ਕਿਹਾ, ਭ੍ਰਿਸ਼ਟਾਚਾਰ ਤੋਂ ਦੁਖੀ ਹੋ ਕੇ ਪੰਜਾਬ ਦੇ ਕਾਰੋਬਾਰੀ ਦੂਜੇ ਰਾਜਾਂ ’ਚ ਕਰਨ ਲੱਗੇ ਨਿਵੇਸ਼
‘ਆਪ’ ਆਗੂ ਸਤਿੰਦਰ ਜੈਨ ਨੇ ਸੰਗਰੂਰ ਅਤੇ ਮੂਨਕ ਦੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ, ਸੁਣੀਆਂ ਸਮੱਸਿਆਵਾਂ
ਕਿਹਾ, ਸਿੱਖਿਆ ਅਤੇ ਰੋਜ਼ਗਾਰ ਦੀ ਘਾਟ ਕਾਰਨ ਨਸ਼ੇ ਵਿੱਚ ਡੁੱਬ ਰਹੇ ਹਨ ਪੰਜਾਬ ਦੇ ਨੌਜਵਾਨ
(ਨਰੇਸ਼ ਕੁਮਾਰ/ਮੋਹਨ ਸਿੰਘ) ਮੂਨਕ/ਸੰਗਰੂਰ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨੇ ਸੱਤਾਧਾਰੀ ਆਗੂਆਂ ’ਤੇ ਕਾਰੋਬਾਰ ਵਿੱਚ ਹਿੱਸਾ ਮੰਗਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਸੱਤਾਧਾਰੀ ਆਗੂ ਕਾਰੋਬਾਰ ਵਿੱਚ ਹਿੱਸਾ ਮੰਗਣਗੇ ਤਾਂ ਪੰਜਾਬ ਵਿੱਚ ਨਿਵੇਸ਼ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕਤੰਤਰ ਨਹੀਂ ਭਿ੍ਰਸ਼ਟਾਤੰਤਰ ਕੰਮ ਕਰ ਰਿਹਾ ਹੈ। ਭਿ੍ਰਸ਼ਟਤੰਤਰ ਤੋਂ ਦੁੱਖ ਹੋ ਕੇ ਪੰਜਾਬ ਦੇ ਕਾਰੋਬਾਰੀ ਅੱਜ ਦੂਜੇ ਰਾਜਾਂ ਵਿੱਚ ਨਿਵੇਸ਼ ਕਰ ਰਹੇ ਹਨ।
ਐਤਵਾਰ ਨੂੰ ਸੰਗਰੂਰ ਅਤੇ ਮੂਨਕ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਲਈ ਸੁਝਾਅ ਵੀ ਮੰਗੇ। ਸੱਤਾਧਾਰੀ ਕਾਂਗਰਸ ਸਰਕਾਰ ’ਤੇ ਭਿ੍ਰਸ਼ਟਾਚਾਰ ਅਤੇ ਰਿਸ਼ਵਤਖ਼ੋਰੀ ਦੇ ਦੋਸ਼ ਲਾਉਂਦਿਆਂ ਜੈਨ ਨੇ ਕਿਹਾ ਕਿ ਪੰਜਾਬ ਦੇ ਵਪਾਰੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਦਫ਼ਤਰਾਂ ਵਿੱਚ ਦੇ ਕੇ ਬਹੁਤ ਸਾਰੀਆਂ ਗੈਰ ਜ਼ਰੂਰੀ ਕਾਗਜ਼ੀ ਕਾਰਵਾਈਆਂ ਕਰਨੀਆਂ ਪੈਂਦੀਆਂ ਹਨ। ਭਿ੍ਰਸ਼ਟ ਤੰਤਰ ਕਾਰਨ ਸਰਕਾਰੀ ਦਫ਼ਤਰ ਲੋਕਾਂ ਤੋਂ ਪੈਸੇ ਵਸੂਲਣ ਦੇ ਕੇਂਦਰ ਬਣ ਗਏ ਹਨ। ਪੰਜਾਬ ਦੇ ਭਿ੍ਰਸ਼ਟ ਤੰਤਰ ਦੇ ਇਹ ਭਿ੍ਰਸ਼ਟ ਆਗੂ ਉਲਟਾ ਵਪਾਰੀਆਂ ਨੂੰ ਹੀ ਚੋਰ ਕਹਿੰਦੇ ਹਨ, ਜਦੋਂ ਕਿ ਚੋਰ ਰਿਸ਼ਵਤ ਦੇਣ ਵਾਲਾ ਨਹੀਂ, ਸਗੋਂ ਲੈਣ ਵਾਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਿ੍ਰਸ਼ਟਾਚਾਰ ਤੋਂ ਮੁਕਤੀ ਪਾਉਣ ਲਈ ਕਾਂਗਰਸ, ਕੈਪਟਨ, ਬਾਦਲ ਅਤੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨਾ ਪਵੇਗਾ।
