ਸਾਲ 2008 ਤੋਂ ਬਾਅਦ ਮੈਂ ਕੈਨੇਡਾ ਨਹੀਂ ਗਿਆ ਸਾਂ 2010 ਵਿੱਚ ਲੰਡਨ ਤੇ 2011 ਵਿੱਚ ਆਸਟਰੇਲੀਆ ਗਿਆ 2012 ਦੀਆਂ ਗਰਮੀਆਂ ਵਿੱਚ ਡਾ. ਦਰਸ਼ਨ ਸਿੰਘ ਅਜੀਤ ਵੀਕਲੀ ਦੇ ਮੁੱਖ ਸੰਪਾਦਕ ਚੱਲ ਵਸੇ ਇਨ੍ਹੀਂ ਦਿਨੀਂ ਹੀ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਘਰ ਦੀ ਸਾਰੀ ਜਿੰਮੇਵਾਰੀ ਮੇਰੇ ‘ਤੇ ਆਣ ਪਈ ਘਰੋਂ ਬਾਹਰ ਤਾਂ ਆਪਾਂ ਤਾਂ ਹੀ ਨਿੱਕਲ ਸਕਦੇ ਹਾਂ ਜਦ ਕੋਈ ਸਿਆਣਾ ਪਿੱਛੋਂ ਸਾਰਾ ਘਰ-ਬਾਹਰ ਸਾਂਭਣ ਵਾਲਾ ਬੈਠਾ ਹੋਵੇ ਹੁਣ ਮੇਰੇ ਲਈ ਪਰਦੇਸ ਜਾਣਾ ਸੌਖਾ ਨਹੀਂ ਸੀ
ਕੈਨੇਡਾ ਤੋਂ ਲਗਾਤਾਰ ਮਿੱਤਰਾਂ ਤੇ ਪ੍ਰਸੰਸਕਾਂ ਦੇ ਫੋਨ ਆਉਂਦੇ ਤੇ ਕੈਨੇਡਾ ਆਉਣ ਦਾ ਸੱਦਾ ਦਿੰਦੇ ਏਧਰ ਲੋਕ ਵੀ ਪੁੱਛਦੇ ਹੁਣ ਕਦੋਂ ਜਾਣਾ ਬਾਹਰ ਫਿਰ? ਗਰਮੀਆਂ-ਗਰਮੀਆਂ ਬਾਹਰ ਕੱਟ ਆਉਣੀਆਂ ਸੀ ਯਾਰ! ਇਹੋ ਜਿਹਾ ਪੁੱਛਣ ਵਾਲਿਆਂ ਨੂੰ ਸ਼ਾਇਦ ਬਾਹਰ ਜਾਣਾ ਖੇਤ ਜਾਣ ਵਾਂਗ ਲੱਗਦਾ ਹੈ! ਇਹੋ ਜਿਹੇ ਅਟ-ਪਟੇ ਸੁਆਲਾਂ ਦਾ ਮੇਰੇ ਕੋਲ ਕੋਈ ਜੁਆਬ ਨਹੀਂ ਸੀ ਪਿਤਾ ਦੇ ਦੇਹਾਂਤ ਤੋਂ ਠੀਕ ਦੋ ਕੁ ਸਾਲ ਬਾਅਦ ਮੇਰੇ ਨਜ਼ਦੀਕੀ ਦੋਸਤ ਗੱਲੀਂ-ਗੱਲੀਂ ਮੈਨੂੰ ਆਖਿਆ ਕਰਨ ਕਿ ਬਾਹਰ ਜਾਵੇਂਗਾ ਤਾਂ ਤੇਰਾ ਗੁਜ਼ਾਰਾ ਚੱਲੂ, ਕੰਮ ਤਾਂ ਕੋਈ ਹੈਨੀ ਤੇਰੇ ਕੋਲ, ਪੱਕੀ ਆਮਦਨ ਦਾ ਕੋਈ ਸਾਧਨ ਨਹੀਂ ਜਿਹੜੇ ਕੁਝ ਪੈਸੇ ਸੀ ਉਹ ਪਿਤਾ ਦੀ ਕੈਂਸਰ ਦੀ ਬੀਮਾਰੀ ਤੇ ਹੋਰ ਆਹਰ-ਪਾਹਰ ਵਿਚ ਖਰਚੇ ਗਏ ਇਸ ਲਈ ਤੈਨੂੰ ਜਾਣਾ ਚਾਹੀਦਾ ਹੈ ਨੇੜਲੇ ਦੋਸਤ ਤੁਹਾਡੀ ਹਰ ਗੱਲ ਸਮਝਦੇ ਹੁੰਦੇ ਹਨ
