ ਗਈ ਹੈ ਉਂਝ ਪਾਰਟੀ ਵੱਲੋਂ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ ਸਮਾਣਾ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਸੀ ਪਰ ਉਨ੍ਹਾਂ ਵੱਲੋਂ ਉਹ ਅਹੁਦਾ ਨਹੀਂ ਸਾਂਭਿਆ ਗਿਆ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਕਈ ਅਜਿਹੀਆਂ ਇੰਪਰੂਵਮੈਂਟ ਟਰੱਸਟਾਂ ਨੂੰ ਖਤਮ ਕਰ ਦਿੱਤਾ ਗਿਆ ਸੀ।

ਇਨ੍ਹਾਂ ਚਾਰਾਂ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਹੀ ਮੇਅਰ ਬਣਨ ਲਈ ਜੋਰ ਅਜਮਾਇਸ਼ ਹੋਵੇਗੀ। ਵੱਡੀ ਗੱਲ ਇਹ ਹੈ ਕਿ ਹਲਕਾ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਆਪਣੇ ਚਹੇਤੇ ਨੂੰ ਮੇਅਰ ਬਣਾਉਣ ਲਈ ਪੂਰੀ ਵਾਹ ਲਾਈ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਮੇਅਰ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੱਲੇਗੀ ਜਾਂ ਫਿਰ ਦਿੱਲੀ ਵਾਲਿਆ ਦੀ ਮੋਹਰ ਮੇਅਰ ਬਣਾਵੇਗੀ। ਉਂਝ ਸ਼ਹਿਰ ਵਿੱਚ ਮੇਅਰ ਸਬੰਧੀ ਇਹਨਾਂ ਆਗੂਆਂ ਵਿੱਚੋਂ ਹੀ ਚਰਚਾ ਭਾਰੂ ਹੈ ।