ਕਮਲ ਬਰਾੜ
ਪੰਜਾਬ ਦੀ ਧਰਤੀ ਨੂੰ ਗੁਰੂਆਂ-ਪੀਰਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਇੱਥੇ ਹਰੀ ਸਿੰਘ ਨਲੂਆ, ਬੰਦਾ ਸਿੰਘ ਬਹਾਦਰ ਵਰਗੇ ਜਰਨੈਲ ਪੈਦਾ ਹੋਏ ਹਨ ਜਿਨ੍ਹਾਂ ਦੀ ਤਾਕਤ ਦਾ ਕਿਸੇ ਸਮੇਂ ਡੰਕਾ ਵੱਜਦਾ ਸੀ। ਦੇਸ਼ ਦੀ ਅਜਾਦੀ ਵਿਚ ਹਿੱਸਾ ਪਾਉਣ ਵਾਲੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਵਰਗੇ ਵੀ ਇਸ ਪੰਜਾਬ ਦੇ ਸੂਰਬੀਰ ਯੋਧੇ ਸਨ। ਸਾਰੇ ਦੇਸ਼ ਨੂੰ ਜਿੱਤਣ ਵਾਲਾ ਸਿਕੰਦਰ ਵੀ ਪੰਜਾਬ ਤੋਂ ਖਾਲੀ ਹੱਥ ਚਲਾ ਗਿਆ ਸੀ। ਪੰਜਾਬ ਨੂੰ ਸਮੇਂ-ਸਮੇਂ ‘ਤੇ ਮਾਰਾਂ ਪੈਂਦੀਆਂ ਰਹੀਆਂ ਹਨ ਬੇਸ਼ੱਕ ਉਹ ਅੱਤਵਾਦ ਦਾ ਕਾਲਾ ਦੌਰ ਹੋਵੇ ਪਰ ਫਿਰ ਵੀ ਪੰਜਾਬੀਆਂ ਨੇ ਹਰੇਕ ਸਮੱਸਿਆ ਦਾ ਡਟ ਕੇ ਸਾਹਮਣਾ ਕੀਤਾ ਹੈ। ਪੰਜਾਬ ਨੂੰ ਸਭ ਤੋਂ ਵੱਧ ਮਾਰ ਨਸ਼ਿਆਂ ਦੇ ਵਗਦੇ ਦਰਿਆ ਨੇ ਮਾਰੀ ਹੈ ਜਿਸ ਵਿਚ ਅਨੇਕ ਮਾਵਾਂ ਦੇ ਪੁੱਤ, ਭੈਣਾਂ ਦੀਆਂ ਰੱਖੜੀਆਂ ਬਨਵਾਉਣ ਵਾਲੇ ਹੱਥ, ਅਨੇਕ ਧੀਆਂ ਦੇ ਸੁਹਾਗ ਤੇ ਖੁਦ ਨੌਜਵਾਨਾਂ ਦੇ ਸੁਪਨੇ ਰੁੜ੍ਹ ਗਏ ਹਨ ਇਸ ਦਰਿਆ ਨੂੰ ਅੱਜ ਤੱਕ ਬੰਨ੍ਹ ਨਹੀਂ ਲੱਗਾ ਕਿਉਂਕਿ ਇਸ ਦਾ ਵਹਾਅ ਬਹੁਤ ਤੇਜ ਹੈ। ਪੰਜਾਬ ਵਿਚ ਜਿੱਥੇ ਅਫੀਮ, ਪੋਸਤ, ਸ਼ਰਾਬ ਵਰਗੇ ਰਵਾਇਤੀ ਨਸ਼ੇ ਬਹੁਤ ਸਮਾਂ ਪਹਿਲਾਂ ਆ ਗਏ ਸਨ ਤੇ ਇਹ ਅੱਜ ਵੀ ਚੱਲ ਰਹੇ ਹਨ। ਫਿਰ ਸਮੈਕ ਤੇ ਸ਼ੀਸ਼ੀਆਂ ਦਾ ਦੌਰ ਆਇਆ ਇਨ੍ਹਾਂ ਨਸ਼ਿਆਂ ਨੇ ਇੱਕ ਵਾਰ ਫਿਰ ਪੰਜਾਬ ਦੀ ਨੌਜਵਾਨੀ ਲੀਹੋਂ ਲਾਹ ਦਿੱਤੀ।
ਨਸ਼ਿਆਂ ਦਾ ਇਸ ਤਰ੍ਹਾਂ ਪੈਦਾ ਹੋਣਾ ਪੰਜਾਬ ਦੇ ਹੱਕ ਵਿਚ ਨਹੀਂ ਹੈ। ਸ਼ਰਾਬ ਅੱਜ ਸਰਕਾਰ ਦੀ ਆਮਦਨ ਦਾ ਮੁੱਖ ਸਰੋਤ ਹੈ ਤੇ ਪੰਜਾਬ ਵਿਚ ਧੜਾਧੜ ਠੇਕੇ ਖੁੱਲ੍ਹ ਰਹੇ ਹਨ। ਕੋਈ ਸ਼ੱਕ ਨਹੀਂ ਕਿ ਇਨ੍ਹਾਂ ਨਸ਼ਿਆਂ ਨਾਲ ਪੀੜਤ ਪਰਿਵਾਰਾਂ ਦੇ ਘਰ ਵੀ ਉੱਜੜੇ ਹੋਣਗੇ ਪਰ ਵਰਤਮਾਨ ਸਮੇਂ ਵਿਚ ਜੋ ਨੌਜਵਾਨੀ ਖਤਮ ਕਰ ਰਿਹਾ ਹੈ ਉਹ ਹੈ ਹੈਰੋਇਨ (ਚਿੱਟਾ) ਅੱਜ ਪੰਜਾਬ ਦੀ ਨੌਜਵਾਨੀ ਵੀ ਚਿੱਟੇ ਦੇ ਨਸ਼ੇ ਦੀ ਗ਼ੁਲਾਮ ਬਣਦੀ ਜਾ ਰਹੀ ਹੈ। ਕਿਸੇ ਸਮੇਂ ਵੱਡੇ-ਵੱਡੇ ਸ਼ਹਿਰਾਂ ਵਿਚ ਸਪਲਾਈ ਹੋਣ ਵਾਲਾ ਇਹ ਨਸ਼ਾ ਪਿੰਡਾਂ ਵਿਚ ਵੀ ਘਰ-ਘਰ ਪਹੁੰਚ ਰਿਹਾ ਹੈ। ਪੰਜਾਬੀ ਸੰਗੀਤ ਇੰਡਸਟਰੀ ਵੀ ਇਸ ਨਸ਼ੇ ‘ਤੇ ਖੂਬ ਕਾਰੋਬਾਰ ਕਰ ਰਹੀ ਹੈ। ਅਜਿਹੇ ਗੂੰਜਦੇ ਗੀਤ ਅਕਸਰ ਕੰਨੀਂ ਪੈ ਜਾਂਦੇ ਹਨ ਕਿ ‘ਬਾਡਰ ਨੀ ਟੱਪਦਾ ਚਿੱਟਾ ਮੁੰਡਾ ਲੁਧਿਆਣੇ ‘ਡੀਕਦਾ’, ਪਰ ਹੁਣ ਇਹ ਉਡੀਕ ਖਤਮ ਹੋ ਚੁੱਕੀ ਹੈ ਇਹ ਨਸ਼ਾ ਬਾਡਰੋਂ ਬਹੁਤ ਦੂਰ ਆ ਗਿਆ ਹੈ। ਰਿਸ਼ਤਿਆਂ ਸਮੇਂ ਵੀ ਅਕਸਰ ਅਜਿਹਾ ਦੇਖਿਆ ਜਾਂਦਾ ਹੈ ਕਿ ‘ਚਿੱਟੇ ਤੋਂ ਪ੍ਰਹੇਜ ਚਾਹੀਦਾ ਹੈ’ ਇਹ ਤ੍ਰਾਸਦੀ ਹੈ ਸਾਡੀ। ਚਿੱਟਾ ਵਰਤਣ ਦੇ ਢੰਗਾਂ ਵਿਚ ਵੀ ਸਮੇਂ ਦੇ ਨਾਲ ਬਦਲਾਅ ਆ ਰਿਹਾ ਹੈ ਕਿਸੇ ਸਮੇਂ ਇਹ ਪੰਨੀ ਨਾਲ ਸਾਹ ਰਾਹੀਂ ਅੰਦਰ ਖਿੱਚਿਆ ਜਾਂਦਾ ਸੀ ਪਰ ਅਜੋਕੇ ਸਮੇਂ ਵਿੱਚ ਟੀਕਿਆਂ ਰਾਹੀਂ ਸਿੱਧਾ ਨਾੜਾਂ ਵਿਚ ਭੇਜਿਆ ਜਾਂਦਾ ਹੈ ਜੋ ਜਲਦੀ ਖੂਨ ਵਿਚ ਮਿਲ ਜਾਂਦਾ ਹੈ। ਖੂਨ ਵਿਚ ਰਚੀ ਕੋਈ ਵੀ ਚੀਜ ਕੱਢਣੀ ਬਹੁਤ ਔਖੀ ਹੈ, ਖਾਸ ਕਰਕੇ ਨਸ਼ਾ। ਟੀਕਿਆਂ ਰਾਹੀਂ ਇਸ ਨਸ਼ੇ ਦੀ ਓਵਰਡੋਜ ਹੀ ਮੌਤ ਦਾ ਕਾਰਨ ਬਣਦੀ ਹੈ। ਅੱਜ ਪੰਜਾਬ ਦੀ ਨੌਜਵਾਨੀ ਵੀ ਚਿੱਟੇ ਦੇ ਨਸ਼ੇ ਦੀ ਗ਼ੁਲਾਮ ਬਣਦੀ ਜਾ ਰਹੀ ਹੈ।