2013 ਵਿਚ ਮੈਨੂੰ ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦਿਵਸ ਮੌਕੇ ‘ਸਟੇਟ ਐਵਾਰਡ’ ਦਿੱਤਾ ਗਿਆ ਤੇ ਅਜੀਤ ਜਲੰਧਰ ਨੇ ਪੰਜਾਬ ਪੰਨੇ ‘ਤੇ ਖਬਰ ਲਾਈ ਲਗਦੇ ਹੱਥ ਇੱਕ ਹੋਰ ਗੱਲ ਦੱਸਦਾ ਜਾਵਾਂ ਕਿ ਚਾਹੇ ਮੈਂ ਕੈਨੇਡਾ ਵਾਲੀ ਅਜੀਤ ਲਈ ਲਿਖ ਰਿਹਾ ਸਾਂ ਪਰ ਅਜੀਤ ਜਲੰਧਰ ਨੇ ਨਾ ਮੇਰੀ ਕਦੇ ਖਬਰ ਰੋਕੀ ਤੇ ਨਾ ਹੀ ਮੇਰੀ ਕਿਸੇ ਨਵੀਂ ਛਪਦੀ ਕਿਤਾਬ ਦਾ ਰੀਵੀਊ ਹੀ ਰੋਕਿਆ ਸੀ, ਏਥੋਂ ਇਨ੍ਹਾਂ ਦੀ ਦਰਿਆ ਦਿਲੀ ਸਾਫ਼ ਝਲਕਦੀ ਹੈ ਸਗੋਂ ਇੱਕ ਵਾਰੀ ਸਤਨਾਮ ਸਿੰਘ ਮਾਣਕ ਨੇ ਪੰਜਾਬੀ ਟ੍ਰਿਬਿਊਨ ਵਿਚ ਮੇਰਾ ਪਾਕਿਸਤਾਨੀ ਫਨਕਾਰ ਸਾਂਈ ਜਹੂਰ ਬਾਰੇ ਲੇਖ ਪੜ੍ਹ ਕੇ ਆਪ ਫੋਨ ਕੀਤਾ ਤੇ ਲੇਖ ਦੀ ਸਿਫਤ ਵਿਚ ਹੌਸਲਾ ਅਫ਼ਜਾਈ ਕਰਦਿਆਂ ਨਾਲ ਹੀ ਕਿਹਾ ਕਿ ਅਜੀਤ ਲਈ ਸਾਂਈ ਜੀ ਬਾਰੇ ਦੋ-ਤਿੰਨ ਕਿਸ਼ਤਾਂ ਵਿਚ ਲੰਮਾ ਲੇਖ ਕੇ ਭੇਜ ਮੈਂ ਭੇਜਿਆ ਤਾਂ ਪ੍ਰਮੁੱਖਤਾ ਨਾਲ ਕਿਸ਼ਤਵਾਰ ਛਾਪਿਆ ਗਿਆ
ਇੱਕ ਦਿਨ ਅਜੀਤ ਵੀਕਲੀ ਤੋਂ ਫੋਨ ਆਇਆ ਤੇ ਦੱਸਿਆ ਗਿਆ ਕਿ ਸਾਡੇ ਪੰਜਾਬ ਵਿਚ ਜਿੰਨੇ ਵੀ ਕਾਲਮ ਨਵੀਸ ਹਨ, ਉਹਨਾਂ ਸਭਨਾਂ ਤੋਂ ਅਸੀਂ ਇੱਕ-ਇੱਕ ਹਲਫ਼ੀਆ ਬਿਆਨ ਮੰਗਵਾਇਆ ਹੈ, ਜਿਸ ਵਿਚ ਇਹ ਲਿਖਣਾ ਹੈ ਕਿ ਅਸੀਂ ਅਜੀਤ ਵੀਕਲੀ ਨਾਲ ਏਨੇ ਸਮੇਂ ਤੋਂ ਜੁੜੇ ਹੋਏ ਹਾਂ, ਇਸ ਵਿਚ ਛਪਣ ਨਾਲ ਸਾਡਾ ਮਾਣ ਵਧਿਆ ਹੈ, ਇਹ ਹਰਮਨ ਪਿਆਰਾ ਪੇਪਰ ਹੈ ਇਹ ਭਾਰੀ ਗਿਣਤੀ ਵਿਚ ਛਪਦਾ ਹੈ, ਵਗੈਰਾ-ਵਗੈਰਾ ਕਾਲਮ ਨਵੀਸਾਂ ਦੇ ਇਹ ਬਿਆਨ ਅਜੀਤ ਵੀਕਲੀ ਨੂੰ ਕੈਨੇਡਾ ਵਿਚ ਚੱਲ ਰਹੇ ਆਪਣੇ ਕੋਰਟ ਕੇਸ ਲਈ ਚਾਹੀਦੇ ਸਨ ਮੇਰਾ ਦਿਲ ਨਾ ਮੰਨੇ ਅਜਿਹਾ ਕਰਨ ਨੂੰ, ਮੈਂ ਸਮਝਦਾ ਸਾਂ ਕਿ ਸਾਡੀ ਇਸ ਮਾਮਾਲੇ ਵਿਚ ਦੁਰਵਰਤੋਂ ਹੋ ਸਕਦੀ ਹੈ ਅਖ਼ਬਾਰਾਂ ਦੇ ਕਾਲਮ ਨਵੀਸ ਕਦੀ ਇਹੋ ਜਿਹੇ ਹਲਫ਼ੀਆ ਬਿਆਨ ਦਿੰਦੇ ਦੇਖੇ ਤਾਂ ਨਹੀਂ ਕਈ ਦਿਨ ਮੈਂ ਇਹ ਕੰਮ ਲਟਕਾਈ ਗਿਆ ਜਦ ਟੋਰਾਂਟੋ ਤੋਂ ਫੋਨ ‘ਤੇ ਫੋਨ ਫਿਰ ਖੜਕਣ ਲੱਗਿਆ ਤਾਂ ਮੈਂ ਦਿੱਲੀ ਫੋਨ ਕਰਕੇ ਕੇ ਸ.੍ਰ ਗੁਰਬਚਨ ਸਿੰਘ ਭੁੱਲਰ ਨੂੰ ਪੁੱਛਿਆ ਤਾਂ ਉਹ ਆਖਣ ਲੱਗੇ ਕਿ ਇਸ ਵਿਚ ਕੀ ਹਰਜ ਹੈ, ਅਜੀਤ ਜਲੰਧਰ ਦੇ ਖਿਲਾਫ ਇਸ ਵਿਚ ਕੁਝ ਨਹੀਂ ਅਖਵਾਇਆ ਜਾਣਾ ਆਪਣੇ ਤੋਂ, ਇਸ ਲਈ ਭੇਜ ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਾਲੇ ਅਜੀਤ ਵੀਕਲੀ ਰਾਹੀਂ ਚਰਚਿਤ ਹੋਏ ਪ੍ਰੋਫੈਸਰ ਹਰਜਿੰਦਰ ਵਾਲੀਆ ਨੂੰ ਫੋਨ ਕੀਤਾ ਤਾਂ ਉਹ ਬੋਲੇ ਕਿ ਮੈਂ ਤਾਂ ਭੇਜ ਵੀ ਦਿੱਤਾ, ਤੁਸੀਂ ਤੇ ਭੁੱਲਰ ਲੇਟ ਓ, ਜਲਦੀ ਭੇਜ ਦਿਓ ਸੋ, ਅਸੀਂ ਵੀ ਆਪਣੇ ਆਪਣੇ ਹਲਫੀਆ ਬਿਆਨ ਭੇਜ ਦਿੱਤੇ, ਜੋ ਉਹਨਾਂ ਆਪਣੀ ਲੋੜ ਮੁਤਾਬਕ ਵਰਤ ਲਏ