ਸਤਿੰਦਰ ਜੈਨ ਨੇ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਅਤੇ ਗੈਰ-ਜ਼ਰੂਰੀ ਕਾਗਜ਼ੀ ਕਾਰਵਾਈ ਤੋਂ ਮੁਕਤੀ ਦਿਵਾਏਗੀ। ‘ਡੋਰ ਸਟੈਪ ਡਿਲੀਵਰੀ ਪ੍ਰੋਗਰਾਮ’ ਤਹਿਤ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਨਾ-ਮਾਤਰ ਸਰਵਿਸ ਚਾਰਜ ਵਿੱਚ ਸਰਕਾਰੀ ਕਰਮਚਾਰੀ ਲੋਕਾਂ ਦੇ ਘਰ ਜਾ ਕੇ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੀਤੀ ਹੈ ਲੋਕਾਂ ਨੂੰ ਮੁਫ਼ਤ ਵਿੱਚ ਚੰਗੀਆਂ ਸੇਵਾਵਾਂ ਪ੍ਰਦਾਨ ਕਰੇਗੀ। ਜੇ ਲੋਕਾਂ ਨੂੰ ਸਿੱਖਿਆ, ਇਲਾਜ ਅਤੇ ਬਿਜਲੀ ਮੁਫ਼ਤ ਵਿੱਚ ਮਿਲਣਗੇ ਤਾਂ ਲੋਕਾਂ ਦੇ ਪੈਸੇ ਬਚਣਗੇ। ਬਚੇ ਹੋਏ ਪੈਸਿਆਂ ਨਾਲ ਲੋਕ ਬਾਜਾਰ ਤੋਂ ਸਮਾਨ ਖਰੀਣਗੇ। ਇਸ ਨਾਲ ਮੰਗ ਵਧੇਗੀ, ਉਤਪਾਦਨ ਵਧੇਗਾ ਅਤੇ ਰੁਜ਼ਗਾਰ ਵੀ ਵਧੇਗਾ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਮਾਰਚ 2022 ਤੋਂ ਬਾਅਦ ਪੰਜਾਬ ਦੇ ਸਾਰੇ ਲੋਕਾਂ ਦੀ ਸਿੱਖਿਆ ਅਤੇ ਇਲਾਜ ਦੀ ਜ਼ਿੰਮੇਵਾਰੀ ਪੰਜਾਬ ਦੀ ‘ਆਪ’ ਸਰਕਾਰ ਦੀ ਹੋਵੇਗੀ ਤਾਂਕਿ ਲੋਕ ਆਪਣੇ ਪੈਸੇ ਹੋਰ ਜ਼ਰੂਰੀ ਸੇਵਾਵਾਂ ਅਤੇ ਜ਼ਰੂਰਤਾਂ ’ਤੇ ਖਰਚ ਕਰ ਸਕਣ।
ਜੈਨ ਨੇ ਕਿਹਾ ਕਿ ਰੁਜ਼ਗਾਰ ਅਤੇ ਉਚ ਸਿੱਖਿਆ ਦੀ ਘਾਟ ਵਿੱਚ ਪੰਜਾਬ ਦੇ ਨੌਜਵਾਨ ਨਸ਼ੇ ਵਿੱਚ ਡੁੱਬ ਰਹੇ ਹਨ ਜਾਂ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਸੈਂਕੜੇ ਨੌਜਵਾਨ ਨਾ-ਉਮੀਦ ਹੋ ਕੇ ਆਤਮ ਹੱਤਿਆਵਾਂ ਕਰ ਰਹੇ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦੀ ਹੈ ਕਿ ਸਰਕਾਰ ਬਣਨ ’ਤੇ ਪੰਜਾਬ ਦੇ ਇੱਕ ਵੀ ਨੌਜਵਾਨ ਨੂੰ ਮਜ਼ਬੂਰ ਹੋ ਕੇ ਵਿਦੇਸ਼ ਨਹੀਂ ਜਾਣਾ ਪਵੇਗਾ। ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਸਾਰੀਆਂ ਸਹੂਲਤਾਂ ਅਤੇ ਸਾਧਨ ਪੰਜਾਬ ਵਿੱਚ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਪੰਜਾਬ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਨੂੰ ਇੱਕ ਮੌਦਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਪੂਰਨ ਰਾਜ ਹੈ। ਪਾਰਟੀ ਨੂੰ ਭਿ੍ਰਸ਼ਟਾਚਾਰ ਮੁਕਤ ਸ਼ਾਸਨ ਦਾ ਨਮੂਨਾ ਪੇਸ਼ ਕਰਨ ਲਈ ਸਿਰਫ਼ ਇੱਕ ਸੰਪੂਰਨ ਰਾਜ ਚਾਹੀਦਾ ਹੈ। ਆਪ ਦੀ ਸਰਕਾਰ ਬਣਨ ’ਤੇ ਪੰਜਾਬ ਦੇਸ਼ ਦਾ ਪਹਿਲਾ ਭਿ੍ਰਸ਼ਟਾਚਾਰ ਮੁਕਤ ਰਾਜ ਬਣੇਗਾ। ਇਸ ਮੌਕੇ ਟਰੇਡ ਵਿੰਗ ਦੇ ਸੂਬਾ ਉਪ ਪ੍ਰਧਾਨ ਅਨਿਲ ਠਾਕੁਰ, ਸੂਬਾ ਸੰਯੁਕਤ ਸਕੱਤਰ ਜਸਵੀਰ ਕੁਡਨੀ, ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਜਿੰਦਲ, ਮਹਿੰਦਰ ਸਿੰਘ ਸਿੱਧੂ ਅਤੇ ਹੋਰ ਆਗੂ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