ਹਾਲ ਹੀ ਵਿਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੇ ਅੰਕੜਿਆਂ ਮੁਤਾਬਿਕ ਪੰਜਾਬ ਦੇ 76 ਪ੍ਰਤੀਸ਼ਤ ਲੋਕ, ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਦੇ ਦਰਮਿਆਨ ਹੈ, ਉਹ ਕਿਸੇ ਨਾ ਕਿਸੇ ਨਸ਼ੀਲੇ ਪਦਾਰਥ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਵਿਚੋਂ 53 ਪ੍ਰਤੀਸ਼ਤ ਨੌਜਵਾਨ ਹੈਰੋਇਨ ਦੀ ਵਰਤੋਂ ਕਰ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਹੈਰੋਇਨ ਦੇ ਆਦੀ ਵਿਅਕਤੀ ਇਸ ਨਸ਼ੇ ਨੂੰ ਸਹਿਜ਼ ਹੀ ਛੱਡ ਨਹੀਂ ਸਕਦੇ। ਪੰਜਾਬ ਅੰਦਰ ਹੈਰੋਇਨ ਦਾ ਨਸ਼ਾ ਛੱਡਣ ਵਾਲੇ ਲੋਕਾਂ ਦੀ ਔਸਤ ਦਰ 1 ਪ੍ਰਤੀਸ਼ਤ ਤੋਂ ਵੀ ਘੱਟ ਹੈ। ਹੈਰੋਇਨ ਵਿਚ ਕਈ ਤਰ੍ਹਾਂ ਦੇ ਰਸਾਇਣਿਕ ਤੱਤਾਂ ਦਾ ਸੁਮੇਲ ਹੁੰਦਾ ਹੈ ਜੋ ਕਿ ਮਨੁੱਖੀ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਹੈਰੋਇਨ ਦਾ ਸੇਵਨ ਕਰਨ ਵਾਲਾ ਆਮ ਤੌਰ ‘ਤੇ ਦਿਨ ਵਿੱਚ 0.5 ਗ੍ਰਾਮ ਤੋਂ 2 ਗ੍ਰਾਮ ਦੀ ਖਪਤ ਕਰਦਾ ਹੈ। ਪ੍ਰਤੀ ਗ੍ਰਾਮ ਹੈਰੋਇਨ ਦੀ ਕੀਮਤ 4000 ਤੋਂ 6000 ਹੈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਮੁਤਾਬਕ ਪੰਜਾਬ ਵਿਚ ਨਸ਼ੇ ਦਾ ਸਾਲਾਨਾ ਕਾਰੋਬਾਰ 7,500 ਕਰੋੜ ਰੁਪਏ ਦਾ ਹੈ। ਇਹ ਅੰਕੜੇ ਘਟ ਨਹੀਂ ਦਿਨੋ-ਦਿਨ ਵਧ ਰਹੇ ਹਨ।
ਸ਼ਾਇਦ ਹੀ ਕਿਸੇ ਅਖਬਾਰ ਦਾ ਕੋਈ ਪੰਨਾ ਅਜਿਹਾ ਹੋਵੇ ਜਿਸ ਵਿਚ ਇਸ ਨਸ਼ੇ ਨਾਲ ਮਰੇ ਨੌਜਵਾਨਾਂ ਦੀ ਖਬਰ ਨਾ ਹੋਵੇ। ਪੰਜਾਬ ਸਰਕਾਰ ਦਾ ਹਮੇਸ਼ਾ ਉਹੀ ਤਰਕ ਕਿ ਇਹ ਨਸ਼ਾ ਬਾਰਡਰ ਤੋਂ ਆਉਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਆਉਂਦਾ ਹੈ ਜਿੱਥੋਂ ਤੱਕ ਸਰਹੱਦੀ ਖ਼ੇਤਰ ਦੀ ਗੱਲ ਹੈ ਤਾਂ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦਾ ਬਹੁਤ ਸਾਰਾ ਹਿੱਸਾ ਵੀ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਪਰ! ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਨੌਜਵਾਨਾਂ ਵਿਚ ‘ਚਿੱਟੇ’ ਦੀ ਆਦਤ ਮਿਲਣ ਦਾ ਰੁਝਾਨ ਸਾਹਮਣੇ ਨਹੀਂ ਆਇਆ। ਫਿਰ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਪੰਜਾਬ ਵਿਚ ਇਸ ਨਸ਼ੇ ਦੇ ਕਾਰੋਬਾਰ ਹਨ ਤਾਂ ਹੀ ਤਾਂ ਸਭ ਤੋਂ ਵੱਧ ਪੰਜਾਬ ਵਿਚ ਆਉਂਦਾ ਹੈ। ਪੰਜਾਬ ਸਰਕਾਰ ਨੇ ਬੇਸ਼ੱਕ ਨਸ਼ਿਆਂ ਦੇ ਖਾਤਮੇ ਲਈ ਐਸ ਟੀ ਐਫ ਦਾ ਗਠਨ ਕੀਤਾ ਸੀ ਪਰ ਜਮੀਨੀ ਪੱਧਰ ‘ਤੇ ਇਸ ਦਾ ਕੋਈ ਨਤੀਜਾ ਨਹੀਂ ਆਇਆ। ਨਸ਼ਾ ਛੁਡਾਊ ਕੇਦਰਾਂ ਦੀ ਗਿਣਤੀ ਵਧਾਉਣ ਦੀ ਲੋੜ ਨਹੀਂ ਨਸ਼ੇ ਵਿਚ ਗਰਕ ਹੁੰਦੀ ਨੌਜਵਾਨਾਂ ਦੀ ਗਿਣਤੀ ਘਟਾਉਣ ਦੀ ਲੋੜ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਪੁਲਿਸ ਨੂੰ ਨਿਰਪੱਖਤਾ ਨਾਲ ਕੰਮ ਕਰਨ ਦਿੱਤਾ ਜਾਵੇ ਤਾਂ ਜੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਸਕੇ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਰੁਜ਼ਗਾਰ ਤੇ ਖੇਡਾਂ ਨਾਲ ਜੋੜ ਕੇ ਵੀ ਇਸ ਭੈੜੀ ਅਲਾਮਤ ਤੋਂ ਦੂਰ ਕੀਤਾ ਜਾ ਸਕਦਾ ਹੈ। ਨਸ਼ੇ ਪੂਰੇ ਦੇਸ਼ ਦੀ ਸਮੱਸਿਆ ਹਨ ਇਸ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਮਿਲ ਕੇ ਅਜਿਹੀ ਨੀਤੀ ਬਣਾਉਣ ਦੀ ਲੋੜ ਹੈ ਕਿ ਸਰਹੱਦਾਂ ਤੋਂ ਹੁੰਦੀ ਨਸ਼ੇ ਦੀ ਸਪਲਾਈ ਬਿਲਕੁਲ ਬੰਦ ਹੋ ਜਾਵੇ।
ਕੋਟਲੀ ਅਬਲੂ।
ਮੋ. 73077-36899
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।