2014 ਵਿਚ ਮੇਰੇ ‘ਤੇ ਨਿੱਜੀ ਦੋਸਤਾਂ-ਮਿੱਤਰਾਂ ਦਾ ਬਹੁਤ ਜ਼ੋਰ ਪੈਣ ਲੱਗਿਆ ਕਿ ਤੂੰ ਕੈਨੇਡਾ ਜਾਹ, ਘਰ ਦਾ ਗੁਜ਼ਾਰਾ ਹੁਣ ਮੁਸ਼ਕਲ ਹੈ ਜਾਂ ਕਿਤੇ ਕੋਈ ਛੋਟੀ-ਮੋਟੀ ਨੌਕਰੀ ਲੱਭ ਲੈ ਨੌਕਰੀ ਮੈਨੂੰ ਦਸਵੀਂ ਫੇਲ੍ਹ ਨੂੰ ਕੌਣ ਤੇ ਕਿੱਥੇ ਦੇਵੇ? ਨਾਲੇ ਦੋ ਸਰਕਾਰੀ ਨੌਕਰੀਆਂ ਤਾਂ ਪਹਿਲਾਂ ਹੀ ਛੱਡ ਚੁੱਕਾ ਹੋਇਆ ਸਾਂ ਖੈਰ! ਮੈਂ ਕੈਨੇਡਾ ਜਾਣ ਦੀ ਤਿਆਰੀ ਕਰਨ ਲੱਗਿਆ ਤੇ ਇਸੇ ਸਾਲ ਦੀਆਂ ਗਰਮੀਆਂ ਵਿਚ ਟੋਰਾਂਟੋ ਜਾ Àੁੱਤਰਿਆ ਫੋਨ ‘ਤੇ ਇਕਬਾਲ ਰਾਮੂਵਾਲੀਆ ਕਹਿੰਦਾ ਸੀ ਕਿ ਮੈਂ ਲੈ ਜੂੰਗਾ ਮੈਂ ਇਕਬਾਲ ਜੀ ਨਾਲ ਪੱਕਾ ਕਰ ਲਿਆ ਪਰ ਏਅਰਪੋਰਟ ‘ਤੇ ਲੈਣ ਲਈ ਡਾ. ਦਰਸ਼ਨ ਸਿੰਘ ਦੇ ਦੋਵੇਂ ਪੁੱਤਰ ਪੁੱਜੇ ਖੜ੍ਹੇ ਸਨ ਬਾਅਦ ਵਿਚ ਇਕਬਾਲ ਰਾਮੂਵਾਲੀਆ ਦੇ ਦੱਸਣ ਮੁਤਾਬਕ ਕਿ ਉਹਨਾਂ ਆਪ ਕਿਹਾ ਸੀ ਕਿ ਨਿੰਦਰ ਸਾਡਾ ਗੈਸਟ ਹੈ, ਅਸੀਂ ਹੀ ਆਪਣੇ ਘਰ ਲਿਆਉਣਾ ਹੈ, ਬਾਅਦ ਵਿਚ ਤੁਸੀਂ ਲੈ ਜਾਣਾ ਇਸ ਵਾਸਤੇ ਮੈਂ ਏਅਰਪੋਰਟ ਨਹੀਂ ਆਇਆ ਸੀ
ਬੈਂਸ ਭਰਾਵਾਂ ਦੀ ਵੱਡੀ ਗੱਡੀ ਸ਼ੂਕਦੀ ਜਾਂਦੀ ਸੀ ਮੈਂ ਪਿੱਛੇ ਬੈਠਾ ਕਈ ਕੁਝ ਸੋਚ ਰਿਹਾ ਸਾਂ ਟੋਰਾਂਟੋ ਆਣ ਕੇ Àੁੱਤਰਨ ਦੀ ਰਤਾ ਵੀ ਪ੍ਰਸੰਨਤਾ ਨਹੀਂ ਸੀ ਮਨ ਢੱਠ ਜਿਹਾ ਗਿਆ ਸੀ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਲਿਖੇ ਗੀਤ ਦੇ ਬੋਲ ਚੇਤੇ ਆਏ:
”ਹੱਥ ਵਿਚ ਖੂੰਡੀ ਤੇ ਮੋਢੇ ਖੇਸੀ ਨੀਂ ਜਿੰਦੇ
ਛੋਟੀ ਉਮਰੇ ਹੋਏ ਪ੍ਰਦੇਸੀ ਨੀਂ ਜਿੰਦੇ…”
ਓ ਭਾਈ, ਕੀ ਗੱਲ ਏ ਉਦਾਸ ਜਿਹਾ ਹੋਇਆ ਬੈਠਾ ਏਂ, ਸੁਣਾ ਕੋਈ ਗੱਲਬਾਤ ਇੰਡੀਆ ਦੀ ਛੋਟੇ ਬੈਂਸ ਨੇ ਮੇਰੇ ਵੱਲ ਦੇਖਦਿਆਂ ਆਖਿਆ ਮੈਥੋਂ ਫਿਰ ਕੁਝ ਬੋਲ ਨਾ ਹੋਇਆ ਬਸ ਰਸਮੀ ਜਿਹਾ ਜੁਆਬ ਦੇ ਕੇ ਚੁੱਪ ਕਰ ਰਿਹਾ
ਇੱਕ ਮਹੀਨੇ ਤੋਂ ਵੀ ਘੱਟ ਸਮਾਂ ਮੈਂ ਟੋਰਾਂਟੋ ਬਿਤਾ ਕੇ ਅੱਗੇ ਕੈਲਗਰੀ, ਵਿੰਨੀਪੈਗ, ਅਡਮਿੰਟਨ ਤੇ ਵੈਨਕੂਵਰ ਵੱਲ ਨਿੱਕਲ ਗਿਆ ਤੇ ਫਿਰ ਸਾਰਾ ਸਮਾਂ ਉਧਰੇ ਕੱਟ ਕੇ ਵਾਪਸ ਪਿੰਡ ਆਇਆ 2015 ਦੇ ਇੱਕ ਦਿਨ ਅਜੀਤ ਵੀਕਲੀ ਤੋਂ ਵੱਡੇ ਦਾ ਫੋਨ ਸੀ, ਓ ਯਾਰ, ਤੈਨੂੰ ਵਿਆਕਰਨ ਦੀ ਸਮਝ ਨਹੀਂ ਹੈ? ਮੈਂ ਸਮਝਿਆ ਨਹੀਂ ਕਿ ਉਹ ਕੀ ਆਖਣਾ ਚਾਹੁੰਦਾ ਹੈ
ਕਾਫ਼ੀ ਦੇਰ ਫੋਨ ‘ਤੇ ਬਹਿਸ ਹੋਈ ਤਾਂ ਆਖਰ ਮੈਂ ਆਖ ਸੁਣਾਇਆ, ਪੰਦਰਾਂ ਸਾਲ ਮੈਨੂੰ ਬਿਨਾਂ ਵਿਆਕਰਨ ਦੀ ਸਮਝ ਤੋਂ ਹੀ ਛਾਪਦੇ ਰਹੇ ਓ? ਕੀ ਤੁਹਾਨੂੰ ਆਪਣੇ ਪਿਤਾ ਜੀ ‘ਤੇ ਯਕੀਨ ਨਹੀਂ ਸੀ ਕਿ ਇਸ ‘ਬੇ-ਵਿਆਕਰਨੇ’ ਨੂੰ ਛਾਪਦੇ ਰਹੇ ਨੇ ਆਪਣੇ ਪੇਪਰ ਵਿੱਚ? ਸਾਡੇ ਤੋਂ ਹਲਫ਼ੀਆ ਬਿਆਨ ਲੈ ਕੇ ਤੇ ਦੁਰਵਰਤੋਂ ਕਰ ਕੇ ਹੁਣ ਸਾਨੂੰ ਵਿਆਕਰਨਾਂ ਬਾਰੇ ਦੱਸਦੇ ਹੋ? ਪੰਦਰਾਂ ਸਾਲ ਦੀ ਸ਼ਬਦੀ ਸੇਵਾ ਦਾ ਇਹੋ ਮੁੱਲ ਹੈ ਯਾਰ? ਮੈਨੂੰ ਬਹੁਤ ਲੋਕ ਵਰਜਦੇ ਰਹੇ ਕਿ ਨਿੰਦਰਾ ਪਾਸੇ ਹੋ ਜਾ ਇਨ੍ਹਾਂ ਤੋਂ ਪਰ… ਮੈਂ ਤਲਖ਼ ਹੋ ਗਿਆ ਸਾਂ ਉਹ ਅੱਗੋਂ ਘੱਟ ਨਹੀਂ ਸੀ ਕਾਲ ਵੀ ਵਟਸਐਪ ਤੋਂ ਸੀ, ਫੋਨ ਤੋਂ ਹੁੰਦੀ ਤਾਂ ਰਿਕਾਰਡਿੰਗ ਹੋ ਜਾਂਦੀ
ਅਸੀਂ ਕਾਲਮ ਨਹੀਂ ਛਾਪਾਂਗੇ ਹੁਕਮਰਾਨ ਬੋਲਿਆ
ਮੇਰੇ ਕਾਲਮ ਛਾਪਣ ਨੂੰ ਬਹੁਤ ਥਾਵਾਂ ਨੇ
ਨਿੰਦਰ ਘਿਗਆਣਵੀ, ninder_ghugianvi@yahoo.com